‘ਵਿਸ਼ਵ ਵਿਵਸਥਾ’ ਨਹੀਂ, ਸ਼ਕਤੀ ਦੀ ਖੇਡ ’ਚ ਭਾਰਤ ਦਾ ਰਾਹ
Thursday, Jan 29, 2026 - 05:11 PM (IST)
ਹਰ ਕੁਝ ਦਹਾਕਿਆਂ ’ਚ ਜਦੋਂ ਵਿਸ਼ਵ ਅਸਥਿਰਤਾ ਵੱਲ ਵਧਦਾ ਹੈ, ਉਦੋਂ ਇਕ ਜਾਣਿਆ-ਪਛਾਣਿਆ ਸ਼ਬਦ ਸੁਣਾਈ ਦੇਣ ਲੱਗਦਾ ਹੈ-ਵਿਸ਼ਵ ਵਿਵਸਥਾ (ਵਰਲਡ ਆਰਡਰ)। ਹਾਲੀਆ ਦਿਨਾਂ ’ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕੁਝ ਤਲਖ ਬਿਆਨਾਂ ਅਤੇ ਹੈਰਾਨੀ ਭਰੇ ਕਦਮਾਂ ਤੋਂ ਬਾਅਦ ਇਹ ਸ਼ਬਦਾਵਲੀ ਫਿਰ ਚਰਚਾ ’ਚ ਹੈ। ਹੁਣ ਇਸ ਨੂੰ ‘ਨਵੀਂ ਵਿਸ਼ਵ ਵਿਵਸਥਾ’ ਦੇ ਰੂਪ ’ਚ ਪੇਸ਼ ਕੀਤਾ ਜਾ ਰਿਹਾ ਹੈ ਪਰ ਇਤਿਹਾਸ ਗਵਾਹ ਹੈ ਕਿ ਅਜਿਹੀ ਕੋਈ ਸਥਾਈ ਵਿਸ਼ਵ ਵਿਵਸਥਾ ਕਦੇ ਨਹੀਂ ਰਹੀ। ਇਹ ਵਿਚਾਰ ਸੁਣਨ ’ਚ ਬੇਸ਼ੱਕ ਆਕਰਸ਼ਕ ਹੋਣ ਪਰ ਅਸਲ ਸ਼ਕਤੀ ਸੰਤੁਲਨ ਦੀਆਂ ਕਠੋਰ ਸੱਚਾਈਆਂ ਤੋਂ ਦੂਰ ਇਕ ਕੋਰੀ ਕਲਪਨਾ ਹੈ। ਅਸਲ ਦੁਨੀਆ ’ਚ ਹਮੇਸ਼ਾ ਇਕ ਗੱਲ ਦਾ ਵਜ਼ਨ ਹੁੰਦਾ ਹੈ ਅਤੇ ਉਹ ਸ਼ਕਤੀਸ਼ਾਲੀ ਦਾ ਕਮਜ਼ੋਰ ’ਤੇ ਦਬਦਬਾ ਹੈ।
ਬੀਤੀ 20 ਜਨਵਰੀ ਨੂੰ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਮੰਚ ’ਤੇ ਏ. ਆਈ. ਦੁਆਰਾ ਬਣਾਈ ਗਈ ਇਕ ਵਾਦ-ਵਿਵਾਦ ਵਾਲੀ ਤਸਵੀਰ ਸਾਂਝੀ ਕੀਤੀ। ਉਸ ’ਚ ਉਨ੍ਹਾਂ ਨੇ ਕੈਨੇਡਾ, ਗ੍ਰੀਨਲੈਂਡ ਅਤੇ ਵੈਨੇਜ਼ੁਏਲਾ ਨੂੰ ਅਮਰੀਕੀ ਖੇਤਰ ਦੇ ਰੂਪ ’ਚ ਦਿਖਾਇਆ। ਉਹ ਤਸਵੀਰ ਅਮਰੀਕੀ ਰਾਸ਼ਟਰਪਤੀ ਦੇ ਦਫਤਰ ਦੀ ਸੀ, ਜਿਸ ’ਚ ਉੱਚ ਯੂਰਪੀ ਨੇਤਾਵਾਂ ਦੀ ਵੀ ਮੌਜੂਦਗੀ ਸੀ। ਕੁਝ ਦਿਨ ਪਹਿਲਾਂ 8 ਜਨਵਰੀ ਨੂੰ ਟਰੰਪ ਨੇ ‘ਦਿ ਨਿਊਯਾਰਕ ਟਾਈਮਜ਼’ ਨੂੰ ਇੰਟਰਵਿਊ ਦਿੰਦੇ ਹੋਏ ਕਿਹਾ ਸੀ, ‘‘ਮੈਨੂੰ ਕਿਸੇ ਕੌਮਾਂਤਰੀ ਕਾਨੂੰਨ ਦੀ ਲੋੜ ਨਹੀਂ, ਮੇਰੀ ਸ਼ਕਤੀ ਦੀ ਹੱਦ ਸਿਰਫ ਮੇਰੀ ਨੈਤਿਕਤਾ ਹੈ।’’
ਇਹ ਸੰਕੇਤ ਇਤਿਹਾਸ ਦੇ ਸੰਦਰਭ ’ਚ ਤ੍ਰਾਸਦੀਆਂ ਨਾਲ ਭਰਿਆ ਹੈ, ਕਿਉਂਕਿ ਅਮਰੀਕਾ ਖੁਦ ਸਾਮਰਾਜਵਾਦੀ ਕੰਟਰੋਲ ਦੇ ਵਿਰੁੱਧ ਵਿਦਰੋਹ ਨਾਲ ਪੈਦਾ ਹੋਇਆ ਉਹ ਦੇਸ਼ ਹੈ ਜੋ ਪਹਿਲਾਂ ਹੀ ਅਮਰੀਕੀ ਮਹਾਦੀਪ ’ਤੇ ਬਾਹਰੀ ਅਧਿਕਾਰ ਦੀ ਭਿਆਨਕ ਬੇਰਹਿਮੀ ਨੂੰ ਸਹਿ ਚੁੱਕਾ ਸੀ। 1492 ’ਚ ਇਤਾਲਵੀ ਕ੍ਰਿਸਟੋਫਰ ਕੋਲੰਬਸ ਨੇ ਸਪੇਨ ਦੇ ਈਸਾਈ ਰਾਜਾ ਲਈ ਅਮਰੀਕਾ ਦੀ ‘ਖੋਜ’ ਕੀਤੀ। ਲੰਬੀ ਸਮੁੰਦਰੀ ਯਾਤਰਾ ਕਰਕੇ ਅਮਰੀਕਾ ਪਹੁੰਚੇ ਕੋਲੰਬਸ ਦਾ ਉਥੇ ਜਿਹੜੇ ਮੂਲ ਵਾਸੀਆਂ ਨੇ ਸਵਾਗਤ ਕੀਤਾ, ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ‘ਪੇਗਨ’ ਸੰਸਕ੍ਰਿਤੀ-ਸੱਭਿਅਤਾ ਨੂੰ ਮਜ਼੍ਹਬ ਦੇ ਨਾਂ ’ਤੇ ਮਿਟਾ ਕੇ ਅਮਰੀਕੀ ਮਿਊਜ਼ੀਅਮ ’ਚ ਸ਼ੋਭਾ ਵਧਾਉਣ ਦੀ ਵਸਤੂ ਤਕ ਘਟਾ ਦਿੱਤਾ ਹੈ।
ਸਦੀਆਂ ਬਾਅਦ ਸ਼ਾਇਦ ਪਹਿਲੀ ਵਾਰ ਯੂਰਪ ਖੁਦ ਆਪਣੇ ਵਲੋਂ ਸਥਾਪਿਤ ਸਾਮਰਾਜਵਾਦੀ ਦਬਦਬੇ ਦਾ ਭਾਰ ਮਹਿਸੂਸ ਕਰ ਰਿਹਾ ਹੈ। ਟਰੰਪ ਦੀਆਂ ‘ਸਾਮਰਾਜਵਾਦੀ ਇੱਛਾਵਾਂ’ ਦੀ ਆਲੋਚਨਾ ਉਸੇ ਯੂਰਪੀ ਮਹਾਦੀਪ ਤੋਂ ਆ ਰਹੀ ਹੈ, ਜਿਸ ਦਾ ਇਤਿਹਾਸ ਹੀ ਹਮਲਿਆਂ, ਬਸਤੀਵਾਦ ਅਤੇ ਨਸਲੀ ਭੇਦਭਾਵ ਨਾਲ ਭਰਿਆ ਹੈ। ਫਰਾਂਸੀਸੀ ਰਾਸ਼ਟਰਪਤੀ ਇਮੈਨੂਏਲ ਮੈਕ੍ਰੋਂ ਨੇ ਸਵਿਟਜ਼ਰਲੈਂਡ ਸਥਿਤ ਦਾਵੋਸ ’ਚ ‘ਵਿਸ਼ਵ ਆਰਥਿਕ ਮੰਚ’ ਤੋਂ ਟਰੰਪ ਨੂੰ ਘੇਰਦੇ ਹੋਏ ਕਿਹਾ ਸੀ, ‘‘ਇਹ ਨਵੇਂ ਸਾਮਰਾਜਵਾਦ ਦਾ ਸਮਾਂ ਨਹੀਂ ਹੈ।’’ ਇਹ ਉਹੀ ਫਰਾਂਸ ਹੈ ਜੋ ਅੱਜ ਵੀ ਕੈਰੀਬੀਆਈ ਖੇਤਰ ਤੋਂ ਹਿੰਦ ਮਹਾਸਾਗਰ ਤੱਕ ਕਈ ਖੇਤਰਾਂ ਦਾ ਆਪਣਾ ਪ੍ਰਸ਼ਾਸਨ ਚਲਾਉਂਦਾ ਹੈ। ਇਸੇ ਕਾਰਨ ਫਰਾਂਸ ਕੋਲ ਦੁਨੀਆ ’ਚ ਸਭ ਤੋਂ ਵੱਧ 12-13 ਟਾਈਮ ਜ਼ੋਨ ਹਨ। ਅਲਜੀਰੀਆ ’ਚ ਫਰਾਂਸੀਸੀ ਸ਼ਾਸਨ ਵਿਰੁੱਧ ਸੁਤੰਤਰਤਾ ਸੰਗਰਾਮ (1954-62) ’ਚ ਲਗਭਗ 15 ਲੱਖ ਲੋਕ ਮਾਰੇ ਗਏ ਸਨ।
ਜਰਮਨੀ ਦੇ ਵਿੱਤ ਮੰਤਰੀ ਨੇ ਚਿਤਾਵਨੀ ਦਿੱਤੀ ਕਿ ਉਹ ਟਰੰਪ ਦੇ ਦਬਾਅ ਅੱਗੇ ਨਹੀਂ ਝੁਕਣਗੇ। ਉਥੇ ਹੀ ਫਰਾਂਸੀਸੀ ਵਿੱਤ ਮੰਤਰੀ ਅਨੁਸਾਰ 250 ਸਾਲ ਪੁਰਾਣੇ ਸਹਿਯੋਗੀ ਹੁਣ ਟੈਰਿਫ ਨੂੰ ਹਥਿਆਰ ਬਣਾ ਰਹੇ ਹਨ। ਉਥੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵਿਸ਼ਵ ਵਿਵਸਥਾ ਨੂੰ ‘ਇਕ ਸੁਖਦਾਈ ਭਰਮ ਦਾ ਅੰਤ’ ਦੱਸਿਆ ਹੈ। ਸੱਚ ਤਾਂ ਇਹ ਹੈ ਕਿ ਕਥਿਤ ‘ਵਿਸ਼ਵ ਵਿਵਸਥਾ’ ਕਦੇ ਵਿਆਪਕ ਨੈਤਿਕ ਸਮਝੌਤਾ ਨਹੀਂ ਰਿਹਾ, ਸਗੋਂ ਇਹ ਨਿਯਮ ਬਣਾਉਣ ਵਾਲਿਆਂ ਦੇ ਹਿੱਤ ’ਚ ਬਣੀ ਸ਼ਕਤੀਸ਼ਾਲੀ ਲੋਕਾਂ ਦੀ ਪੂਰਵ ਉਦੇਸ਼ੀ ਪਹਿਲਕਦਮੀ ਸੀ। ਇਸ ਲਈ ਪੱਛਮੀ ਦੁਨੀਆ ਦੇ ਮੂੰਹ ਤੋਂ ਨੈਤਿਕਤਾ ਦੀ ਗੱਲ ਕਰਨਾ ਛਲਾਵੇ ਵਰਗਾ ਹੈ।
ਪੁਰਤਗਾਲੀ ਵਾਸਕੋ ਡੀ ਗਾਮਾ ਅਤੇ ਸਪੇਨ ਵਾਸੀ ਜੇਸੁਈਟ ਮਿਸ਼ਨਰੀ ਫਰਾਂਸਿਸ ਜੇਵੀਅਰ ਆਦਿ ਦੇ 16ਵੀਂ ਸ਼ਤਾਬਦੀ ’ਚ ਭਾਰਤ ਪਹੁੰਚਣ ਦਾ ਐਲਾਨਿਆ ਟੀਚਾ ਸਥਾਨਕ ਪੂਜਾ ਪ੍ਰਣਾਲੀ ਨੂੰ ਮਿਟਾ ਕੇ ਇਸਾਈਅਤ ਦਾ ਵਿਸਥਾਰ ਕਰਨਾ ਸੀ। ਇਸ ’ਚ ਹਿੰਦੂਆਂ, ਮੁਸਲਮਾਨਾਂ ਅਤੇ ਸਥਾਨਕ ਇਸਾਈਆਂ ’ਤੇ ਜੋ ਤਸ਼ੱਦਦ ਹੋਇਆ, ਉਸ ਦਾ ਜ਼ਾਲਮ ਇਤਿਹਾਸ ਹੈ। ‘ਗੋਆ ਇਨਕੁਇਜ਼ਿਸ਼ਨ’ ਉਸ ਦਾ ਇਕ ਭਿਆਨਕ ਰੂਪ ਹੈ, ਜਿਸ ’ਚ ਅਣਗਿਣਤ ਸਥਾਨਕ ਲੋਕਾਂ ਦੀ ਜਿਊਂਦੇ ਜੀਅ ਜੀਭ ਕੱਟ ਦਿੱਤੀ ਅਤੇ ਚਮੜੀ ਉਧੇੜ ਲਈ ਗਈ ਸੀ। ਕਈ ਪ੍ਰਮਾਣਿਤ ਲੇਖਕਾਂ ਦੇ ਨਾਲ ਸੰਵਿਧਾਨ ਨਿਰਮਾਤਾ ਡਾ. ਭੀਮਰਾਓ ਜੀ ਅੰਬੇਡਕਰ ਦੇ ਸਾਹਿਤ ’ਚ ਵੀ ਇਨ੍ਹਾਂ ਸਾਰੀਆਂ ਘਿਨੌਣੀਆਂ ਘਟਨਾਵਾਂ ਦਾ ਸਪੱਸ਼ਟ ਵਰਣਨ ਹੈ। ਵੈਟੀਕਨ ਅਤੇ ਕੈਥੋਲਿਕ ਚਰਚ ਦੁਨੀਆ ਦੇ ਕੁਝ ਹਿੱਸਿਆਂ (ਕੈਨੇਡਾ ਸਮੇਤ) ਆਪਣੇ ‘ਅਪਰਾਧਾਂ’ ਉੱਤੇ ਦੁੱਖ ਜਤਾ ਚੁੱਕਾ ਹੈ, ਜੋ ਕੋਈ ਪਛਤਾਵਾ ਨਾ ਹੋ ਕੇ ਸਿਰਫ ਅਕਸ ਸੁਧਾਰ ਦਾ ਹਿੱਸਾ ਹੈ।
ਜੇਕਰ ਯੂਰਪ ਦਾ ਅਤੀਤ ਦਾਗੀ ਹੈ, ਤਾਂ ਅਮਰੀਕਾ ਦਾ ਇਤਿਹਾਸ ਰਣਨੀਤਿਕ ਭੁੱਲਾਂ ਨਾਲ ਭਰਿਆ ਹੈ। ਉਸ ਨੇ ਹੀ ਸਾਮਰਾਜਵਾਦੀ ਚੀਨ ਦੇ ਵਿਸ਼ਵ ਉਭਾਰ ਦਾ ਰਸਤਾ ਖੋਲ੍ਹਿਆ ਸੀ। ਸਾਲ 1999 ’ਚ ਵਪਾਰ ਸਮਝੌਤਾ ਅਤੇ 2001 ’ਚ ‘ਵਿਸ਼ਵ ਵਪਾਰ ਸੰਗਠਨ’ ਵਿਚ ਦਾਖਲਾ ਦਿਵਾ ਕੇ ਅਮਰੀਕਾ ਨੇ ਚੀਨ ਨੂੰ ਉਤਪਾਦਨ ਦਾ ਵਿਸ਼ਵ ਕੇਂਦਰ ਬਣਾ ਦਿੱਤਾ। ਉਦੋਂ ਚੀਨ ਦੀ ਜੀ. ਡੀ. ਪੀ. 1.2 ਟ੍ਰਿਲੀਅਨ ਡਾਲਰ ਸੀ, ਜਦਕਿ ਅਮਰੀਕਾ ਦੀ 10.3 ਟ੍ਰਿਲੀਅਨ ਡਾਲਰ। ਅੱਜ ਉਹੀ ਚੀਨ 19.5 ਟ੍ਰਿਲੀਅਨ ਡਾਲਰ ਦੇ ਨਾਲ ਅਮਰੀਕਾ ਦੇ ਨੇੜੇ ਪਹੁੰਚ ਗਿਆ ਹੈ, ਜਿਸ ਦਾ ਤਿੱਬਤ ’ਤੇ ਕਬਜ਼ਾ ਹੈ, ਕਈ ਦੇਸ਼ਾਂ (ਭਾਰਤ ਸਮੇਤ) ਨਾਲ ਚੀਨ ਦਾ ਸਰਹੱਦੀ (ਸਮੁੰਦਰੀ ਖੇਤਰ ਸਮੇਤ) ਵਿਵਾਦ ਹੈ ਅਤੇ ਆਪਣੀ ਦੂਸ਼ਿਤ ਕਰਜ਼ਾ ਨੀਤੀ ਨਾਲ ਸ਼੍ਰੀਲੰਕਾ ਵਰਗੇ ਕੁਝ ਦੇਸ਼ਾਂ ਨੂੰ ਤਬਾਹ ਕਰ ਚੁੱਕਾ ਹੈ।
ਅਮਰੀਕਾ ਦਹਾਕਿਆਂ ਤੋਂ ਤਾਕਤ ਦਿਖਾਉਂਦਾ ਰਿਹਾ ਹੈ। ਵੀਅਤਨਾਮ, ਇਰਾਕ, ਅਫਗਾਨਿਸਤਾਨ ਅਤੇ ਵੈਨੇਜ਼ੁਏਲਾ ਇਸ ਦੇ ਪ੍ਰਮਾਣ ਹਨ। 1980 ਦੇ ਦਹਾਕੇ ’ਚ ਅਮਰੀਕਾ ਨੇ ਅਫਗਾਨਿਸਤਾਨ ’ਚ ਤਤਕਾਲੀਨ ਸੋਵੀਅਤ ਸੰਘ ਦੇ ਵਿਰੁੱਧ ਜਿਹੜੇ ਮੁਜਾਹਿਦੀਨਾਂ ਨੂੰ ਪੈਦਾ ਕੀਤਾ, ਬਾਅਦ ’ਚ ਉਨ੍ਹਾਂ ਨਾਲ ਹੀ ਤਾਲਿਬਾਨ ਦੇ ਰੂਪ ’ਚ ਉਸ ਨੂੰ ਲੜਨਾ ਪਿਆ ਅਤੇ ਫਿਰ 2 ਦਹਾਕਿਆਂ ਬਾਅਦ ਉਨ੍ਹਾਂ ਹੀ ਤਾਲਿਬਾਨੀਆਂ ਨਾਲ ਸਮਝੌਤਾ ਕਰ ਕੇ ਆਪਣੇ ਹਥਿਆਰਾਂ ਨੂੰ ਛੱਡ ਕੇ ਵਾਪਸ ਚਲਦਾ ਬਣਿਆ ਪਰ ਅਮਰੀਕਾ ’ਚ ਲੋਕਤੰਤਰ ਹੈ, ਚੋਣਾਂ ਹੁੰਦੀਆਂ ਹਨ ਅਤੇ ਅਦਾਲਤਾਂ ਹਨ–ਇਸ ਲਈ ਉਥੇ ਸੁਧਾਰ ਦੀ ਸੰਭਾਵਨਾ ਜ਼ਿਆਦਾ ਹੈ ਪਰ ਚੀਨ ’ਚ ਅਜਿਹਾ ਨਹੀਂ ਹੈ। ਉਥੇ ਸੱਤਾ ਕੇਂਦਰੀਕ੍ਰਿਤ ਹੈ, ਵਿਰੋਧ-ਅਸਹਿਮਤੀ ਦੀ ਜਗ੍ਹਾ ਨਹੀਂ। ਇਸੇ ਕਾਰਨ ਚੀਨ ਦਾ ਉਭਾਰ ਜ਼ਿਆਦਾ ਚਿੰਤਾਜਨਕ ਹੈ।
ਸ਼ਕਤੀ-ਸੰਤੁਲਨ ਦੀ ਇਸ ਸਖਤ ਖੇਡ ’ਚ ਭਾਰਤ ਲਈ ਸੰਦੇਸ਼ ਬਿਲਕੁਲ ਸਪੱਸ਼ਟ ਹੈ-ਸਹਿਯੋਗ ਕਰੋ ਪਰ ਸਮਰਪਣ ਨਹੀਂ। ਕਿਸੇ ਭਰਮ ’ਚ ਨਾ ਰਹੋ। ਕੂਟਨੀਤਿਕ ਚਾਸ਼ਨੀ ’ਚ ਡੁੱਬੇ ਸ਼ਬਦਾਂ ’ਤੇ ਤੁਰੰਤ ਵਿਸ਼ਵਾਸ ਨਾ ਕਰੋ। ਕੌਮਾਂਤਰੀ ਰਾਜਨੀਤੀ ਭਾਵਨਾਵਾਂ ਨਾਲ ਨਹੀਂ, ਹਿੱਤਾਂ ਅਤੇ ਤਾਕਤ ਨਾਲ ਚੱਲਦੀ ਹੈ। ਇਸ ਲਈ ਦੁਨੀਆ ਕਿਸੇ ‘ਨਵੀਂ ਵਿਸ਼ਵ ਵਿਵਸਥਾ’ ਵੱਲ ਨਹੀਂ ਵਧ ਰਹੀ, ਉਹ ਦਰਅਸਲ ਕਿਸੇ ਪੁਰਾਣੀ, ਸਖਤ ਸੱਚਾਈ ਵੱਲ ਪਰਤ ਰਹੀ ਹੈ, ਜਿਥੇ ਕਮਜ਼ੋਰ ਦੀ ਨੈਤਿਕਤਾ ਉਪਦੇਸ਼ ਲੱਗਦੀ ਹੈ, ਜਦਕਿ ਸ਼ਕਤੀਸ਼ਾਲੀ ਦੀ ਨੈਤਿਕਤਾ ਨਿਯਮ ਬਣ ਜਾਂਦੀ ਹੈ।
-ਬਲਬੀਰ ਪੁੰਜ
