ਦੋਸ਼ ਨਹੀਂ ਲਾਇਆ ਸਗੋਂ ਕਦਰਾਂ-ਕੀਮਤਾਂ ਅਤੇ ਨੈਤਿਕ ਢਾਂਚੇ ’ਚ ਆਏ ‘ਮਤਭੇਦ’ ਨੂੰ ਉਜਾਗਰ ਕੀਤਾ : ਚੱਕਰਵਰਤੀ

Wednesday, Apr 01, 2026 - 04:46 PM (IST)

ਦੋਸ਼ ਨਹੀਂ ਲਾਇਆ ਸਗੋਂ ਕਦਰਾਂ-ਕੀਮਤਾਂ ਅਤੇ ਨੈਤਿਕ ਢਾਂਚੇ ’ਚ ਆਏ ‘ਮਤਭੇਦ’ ਨੂੰ ਉਜਾਗਰ ਕੀਤਾ : ਚੱਕਰਵਰਤੀ

ਐੱਚ. ਡੀ. ਐੱਫ. ਸੀ. ਬੈਂਕ ਦੇ ਸਾਬਕਾ ਥੋੜ੍ਹੇ ਸਮੇਂ ਦੇ ਚੇਅਰਮੈਨ ਅਤਨੂ ਚੱਕਰਵਰਤੀ ਨੇ ਸੋਮਵਾਰ ਨੂੰ ਉਨ੍ਹਾਂ ਦੋਸ਼ਾਂ ਦਾ ਸਖ਼ਤ ਵਿਰੋਧ ਕੀਤਾ ਕਿ ਉਨ੍ਹਾਂ ਦੇ ਅਸਤੀਫ਼ੇ ਦੇ ਪੱਤਰ ’ਚ ‘ਵਿਅੰਗ’ ਜਾਂ ‘ਸਿੱਧੇ ਦੋਸ਼’ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਜੋ ਲੋਕ ਇਸ ਦਾ ਇਸ ਤਰ੍ਹਾਂ ਅਰਥ ਕੱਢ ਰਹੇ ਹਨ, ‘ਉਨ੍ਹਾਂ ਨੂੰ ‘ਡਿਕਸ਼ਨਰੀ’ (ਸ਼ਬਦਕੋਸ਼) ਪੜ੍ਹਨ ਦੀ ਲੋੜ ਹੈ।’

ਉਨ੍ਹਾਂ ਦੀ ਇਹ ਟਿੱਪਣੀ ਭਾਰਤੀ ਸਕਿਓਰਿਟੀ ਅਤੇ ਵਟਾਂਦਰਾ ਬੋਰਡ (ਸੇਬੀ) ਦੇ ਚੇਅਰਮੈਨ ਤੁਹਿਨ ਕਾਂਤ ਪਾਂਡੇ ਵੱਲੋਂ ਦਿੱਤੀ ਗਈ ਉਸ ਚਿਤਾਵਨੀ ਤੋਂ ਬਾਅਦ ਆਈ ਹੈ, ਜਿਸ ’ਚ ਕਿਹਾ ਗਿਆ ਸੀ ਕਿ ਨਿਰਦੇਸ਼ਕਾਂ ਨੂੰ ਆਧਾਰ ਰਹਿਤ ਵਿਅੰਗ ਤੋਂ ਬਚਣਾ ਚਾਹੀਦਾ ਹੈ ਅਤੇ ਚਿੰਤਾਵਾਂ ਨੂੰ ਬੋਰਡਰੂਮ ਦੇ ਅੰਦਰ ਰਸਮੀ ਤੌਰ ’ਤੇ ਉਠਾਉਣਾ ਚਾਹੀਦਾ ਹੈ। ਹਾਲਾਂਕਿ, ਚੱਕਰਵਰਤੀ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਕੋਈ ਦੋਸ਼ ਨਹੀਂ ਲਾਇਆ ਸੀ, ਸਗੋਂ ਸਿਰਫ ਕਦਰਾਂ-ਕੀਮਤਾਂ ਅਤੇ ਨੈਤਿਕ ਢਾਂਚੇ ’ਚ ਆਏ ‘ਮਤਭੇਦ’ ਨੂੰ ਉਜਾਗਰ ਕੀਤਾ ਸੀ।

ਚੱਕਰਵਰਤੀ ਨੇ ਦੁਹਰਾਇਆ ਕਿ 18 ਮਾਰਚ ਨੂੰ ਅਹੁਦਾ ਛੱਡਣ ਦਾ ਉਨ੍ਹਾਂ ਦਾ ਫੈਸਲਾ ਉਨ੍ਹਾਂ ਦੇ ਆਪਣੇ ਸ਼ਾਸਨ ਮਿਆਰਾਂ ਅਤੇ ਬੈਂਕ ’ਚ ਉਨ੍ਹਾਂ ਵੱਲੋਂ ਮਹਿਸੂਸ ਕੀਤੇ ਗਏ ਮਿਆਰਾਂ ਦੇ ਵਿਚਾਲੇ ਇਕ ‘ਅਸੰਗਤੀ’ ਦੇ ਕਾਰਨ ਸੀ। ਉਨ੍ਹਾਂ ਕਿਹਾ, “ਅੱਗ ਲੱਗਣ ਤੋਂ ਬਾਅਦ ਅਸੀਂ ਖੂਹ ਨਹੀਂ ਪੁੱਟਦੇ। ਜੋਖਮ ਭਰੀਆਂ ਪ੍ਰਥਾਵਾਂ ਤੋਂ ਬਚਣ ਦੀ ਲੋੜ ਹੈ।” ਉਨ੍ਹਾਂ ਪ੍ਰਤੀਕਿਰਿਆਸ਼ੀਲ ਦੀ ਬਜਾਏ ਨਿਵਾਰਕ ਸ਼ਾਸਨ ਦੀ ਲੋੜ ’ਤੇ ਜ਼ੋਰ ਦਿੱਤਾ।

ਉਨ੍ਹਾਂ ਦੁਬਈ ’ਚ ਗਾਹਕਾਂ ਨੂੰ ਐਡੀਸ਼ਨਲ ਟੀਅਰ-1 ਬਾਂਡ ਦੀ ਗਲਤ ਵਿਕਰੀ ਦੀ ਉਦਾਹਰਣ ਦਿੱਤੀ—ਇਕ ਅਜਿਹਾ ਮਾਮਲਾ, ਜਿਸ ਦੀ ਰੈਗੂਲੇਟਰੀ ਜਾਂਚ ਹੋਈ ਸੀ—ਇਸ ਨੂੰ ਉਨ੍ਹਾਂ ਨੇ ਆਪਣੀਆਂ ਚਿੰਤਾਵਾਂ ਦੀ ਉਦਾਹਰਣ ਵਜੋਂ ਪੇਸ਼ ਕੀਤਾ। ਜਿੱਥੇ ਬੈਂਕ ਨੇ ਇਸ ਘਟਨਾ ਨੂੰ ਇਕ ‘ਤਕਨੀਕੀ ਖਾਮੀ’ ਦੱਸਿਆ ਸੀ, ਉੱਥੇ ਹੀ ਚੱਕਰਵਰਤੀ ਨੇ ਸੁਝਾਅ ਦਿੱਤਾ ਕਿ ਇਸ ਨੇ ਆਚਰਣ ਅਤੇ ਨੈਤਿਕਤਾ ਨਾਲ ਜੁੜੇ ਡੂੰਘੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਅਨੁਸ਼ਾਸਨੀ ਕਾਰਵਾਈ ’ਚ ਦੇਰੀ ਵੱਲ ਵੀ ਇਸ਼ਾਰਾ ਕੀਤਾ ਅਤੇ ਨੋਟ ਕੀਤਾ ਕਿ ਸੁਧਾਰਾਤਮਕ ਕਦਮ ਚੁੱਕੇ ਜਾਣ ਤੋਂ ਪਹਿਲਾਂ ਇਹ ਸਮੱਸਿਆ ਸਾਲਾਂ ਤੱਕ ਬਣੀ ਰਹੀ।

“ਕੋਈ ਚੀਜ਼ 8 ਸਾਲ ਤੱਕ ਚੱਲਦੀ ਰਹਿੰਦੀ ਹੈ ਅਤੇ ਅਚਾਨਕ ਅਸੀਂ ਕਾਰਵਾਈ ਕਰਦੇ ਹਾਂ...। ਮੇਰਾ ਮੰਨਣਾ ਹੈ ਕਿ ਆਚਰਣ ਨਾਲ ਜੁੜੇ ਇਹ ਮੁੱਦੇ ਪਹਿਲੀ ਵਾਰ ’ਚ ਹੀ ਪੈਦਾ ਨਹੀਂ ਹੋਣੇ ਚਾਹੀਦੇ।” ਉਨ੍ਹਾਂ ਇਸ ਨੂੰ ਨਿਵਾਰਕ ਨਹੀਂ, ਸਗੋਂ ਪ੍ਰਤੀਕਿਰਿਆਸ਼ੀਲ ਸ਼ਾਸਨ ਦੱਸਿਆ। ਪਿਛਲੇ ਹਫ਼ਤੇ, ਬੈਂਕ ਨੇ ਕ੍ਰੈਡਿਟ ਸੁਇਸ ਨਾਲ ਜੁੜੀ ਗਲਤ ਵਿਕਰੀ ’ਚ ਕਥਿਤ ਭੂਮਿਕਾ ਲਈ 3 ਸੀਨੀਅਰ ਅਧਿਕਾਰੀਆਂ ਨੂੰ ਬਰਖ਼ਾਸਤ ਕਰ ਦਿੱਤਾ ਸੀ। ਉਸ ਸਮੇਂ, ਚੱਕਰਵਰਤੀ ਨੇ ਬੈਂਕ ’ਚ ਸ਼ਾਸਨ ਵਿਵਸਥਾ ’ਤੇ ਕੋਈ ਵਿਆਪਕ ਸਿੱਟਾ ਕੱਢਣ ਤੋਂ ਗੁਰੇਜ਼ ਕੀਤਾ ਅਤੇ ਕਿਹਾ ਕਿ ਅਜਿਹਾ ਕਰਨਾ ‘ਅਣਉਚਿਤ’ ਹੋਵੇਗਾ।

ਮੈਨੇਜਿੰਗ ਡਾਇਰੈਕਟਰ ਅਤੇ ਸੀ. ਈ. ਓ. ਸ਼ਸ਼ੀਧਰ ਜਗਦੀਸ਼ਨ ਨਾਲ ਸੱਤਾ ਸੰਘਰਸ਼ ਦੀਆਂ ਖ਼ਬਰਾਂ ਨੂੰ ਖਾਰਜ ਕਰਦੇ ਹੋਏ ਉਨ੍ਹਾਂ ਕਿਹਾ ਕਿ ‘ਸ਼ਖਸੀਅਤ ਦੇ ਮਤਭੇਦਾਂ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਗਿਆ ਹੈ’ ਅਤੇ ਸਪੱਸ਼ਟ ਕੀਤਾ ਕਿ ਸੀ. ਈ. ਓ. ਦੀ ਮੁੜ-ਨਿਯੁਕਤੀ ਦਾ ਸਵਾਲ ਬੋਰਡ ਦੇ ਸਾਹਮਣੇ ਆਇਆ ਹੀ ਨਹੀਂ ਸੀ। ਉਨ੍ਹਾਂ ਕਿਹਾ, “ਜਿਸ ਗੱਲ ’ਤੇ ਚਰਚਾ ਹੀ ਨਹੀਂ ਹੋਈ, ਉੱਥੇ ਮਤਭੇਦ ਕਿਵੇਂ ਹੋ ਸਕਦੇ ਹਨ।”

ਚੱਕਰਵਰਤੀ ਨੇ ਇਸ ਵਿਚਾਰ ਨੂੰ ਵੀ ਖਾਰਜ ਕਰ ਦਿੱਤਾ ਕਿ ਉਨ੍ਹਾਂ ਦੇ ਅਸਤੀਫ਼ੇ ਦੇ ਕਾਰਨ ਐੱਚ. ਡੀ. ਐੱਫ. ਸੀ. ਬੈਂਕ ਦੇ ਸ਼ੇਅਰਾਂ ’ਚ ਭਾਰੀ ਗਿਰਾਵਟ ਆਈ। ਉਨ੍ਹਾਂ ਇਸ ਗਿਰਾਵਟ ਦਾ ਮੁੱਖ ਕਾਰਨ ਭੂ-ਸਿਆਸੀ ਤਣਾਅ ਸਮੇਤ ਵਿਆਪਕ ਬਾਜ਼ਾਰ ਕਾਰਕਾਂ ਨੂੰ ਦੱਸਿਆ। ਉਨ੍ਹਾਂ ਅੱਗੇ ਕਿਹਾ ਕਿ ਸ਼ੇਅਰ ਪਹਿਲਾਂ ਹੀ ਘੱਟ ਪ੍ਰਦਰਸ਼ਨ ਕਰ ਰਿਹਾ ਸੀ ਅਤੇ ਘੱਟ ਸੀ. ਏ. ਐੱਸ. ਏ. (ਚਾਲੂ ਖਾਤਾ ਅਤੇ ਬੱਚਤ ਖਾਤਾ) ਵਾਧੇ ਅਤੇ ਮੁਕਾਬਲਤਨ ਉੱਚ ਲਾਗਤ-ਆਮਦਨ ਅਨੁਪਾਤ ਵਰਗੀਆਂ ਚਿੰਤਾਵਾਂ ਵੱਲ ਇਸ਼ਾਰਾ ਕੀਤਾ।

ਸੁਤੰਤਰ ਡਾਇਰੈਕਟਰਾਂ ਦੀ ਭੂਮਿਕਾ ’ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜ਼ਿੰਮੇਵਾਰੀ ਸਿਰਫ ਨਿਗਰਾਨੀ ਤੱਕ ਸੀਮਤ ਨਹੀਂ ਹੈ, ਸਗੋਂ ਇਹ ਯਕੀਨੀ ਬਣਾਉਣ ਤੱਕ ਹੈ ਕਿ ਸ਼ਾਸਨ ਦੇ ਮਿਆਰ, ਗਾਹਕਾਂ ਦੀ ਸੁਰੱਖਿਆ ਅਤੇ ਲੰਬੇ ਸਮੇਂ ਦੀ ਸੰਸਥਾਗਤ ਅਖੰਡਤਾ ਨੂੰ ਬਰਕਰਾਰ ਰੱਖਿਆ ਜਾਵੇ।


author

Rakesh

Content Editor

Related News