ਮੋਦੀ ਸਰਕਾਰ ਦੇ 12 ਸਾਲ : ਦਹਾਕੇ ’ਚ ਸਦੀ ਦੀ ਯਾਤਰਾ
Thursday, Jun 11, 2026 - 04:52 PM (IST)
26 ਮਈ 2014 ਦੇ ਦਿਨ ਜਦੋਂ ਨਰਿੰਦਰ ਮੋਦੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ, ਉਦੋਂ ਦੇਸ਼ ਵਾਸੀਆਂ ਦੇ ਮਨ ’ਚ ਆਸ ਅਤੇ ਉਤਸ਼ਾਹ ਦਾ ਇਕ ਬੇਮਿਸਾਲ ਸੰਚਾਰ ਪੈਦਾ ਹੋਇਆ ਸੀ। ਇਕ ਰਾਸ਼ਟਰ ਦੇ ਰੂਪ ’ਚ ਭਾਰਤ ਉਸ ਦਹਾਕੇ ਤੋਂ ਬਾਹਰ ਨਿਕਲ ਰਿਹਾ ਸੀ ਜਿਸ ਨੂੰ ਭਾਰਤ ਦਾ ਇਕ ‘ਗੁਆਚਿਆ ਹੋਇਆ ਦਹਾਕਾ’ ਕਿਹਾ ਜਾਂਦਾ ਹੈ, ਜਿਸ ਦੀ ਪਛਾਣ ਸੀ—ਪਾਲਿਸੀ ਪੈਰਾਲਿਸਿਸ , ਭ੍ਰਿਸ਼ਟਾਚਾਰ ਅਤੇ ਰੁਕੇ ਹੋਏ ਸੁਧਾਰ। ਉਦੋਂ ਲੋਕਾਂ ਦਰਮਿਅਾਨ ਇਹ ਧਾਰਨਾ ਘਰ ਕਰ ਗਈ ਸੀ ਕਿ ਭਾਰਤ ’ਚ ਪਾਰਦਰਸ਼ੀ ਅਤੇ ਸਵੱਛ ਪ੍ਰਸ਼ਾਸਨ ਸਿਰਫ ਇਕ ਦਿਨ ਦਾ ਸੁਪਨਾ ਬਣ ਕੇ ਰਹਿ ਜਾਵੇਗਾ ਅਤੇ ਸ਼ਾਸਨ ਤੇ ਨਿਆਂ ਸ਼ਾਇਦ ਹੀ ਕਦੇ ਆਮ ਨਾਗਰਿਕਾਂ ਨੂੰ ਹਾਸਲ ਹੋ ਸਕੇਗਾ।
ਤਬਦੀਲੀ ਦਾ ਲੋਕ ਫਤਵਾ
ਪਰ 2014 ਦੀ ਚੋਣ ਰਾਸ਼ਟਰ ’ਤੇ ਲੱਗੇ ਉਸ ਗ੍ਰਹਿਣ ਦਾ ਅੰਤ ਸਾਬਤ ਹੋਈ ਅਤੇ ਨਰਿੰਦਰ ਮੋਦੀ ਦੀ ਅਗਵਾਈ ’ਚ ਭਾਰਤ ’ਚ ਰਿਫ਼ਾਰਮ, ਪਰਫ਼ਾਰਮ ਅਤੇ ਟ੍ਰਾਂਸਫ਼ਾਰਮ ਦੀ ਸ਼ੁਰੂਆਤ ਹੋਈ, ਜਿਸ ਨੇ ਭਾਰਤ ਦੀ ਆਰਥਿਕ, ਸਮਾਜਿਕ, ਰਾਜਨੀਤਿਕ ਅਤੇ ਕੂਟਨੀਤਿਕ ਦਿਸ਼ਾ ਅਤੇ ਦਸ਼ਾ ਦੋਵੇਂ ਹੀ ਬਦਲ ਦਿੱਤੀਆਂ। 2014 ਤੋਂ ਲੈ ਕੇ 2024 ਤੱਕ ਦੀਆਂ ਤਿੰਨੋਂ ਚੋਣਾਂ ’ਚ ਦੇਸ਼ ਦੀ ਜਨਤਾ ਨੇ ਜਿਸ ਪ੍ਰਕਾਰ ਮੋਦੀ ਜੀ ਨੂੰ ਇਤਿਹਾਸਕ ਲੋਕ ਫਤਵਾ ਦੇ ਕੇ ਉਨ੍ਹਾਂ ਦੀ ਅਗਵਾਈ ’ਚ ਵਿਸ਼ਵਾਸ ਪ੍ਰਗਟ ਕੀਤਾ ਹੈ, ਇਹ ਆਪਣੇ ਆਪ ’ਚ ਇਕ ਸਬੂਤ ਹੈ ਕਿ ਦੇਸ਼ ਨੂੰ ਇਕ ਅਜਿਹੀ ਮਜ਼ਬੂਤ ਅਤੇ ਦੂਰਅੰਦੇਸ਼ੀ ਵਾਲੀ ਅਗਵਾਈ ਦੀ ਭਾਲ ਸੀ, ਜੋ ‘ਸਭਕਾ ਸਾਥ, ਸਭਕਾ ਵਿਕਾਸ’ ਅਤੇ ‘ਅੰਤੋਦਿਆ ਕਲਿਆਣ’ ਦੀ ਭਾਵਨਾ ਨਾਲ ਭਾਰਤ ਨੂੰ 2047 ਤੱਕ ਇਕ ਵਿਕਸਿਤ ਰਾਸ਼ਟਰ ਬਣਾ ਸਕੇ।
ਨਰਿੰਦਰ ਮੋਦੀ ਸਰਕਾਰ ਦੇ ਇਨ੍ਹਾਂ 12 ਸਾਲਾਂ ਦੀ ਉਪਲਬਧੀ ਦੇ ਵਿਸ਼ੇ ’ਚ ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗਾ ਕਿ ਦੇਸ਼ ਨੇ ਇਸ ਇਕ ਦਹਾਕੇ ’ਚ ਵਿਕਾਸ ਦੀ ਇਕ ਸਦੀ ਦੀ ਯਾਤਰਾ ਪੂਰੀ ਕੀਤੀ ਹੈ ਅਤੇ ਇਸ ਯਾਤਰਾ ਦੇ ਅਜੇ ਹੋਰ ਵੀ ਬਹੁਤ ਸਾਰੇ ਅਹਿਮ ਪੜਾਅ ਆਉਣੇ ਬਾਕੀ ਹਨ।
ਇਨ੍ਹਾਂ ਪ੍ਰਾਪਤੀਆਂ ਨੂੰ ਸਿਰਫ ਅੰਕੜਿਆਂ ਦੇ ਰੂਪ ’ਚ ਨਹੀਂ ਦੇਖਿਆ ਜਾ ਸਕਦਾ। ਇਹ ਉਨ੍ਹਾਂ ਪਰਿਵਾਰਾਂ ਦੀ ਬਦਲੀ ਹੋਈ ਰੋਜ਼ਾਨਾ ਦੀ ਜ਼ਿੰਦਗੀ ’ਚ ਦਿਖਾਈ ਦਿੰਦੀ ਹੈ ਜਿਨ੍ਹਾਂ ਦੇ ਘਰਾਂ ’ਚ ਪਹਿਲੀ ਵਾਰ ਬਿਜਲੀ ਪਹੁੰਚੀ, ਜਿਨ੍ਹਾਂ ਦੀ ਰਸੋਈ ਧੂੰਏਂ ਤੋਂ ਮੁਕਤ ਹੋਈ, ਜਿਨ੍ਹਾਂ ਦੇ ਵਿਹੜੇ ਤੱਕ ਸਵੱਛ ਜਲ ਪਹੁੰਚਿਆ ਅਤੇ ਜਿਨ੍ਹਾਂ ਦੇ ਸਿਰ ’ਤੇ ਪਹਿਲੀ ਵਾਰ ਪੱਕੀ ਛੱਤ ਆਈ।
ਭਾਰਤ ਬਣਿਆ ਡਿਜੀਟਲ ਕ੍ਰਾਂਤੀ ਦਾ ਮਹਾਦੂਤ
ਆਜ਼ਾਦ ਭਾਰਤ ਦੇ ਇਤਿਹਾਸ ’ਚ ਤਬਦੀਲੀ ਦੀਆਂ ਅਜਿਹੀਆਂ ਬਹੁਤ ਘੱਟ ਉਦਾਹਰਣਾਂ ਦੇਖਣ ਨੂੰ ਮਿਲੀਆਂ ਹਨ, ਜਿਨ੍ਹਾਂ ਦਾ ਅਸਰ ਆਮ ਜਨਜੀਵਨ ’ਚ ਕਾਫ਼ੀ ਤੇਜ਼ੀ ਨਾਲ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪਿਆ ਹੋਵੇ। 2014 ਤੋਂ ਬਾਅਦ ਭਾਰਤ ’ਚ ਆਈ ਡਿਜੀਟਲ ਕ੍ਰਾਂਤੀ ਇਸ ਦੀ ਇਕ ਬਹੁਤ ਵੱਡਾ ਉਦਾਹਰਣ ਹੈ। ਅੱਜ ਭਾਰਤ ਡਿਜੀਟਲ ਪੇਮੈਂਟ ਦਾ ਸਭ ਤੋਂ ਵੱਡਾ ਦੇਸ਼ ਬਣ ਚੁੱਕਾ ਹੈ, ਜਿੱਥੇ ਹਰ ਮਹੀਨੇ 18 ਅਰਬ ਤੋਂ ਵੱਧ ਡਿਜੀਟਲ ਲੈਣ-ਦੇਣ ਹੋ ਰਹੇ ਹਨ।
ਇਨ੍ਹਾਂ ਬਾਰ੍ਹਾਂ ਸਾਲਾਂ ’ਚ ਭਾਰਤ ’ਚ ਇੰਟਰਨੈੱਟ ਖਪਤਕਾਰਾਂ ਦੀ ਗਿਣਤੀ ’ਚ 3.8 ਗੁਣਾ ਦਾ ਵਾਧਾ ਹੋਇਆ ਹੈ। ਅੱਜ ਭਾਰਤ ਦਾ ਆਪਟੀਕਲ ਫਾਈਬਰ ਨੈੱਟਵਰਕ 2 ਲੱਖ ਤੋਂ ਵੱਧ ਪਿੰਡਾਂ ਤੱਕ ਪਹੁੰਚ ਚੁੱਕਾ ਹੈ।
ਇਨ੍ਹਾਂ ਬਾਰ੍ਹਾਂ ਸਾਲਾਂ ’ਚ ਮੋਬਾਈਲ ਫ਼ੋਨ ਮੈਨੂਫੈਕਚਰਿੰਗ (ਨਿਰਮਾਣ) ਦੇ ਖੇਤਰ ’ਚ ਬੇਮਿਸਾਲ ਛਾਲ ਮਾਰੀ ਗਈ ਹੈ। 2014 ’ਚ ਜਿੱਥੇ ਦੇਸ਼ ’ਚ ਹਰ ਸਾਲ ਲੱਗਭਗ 6 ਕਰੋੜ ਮੋਬਾਈਲ ਫ਼ੋਨ ਬਣਦੇ ਸਨ, ਉੱਥੇ ਹੀ ਅੱਜ ਇਹ ਗਿਣਤੀ ਵਧ ਕੇ 33 ਕਰੋੜ ਤੋਂ ਵੱਧ ਹੋ ਗਈ ਹੈ।
ਵਧਦਾ ਇਨਫ੍ਰਾਸਟਰੱਕਚਰ: ਵਿਕਸਿਤ ਭਾਰਤ ਦੀ ਨੀਂਹ
ਪਿਛਲੇ ਬਾਰ੍ਹਾਂ ਸਾਲਾਂ ’ਚ ਭਾਰਤ ਦੀ ਬੁਨਿਆਦੀ ਢਾਂਚਾ ਵਿਕਾਸ ਯਾਤਰਾ ਨੇ ਇਕ ਨਵੀਂ ਰਫਤਾਰ ਪ੍ਰਾਪਤ ਕੀਤੀ ਹੈ। 2014 ’ਚ ਦੇਸ਼ ਦੇ ਕੋਲ ਲੱਗਭਗ 1,000 ਕਿਲੋਮੀਟਰ ਐਕਸਪ੍ਰੈੱਸ-ਵੇਅ ਸਨ, ਜਦੋਂ ਕਿ ਅੱਜ ਇਹ ਨੈੱਟਵਰਕ 6,700 ਕਿਲੋਮੀਟਰ ਤੋਂ ਵੱਧ ਤੱਕ ਫੈਲ ਚੁੱਕਾ ਹੈ।
ਸ਼ਹਿਰੀ ਹਵਾਬਾਜ਼ੀ ਦੇ ਖੇਤਰ ’ਚ ਵੀ ਤਬਦੀਲੀ ਓਨੀ ਹੀ ਵਰਣਨਯੋਗ ਰਹੀ ਹੈ। ਦੇਸ਼ ’ਚ ਹਵਾਈ ਅੱਡਿਆਂ ਦੀ ਗਿਣਤੀ 74 ਤੋਂ ਵਧ ਕੇ 160 ਤੋਂ ਵੱਧ ਹੋ ਗਈ ਹੈ। ਸ਼ਹਿਰੀ ਭਾਰਤ ਦੀ ਬਦਲਦੀ ਤਸਵੀਰ ’ਚ ਮੈਟਰੋ ਰੇਲ ਨੈੱਟਵਰਕ ਦੀ ਭੂਮਿਕਾ ਵੀ ਬੇਹੱਦ ਮਹੱਤਵਪੂਰਨ ਰਹੀ ਹੈ। 2014 ’ਚ ਜਿੱਥੇ ਦੇਸ਼ ਦਾ ਮੈਟਰੋ ਨੈੱਟਵਰਕ ਲੱਗਭਗ 250 ਕਿਲੋਮੀਟਰ ਤੱਕ ਸੀਮਤ ਸੀ, ਉੱਥੇ ਹੀ ਅੱਜ ਇਹ ਦੇਸ਼ ਦੇ 25 ਸ਼ਹਿਰਾਂ ’ਚ ਫੈਲਦਾ ਹੋਇਆ 1100 ਕਿਲੋਮੀਟਰ ਤੋਂ ਵੱਧ ਤੱਕ ਹੋ ਚੁੱਕਾ ਹੈ। ਆਤਮਨਿਰਭਰ ਭਾਰਤ ਦੀ ਸਫ਼ਲਤਾ ਦਾ ਸਭ ਤੋਂ ਸਪਸ਼ਟ ਪ੍ਰਤੀਬਿੰਬ ਰੱਖਿਆ ਖੇਤਰ ’ਚ ਦਿਖਾਈ ਦਿੰਦਾ ਹੈ।
2024 ਤੋਂ ਬਾਅਦ ਦੇ ਦੋ ਸਾਲ: ਨਿਰੰਤਰਤਾ, ਸਥਿਰਤਾ ਅਤੇ ਨਵੀਆਂ ਇੱਛਾਵਾਂ
2024 ’ਚ ਮਿਲਿਆ ਲਗਾਤਾਰ ਤੀਜਾ ਲੋਕ ਫਤਵਾ ਸਿਰਫ ਇਕ ਚੋਣ ਨਤੀਜਾ ਨਹੀਂ ਸੀ। ਇਹ ਉਸ ਵਿਕਾਸ ਯਾਤਰਾ ’ਤੇ ਦੇਸ਼ ਦੀ ਮੋਹਰ ਸੀ ਜਿਸ ਦੀ ਸ਼ੁਰੂਆਤ 2014 ’ਚ ਹੋਈ ਅਤੇ ਜਿਸ ਨੂੰ 2019 ’ਚ ਹੋਰ ਵੱਧ ਵਿਸਤਾਰ ਮਿਲਿਆ।
ਦੇਵਭੂਮੀ ਹਿਮਾਚਲ: ਵਿਕਾਸ ਦੀਆਂ ਨਵੀਆਂ ਉਚਾਈਆਂ
ਹਿਮਾਚਲ ਪ੍ਰਦੇਸ਼ ਦਾ ਨਿਵਾਸੀ ਅਤੇ ਜਨ-ਪ੍ਰਤੀਨਿਧੀ ਹੋਣ ਦੇ ਨਾਤੇ ਮੈਨੂੰ ਹਿਮਾਚਲ ’ਚ ਇਹ ਤਬਦੀਲੀ ਹੋਰ ਵੀ ਨੇੜੇ ਤੋਂ ਦੇਖਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਪਿਛਲੇ ਬਾਰ੍ਹਾਂ ਸਾਲਾਂ ’ਚ ਦੇਵਭੂਮੀ ਹਿਮਾਚਲ ਨੇ ਵਿਕਾਸ ਦੀ ਜਿਸ ਯਾਤਰਾ ਨੂੰ ਦੇਖਿਆ ਹੈ, ਉਹ ਅੰਕੜਿਆਂ ਦੀ ਕਹਾਣੀ ਨਹੀਂ ਹੈ। ਇਹ ਉਨ੍ਹਾਂ ਸੁਪਨਿਆਂ ਅਤੇ ਸੰਭਾਵਨਾਵਾਂ ਦੇ ਸਾਕਾਰ ਹੋਣ ਦੀ ਕਹਾਣੀ ਹੈ।
ਅਟਲ ਸੁਰੰਗ ਹਿਮਾਚਲ ਪ੍ਰਦੇਸ਼ ’ਚ ਹੋਈ ਤਬਦੀਲੀ ਦੀ ਸ਼ਾਇਦ ਸਭ ਤੋਂ ਮਜ਼ਬੂਤ ਪ੍ਰਤੀਕ ਹੈ। 9 ਕਿਲੋਮੀਟਰ ਤੋਂ ਵੱਧ ਲੰਬੀ ਇਹ ਵਿਸ਼ਵ ਦੀ ਸਭ ਤੋਂ ਲੰਬੀ ਰਾਜਮਾਰਗ ਸੁਰੰਗ ਸਿਰਫ ਇਕ ਇੰਜੀਨੀਅਰਿੰਗ ਉਪਲਬਧੀ ਨਹੀਂ, ਬਲਕਿ ਲਾਹੌਲ-ਸਪੀਤੀ ਦੇ ਲੋਕਾਂ ਦੇ ਜੀਵਨ ’ਚ ਆਈ ਇਕ ਇਤਿਹਾਸਕ ਤਬਦੀਲੀ ਵੀ ਹੈ।
ਵਿਕਸਿਤ ਭਾਰਤ 2047 ਵੱਲ
ਬਾਰ੍ਹਾਂ ਸਾਲ ਕਿਸੇ ਰਾਸ਼ਟਰ ਦੀ ਯਾਤਰਾ ’ਚ ਬਹੁਤ ਲੰਬਾ ਸਮਾਂ ਨਹੀਂ ਹੁੰਦੇ, ਪਰ ਇੰਨੇ ਜ਼ਰੂਰ ਹੁੰਦੇ ਹਨ ਕਿ ਤਬਦੀਲੀ ਦਿਖਾਈ ਦੇਣ ਲੱਗੇ ਅਤੇ ਉਪਲਬਧੀਆਂ ਖੁਦ ਆਪਣੀ ਕਹਾਣੀ ਕਹਿਣ ਲੱਗਣ। 2026 ਦਾ ਭਾਰਤ 2014 ਦੇ ਭਾਰਤ ਨਾਲੋਂ ਕਈ ਅਰਥਾਂ ’ਚ ਵੱਖਰਾ ਹੈ। ਇਹ ਵੱਧ ਆਤਮਵਿਸ਼ਵਾਸੀ, ਵੱਧ ਸਮਰੱਥ ਅਤੇ ਆਪਣੀਆਂ ਸੰਭਾਵਨਾਵਾਂ ਨੂੰ ਲੈ ਕੇ ਵੱਧ ਆਸਵੰਦ ਰਾਸ਼ਟਰ ਹੈ।
ਕਿਸੇ ਸਰਕਾਰ ਦਾ ਅਸਲ ਮੁਲਾਂਕਣ ਉਸ ਦੇ ਵਾਅਦਿਆਂ ਨਾਲ ਨਹੀਂ, ਉਨ੍ਹਾਂ ਤਬਦੀਲੀਆਂ ਨਾਲ ਹੁੰਦਾ ਹੈ ਜੋ ਲੋਕਾਂ ਦੇ ਜੀਵਨ ’ਚ ਦਿਖਾਈ ਦਿੰਦੇ ਹਨ। ਪਿਛਲੇ ਇਕ ਦਹਾਕੇ ’ਚ ਭਾਰਤ ਨੇ ਜੋ ਤਬਦੀਲੀ ਦੇਖੀ ਹੈ, ਉਹ ਸੜਕਾਂ, ਰੇਲਮਾਰਗਾਂ, ਘਰਾਂ, ਸਕੂਲਾਂ, ਹਸਪਤਾਲਾਂ ਅਤੇ ਕਰੋੜਾਂ ਨਾਗਰਿਕਾਂ ਦੇ ਬਿਹਤਰ ਹੁੰਦੇ ਜੀਵਨ ’ਚ ਸਪਸ਼ਟ ਰੂਪ ’ਚ ਦਿਖਾਈ ਦਿੰਦੀ ਹੈ।
ਚੁਣੌਤੀਆਂ ਕੱਲ ਵੀ ਸਨ ਅਤੇ ਅੱਜ ਵੀ ਹਨ। ਪਰੰਤੂ ਅੱਜ ਇਕ ਬਹੁਤ ਵੱਡਾ ਫ਼ਰਕ ਆਇਆ ਹੈ ਕਿ ਇਕ ਰਾਸ਼ਟਰ ਦੇ ਰੂਪ ’ਚ ਅਸੀਂ ਆਪਣੀ ਸੁੱਤੀ ਹੋਈ ਊਰਜਾ ਨੂੰ ਚੁਣੌਤੀਆਂ ਨਾਲ ਲੜਨ ਅਤੇ ਟੀਚੇ ਨੂੰ ਪ੍ਰਾਪਤ ਕਰਨ ਲਈ ਜਾਗਰੂਕ ਕਰ ਲਿਆ ਹੈ। ਹਰੇਕ ਰਾਸ਼ਟਰ ਦੇ ਇਤਿਹਾਸ ’ਚ ਉਹ ਪਲ ਆਉਂਦਾ ਹੈ ਜਦੋਂ ਉਹ ਸਮੁੱਚਤਾ ਨਾਲ ਖੜ੍ਹਾ ਹੋ ਕੇ ਆਪਣੇ ਵਿਕਾਸ ਦੀ ਰਫਤਾਰ ਨੂੰ ਕਈ ਗੁਣਾ ਵਧਾ ਲੈਂਦਾ ਹੈ। ਇਹ ਉਸ ਦੇਸ਼ ਦੇ ਲਈ ‘ਅੰਮ੍ਰਿਤ ਕਾਲ’ ਹੁੰਦਾ ਹੈ। ਭਾਰਤ ਦਾ ਉਹ ਪਲ ਆ ਚੁੱਕਾ ਹੈ।
ਅਨੁਰਾਗ ਸਿੰਘ ਠਾਕੁਰ
(ਸਾਬਕਾ ਕੇਂਦਰੀ ਮੰਤਰੀ, ਮੈਂਬਰ ਲੋਕ ਸਭਾ)
