ਸੰਘ ਸ਼ਤਾਬਦੀ ਵਰ੍ਹਾ : ਸਮਾਜਿਕ ਏਕਤਾ ਅਤੇ ਰਾਸ਼ਟਰੀ ਪੁਨਰਜਾਗਰਣ ਦਾ ਟੀਚਾ
Friday, Mar 27, 2026 - 06:13 PM (IST)
ਰਾਸ਼ਟਰੀ ਸਵੈਮਸੇਵਕ ਸੰਘ ਦੀ ਸਥਾਪਨਾ 27 ਸਤੰਬਰ, 1925 ਨੂੰ ਦੁਸਹਿਰੇ ਦੇ ਦਿਨ ਨਾਗਪੁਰ (ਮਹਾਰਾਸ਼ਟਰ) ’ਚ ਡਾ. ਕੇਸ਼ਵ ਬਲੀਰਾਮ ਹੇਡਗੇਵਾਰ ਜੀ ਨੇ ਕੀਤੀ ਸੀ। ਇਸ ਦਾ ਮੁੱਖ ਉਦੇਸ਼ ਹਿੰਦੂ ਸਮਾਜ ਨੂੰ ਜਥੇਬੰਦ ਕਰਕੇ ਅਨੁਸ਼ਾਸਨ, ਏਕਤਾ ਅਤੇ ਹਿੰਦੂਤਵ ਰਾਹੀਂ ‘ਹਿੰਦੂ ਰਾਸ਼ਟਰ’ ਦੀ ਭਾਵਨਾ ਨੂੰ ਹੁਲਾਰਾ ਦੇਣਾ ਸੀ। 1925 ’ਚ 17 ਲੋਕਾਂ ਨਾਲ ਸ਼ੁਰੂ ਹੋਈ ਇਹ ਸੰਸਥਾ ਅੱਜ ਦੁਨੀਆ ਦੀ ਸਭ ਤੋਂ ਵੱਡੀ ਗੈਰ-ਸਰਕਾਰੀ ਸੰਸਥਾ ਹੈ। 1925 ’ਚ ਸਥਾਪਨਾ ਤੋਂ ਬਾਅਦ, ਇਸ ਨੂੰ ਰਸਮੀ ਤੌਰ ’ਤੇ 17 ਅਪ੍ਰੈਲ, 1926 ਨੂੰ ‘ਰਾਸ਼ਟਰੀ ਸਵੈਮਸੇਵਕ ਸੰਘ’ ਦਾ ਨਾਂ ਦਿੱਤਾ ਗਿਆ ਸੀ।
ਹੇਡਗੇਵਾਰ ਜੀ ਦਾ ਮੰਨਣਾ ਸੀ ਕਿ ਹਿੰਦੂ ਜਾਤ, ਭਾਸ਼ਾ ਅਤੇ ਖੇਤਰ ਦੇ ਆਧਾਰ ’ਤੇ ਵੰਡੇ ਹੋਏ ਹਨ, ਇਸ ਲਈ ਉਨ੍ਹਾਂ ਨੇ ਹਿੰਦੂ ਨੌਜਵਾਨਾਂ ’ਚ ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਮਜ਼ਬੂਤੀ ਲਈ ‘ਸ਼ਾਖਾ’ ਪ੍ਰਣਾਲੀ ਸ਼ੁਰੂ ਕੀਤੀ। 1930 ਦੇ ਦਹਾਕੇ ’ਚ, ਬਨਾਰਸ ਹਿੰਦੂ ਯੂਨੀਵਰਸਿਟੀ (ਬੀ. ਐੱਚ. ਯੂ.) ਰਾਹੀਂ ਸੰਘ ਦਾ ਵਿਸਥਾਰ ਦੇਸ਼ ਭਰ ’ਚ ਹੋਇਆ।
1925 ਤੋਂ ਸ਼ੁਰੂ ਹੋ ਕੇ ਅੱਜ ਤੱਕ, ਸੰਘ ਭਾਰਤੀ ਸਮਾਜ ’ਚ ਇਕ ਮਜ਼ਬੂਤ, ਸੰਗਠਿਤ ਅਤੇ ਆਤਮ-ਨਿਰਭਰ ਰਾਸ਼ਟਰ ਦੀ ਕਲਪਨਾ ਨੂੰ ਸਾਕਾਰ ਕਰਨ ਦੀ ਦਿਸ਼ਾ ’ਚ ਕੰਮ ਕਰ ਰਿਹਾ ਹੈ। ਰਾਸ਼ਟਰੀ ਸਵੈਮਸੇਵਕ ਸੰਘ ਦੀ 100 ਸਾਲਾਂ ਦੀ ਸ਼ਾਨਦਾਰ ਯਾਤਰਾ ਤਿਆਗ, ਨਿਰਸਵਾਰਥ ਸੇਵਾ, ਰਾਸ਼ਟਰ ਨਿਰਮਾਣ ਅਤੇ ਮਾਰਗਦਰਸ਼ਨ ਦੀ ਇਕ ਅਦਭੁਤ ਮਿਸਾਲ ਹੈ।
2025 ’ਚ ਰਾਸ਼ਟਰੀ ਸਵੈਮਸੇਵਕ ਸੰਘ (ਆਰ. ਐੱਸ. ਐੱਸ.) ਨੇ ਆਪਣੇ ਸ਼ਤਾਬਦੀ ਵਰ੍ਹੇ ’ਚ ਪ੍ਰਵੇਸ਼ ਕੀਤਾ। ਰਾਸ਼ਟਰੀ ਸਵੈਮਸੇਵਕ ਸੰਘ ਆਪਣੇ ਸ਼ਤਾਬਦੀ ਵਰ੍ਹੇ (2025-26) ’ਚ ਸਮਾਜਿਕ ਤਬਦੀਲੀ, ਨੌਜਵਾਨਾਂ ਦੀ ਹਿੱਸੇਦਾਰੀ ਅਤੇ ‘ਪੰਚ-ਪਰਿਵਰਤਨ’ (ਆਤਮ-ਜਾਗਰੂਕਤਾ, ਪਰਿਵਾਰ ਪ੍ਰਬੋਧਨ, ਸਮਾਜਿਕ ਸਮਰਸਤਾ, ਵਾਤਾਵਰਣ ਸੁਰੱਖਿਆ ਅਤੇ ਨਾਗਰਿਕ ਫਰਜ਼) ਰਾਹੀਂ ਇਕ ਵਿਕਸਿਤ ਅਤੇ ਆਤਮ-ਨਿਰਭਰ ਭਾਰਤ (2047 ਤੱਕ) ਦੇ ਨਿਰਮਾਣ ’ਤੇ ਕੇਂਦਰਿਤ ਹੈ। ਸੰਘ ਸਮੇਂ ਦੇ ਨਾਲ ਵਿਕਸਿਤ ਹੋ ਰਿਹਾ ਹੈ, ਨਾ ਕਿ ਸਿਰਫ਼ ਬਦਲ ਰਿਹਾ ਹੈ, ਜਿਸ ’ਚ ਡਿਜੀਟਲ ਯੁੱਗ ਦੇ ਅਨੁਸਾਰ ਸ਼ਾਖਾਵਾਂ ਦਾ ਵਿਸਥਾਰ ਅਤੇ ਸਮਾਜਿਕ ਮੁੱਦਿਆਂ ’ਤੇ ਵਿਆਪਕ ਸੰਵਾਦ ਸ਼ਾਮਲ ਹੈ। ਸੰਘ ਸਮਾਜ ’ਚ 5 ਮੁੱਖ ਬਦਲਾਅ ਲਿਆਉਣ ’ਤੇ ਜ਼ੋਰ ਦੇ ਰਿਹਾ ਹੈ—ਨਿੱਜੀ ਵਿਕਾਸ, ਪਰਿਵਾਰਕ ਏਕਤਾ, ਸਮਾਜਿਕ ਸਮਰਸਤਾ (ਜਾਤ-ਪਾਤ ਮੁਕਤ ਸਮਾਜ), ਵਾਤਾਵਰਣ ਸੁਰੱਖਿਆ ਅਤੇ ਨਾਗਰਿਕ ਫਰਜ਼ਾਂ ਦੀ ਪਾਲਣਾ।
ਸੰਘ ਨੌਜਵਾਨਾਂ ਨੂੰ ਆਪਣੀਆਂ ਸੱਭਿਆਚਾਰਕ ਜੜ੍ਹਾਂ ਨਾਲ ਜੋੜਨ ਅਤੇ ਡਿਜੀਟਲ ਮਾਧਿਅਮਾਂ ਰਾਹੀਂ ਕੰਮ ਦੇ ਵਿਸਥਾਰ ’ਤੇ ਫੋਕਸ ਕਰ ਰਿਹਾ ਹੈ। ਸੰਘ ਦਾ ਉਦੇਸ਼ ਇਕ ਅਜਿਹਾ ਸਮਾਜ ਬਣਾਉਣਾ ਹੈ, ਜੋ ਭੇਦਭਾਵ ਤੋਂ ਮੁਕਤ ਹੋਵੇ ਅਤੇ ‘ਸਵੈ’ (ਭਾਰਤੀਅਤਾ) ’ਤੇ ਅਾਧਾਰਿਤ ਹੋਵੇ, ਨਾ ਕਿ ਸਿਰਫ਼ ਪੱਛਮੀ ਮਾਡਲਾਂ ’ਤੇ। ਆਜ਼ਾਦੀ ਦੇ 100 ਸਾਲ (2047) ਤੱਕ ਭਾਰਤ ਨੂੰ ਵਿਸ਼ਵ ਦੀ ਅਗਵਾਈ ਕਰਨ ਵਾਲੀ ਸ਼ਕਤੀ ਵਜੋਂ ਸਥਾਪਿਤ ਕਰਨ ਲਈ ਸਵਦੇਸ਼ੀ, ਗ੍ਰਾਮ ਵਿਕਾਸ ਅਤੇ ਆਰਥਿਕ ਆਤਮ-ਨਿਰਭਰਤਾ ਨੂੰ ਉਤਸ਼ਾਹਿਤ ਕਰਨਾ। ਇਹ ਸਿਰਫ਼ ਕਿਸੇ ਸੰਸਥਾ ਦੀ ਵਰ੍ਹੇਗੰਢ ਨਹੀਂ ਹੈ, ਸਗੋਂ ਆਧੁਨਿਕ ਭਾਰਤ ਦੀ ਗਾਥਾ ਦਾ ਇਕ ਮਹੱਤਵਪੂਰਨ ਅਧਿਆਏ ਹੈ। ਆਰ. ਐੱਸ. ਐੱਸ. ਅੱਜ ਵਿਸ਼ਵ ਦੇ ਸਭ ਤੋਂ ਪ੍ਰਭਾਵਸ਼ਾਲੀ ਸਮਾਜਿਕ-ਸੱਭਿਆਚਾਰਕ ਅੰਦੋਲਨਾਂ ’ਚੋਂ ਇਕ ਬਣ ਚੁੱਕੀ ਹੈ।
ਫਿਰ ਵੀ ਸੰਘ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਉਸ ਦਾ ਆਕਾਰ ਜਾਂ ਵਿਸਥਾਰ ਨਹੀਂ, ਸਗੋਂ ਉਸ ਦੀ ਰੂਹ ਹੈ—ਉਹ ਚੁੱਪ, ਅਨੁਸ਼ਾਸਿਤ ਅਤੇ ਨਿਰਸਵਾਰਥ ਸੇਵਾ, ਜਿਸ ਲਈ ਲੱਖਾਂ ਸਵੈਮਸੇਵਕ ਬਿਨਾਂ ਕਿਸੇ ਮਾਨਤਾ ਜਾਂ ਪ੍ਰਸਿੱਧੀ ਦੀ ਇੱਛਾ ਦੇ ਆਪਣਾ ਜੀਵਨ ਸਮਰਪਿਤ ਕਰਦੇ ਹਨ। ਜਦੋਂ ਵੀ ਕੁਦਰਤੀ ਆਫ਼ਤਾਂ ਆਈਆਂ, ਸਭ ਤੋਂ ਪਹਿਲਾਂ ਸਵੈਮਸੇਵਕ ਰਾਹਤ ਸਮੱਗਰੀ ਲੈ ਕੇ ਪੀੜਤਾਂ ਤੱਕ ਪਹੁੰਚੇ। ਜਦੋਂ ਵੀ ਸਮਾਜਿਕ ਤਣਾਅ ਵਧਿਆ, ਉਹ ਜ਼ਮੀਨੀ ਪੱਧਰ ’ਤੇ ਜਾ ਕੇ ਸੰਵਾਦ ਅਤੇ ਸਹਿਯੋਗ ਰਾਹੀਂ ਸਮਾਜ ਨੂੰ ਜੋੜਨ ਦਾ ਕੰਮ ਕਰਦੇ ਰਹੇ। ਉਨ੍ਹਾਂ ਦਾ ਮੰਤਰ ਹਮੇਸ਼ਾ ਸਿੱਧਾ ਅਤੇ ਸ਼ਕਤੀਸ਼ਾਲੀ ਰਿਹਾ ਹੈ—‘‘ਕੰਮ ਕਰੋ, ਤਾਲੀਆਂ ਲਈ ਨਹੀਂ, ਭਾਰਤ ਮਾਤਾ ਲਈ।’’ ਸਵੈਮਸੇਵਕ ਆਪਣੇ ਬਾਰੇ ਨਹੀਂ, ਸਮਾਜ ਬਾਰੇ ਸੋਚਦਾ ਹੈ। ਇਹੀ ਨਾਗਰਿਕਤਾ ਅਤੇ ਚਰਿੱਤਰ ਨਿਰਮਾਣ ਦਾ ਸੰਸਕਾਰ ਭਾਰਤ-ਨਿਰਮਾਣ ’ਚ ਸੰਘ ਦਾ ਸਭ ਤੋਂ ਵੱਡਾ ਯੋਗਦਾਨ ਹੈ।
ਜਦੋਂ ਅਸੀਂ 2047 ’ਚ ਆਜ਼ਾਦੀ ਦੀ ਸ਼ਤਾਬਦੀ ਵੱਲ ਦੇਖਦੇ ਹਾਂ, ਤਾਂ ਸਾਡੇ ਸਾਹਮਣੇ ਡੂੰਘੇ ਸਵਾਲ ਖੜ੍ਹੇ ਹਨ। ਅਸੀਂ ਕਿਸ ਤਰ੍ਹਾਂ ਦਾ ਸਮਾਜ ਬਣਾਉਣਾ ਚਾਹੁੰਦੇ ਹਾਂ? ਕੀ ਸਾਡੀ ਉੱਨਤੀ ਸਿਰਫ਼ ਢਾਂਚਿਆਂ ਅਤੇ ਤਕਨਾਲੋਜੀ ਨਾਲ ਪਰਿਭਾਸ਼ਿਤ ਹੋਵੇਗੀ ਜਾਂ ਫਿਰ ਹਮਦਰਦੀ, ਜ਼ਿੰਮੇਵਾਰੀ ਅਤੇ ਏਕਤਾ ਨਾਲ ਵੀ? ਇਸ ਸਵਾਲ ਦਾ ਜਵਾਬ ਦੇਣ ’ਚ ਸੰਘ ਦੀ ਸ਼ਤਾਬਦੀ ਦ੍ਰਿਸ਼ਟੀ ਮਾਰਗਦਰਸ਼ਕ ਹੈ। ਇਹ ਸਾਨੂੰ ਯਾਦ ਦਿਵਾਉਂਦੀ ਹੈ ਕਿ ਭਾਰਤ ਦਾ ਸੱਚਾ ਯੋਗਦਾਨ ਵਿਸ਼ਵ ਨੂੰ ਸਿਰਫ਼ ਆਰਥਿਕ ਤਰੱਕੀ ਤੱਕ ਸੀਮਤ ਨਹੀਂ ਹੋਵੇਗਾ, ਸਗੋਂ ‘ਵਸੂਧੈਵ ਕੁਟੁੰਬਕਮ’ ਦੀ ਉਸ ਸਨਾਤਨ ਭਾਵਨਾ ’ਚ ਹੋਵੇਗਾ, ਜਿਸ ’ਚ ਪੂਰਾ ਵਿਸ਼ਵ ਇਕ ਪਰਿਵਾਰ ਹੈ।
ਇਸ ਲਈ ਸੰਘ ਦੀ ਸ਼ਤਾਬਦੀ ਸਿਰਫ਼ ਉਤਸਵ ਦਾ ਪਲ ਨਹੀਂ, ਇਹ ਨਵੀਨੀਕਰਨ ਦਾ ਸੱਦਾ ਵੀ ਹੈ—ਸੇਵਾ, ਸਮਰਸਤਾ ਅਤੇ ਸਥਿਰਤਾ ਪ੍ਰਤੀ ਸਾਡੀ ਸਮੂਹਿਕ ਵਚਨਬੱਧਤਾ ਦੇ ਨਵੀਨੀਕਰਨ ਦਾ। ਜਿਵੇਂ ਹੀ ਅਸੀਂ ਸੰਘ ਦੇ ਸ਼ਤਾਬਦੀ ਕਾਲ ’ਚ ਪ੍ਰਵੇਸ਼ ਕੀਤਾ, ਸਾਨੂੰ ਨਾਗਰਿਕਾਂ ਵਜੋਂ ਵੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਵੇਂ ਸੰਕਲਪ ਨਾਲ ਨਿਭਾਉਣਾ ਹੋਵੇਗਾ, ਕਿਉਂਕਿ ਸੱਚ ਤਾਂ ਇਹ ਹੈ ਕਿ ਸੰਘ ਦੀ ਕਹਾਣੀ ਅਤੇ ਭਾਰਤ ਦੀ ਕਹਾਣੀ ਇਕ-ਦੂਜੇ ਤੋਂ ਵੱਖਰੀ ਨਹੀਂ ਹੈ। ਦੋਵਾਂ ਨੇ ਹੀ ਸਮੇਂ-ਸਮੇਂ ’ਤੇ ਚੁਣੌਤੀਆਂ ਦਾ ਸਾਹਮਣਾ ਕੀਤਾ, ਆਪਣੇ ਆਪ ਨੂੰ ਬਦਲਿਆ ਅਤੇ ਅੱਗੇ ਵਧੇ, ਕਿਉਂਕਿ ਉਨ੍ਹਾਂ ਦੇ ਦਿਲਾਂ ’ਚ ਜੋ ਰੂਹ ਧੜਕਦੀ ਹੈ, ਉਹ ਸਦੀਵੀ ਹੈ।
ਆਉਣ ਵਾਲੇ ਸਾਲਾਂ ’ਚ ਸੰਘ ਭਾਰਤ ਦੇ ਨੈਤਿਕ ਦਿਸ਼ਾ-ਸੂਚਕ ਵਜੋਂ ਕੰਮ ਕਰਦਾ ਰਹੇਗਾ ਅਤੇ ਸਾਡੇ ਸਮਾਜਿਕ ਤਾਣੇ-ਬਾਣੇ ਨੂੰ ਹੋਰ ਮਜ਼ਬੂਤ ਬਣਾਏਗਾ। ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਸਾਰੇ ਸਵੈਮਸੇਵਕ ਸੰਘ ਦੀ ਉਸ ਭਾਵਨਾ ਨੂੰ ਆਪਣੇ ਜੀਵਨ ’ਚ ਉਤਾਰੀਏ—ਨਿਮਰਤਾ, ਅਨੁਸ਼ਾਸਨ ਅਤੇ ਨਿਰਸਵਾਰਥ ਸੇਵਾ ਦੀ ਭਾਵਨਾ। ਅਜਿਹਾ ਕਰਕੇ ਅਸੀਂ ਨਾ ਸਿਰਫ਼ ਸੰਘ ਦੇ ਸੌ ਸਾਲਾਂ ਦਾ ਸਤਿਕਾਰ ਕਰਾਂਗੇ, ਸਗੋਂ ਭਾਰਤ ਦੀ ਉਸ ਯਾਤਰਾ ’ਚ ਵੀ ਸਹਿਭਾਗੀ ਬਣਾਂਗੇ, ਜੋ ਉਸ ਨੂੰ ਵਿਸ਼ਵ ’ਚ ਉਸਦੇ ਯੋਗ ਸਥਾਨ ਤੱਕ ਪਹੁੰਚਾਏਗੀ।
ਰਾਸ਼ਟਰੀ ਸਵੈਮਸੇਵਕ ਸੰਘ ਦੇ ਸ਼ਤਾਬਦੀ ਵਰ੍ਹੇ ’ਤੇ ਸਰਸੰਘਚਾਲਕ ਡਾ. ਮੋਹਨ ਭਾਗਵਤ ਜੀ ਨੇ ਭਾਰਤ ਨੂੰ ਵਿਸ਼ਵਗੁਰੂ ਬਣਾਉਣ, ਹਿੰਦੂ ਸਮਾਜ ਨੂੰ ਜਥੇਬੰਦ ਕਰਨ ਅਤੇ 2047 ਤੱਕ ‘ਅਖੰਡ ਭਾਰਤ’ ਦਾ ਟੀਚਾ ਪ੍ਰਾਪਤ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨੇ ਸੇਵਾ, ਸਮਰਪਣ ਅਤੇ ਅਨੁਸ਼ਾਸਨ ਨੂੰ ਮੂਲ ਮੰਤਰ ਦੱਸਦੇ ਹੋਏ ਸਮਾਜਿਕ ਪਰਿਵਰਤਨ ਲਈ ਸਮਾਜ ਨੂੰ ਜਾਗ੍ਰਿਤ ਅਤੇ ਗੁਣੀ ਬਣਾਉਣ ’ਤੇ ਜ਼ੋਰ ਦਿੱਤਾ ਹੈ। ਭਾਗਵਤ ਜੀ ਨੇ ਕਿਹਾ ਕਿ 1947 ਦੀ ਵੰਡ ਹੁਣ ਇਤਿਹਾਸ ਹੈ ਅਤੇ 2047 ਤੱਕ ਭਾਰਤ ਇਕ ਵਾਰ ਫਿਰ ਅਖੰਡ ਭਾਰਤ ਬਣੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ‘ਹਿੰਦੂ ਰਾਸ਼ਟਰ’ ਦਾ ਅਰਥ ਕਿਸੇ ਦੇ ਵਿਰੋਧ ਨਾਲ ਨਹੀਂ, ਸਗੋਂ ਸਮਾਜ ਨੂੰ ਅਨੁਸ਼ਾਸਿਤ, ਬਲਵਾਨ ਅਤੇ ਚਰਿੱਤਰਵਾਨ ਬਣਾਉਣਾ ਹੈ।
ਉਨ੍ਹਾਂ ਜ਼ੋਰ ਦਿੱਤਾ ਕਿ ਹਿੰਦੂ ਸਮਾਜ ਸੰਗਠਿਤ ਹੋ ਕੇ ਵਿਸ਼ਵ ਸ਼ਾਂਤੀ ’ਚ ਯੋਗਦਾਨ ਪਾ ਸਕਦਾ ਹੈ। ਉਨ੍ਹਾਂ ਅਨੁਸਾਰ, ਸਿਰਫ ਨੇਤਾ ਜਾਂ ਸਰਕਾਰ ਨਾਲ ਨਹੀਂ, ਸਗੋਂ ਜਦੋਂ ਸਮਾਜ ਖੁਦ ਜਾਗਰੂਕ, ਸੰਗਠਿਤ ਅਤੇ ਗੁਣੀ ਬਣੇਗਾ, ਉਦੋਂ ਹੀ ਦੇਸ਼ ’ਚ ਅਸਲ ਤਬਦੀਲੀ ਆਵੇਗੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਹਿੰਦੂ, ਮੁਸਲਮਾਨ, ਬੋਧੀ ਆਦਿ ਸਾਰਿਆਂ ਨੂੰ ਆਪਸ ’ਚ ਸੰਘਰਸ਼ ਨਾ ਕਰਕੇ ਇਕਜੁੱਟ ਹੋ ਕੇ ਦੇਸ਼ ਲਈ ਜਿਊਣਾ ਚਾਹੀਦਾ ਹੈ। ਉਨ੍ਹਾਂ ਨੇ ਰਾਸ਼ਟਰ ਦੀ ਸੁਰੱਖਿਆ ਅਤੇ ਏਕਤਾ ਲਈ ਸੰਗਠਿਤ ਰਹਿਣ ਦਾ ਸੰਦੇਸ਼ ਦਿੱਤਾ।
- ਸ਼ਵੇਤ ਮਲਿਕ (ਸਾਬਕਾ ਸੰਸਦ ਮੈਂਬਰ ਅਤੇ ਸਾਬਕਾ ਪੰਜਾਬ ਭਾਜਪਾ ਪ੍ਰਧਾਨ)
