ਮੋਦੀ ਯੁੱਗ : ਸੁਸ਼ਾਸਨ ਅਤੇ ਸੱਭਿਆਚਾਰਕ ਸੰਕਲਪ ਦਾ ਨਵਾਂ ਅਧਿਆਏ
Sunday, Jun 14, 2026 - 05:18 PM (IST)
10 ਜੂਨ, 2026 ਨੂੰ ਭਾਰਤ ਨੇ ਆਪਣੇ ਲੋਕਤੰਤਰੀ ਇਤਿਹਾਸ ’ਚ ਇਕ ਮਹੱਤਵਪੂਰਨ ਪੜਾਅ ਹਾਸਲ ਕੀਤਾ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਗਾਤਾਰ 4,399 ਦਿਨਾਂ ਦਾ ਕਾਰਜਕਾਲ ਪੂਰਾ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਉਸ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ, ਜੋ ਉਨ੍ਹਾਂ ਨੇ 1952 ਦੀਆਂ ਇਤਿਹਾਸਕ ਆਮ ਚੋਣਾਂ ਤੋਂ ਬਾਅਦ 4,398 ਦਿਨਾਂ ਤੱਕ ਲਗਾਤਾਰ ਪ੍ਰਧਾਨ ਮੰਤਰੀ ਦੇ ਅਹੁਦੇ ’ਤੇ ਰਹਿੰਦਿਆਂ ਬਣਾਇਆ ਸੀ। 1.4 ਅਰਬ ਦੀ ਆਬਾਦੀ ਵਾਲੇ ਦੇਸ਼ ਲਈ ਲੀਡਰਸ਼ਿਪ ਦੀ ਇਸ ਨਿਰੰਤਰਤਾ ਨੇ ਉਹ ਸਥਿਰ ਅਾਧਾਰ ਪ੍ਰਦਾਨ ਕੀਤਾ, ਜਿਸ ਨੇ ਦੇਸ਼ ਨੂੰ ਸੀਮਤ ਸਰੋਤਾਂ ਅਤੇ ਪ੍ਰਤੀਕਿਰਿਆਤਮਕ ਪ੍ਰਸ਼ਾਸਨ ਦੀ ਪੁਰਾਣੀ ਵਿਵਸਥਾ ਦੇ ਦੌਰ ਤੋਂ ਅੱਗੇ ਵਧਾ ਕੇ, ਇਕ ਆਤਮਵਿਸ਼ਵਾਸੀ ਅਤੇ ਆਧੁਨਿਕ ਗਣਰਾਜ ਵਜੋਂ ਸਥਾਪਿਤ ਕੀਤਾ।
ਸ਼੍ਰੀਲੰਕਾ ’ਚ ਭਾਰਤ ਦੇ ਹਾਈ ਕਮਿਸ਼ਨਰ ਅਤੇ ਅਮਰੀਕਾ ’ਚ ਰਾਜਦੂਤ ਵਜੋਂ ਸੇਵਾ ਨਿਭਾਉਣ ਸਮੇਤ, ਵਿਸ਼ਵ ਦੀਆਂ ਪ੍ਰਮੁੱਖ ਰਾਜਧਾਨੀਆਂ ’ਚ ਭਾਰਤ ਦੀ ਨੁਮਾਇੰਦਗੀ ਕਰਨ ਦੌਰਾਨ, ਮੈਂ ਪ੍ਰਤੱਖ ਰੂਪ ’ਚ ਦੇਖਿਆ ਹੈ ਕਿ ਅੰਤਰਰਾਸ਼ਟਰੀ ਭਾਈਚਾਰੇ ਦੀ ਭਾਰਤ ਨੂੰ ਲੈ ਕੇ ਧਾਰਨਾ ’ਚ ਕਿੰਨਾ ਜ਼ਿਆਦਾ ਬਦਲਾਅ ਆਇਆ ਹੈ। ਅੱਜ ਭਾਰਤ ਨੂੰ ਸਿਰਫ਼ ਰੱਖਿਆਤਮਕ ਅਤੇ ਸੰਸਥਾਗਤ ਕਮਜ਼ੋਰੀਆਂ ਜਾਂ ਗੈਰ-ਸਰਗਰਮ ਗੁਟਨਿਰਪੇਖਤਾ ਵਾਲੇ ਦੇਸ਼ ਦੇ ਨਜ਼ਰੀਏ ਤੋਂ ਨਹੀਂ ਦੇਖਿਆ ਜਾਂਦਾ, ਸਗੋਂ ਗਲੋਬਲ ਭਾਈਚਾਰਾ ਸਾਨੂੰ ਇਕ ਆਤਮਵਿਸ਼ਵਾਸੀ ਅਤੇ ਆਧੁਨਿਕ ਸ਼ਕਤੀ ਵਜੋਂ ਪਛਾਣਦਾ ਹੈ।
ਸਪਲਾਈ ਚੇਨ ਰੇਜ਼ੀਲੀਐਂਸ ਅਤੇ ਗ੍ਰੀਨ ਐਨਰਜੀ ਵਰਗੇ ਵਿਸ਼ਿਆਂ ’ਤੇ ਗਲੋਬਲ ਚਰਚਾ ਨੂੰ ਦਿਸ਼ਾ ਦੇਣ ਤੋਂ ਲੈ ਕੇ, ਗਲੋਬਲ ਸਾਊਥ ਦੀ ਇਕ ਪ੍ਰਭਾਵਸ਼ਾਲੀ ਅਤੇ ਰਚਨਾਤਮਕ ਆਵਾਜ਼ ਬਣ ਕੇ, ਭਾਰਤ ਅੱਜ ਆਤਮਵਿਸ਼ਵਾਸ ਨਾਲ ਦੁਨੀਆ ਨਾਲ ਸੰਵਾਦ ਕਰ ਰਿਹਾ ਹੈ। ‘ਵਸੂਧੈਵ ਕੁਟੁੰਬਕਮ’ ਦੀ ਸਨਾਤਨ ਭਾਵਨਾ ਤੋਂ ਪ੍ਰੇਰਿਤ, ਭਾਰਤ ਦੀ ਸਫ਼ਲ ਜੀ-20 ਪ੍ਰਧਾਨਗੀ ਨੇ ਅਜਿਹੇ ਰਾਸ਼ਟਰ ਦਾ ਅਕਸ ਪੇਸ਼ ਕੀਤਾ, ਜਿਸ ਨੇ ਇਹ ਵਿਸ਼ਵਾਸ ਦਿਵਾਇਆ ਕਿ ਅਸੀਂ ਭੂ-ਰਾਜਨੀਤਿਕ ਵੰਡੀਆਂ ਨੂੰ ਮਿਟਾਉਂਦੇ ਹੋਏ ਮਨੁੱਖ-ਕੇਂਦਰਿਤ ਵਿਕਾਸ ਮਾਡਲ ਦੀ ਅਗਵਾਈ ਕਰਨ ਦੇ ਸਮਰੱਥ ਹਾਂ।
ਪਹਿਲਾਂ ਸਰਹੱਦ ਪਾਰਲੀਆਂ ਸੁਰੱਖਿਆ ਚੁਣੌਤੀਆਂ ਪ੍ਰਤੀ ਰਾਜ ਦੀ ਪ੍ਰਤੀਕਿਰਿਆ ਰਵਾਇਤੀ ਕੂਟਨੀਤਿਕ ਧਾਰਨਾਵਾਂ ਅਤੇ ਰਣਨੀਤਿਕ ਸੰਜਮ ਦੀ ਨੀਤੀ ਤੱਕ ਸੀਮਤ ਰਿਹਾ ਕਰਦੀ ਸੀ ਪਰ ਅੱਜ ਅਸੀਂ ਇਕ ਵਧੇਰੇ ਸ਼ਕਤੀਸ਼ਾਲੀ ਅਤੇ ਸਰਗਰਮ ਸੁਰੱਖਿਆ ਦ੍ਰਿਸ਼ਟੀਕੋਣ ਅਪਣਾਉਂਦੇ ਹਾਂ, ਜੋ ਰੱਖਿਆ ਪ੍ਰਣਾਲੀ ਨੂੰ ਪ੍ਰਭਾਵਸ਼ਾਲੀ ਰੋਕੂ ਤੰਤਰ ਦੇ ਨਾਲ ਸੰਤੁਲਿਤ ਕਰਦਾ ਹੈ। ਇਸ ਨਾਲ ਇਹ ਸਪੱਸ਼ਟ ਸੰਦੇਸ਼ ਗਿਆ ਹੈ ਕਿ ਅੱਤਵਾਦ ਅਤੇ ਗੱਲਬਾਤ ਇਕੱਠੇ ਨਹੀਂ ਚੱਲ ਸਕਦੇ।
2016 ਦੀ ਸਰਜੀਕਲ ਸਟ੍ਰਾਈਕ ਅਤੇ 2019 ਦੀ ਬਾਲਾਕੋਟ ਏਅਰ ਸਟ੍ਰਾਈਕ ਨੇ ਭਾਰਤ ਦੀ ਸੁਰੱਖਿਆ ਨੀਤੀ ’ਚ ਇਸ ਫੈਸਲਾਕੁੰਨ ਬਦਲਾਅ ਨੂੰ ਉਜਾਗਰ ਕੀਤਾ। ਭਾਰਤ ਨੇ ਇਹ ਸੰਕੇਤ ਦਿੱਤਾ ਕਿ ਅੱਤਵਾਦ ਵਿਰੁੱਧ ਸਟੀਕ, ਸੰਤੁਲਿਤ ਅਤੇ ਪ੍ਰਭਾਵਸ਼ਾਲੀ ਕਾਰਵਾਈ ਕਰਨ ’ਚ ਉਹ ਸਮਰੱਥ ਹੈ। ਇਸ ਦੀ ਇਕ ਹੋਰ ਉਦਾਹਰਣ ‘ਆਪ੍ਰੇਸ਼ਨ ਸਿੰਧੂਰ’ ਦੌਰਾਨ ਵੀ ਦੇਖਣ ਨੂੰ ਮਿਲੀ। ਇਸ ਤੋਂ ਬਾਅਦ ਮੈਨੂੰ, ਅਮਰੀਕੀ ਮਹਾਦੀਪਾਂ ਦੇ ਬਹੁ-ਦਲੀ ਸੰਸਦੀ ਵਫ਼ਦ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ। ਉੱਥੇ ਰਣਨੀਤਿਕ ਮਾਹਿਰਾਂ, ਕਾਨੂੰਨ ਨਿਰਮਾਤਾਵਾਂ, ਜਨ-ਪ੍ਰਤੀਨਿਧੀਆਂ ਅਤੇ ਨੀਤੀ ਜਗਤ ਦੇ ਪ੍ਰਮੁੱਖ ਲੋਕਾਂ ਨਾਲ ਗੱਲਬਾਤ ’ਚ ਇਕ ਗੱਲ ਜੋ ਸਾਫ਼ ਤੌਰ ’ਤੇ ਸਾਹਮਣੇ ਆਈ, ਉਹ ਇਹ ਸੀ ਕਿ ਭਾਰਤ ਦੇ ਇਸ ਰੁਖ਼ ਨੂੰ ਲੈ ਕੇ ਦੁਨੀਆ ’ਚ ਸਤਿਕਾਰ ਅਤੇ ਸਮਰਥਨ ਵਧ ਰਿਹਾ ਹੈ। ਇਹ ਸਮਝ ਮਜ਼ਬੂਤ ਹੋਈ ਹੈ ਕਿ ਸਟੇਟ-ਸਪਾਂਸਰਡ-ਟੈਰੋਰਿਜ਼ਮ ਦਾ ਡਟ ਕੇ ਅਤੇ ਯੋਜਨਾਬੱਧ ਤਰੀਕੇ ਨਾਲ ਸਾਹਮਣਾ ਕੀਤਾ ਜਾਣਾ ਚਾਹੀਦਾ ਹੈ। ਇਸ ਨੂੰ ਕਿਸੇ ਵੀ ਸਥਿਤੀ ’ਚ ਸਹੀ ਨਹੀਂ ਠਹਿਰਾਇਆ ਜਾ ਸਕਦਾ।
ਹਰ ਮੌਸਮ ’ਚ ਉਪਯੋਗੀ ਸੜਕਾਂ, ਰਣਨੀਤਿਕ ਸੁਰੰਗਾਂ ਅਤੇ ਅਗਾਂਹਵਧੂ ਹਵਾਈ ਪੱਟੀਆਂ ਦੇ ਤੇਜ਼ ਨਿਰਮਾਣ ਨੇ ਸਾਡੀਆਂ ਉੱਤਰੀ ਅਤੇ ਪੱਛਮੀ ਸਰਹੱਦਾਂ ਨੂੰ ਦੇਸ਼ ਦੀ ਵਿਕਾਸ ਯਾਤਰਾ ਨਾਲ ਜੋੜਿਆ ਹੈ। ਸਰਹੱਦ ਅਤੇ ਦੂਰ-ਦੁਰਾਡੇ ਦੇ ਖੇਤਰਾਂ ਨੂੰ ਦੇਸ਼ ਦੀ ਮੁੱਖ ਧਾਰਾ ਨਾਲ ਜੋੜਨ ਦਾ ਇਹ ਯਤਨ ਆਧੁਨਿਕ ਭਾਰਤ ਦੀ ਨਵੀਂ ਸੋਚ ਨੂੰ ਦਰਸਾਉਂਦਾ ਹੈ। ਅਜਿਹੀ ਸੋਚ, ਜਿਸ ’ਚ ਸੜਕਾਂ, ਬੁਨਿਆਦੀ ਸਹੂਲਤਾਂ ਅਤੇ ਡਿਜੀਟਲ ਤਕਨੀਕ ਰਾਹੀਂ ਦੇਸ਼ ਨੂੰ ਇਕਜੁੱਟ ਕਰਕੇ ਲੋਕਾਂ ਨੂੰ ਹੋਰ ਵਧੇਰੇ ਸਮਰੱਥ ਬਣਾਇਆ ਜਾ ਰਿਹਾ ਹੈ। ਪਿਛਲੇ 10 ਸਾਲਾਂ ’ਚ ਭਾਰਤ ਸਿਰਫ ਤਕਨੀਕ ਦੀ ਵਰਤੋਂ ਕਰਨ ਵਾਲਾ ਦੇਸ਼ ਨਹੀਂ, ਸਗੋਂ ਡਿਜੀਟਲ ਪਬਲਿਕ ਇਨਫਰਾਸਟ੍ਰਕਚਰ ਦੇ ਖੇਤਰ ’ਚ ਨਵੀਂ ਪਹਿਲਕਦਮੀ ਕਰਨ ਵਾਲੇ ਮੋਹਰੀ ਦੇਸ਼ਾਂ ਦੀ ਸੂਚੀ ’ਚ ਸ਼ਾਮਲ ਹੋ ਗਿਆ ਹੈ।
ਆਧਾਰ ਆਧਾਰਿਤ ਸੇਵਾਵਾਂ, ਯੂ. ਪੀ. ਆਈ. ਅਤੇ ਕੋਵਿਨ ਵਰਗੇ ਪਲੇਟਫਾਰਮਾਂ ਨੂੰ ਏਕੀਕ੍ਰਿਤ ਕਰਕੇ ਸਰਕਾਰ ਨੇ ਇਕ ਅਜਿਹੀ ਪਾਰਦਰਸ਼ੀ ਅਤੇ ਪ੍ਰਭਾਵਸ਼ਾਲੀ ਵਿਵਸਥਾ ਵਿਕਸਿਤ ਕੀਤੀ ਹੈ, ਜਿਸ ਨੇ ਪ੍ਰਸ਼ਾਸਨਿਕ ਰੁਕਾਵਟਾਂ ਨੂੰ ਘੱਟ ਕਰਦੇ ਹੋਏ ਭ੍ਰਿਸ਼ਟਾਚਾਰ ’ਤੇ ਨੱਥ ਪਾਉਣ ’ਚ ਮਦਦ ਕੀਤੀ ਹੈ। ਇਸ ਵਿਵਸਥਾ ਨੇ ਅਰਬਾਂ ਦੇ ਲੈਣ-ਦੇਣ ਨੂੰ ਆਸਾਨ ਬਣਾਇਆ ਅਤੇ ਸਮਾਵੇਸ਼ੀ ਵਿਕਾਸ ਦਾ ਅਜਿਹਾ ਮਾਡਲ ਪੇਸ਼ ਕੀਤਾ, ਜਿਸ ਦਾ ਅਧਿਐਨ ਅੱਜ ਦੁਨੀਆ ਭਰ ’ਚ ਹੋ ਰਿਹਾ ਹੈ।
ਦਹਾਕਿਆਂ ਤੱਕ ਰਸਮੀ ਬੈਂਕਿੰਗ ਵਿਵਸਥਾ ਤੋਂ ਬਾਹਰ ਰਹੇ ਕਰੋੜਾਂ ਨਾਗਰਿਕਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ 56 ਕਰੋੜ ਤੋਂ ਵੱਧ ਜਨ-ਧਨ ਖਾਤਿਆਂ ਰਾਹੀਂ ਮੁੱਖ ਧਾਰਾ ਨਾਲ ਜੋੜਿਆ ਗਿਆ। ਵਿੱਤੀ ਵਿਵਸਥਾ ਨਾਲ ਲੋਕਾਂ ਨੂੰ ਜੋੜਨ ਦੇ ਨਾਲ-ਨਾਲ ਸਫ਼ਾਈ, ਸਿਹਤ ਸੇਵਾਵਾਂ, ਬਿਜਲੀ, ਸਾਫ਼ ਪੀਣ ਵਾਲਾ ਪਾਣੀ ਅਤੇ ਕਿਫਾਇਤੀ ਰਿਹਾਇਸ਼ ਵਰਗੀਆਂ ਬੁਨਿਆਦੀ ਸਹੂਲਤਾਂ ਦੇ ਤੇਜ਼ ਵਿਸਥਾਰ ਨੇ ਪੇਂਡੂ ਅਤੇ ਸ਼ਹਿਰੀ ਭਾਰਤ ਵਿਚਾਲੇ ਲੰਬੇ ਸਮੇਂ ਤੋਂ ਮੌਜੂਦ ਪਾੜੇ ਨੂੰ ਘਟਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਪਿਛਲੇ ਇਕ ਦਹਾਕੇ ਦੌਰਾਨ ਬਸਤੀਵਾਦੀ ਪ੍ਰਸ਼ਾਸਨਿਕ ਵਿਵਸਥਾ ਨੂੰ ਸਰਗਰਮ, ਨਾਗਰਿਕ-ਕੇਂਦਰਿਤ ਸ਼ਾਸਨ ਵੱਲ ਲੈ ਕੇ ਜਾਣਾ, ਉਸ ਸੱਭਿਆਚਾਰਕ ਤਬਦੀਲੀ ਦਾ ਪ੍ਰਤੀਕ ਹੈ, ਜਿਸ ਨੇ ਭਾਰਤ ਨੂੰ ਇਕ ਆਤਮਵਿਸ਼ਵਾਸੀ ਅਤੇ ਆਧੁਨਿਕ ਰਾਸ਼ਟਰ ਵਜੋਂ ਸਥਾਪਿਤ ਕੀਤਾ। ਅੰਤ ’ਚ, ਮੋਦੀ ਯੁੱਗ ਨੇ ਭਾਰਤ ਦੀ ਸੋਚ, ਸਮਰੱਥਾ ਅਤੇ ਪ੍ਰਾਪਤੀਆਂ ਦੇ ਦਾਇਰੇ ਨੂੰ ਨਵਾਂ ਵਿਸਥਾਰ ਦਿੱਤਾ ਹੈ। ਦੇਸ਼ ਅੱਜ ‘ਵਿਕਸਿਤ ਭਾਰਤ-2047’ ਦੇ ਸੰਕਲਪ ਨਾਲ, ਆਜ਼ਾਦੀ ਦੇ 100 ਸਾਲ ਪੂਰੇ ਹੋਣ ’ਤੇ ਇਕ ਵਿਕਸਿਤ, ਸਮਾਵੇਸ਼ੀ ਅਤੇ ਗਲੋਬਲ ਮੰਚ ’ਤੇ ਪ੍ਰਭਾਵਸ਼ਾਲੀ ਰਾਸ਼ਟਰ ਵਜੋਂ ਸਥਾਪਿਤ ਹੋਣ ਦੀ ਦਿਸ਼ਾ ’ਚ ਅੱਗੇ ਵਧ ਰਿਹਾ ਹੈ।
-ਤਰਨਜੀਤ ਸਿੰਘ ਸੰਧੂ
(ਦਿੱਲੀ ਦੇ ਉਪ ਰਾਜਪਾਲ ਅਤੇ ਸਾਬਕਾ ਸਿਆਸਤਦਾਨ)
