‘ਭਾਰਤੀ ਸੁਰੱਖਿਆ ਮੁਲਾਜ਼ਮ ਹੀ’ ਜੇਲ੍ਹਾਂ ’ਚ ਪਹੁੰਚਾ ਰਹੇ ਨਸ਼ਾ!
Tuesday, Jun 16, 2026 - 03:16 AM (IST)
ਭਾਰਤੀ ਜੇਲਾਂ ’ਚ ਬੰਦ ਕੈਦੀਆਂ ਕੋਲੋਂ ਮੋਬਾਈਲ ਫੋਨ ਅਤੇ ਨਸ਼ਿਆਂ ਆਦਿ ਦੀ ਬਰਾਮਦਗੀ ਅੱਜ ਆਮ ਗੱਲ ਹੋ ਗਈ ਹੈ, ਜਿਨ੍ਹਾਂ ਨੂੰ ਪਹੁੰਚਾਉਣ ’ਚ ਜੇਲਾਂ ਦੇ ਮੁਲਾਜ਼ਮਾਂ ਦੀ ਮਿਲੀਭੁਗਤ ਪਾਈ ਜਾ ਰਹੀ ਹੈ। ਇਹ ਸਮੱਸਿਆ ਕਿੰਨਾ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ, ਇਹ ਪਿਛਲੇ ਲਗਭਗ 3 ਮਹੀਨਿਆਂ ਦੀਆਂ ਹੇਠਲੀਆਂ ਘਟਨਾਵਾਂ ਤੋਂ ਸਪੱਸ਼ਟ ਹੈ :
* 11 ਮਾਰਚ ਨੂੰ ‘ਬੈਂਗਲੁਰੂ’ (ਕਰਨਾਟਕ) ਸਥਿਤ ਸੈਂਟਰਲ ਜੇਲ ਦੇ ਮੁੱਖ ਗੇਟ ’ਤੇ ਰੁਟੀਨ ਚੈਕਿੰਗ ਦੇ ਦੌਰਾਨ ਕਰਨਾਟਕ ਰਾਜ ਉਦਯੋਗਿਕ ਸੁਰੱਖਿਆ ਬਲ (ਕੇ. ਐੱਸ. ਆਈ.ਐੱਸ.ਐੱਫ.) ਨੇ ਜੇਲ ਦੇ ਵਾਰਡਰ ‘ਪ੍ਰਕਾਸ਼ ਗਾਵੜੇ’ ਨੂੰ ਜੇਲ ਦੇ ਅੰਦਰ ਬੰਦ ਕੈਦੀਆਂ ਨੂੰ ਦੇਣ ਲਈ ਨਸ਼ਾ ਲਿਜਾਂਦਿਆਂ ਫੜਿਆ।
ਤਲਾਸ਼ੀ ਦੌਰਾਨ ਉਸ ਦੇ ਅੰਡਰ ਗਾਰਮੈਂਟਸ ’ਚ ਲੁਕਾਇਆ ਹੋਇਆ 15 ਗ੍ਰਾਮ ‘ਮੇਥਾਮਫੇਟਾਮਾਈਨ’ (ਨਸ਼ੀਲਾ ਪਦਾਰਥ) ਅਤੇ ਗਾਂਜ਼ਾ ਬਰਾਮਦ ਹੋਇਆ ਹੈ। ਜੋ ਜੇਲ ’ਚ ਬੰਦ ਕਤਲ ਦੇ ਇਕ ਦੋਸ਼ੀ ਨੂੰ 10,000 ਰੁਪਇਆਂ ਦੇ ਬਦਲੇ ’ਚ ਦੇਣ ਜਾ ਰਿਹਾ ਸੀ।
*6 ਅਪ੍ਰੈਲ ਨੂੰ ਪੰਜਾਬ ਦੀ ਹਾਈ ਸਕਿਓਰਿਟੀ ‘ਬਠਿੰਡਾ’ (ਪੰਜਾਬ) ਸੈਂਟਰਲ ਜੇਲ ’ਚ ਤਾਇਨਾਤ ਲੈਬ ਟੈਕਨੀਸ਼ੀਅਨ ‘ਸਾਗਰ ਸਿੰਘ’ ਨੂੰ 23.99 ਗ੍ਰਾਮ ਅਫੀਮ ਦੇ ਨਾਲ ਫੜਿਆ, ਜਿਸ ਨੂੰ ਉਸ ਨੇ ਆਪਣੀ ਕਾਰ ’ਚ ਲੁਕਾ ਕੇ ਰੱਖਿਆ ਹੋਇਆ ਸੀ।
* 12 ਅਪ੍ਰੈਲ ਨੂੰ ‘ਬਠਿੰਡਾ’ ਸੈਂਟਰਲ ਜੇਲ ’ਚ ਤਲਾਸ਼ੀ ਦੌਰਾਨ ਗ੍ਰਿਫਤਾਰ ਕੀਤੇ ਗਏ ‘ਕੇਂਦਰੀ ਰਿਜ਼ਰਵ ਪੁਲਸ ਬਲ’ ਦੇ ਸਿਪਾਹੀ ‘ਰਾਜਿੰਦਰ ਸਿੰਘ’ ਦੇ ਜੇਲ ਦੇ ਕੰਪਲੈਕਸ ਦੇ ਅੰਦਰ ਹੀ ਸਥਿਤ ਕਮਰੇ ’ਚੋਂ 23.99 ਗ੍ਰਾਮ ਅਫੀਮ, 158 ਗ੍ਰਾਮ ਜ਼ਰਦਾ ਅਤੇ ਸਰਿੰਜਾਂ ਬਰਾਮਦ ਕੀਤੀਆਂ ਗਈਅਾਂ, ਜੋ ਉਸ ਨੇ ਜੇਲ ’ਚ ਬੰਦ ਕੈਦੀਆਂ ਤੱਕ ਪਹੁੰਚਾਉਣੀਆਂ ਸਨ।
* 29 ਅਪ੍ਰੈਲ ‘ਬਠਿੰਡਾ’ (ਪੰਜਾਬ) ਸੈਂਟਰਲ ਜੇਲ ’ਚ ਹੈੱਡਕਾਂਸਟੇਬਲ ‘ਅੰਗਰੇਜ਼ ਸਿੰਘ’ ਨੂੰ 34 ਗ੍ਰਾਮ ਹੈਰੋਈਨ ਲੁਕਾ ਕੇ ਜੇਲ ਦੇ ਅੰਦਰ ਲਿਜਾਣ ਦੀ ਕੋਸ਼ਿਸ਼ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ।
* 25 ਮਈ ਨੂੰ ‘ਮੈਸੂਰ’ (ਕਰਨਾਟਕ) ਸੈਂਟਰਲ ਜੇਲ ਦੇ ‘ਹਸਪਤਾਲ ਵਾਰਡ’ ਦੀ ਸੁਰੱਖਿਆ ’ਚ ਤਾਇਨਾਤ ਇਕ ਗਾਰਡ ‘ਐੱਚ.ਆਰ. ਰਮੇਸ਼’ ਨੂੰ ਜੇਲ ਦੇ ਅੰਦਰ ਤੰਬਾਕੂ ਉਤਪਾਦ ਅਤੇ ਹੋਰ ਪਾਬੰਦੀਸ਼ੁਦਾ ਸਮੱਗਰੀਆਂ ਲੁਕਾ ਕੇ ਲਿਜਾਂਦੇ ਹੋਏ ਗ੍ਰਿਫਤਾਰ ਕੀਤਾ ਿਗਆ।
* 2 ਜੂਨ ਨੂੰ ‘ਕਯੋਂਝਾਰ’ (ਓਡਿਸ਼ਾ) ’ਚ ਇਕ ਜੇਲ ਵਾਰਡਰ ਨੂੰ ਜੇਲ ’ਚ ਕੈਦੀਆਂ ਦੇ ਲਈ ਗਾਂਜ਼ਾ ਪਹੁੰਚਾਉਂਦੇ ਹੋਏ ਰੰਗੀ ਹੱਥੀਂ ਗ੍ਰਿਫਤਾਰ ਕੀਤਾ।
* 3 ਜੂਨ ਨੂੰ ‘ਕਰਨਾਲ’ (ਹਰਿਆਣਾ) ਸਥਿਤ ਜ਼ਿਲਾ ਜੇਲ ਦੇ ਅੰਦਰ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਦੇ ਦੋਸ਼ ’ਚ ਜੇਲ ਦੇ ਹੀ ਹੈੱਡ ਵਾਰਡਨਰ ‘ਸੁਨੀਲ ਕੁਮਾਰ’ ਨੂੰ ਗ੍ਰਿਫਤਾਰ ਕੀਤਾ। ਐਂਟੀ-ਨਾਰਕੋਟਿਕਸ ਸੈੱਲ ਦੀ ਜਾਂਚ ’ਚ ਸਾਹਮਣੇ ਆਇਆ ਕਿ ਉਹ ਇਹ ਕੰਮ ਪੈਸਿਆਂ ਦੇ ਲਾਲਚ ਕਰਦਾ ਸੀ।
* 10 ਜੂਨ ‘ਸਿੰਘਭੂਮ’ (ਅਾਸਾਮ) ਸਥਿਤ ਜ਼ਿਲਾ ਜੇਲ ਦੇ 2 ਸਹਾਇਕ ਜੇਲਰਾਂ ‘ਰੁਦਰਦੇਵੜੀ’ ਅਤੇ ‘ਸ਼ੁਭਾਸ਼ੀਸ਼ ਘੋਸ਼’ ਅਤੇ 2 ਜੇਲ ਵਾਰਡਰਾਂ ‘ਮਸੀਦ ਅਲੀ ਲਸਕਰ’ ਅਤੇ ‘ਵਿਸ਼ਵਜੀਤ ਬਰੂਆ’ ਨੂੰ ਜੇਲ ਦੇ ਅੰਦਰ ਮੋਬਾਈਲ ਫੋਨ ਅਤੇ ਨਸ਼ੀਲੇ ਪਦਾਰਥ ਪਹੁੰਚਾਉਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ।
* ਅਤੇ ਹੁਣ 14 ਜੂਨ ਨੂੰ ‘ਹੁਸ਼ਿਆਰਪੁਰ’ (ਪੰਜਾਬ) ਸਥਿਤ ਸੈਂਟਰਲ ਜੇਲ ’ਚ ਕਤਲ ਦੇ ਮਾਮਲੇ ’ਚ ਬੰਦ ਕੈਦੀ ‘ਮਨਪ੍ਰੀਤ ਮੰਨਾ’ ਨੇ ਜੇਲ ਦੇ ਅੰਦਰੋਂ ਵੀਡੀਓ ਲਾਈਵ-ਸਟ੍ਰੀਮ ਕਰਦੇ ਹੋਏ ਦੋਸ਼ ਲਾਇਆ ਕਿ ਜੇਲ ਸਟਾਫ ਕੈਦੀਆਂ ’ਤੇ ਨਸ਼ਾ ਵੇਚਣ ਅਤੇ ਮੰਗਵਾਉਣ ਦਾ ਦਬਾਅ ਪਾਉਂਦਾ ਹੈ ਅਤੇ ਨਾਂਹ ਕਰਨ ਵਾਲਿਆਂ ’ਤੇ ਤਸ਼ੱਦਦ ਕੀਤਾ ਜਾਂਦਾ ਹੈ।
‘ਮਨਪ੍ਰੀਤ ਮੰਨਾ’ ਨੇ ਜੇਲ ਪ੍ਰਸ਼ਾਸਨ ਦੀ ਇਕ ਔਰਤ ਅਧਿਕਾਰੀ ’ਤੇ ਵੀ ਨਸ਼ੇ ਨਾਲ ਸੰਬੰਧਿਤ ਸਰਗਰਮੀਆਂ ’ਚ ਸ਼ਾਮਲ ਹੋਣ ਲਈ ਜੇਲ ’ਚ ਸਜ਼ਾ ਕੱਟ ਰਹੇ ਕੈਦੀਆਂ ’ਤੇ ਦਬਾਅ ਪਾਉਣ ਦਾ ਦੋਸ਼ ਲਾਇਆ ਹੈ। ਇਸ ਮਾਮਲੇ ’ਚ ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਵਰਣਨਯੋਗ ਹੈ ਕਿ ਆਜ਼ਾਦੀ ਦੇ ਬਾਅਦ ਤੋਂ ਦੇਸ਼ ’ਚ ਜੇਲਾਂ ਦੇ ਸੁਧਾਰ ਲਈ ਕਈ ਕਮੇਟੀਆਂ ਗਠਿਤ ਕੀਤੀਆਂ ਗਈਆਂ ਪਰ ਲਗਭਗ ਸਾਰੇ ਸੁਝਾਅ ਠੰਡੇ ਬਸਤੇ ’ਚ ਪਾ ਦਿੱਤੇ ਜਾਣ ਦੇ ਕਾਰਨ ਜੇਲਾਂ ਦਾ ਹਾਲ ਲਗਾਤਾਰ ਬੁਰਾ ਹੁੰਦਾ ਗਿਆ।
ਇਸ ਲਈ ਨਾ ਸਿਰਫ ਜੇਲਾਂ ’ਚ ਸੁਧਾਰ ਸੰਬੰਧੀ ਸਿਫਾਰਿਸ਼ਾਂ ਨੂੰ ਤੁਰੰਤ ਲਾਗੂ ਕਰਨ ਦੀ ਲੋੜ ਹੈ ਸਗੋਂ ਇਸ ਦੇ ਨਾਲ ਹੀ ਜੇਲਾਂ ’ਚ ਨਸ਼ੇ ਨੂੰ ਪਹੁੰਚਣ ਤੋਂ ਰੋਕਣ ਲਈ ਵਧੀਆ ਸੁਰੱਖਿਆ ਪ੍ਰਬੰਧਾਂ, ਕੈਦੀਆਂ ’ਤੇ ਨਜ਼ਰ ਰੱਖਣ ਲਈ ਸੀ. ਸੀ. ਟੀ. ਵੀ. ਕੈਮਰੇ ਲਗਾਉਣ, ਮੋਬਾਈਲ ਆਦਿ ਲਿਜਾਣ ਅਤੇ ਇਨ੍ਹਾਂ ਦੀ ਵਰਤੋਂ ਰੋਕਣ ਲਈ ਤੁਰੰਤ ਜੈਮਰ ਲਗਾਉਣ ਅਤੇ ਜੇਲਾਂ ’ਚ ਕੈਦੀਆਂ ਨੂੰ ਨਸ਼ਾ ਅਤੇ ਹੋਰ ਪਾਬੰਦੀਸ਼ੁਦਾ ਵਸਤੂਆਂ ਪਹੁੰਚਾਉਣ ਦੇ ਲਈ ਜ਼ਿੰਮੇਵਾਰ ਮੁਲਾਜ਼ਮਾਂ ਨੂੰ ਸਖਤ ਸਜ਼ਾ ਦੇਣ ਦੀ ਲੋੜ ਹੈ।
–ਵਿਜੇ ਕੁਮਾਰ
