‘ਸੜਕ ਹਾਦਸਿਆਂ ’ਚ ਵਾਧਾ’ ਉੱਜੜ ਰਹੇ ਪਰਿਵਾਰ!

Friday, Jun 19, 2026 - 03:52 AM (IST)

‘ਸੜਕ ਹਾਦਸਿਆਂ ’ਚ ਵਾਧਾ’ ਉੱਜੜ ਰਹੇ ਪਰਿਵਾਰ!

ਭਾਰਤ ’ਚ ਸੜਕ ਹਾਦਸਿਆਂ ’ਚ ਵਾਧੇ ਕਾਰਨ ਹੋਣ ਵਾਲੀਆਂ ਮੌਤਾਂ ਨਾਲ ਪਰਿਵਾਰ ਉੱਜੜ ਰਹੇ ਹਨ। ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਦੀ ਰਿਪੋਰਟ ਅਨੁਸਾਰ ਸਾਲ 2024 ’ਚ ਦੇਸ਼ ’ਚ ਪੁਲਸ ਰਿਕਾਰਡ ’ਚ ਦਰਜ 4,87,707 ਸੜਕ ਹਾਦਸਿਆਂ ’ਚ 1,77,175 ਲੋਕਾਂ ਦੀ ਮੌਤ ਹੋਈ। ਸਥਿਤੀ ਦੀ ਗੰਭੀਰਤਾ ਦਾ ਅੰਦਾਜ਼ਾ ਇਸੇ ਮਹੀਨੇ ਪਿਛਲੇ 6 ਦਿਨਾਂ ’ਚ ਹੋਈਆਂ ਕੁਝ ਹੇਠ ਲਿਖੀਆਂ ਘਟਨਾਵਾਂ ਤੋਂ ਲਗਾਇਆ ਜਾ ਸਕਦਾ ਹੈ :

* 12 ਜੂਨ ਨੂੰ ‘ਬੇਗੂਸਰਾਏ’ (ਬਿਹਾਰ) ’ਚ ਇਕ ਕਾਰ ਆਪਣੇ ਅੱਗੇ ਜਾ ਰਹੇ ਟਰੱਕ ਨਾਲ ਟਕਰਾ ਗਈ, ਜਿਸ ਕਾਰਨ ਉਸ ’ਚ ਸਵਾਰ 4 ਲੋਕਾਂ ਦੀ ਮੌਤ ਹੋ ਗਈ।

* 13 ਜੂਨ ਨੂੰ ‘ਹੋਸਕੋਟੇ’ (ਕਰਨਾਟਕ) ’ਚ ਇਕ ਤੇਜ਼ ਰਫ਼ਤਾਰ ਕਾਰ ਦੇ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾਉਣ ਕਾਰਨ 2 ਲੋਕਾਂ ਦੀ ਮੌਤ ਹੋ ਗਈ।

* 14 ਜੂਨ ਨੂੰ ‘ਸਹਾਰਨਪੁਰ’ (ਉੱਤਰ ਪ੍ਰਦੇਸ਼) ’ਚ ਧੌਲਾ ਕੂਆਂ ਨੇੜੇ ਇਕ ਤੇਜ਼ ਰਫ਼ਤਾਰ ਕਾਰ ਦੀ ਟੱਕਰ ਨਾਲ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਕੇ ਘਰ ਪਰਤ ਰਹੇ ਮੋਟਰਸਾਈਕਲ ਸਵਾਰ ਇਕੋ ਪਰਿਵਾਰ ਦੇ 4 ਲੋਕਾਂ ਦੀ ਮੌਤ ਹੋ ਗਈ।

* 14 ਜੂਨ ਨੂੰ ਹੀ ‘ਸੋਲਾਪੁਰ’ (ਮਹਾਰਾਸ਼ਟਰ) ਦੇ ‘ਮਾਲਸ਼ਿਰਸ’ ’ਚ ਇਕ ਗੱਡੀ ਦੇ ਖੂਹ ’ਚ ਡਿੱਗਣ ਕਾਰਨ ਇਕ ਮੰਦਰ ’ਚ ਦਰਸ਼ਨ ਕਰਕੇ ਪਰਤ ਰਹੇ 8 ਸ਼ਰਧਾਲੂਆਂ ਦੀ ਮੌਤ ਹੋ ਗਈ।

* 14 ਜੂਨ ਨੂੰ ਹੀ ‘ਮਥੁਰਾ’ (ਉੱਤਰ ਪ੍ਰਦੇਸ਼) ’ਚ 2 ਵਾਹਨਾਂ ਦੀ ਟੱਕਰ ’ਚ ਗੋਵਰਧਨ ’ਚ ਗਿਰੀਰਾਜ ਜੀ ਦੀ ਪਰਿਕਰਮਾ ਕਰਕੇ ਆਪਣੇ ਘਰ ਮੱਧ ਪ੍ਰਦੇਸ਼ ਪਰਤ ਰਹੇ 2 ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ 13 ਹੋਰ ਜ਼ਖਮੀ ਹੋ ਗਏ।

* 14 ਜੂਨ ਨੂੰ ਹੀ ‘ਭੋਗਪੁਰ’ (ਪੰਜਾਬ) ’ਚ ਇਕ ਤੇਜ਼ ਰਫ਼ਤਾਰ ਬੱਸ ਨੇ ਰੇਹੜੀ ਨੂੰ ਟੱਕਰ ਮਾਰ ਦਿੱਤੀ। ਇਸ ਨਾਲ ਰੇਹੜੀ ’ਤੇ ਸਵਾਰ ਮਾਂ ਅਤੇ ਧੀ ਦੀ ਮੌਕੇ ’ਤੇ ਹੀ ਮੌਤ ਹੋ ਗਈ।

* 15 ਜੂਨ ਨੂੰ ‘ਬੀਕਾਨੇਰ’ (ਰਾਜਸਥਾਨ) ਦੇ ‘ਸ਼੍ਰੀਡੂੰਗਰਗੜ੍ਹ’ ਖੇਤਰ ’ਚ ਕਾਰ ਅਤੇ ਡੰਪਰ ਦੀ ਟੱਕਰ ’ਚ ਫਤਿਹਾਬਾਦ (ਹਰਿਆਣਾ) ਦੇ ਰਹਿਣ ਵਾਲੇ 6 ਲੋਕਾਂ ਦੀ ਦਰਦਨਾਕ ਮੌਤ ਹੋ ਗਈ।

* 16 ਜੂਨ ਨੂੰ ‘ਭੁਵਨੇਸ਼ਵਰ’ (ਓਡਿਸ਼ਾ) ’ਚ ਇਕ ਤੇਜ਼ ਰਫ਼ਤਾਰ ਇਲੈਕਟ੍ਰਿਕ ਕਾਰ ਨੇ ਕਈ ਦੋਪਹੀਆ ਵਾਹਨਾਂ ਅਤੇ ਆਟੋ ਨੂੰ ਟੱਕਰ ਮਾਰਦੇ ਹੋਏ ਇਕ ਚਾਹ ਦੀ ਦੁਕਾਨ ’ਤੇ ਖੜ੍ਹੇ ਲੋਕਾਂ ਨੂੰ ਕੁਚਲ ਦਿੱਤਾ, ਜਿਸ ਨਾਲ 3 ਲੋਕਾਂ ਦੀ ਮੌਤ ਹੋ ਗਈ।

* 17 ਜੂਨ ਨੂੰ ‘ਬਦਾਯੂੰ’ (ਉੱਤਰ ਪ੍ਰਦੇਸ਼) ਜ਼ਿਲੇ ’ਚ ਇਕ ਟਰੈਕਟਰ ਅਤੇ ਈ-ਰਿਕਸ਼ਾ ਵਿਚਾਲੇ ਹੋਈ ਭਿਆਨਕ ਟੱਕਰ ਦੇ ਨਤੀਜੇ ਵਜੋਂ 6 ਔਰਤਾਂ ਦੀ ਮੌਤ ਹੋ ਗਈ।

* 17 ਜੂਨ ਨੂੰ ਹੀ ‘ਮੁੰਬਈ-ਪੁਣੇ ਐਕਸਪ੍ਰੈੱਸਵੇਅ’ (ਮਹਾਰਾਸ਼ਟਰ) ’ਤੇ ਇਕ ਕੰਟੇਨਰ ਟ੍ਰੇਲਰ ਦੇ ਬ੍ਰੇਕ ਫੇਲ ਹੋਣ ਕਾਰਨ ਉਸ ਨੇ ਕਈ ਵਾਹਨਾਂ ਨੂੰ ਆਪਣੀ ਲਪੇਟ ’ਚ ਲੈ ਲਿਆ, ਜਿਸ ਨਾਲ ਇਕ ਮਹਿਲਾ ਦੀ ਮੌਤ ਹੋ ਗਈ ਅਤੇ 18 ਤੋਂ ਵੱਧ ਲੋਕ ਜ਼ਖਮੀ ਹੋ ਗਏ।

* 18 ਜੂਨ ਨੂੰ ‘ਜਲਾਲਪੁਰ’ (ਉੱਤਰ ਪ੍ਰਦੇਸ਼) ’ਚ ਇਕ ਦਰਗਾਹ ਤੋਂ ਪਰਤ ਰਹੇ ਸ਼ਰਧਾਲੂਆਂ ਨਾਲ ਭਰਿਆ ਇਕ ਆਟੋ ਬੇਕਾਬੂ ਹੋ ਕੇ ਪਲਟਣ ਨਾਲ ਇਕ ਬਜ਼ੁਰਗ ਸ਼ਰਧਾਲੂ ਦੀ ਮੌਤ ਅਤੇ 9 ਹੋਰ ਜ਼ਖਮੀ ਹੋ ਗਏ। ਆਟੋ ਚਾਲਕ ਮੋਬਾਈਲ ’ਤੇ ਗੱਲ ਕਰ ਰਿਹਾ ਸੀ।

* 18 ਜੂਨ ਨੂੰ ਹੀ ‘ਚੰਬਾ’ (ਹਿਮਾਚਲ ਪ੍ਰਦੇਸ਼) ’ਚ ਪੁਖਰੀ-ਮਸਰੂੰਡ ਮਾਰਗ ’ਤੇ ਇਕ ਬੋਲੈਰੋ ਵਾਹਨ ਦੇ ਡੂੰਘੀ ਖੱਡ ’ਚ ਡਿੱਗਣ ਕਾਰਨ ਇਕੋ ਪਰਿਵਾਰ ਦੇ 6 ਮੈਂਬਰਾਂ ਸਮੇਤ 7 ਲੋਕਾਂ ਦੀ ਮੌਤ ਹੋ ਗਈ।

* 18 ਜੂਨ ਨੂੰ ਹੀ ‘ਵਡੋਦਰਾ’ (ਗੁਜਰਾਤ) ’ਚ ਇਕ ਟਰੱਕ ਅਤੇ ਬੱਸ ਵਿਚਾਲੇ ਆਹਮੋ-ਸਾਹਮਣੇ ਹੋਈ ਜ਼ੋਰਦਾਰ ਟੱਕਰ ’ਚ 6 ਲੋਕਾਂ ਦੀ ਦਰਦਨਾਕ ਮੌਤ ਹੋ ਗਈ।

* 18 ਜੂਨ ਨੂੰ ਹੀ ‘ਜਨਗਾਂਵ’ (ਤੇਲੰਗਾਨਾ) ਜ਼ਿਲੇ ’ਚ ਇਕ ਤੇਜ਼ ਰਫ਼ਤਾਰ ਲਾਰੀ ਨੇ ਸੜਕ ਕਿਨਾਰੇ ਖੜ੍ਹੇ ਮਿੰਨੀ ਟਰੱਕ ’ਚ ਟੱਕਰ ਮਾਰ ਦਿੱਤੀ, ਜਿਸ ਨਾਲ 3 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।

* ਅਤੇ ਹੁਣ 18 ਜੂਨ ਨੂੰ ਹੀ ‘ਹਰਿਦੁਆਰ’ (ਉੱਤਰਾਖੰਡ) ਦੇ ਰਾਨੀਪੁਰ ਖੇਤਰ ’ਚ ਆਪਣੇ ਗਾਰਡਨ ’ਚ ਪਾਣੀ ਦੇ ਰਹੇ ਇਕ ਭਾਜਪਾ ਆਗੂ ਨੂੰ ਤੇਜ਼ ਰਫ਼ਤਾਰ ਕਾਰ ਨੇ ਕੁਚਲ ਦਿੱਤਾ, ਜਿਸ ਕਾਰਨ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।

ਸੜਕ ਹਾਦਸਿਆਂ ਦੇ ਕਾਰਨਾਂ ’ਚ ਸੜਕਾਂ ਦੀ ਖ਼ਸਤਾ ਹਾਲਤ, ਖੁੱਲ੍ਹੇ ਮੈਨਹੋਲ, ਟ੍ਰੈਫਿਕ ਨਿਯਮਾਂ ਦੀ ਉਲੰਘਣਾ, ਸ਼ਰਾਬ ਪੀ ਕੇ, ਲਾਪਰਵਾਹੀ ਨਾਲ ਜਾਂ ਬੇਕਾਬੂ ਰਫ਼ਤਾਰ, ਬਿਨਾਂ ਸਿਖਲਾਈ ਦੇ ਗੱਡੀ ਚਲਾਉਣਾ, ਲਗਾਤਾਰ ਲੰਮੇ ਸਮੇਂ ਲਈ ਬਿਨਾਂ ਰੁਕੇ ਜਾਂ ਬਿਨਾਂ ਪੂਰੀ ਨੀਂਦ ਲਏ ਵਾਹਨ ਚਲਾਉਣਾ, ਮੋਬਾਈਲ ਫ਼ੋਨ ’ਤੇ ਗੱਲ ਕਰਦੇ ਹੋਏ ਵਾਹਨ ਚਲਾਉਣਾ, ਦੋਪਹੀਆ ਵਾਹਨਾਂ ’ਤੇ 2 ਤੋਂ ਵੱਧ ਲੋਕਾਂ ਵਲੋਂ ਸਫ਼ਰ ਕਰਨਾ ਅਤੇ ਖ਼ਤਰਨਾਕ ਸਟੰਟ ਕਰਨਾ ਆਦਿ ਮੁੱਖ ਕਾਰਨ ਹਨ।

ਇਸ ਲਈ, ਜਦੋਂ ਤੱਕ ਪ੍ਰਸ਼ਾਸਨ ਵੱਲੋਂ ਸੜਕ ਹਾਦਸਿਆਂ ਨੂੰ ਰੋਕਣ ਲਈ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਦਮ ਨਹੀਂ ਚੁੱਕੇ ਜਾਣਗੇ, ਇਸੇ ਤਰ੍ਹਾਂ ਹੋਣ ਵਾਲੇ ਹਾਦਸਿਆਂ ਨਾਲ ਪਰਿਵਾਰ ਉੱਜੜਦੇ ਰਹਿਣਗੇ।

ਇਨ੍ਹਾਂ ਨੂੰ ਰੋਕਣ ਲਈ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਤੋਂ ਇਲਾਵਾ ਸੜਕਾਂ ਅਤੇ ਪੁਲਾਂ ਨੂੰ ਸੁਰੱਖਿਅਤ ਬਣਾਉਣਾ ਜ਼ਰੂਰੀ ਹੈ ਅਤੇ ਲਾਪਰਵਾਹੀ ਨਾਲ ਵਾਹਨ ਚਲਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਹੋਣੀ ਵੀ ਜ਼ਰੂਰੀ ਹੈ।

—ਵਿਜੇ ਕੁਮਾਰ


author

Sandeep Kumar

Content Editor

Related News