ਆਜ਼ਾਦੀ ਸਾਡਾ ਜਨਮਸਿੱਧ ਅਧਿਕਾਰ ਹੈ

Tuesday, Aug 13, 2024 - 06:38 PM (IST)

ਆਜ਼ਾਦੀ ਸਾਡਾ ਜਨਮਸਿੱਧ ਅਧਿਕਾਰ ਹੈ ਅਤੇ ਅਸੀਂ ਇਸ ਨੂੰ ਹਰ ਹਾਲ ’ਚ ਲੈ ਕੇ ਰਹਾਂਗੇ। ਭਾਰਤ ਦੇ ਮਹਾਨ ਆਜ਼ਾਦੀ ਘੁਲਾਟੀਏ, ਵੱਕਾਰੀ ਸਿਆਸਤਦਾਨ, ਕਾਨੂੰਨ ਮਾਹਿਰ ਅਤੇ ਸਮਾਜ ਸੁਧਾਰਕ ਲੋਕਮਾਨਿਆ ਬਾਲ ਗੰਗਾਧਰ ਤਿਲਕ ਵੱਲੋਂ ਸ਼ੇਰ ਵਾਂਗ ਗਰਜਦੇ ਹੋਏ ਕਹੇ ਗਏ ਇਨ੍ਹਾਂ ਸ਼ਬਦਾਂ ਨੇ ਸਦੀਆਂ ਤੋਂ ਗੁਲਾਮੀ ਦੀਆਂ ਜ਼ੰਜੀਰਾਂ ’ਚ ਜਕੜੇ ਹੋਏ ਆਪਣੀ ਸੰਸਕ੍ਰਿਤੀ ਅਤੇ ਬਹਾਦੁਰੀ ਨੂੰ ਭੁੱਲ ਕੇ ਚਾਦਰ ਲੈ ਕੇ ਸੁੱਤੇ ਹੋਏ ਭਾਰਤੀਆਂ ’ਚ ਨਵੇਂ ਖੂਨ ਦਾ ਸੰਚਾਰ ਕਰ ਦਿੱਤਾ। ਅਸਲ ’ਚ ਇਹ ਅੰਗਰੇਜ਼ ਹਕੂਮਤ ਲਈ ਇਕ ਚਿਤਾਵਨੀ ਹੀ ਨਹੀਂ ਸਗੋਂ ਇਕ ਚੁਣੌਤੀ ਵੀ ਸੀ। ਉਨ੍ਹਾਂ ਨੂੰ ਕੁਝ ਹੋਰ ਕੇਸਾਂ ਦੇ ਨਾਲ 6 ਸਾਲ ਦੀ ਜੇਲ ’ਚ ਭੇਜ ਦਿੱਤਾ ਗਿਆ। ਉਨ੍ਹਾਂ ਦੇ ਮੁਕੱਦਮੇ ਦੀ ਪੈਰਵੀ ਉਸ ਸਮੇਂ ਦੇ ਵੱਡੇ ਵਕੀਲ ਬੈਰਿਸਟਰ ਮੁਹੰਮਦ ਅਲੀ ਜਿਨ੍ਹਾ ਨੇ ਕੀਤੀ ਸੀ। ਤਿਲਕ ਨੂੰ ਭਾਰਤ ਦੇ ‘ਰਾਸ਼ਟਰਵਾਦ ਦਾ ਪਿਤਾਮਾ’ ਕਿਹਾ ਜਾਂਦਾ ਹੈ ਪਰ ਅੰਗਰੇਜ਼ ਉਨ੍ਹਾਂ ਨੂੰ ‘ਅਸ਼ਾਂਤੀ ਦਾ ਪਿਤਾਮਾ’ ਕਹਿੰਦੇ ਸਨ।

ਜਿਸ ਦਿਨ ਮਹਾਰਾਜਾ ਅਸ਼ੋਕ ਨੇ ਤਲਵਾਰ ਹੱਥੋਂ ਛੱਡ ਕੇ ਜ਼ਮੀਨ ’ਤੇ ਰੱਖ ਦਿੱਤੀ, ਉਸੇ ਦਿਨ ਤੋਂ ਦੇਸ਼ ਵਿਦੇਸ਼ੀ ਹਮਲਾਵਰਾਂ ਲਈ ਖੁੱਲ੍ਹ ਗਿਆ। ਹੂਨ, ਸ਼ੱਕ, ਯੂਨਾਨੀ, ਇਰਾਨੀ, ਦੋਰਾਨੀ, ਮੰਗੋਲ, ਤੁਰਕ, ਪਠਾਨ, ਅਫਗਾਨ, ਅੰਗਰੇਜ਼, ਡਚ, ਫ੍ਰਾਂਸੀਸੀ ਪੁਰਤਗੀਜ਼ੀਆਂ ਨੇ ਵੀ ਭਾਰਤ ਦੇ ਕੁਝ ਇਲਾਕਿਆਂ ’ਤੇ ਕਬਜ਼ਾ ਕਰ ਲਿਆ। ਈਸਟ ਇੰਡੀਆ ਕੰਪਨੀ ਦੇ ਥੋੜ੍ਹੇ ਜਿਹੇ ਅੰਗਰੇਜ਼ ਵਪਾਰ ਕਰਨ ਲਈ ਭਾਰਤ ਆਏ ਪਰ ਉਨ੍ਹਾਂ ਨੇ ਸਾਡੀਆਂ ਕਮੀਆਂ ਅਤੇ ਕਮਜ਼ੋਰੀਆਂ ਨੂੰ ਦੇਖਦੇ ਹੋਏ ਭਾਰਤ ’ਤੇ ਕਬਜ਼ਾ ਹੀ ਕਰ ਲਿਆ।

ਅੰਗਰੇਜ਼ਾਂ ਨੇ ਪੂਰੇ ਦੇਸ਼ ’ਚ ਇਕ ਹੀ ਪ੍ਰਸ਼ਾਸਨਿਕ ਵਿਵਸਥਾ, ਇਕ ਹੀ ਨਿਆਂਇਕ ਵਿਵਸਥਾ, ਇਕ ਤਰ੍ਹਾਂ ਦੇ ਕਾਨੂੰਨ, ਇਕ ਤਰ੍ਹਾਂ ਦੀ ਕਰੰਸੀ ਅਤੇ ਇਕ ਤਰ੍ਹਾਂ ਦੀਆਂ ਸਰਕਾਰੀ ਸੇਵਾਵਾਂ ਦਾ ਵੀ ਪ੍ਰਬੰਧ ਕਰ ਦਿੱਤਾ ਸੀ। ਪੱਛਮੀ ਸਿੱਖਿਆ ਪ੍ਰਣਾਲੀ ਨੇ ਭਾਰਤ ’ਚ ਰਾਸ਼ਟਰਵਾਦ ਨੂੰ ਸਥਾਪਿਤ ਕਰਨ ’ਚ ਕਾਫੀ ਮਦਦ ਕੀਤੀ। ਅੰਗਰੇਜ਼ਾਂ ਨੇ ਭਾਰਤ ਦੇ ਅੰਦਰ ਕਈ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਖੋਲ੍ਹੀਆਂ ਸਨ। ਇਸ ਪੱਛਮੀ ਸਿੱਖਿਆ ਨਾਲ ਭਾਰਤੀਆਂ ਨੂੰ ਪੱਛਮ ਦੇ ਚਿੰਤਕਾਂ, ਦਾਨਿਸ਼ਮੰਦਾਂ, ਦਾਰਸ਼ਨਿਕਾਂ ਅਤੇ ਸਾਹਿਤਕਾਰਾਂ ਦੀਆਂ ਕਿਤਾਬਾਂ ਪੜ੍ਹਨ ਦਾ ਵੀ ਮੌਕਾ ਮਿਲਿਆ ਅਤੇ ਇਸ ਸਿੱਖਿਆ ਪ੍ਰਣਾਲੀ ਨਾਲ ਪ੍ਰਜਾਤੰਤਰ, ਆਜ਼ਾਦੀ, ਬਰਾਬਰੀ, ਭਾਈਚਾਰਾ, ਸਮਾਜਵਾਦ, ਸਾਮਵਾਦ ਅਤੇ ਹੋਰ ਬਹੁਤ ਸਾਰੀਆਂ ਸੂਚਨਾਵਾਂ ਉਨ੍ਹਾਂ ਨੂੰ ਮਿਲਣ ਲੱਗੀਆਂ। ਅੰਗਰੇਜ਼ੀ ਭਾਸ਼ਾ ਸਾਰੇ ਦੇਸ਼ ਦੀ ਆਮ ਬੋਲਚਾਲ ਦੀ ਭਾਸ਼ਾ ਬਣ ਗਈ, ਜਦ ਕਿ ਪਹਿਲਾਂ ਕਈ ਭਾਸ਼ਾਵਾਂ ਅਤੇ ਉਪਭਾਸ਼ਾਵਾਂ ਹੋਣ ਦੇ ਕਾਰਨ ਇਕ-ਦੂਜੇ ਦੇ ਵਿਚਾਰਾਂ ਨੂੰ ਸਮਝਣਾ ਮੁਸ਼ਕਿਲ ਹੁੰਦਾ ਸੀ। ਅਸਲ ’ਚ ਅੰਗਰੇਜ਼ੀ ਭਾਸ਼ਾ ਨੇ ਹੀ ਸਭ ਤੋਂ ਪਹਿਲਾਂ ਇਕ ਮੰਚ ’ਤੇ ਲੋਕਾਂ ਨੂੰ ਇਕੱਠੇ ਹੋਣ ਦਾ ਮੌਕਾ ਦਿੱਤਾ ਅਤੇ ਭਾਰਤ ’ਚ ਭਵਿੱਖ ਦੀ ਆਜ਼ਾਦੀ ਦੀ ਨੀਂਹ ਰੱਖੀ।

ਅੰਗਰੇਜ਼ਾਂ ਨੇ ਭਾਰਤ ਦੇ ਅੰਦਰ ਰੇਲਵੇ ਦਾ ਜਾਲ ਵਿਛਾ ਦਿੱਤਾ। ਖੇਤਰੀ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਨਹਿਰਾਂ ਬਣਾਈਆਂ। ਪੋਸਟਲ ਅਤੇ ਟੈਲੀਗ੍ਰਾਫ ਸਿਸਟਮ ਪ੍ਰਣਾਲੀ ਦੀ ਵੀ ਸਥਾਪਨਾ ਕੀਤੀ। ਇਸ ਤਰ੍ਹਾਂ ਲੋਕਾਂ ਦਾ ਆਪਸ ’ਚ ਮੇਲ-ਜੋਲ ਆਸਾਨੀ ਨਾਲ ਹੋਣ ਲੱਗਾ। ਆਜ਼ਾਦ ਪ੍ਰੈੱਸ ਦੀ ਸਥਾਪਨਾ ਨਾਲ ਲੋਕਾਂ ਦੇ ਵਿਚਾਰ ਅਖਬਾਰਾਂ ’ਚ ਪੜ੍ਹਨ ਨੂੰ ਮਿਲਣ ਲੱਗੇ। ਰਾਸ਼ਟਰਵਾਦ ਦੇ ਇਸ ਅੰਦੋਲਨ ’ਚ ਅੰਮ੍ਰਿਤ ਬਾਜ਼ਾਰ ਪੱਤਰਿਕਾ, ਦਿ ਬੰਗਾਲੀ, ਦਿ ਟ੍ਰਿਬਿਊਨ, ਦਿ ਇੰਡੀਅਨ ਮਿਰਰ, ਦਿ ਹਿੰਦੂ, ਦਿ ਪਾਇਓਨੀਅਰ, ਦਿ ਮੇਡ੍ਰਾਸ ਮੇਲ, ਦਿ ਮਰਾਠਾ ਅਤੇ ਕੇਸਰੀ ਅਖਬਾਰਾਂ ਨੇ ਭਾਰਤੀਆਂ ਨੂੰ ਆਪਣੇ ਅਧਿਕਾਰਾਂ ਦੇ ਪ੍ਰਤੀ ਖੁੱਲ੍ਹ ਕੇ ਜਾਗਰੂਕ ਕਰਵਾਇਆ।

19ਵੀਂ ਸਦੀ ਅਸਲ ’ਚ ਇਕ ਵੱਡੇ ਉੱਥਲ-ਪੁਥਲ ਦਾ ਯੁੱਗ ਸੀ। ਇਸ ’ਚ ਸਿਆਸੀ, ਸਮਾਜਿਕ, ਆਰਥਿਕ, ਧਾਰਮਿਕ ਅਤੇ ਸੰਸਕ੍ਰਿਤਕ ਤੌਰ ’ਤੇ ਬਹੁਤ ਤਬਦੀਲੀਆਂ ਹੋਣ ਲੱਗੀਆਂ। ਰਾਜਾ ਰਾਮ ਮੋਹਨ ਰਾਇ ਨੇ ਸਤੀ ਪ੍ਰਥਾ ਵਿਰੁੱਧ ਆਵਾਜ਼ ਉਠਾਈ। ਸਵਾਮੀ ਦਯਾਨੰਦ ਨੇ ਸਮਾਜਿਕ ਬੁਰਾਈਆਂ ਵਿਰੁੱਧ ਅੰਦੋਲਨ ਚਲਾਇਆ। ਸਵਾਮੀ ਵਿਵੇਕਾਨੰਦ ਨੇ ਭਾਰਤ ਦੀ ਪ੍ਰਾਚੀਨ ਸੰਸਕ੍ਰਿਤੀ ਦਾ ਦੁਨੀਆ ’ਚ ਪ੍ਰਚਾਰ ਕਰ ਕੇ ਇਸ ਦੇ ਮਾਣ ਨੂੰ ਵਧਾਇਆ ਅਤੇ ਭਾਰਤੀਆਂ ’ਚ ਜਾਗਰੂਕਤਾ ਪੈਦਾ ਕੀਤੀ। ਦੇਸ਼ ’ਚ ਕੂਕਾ ਅੰਦੋਲਨ ਨੇ ਜ਼ੋਰ ਫੜਿਆ, ਸਿੰਘ ਸਭਾ ਅੰਦੋਲਨ ਸ਼ੁਰੂ ਹੋਏ ਅਤੇ 1885 ’ਚ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਭਾਰਤੀ ਰਾਸ਼ਟਰੀ ਕਾਂਗਰਸ ਦਾ ਵੀ ਜਨਮ ਹੋਇਆ। 1885 ਤੋਂ 1905 ਤੱਕ ਨਰਮਪੱਖੀ ਆਗੂਆਂ ਦਾ ਬੋਲਬਾਲਾ ਰਿਹਾ, ਿਜਨ੍ਹਾਂ ’ਚ ਦਾਦਾ ਭਾਈ ਨਾਰੋਜੀ, ਸੁਰਿੰਦਰ ਨਾਥ ਬੈਨਰਜੀ, ਫਿਰੋਜ਼ ਸ਼ਾਹ ਮਹਿਤਾ, ਗੋਪਾਲ ਕ੍ਰਿਸ਼ਨ ਗੋਖਲੇ ਅਤੇ ਹੋਰ ਆਗੂਆਂ ਨੇ ਭਾਰਤੀਆਂ ਦੀਆਂ ਸਮੱਸਿਆਵਾਂ ਨੂੰ ਅੰਗਰੇਜ਼ਾਂ ਦੇ ਸਾਹਮਣੇ ਸਮੇਂ-ਸਮੇਂ ’ਤੇ ਰੱਖਿਆ।

1905 ’ਚ ਅੰਗਰੇਜ਼ਾਂ ਨੇ ਬੰਗਾਲ ਦਾ ਧਰਮ ਦੇ ਆਧਾਰ ’ਤੇ ਬਟਵਾਰਾ ਕਰ ਦਿੱਤਾ। ਇਸ ਤਰ੍ਹਾਂ ਇਕ ਹਿੰਦੂ ਬਹੁਗਿਣਤੀ ਅਤੇ ਇਕ ਮੁਸਲਿਮ ਬਹੁਗਿਣਤੀ ਸੂਬਾ ਬਣਾ ਦਿੱਤਾ ਗਿਆ। ਬੰਗਾਲ ਨੂੰ ਮੁੜ ਇਕੱਠਾ ਰੱਖਣ ਲਈ 1905 ’ਚ ਲਾਲਾ ਲਾਜਪਤ ਰਾਏ, ਲੋਕਮਾਨਿਆ ਤਿਲਕ ਅਤੇ ਵਿਪਨ ਚੰਦਰ ਪਾਲ ਨੇ ਦੇਸ਼ ’ਚ ਜ਼ਬਰਦਸਤ ਅੰਦੋਲਨ ਚਲਾਇਆ। ਇਨ੍ਹਾਂ ਨੂੰ ਲਾਲ, ਬਾਲ ਅਤੇ ਪਾਲ ਦੇ ਨਾਂ ਨਾਲ ਸੱਦਿਆ ਜਾਂਦਾ ਸੀ। ਅੰਗਰੇਜ਼ਾਂ ਨੇ ਹਿੰਦੂਆਂ ਅਤੇ ਮੁਸਲਮਾਨਾਂ ਦੀ ਏਕਤਾ ਨੂੰ ਦੇਖਦੇ ‘ਫੁੱਟ ਪਾਊ ਅਤੇ ਰਾਜ ਕਰੋ’ ਦੀ ਨੀਤੀ ਨੂੰ ਅਪਣਾਉਣਾ ਸ਼ੁਰੂ ਕਰ ਦਿੱਤਾ। ਭਾਰਤ ਦੇ ਗਵਰਨਰ ਜਨਰਲ ਲਾਰਡ ਮਿੰਟੋ ਨੂੰ ਅਲੀਗੜ੍ਹ ਕਾਲਜ ਦੇ ਪ੍ਰਿੰਸੀਪਲ ਨੇ ਆਗਾ ਖਾਨ ਦੀ ਅਗਵਾਈ ’ਚ ਇਕ ਵਫਦ ਲੈ ਕੇ ਸ਼ਿਮਲਾ ’ਚ ਮਿਲਵਾਇਆ ਅਤੇ ਮਿੰਟੋ ਦੇ ਇਸ਼ਾਰੇ ’ਤੇ ਰਾਸ਼ਟਰਵਾਦ ਦੀ ਵਧਦੀ ਹੋਈ ਤਾਕਤ ਨੂੰ ਕਮਜ਼ੋਰ ਕਰਨ ਲਈ ਆਗਾ ਖਾਨ ਤੋਂ ਮੁਸਲਿਮ ਲੀਗ ਦੀ 1906 ’ਚ ਸਥਾਪਨਾ ਕਰਵਾ ਦਿੱਤੀ ਤਾਂਕਿ ਮੁਸਲਮਾਨਾਂ ਨੂੰ ਹਿੰਦੂਆਂ ਤੋਂ ਵੱਖ ਰੱਖਿਆ ਜਾਵੇ।

ਪੰਜਾਬ ’ਚ ਵੀ ਕਿਸਾਨਾਂ ਨੇ ਅੰਦੋਲਨ ਚਲਾ ਦਿੱਤਾ, ਜਿਸ ਦੇ ਨਤੀਜੇ ਵਜੋਂ ਲਾਲਾ ਲਾਜਪਤ ਰਾਏ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ। ਗਦਰੀ ਬਾਬਿਆਂ ਦੇ ਅੰਦੋਲਨ ਨੂੰ ਵੀ ਸਖਤੀ ਨਾਲ ਕੁਚਲ ਦਿੱਤਾ ਗਿਆ। 20 ਨੂੰ ਫਾਂਸੀ ਦੀ ਸਜ਼ਾ, 58 ਨੂੰ ਸਾਰੀ ਉਮਰ ਲਈ ਜੇਲ ਅਤੇ 60 ਦੇ ਲਗਭਗ ਨੂੰ ਕਾਲੇ ਪਾਣੀ ਦੀ ਸਜ਼ਾ ਦੇ ਦਿੱਤੀ ਗਈ। ਇਹ ਸੰਗਠਨ ਲਾਲਾ ਹਰਦਿਆਲ ਨੇ ਅਮਰੀਕਾ ’ਚ ਸਥਾਪਿਤ ਕੀਤਾ ਸੀ। ਇਸ ਤਰ੍ਹਾਂ ਸਰਦਾਰ ਗੁਰਦਿੱਤ ਸਿੰਘ ਕਾਮਾਘਾਟਾਮਾਰੂ ਜਹਾਜ਼ ਦੇ ਯਾਤਰੀਆਂ ਨੂੰ ਵੀ ਸਖਤ ਸਜ਼ਾ ਦਿੱਤੀ ਗਈ।

ਆਜ਼ਾਦੀ ਦੇ ਇਨ੍ਹਾਂ ਅੰਦਲੋਨਾਂ ਨੂੰ ਤਾਂ ਦਬਾਅ ਦਿੱਤਾ ਗਿਆ ਪਰ ਭਾਰਤੀਆਂ ’ਚ ਆਜ਼ਾਦੀ ਦੀ ਲਹਿਰ ਜ਼ੋਰ ਫੜਦੀ ਰਹੀ। 1915 ’ਚ ਮਹਾਤਮਾ ਗਾਂਧੀ ਨੇ ਭਾਰਤ ਆ ਕੇ ਆਜ਼ਾਦੀ ਦੀ ਲਹਿਰ ਨੂੰ ਆਪਣੇ ਹੱਥਾਂ ’ਚ ਲੈ ਲਿਆ। ਪਹਿਲੀ ਵਿਸ਼ਵ ਜੰਗ 1914 ਤੋਂ 1918 ਦੌਰਾਨ ਭਾਰਤੀਆਂ ਨੇ ਅੰਗਰੇਜ਼ਾਂ ਦੀ ਫੌਜ ’ਚ ਭਰਤੀ ਹੋ ਕੇ ਵੱਡੀਆਂ ਕੁਰਬਾਨੀਆਂ ਦਿੱਤੀਆਂ ਅਤੇ ਸਰਕਾਰ ਨੇ ਇਹ ਵਾਅਦਾ ਕੀਤਾ ਕਿ ਲੜਾਈ ਖਤਮ ਹੋਣ ਤੋਂ ਬਾਅਦ ਉਨ੍ਹਾਂ ਨੂੰ ਜ਼ਿੰਮੇਵਾਰ ਸਰਕਾਰ ਦਿੱਤੀ ਜਾਵੇਗੀ ਪਰ ਸਰਕਾਰ ਦੇਣ ਦੀ ਬਜਾਏ ਅੰਗਰੇਜ਼ਾਂ ਨੇ ਰੋਲਰ ਐਕਟ ਬਣਾ ਦਿੱਤਾ ਜਿਸ ਤੋਂ ਬਾਅਦ ਜਲਿਆਂਵਾਲਾ ਬਾਗ ਦੀ ਘਟਨਾ ਨੇ ਸਾਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ।

1919 ਤੋਂ ਪਹਿਲਾਂ ਭਾਰਤ ਅੰਗਰੇਜ਼ਾਂ ਦੇ ਕਬਜ਼ੇ ’ਚ ਸੀ ਅਤੇ ਬਾਅਦ ’ਚ ਮਹਾਤਮਾ ਗਾਂਧੀ ਦੇ। ਮਹਾਤਮਾ ਗਾਂਧੀ ਨੇ ਪਹਿਲਾਂ ਅਸਹਿਯੋਗ (ਨਾ-ਮਿਲਵਰਤਣ) ਅੰਦੋਲਨ, ਫਿਰ ਅਵੱਗਿਆ (ਨਾ-ਫਰਮਾਨੀ) ਅੰਦੋਲਨ ਅਤੇ 1929 ’ਚ ਲਾਹੌਰ ’ਚ ਰਾਵੀ ਨਦੀ ਦੇ ਕੰਢੇ ਪੰਡਿਤ ਜਵਾਹਰ ਲਾਲ ਨਹਿਰੂ ਵਲੋਂ ਇਕ ਵਿਸ਼ਾਲ ਸੰਮੇਲਨ ’ਚ ਪੂਰਨ ਆਜ਼ਾਦੀ ਦਾ ਐਲਾਨ, 1930 ’ਚ ਮਹਾਤਮਾ ਗਾਂਧੀ ਵਲੋਂ ਡਾਂਡੀ ਮਾਰਚ ’ਚ ਅੰਗਰੇਜ਼ਾਂ ਦੀਆਂ ਲਾਠੀਆਂ ਖਾਣਾ, 1942 ’ਚ ਭਾਰਤ ਛੱਡੋ ਅੰਦੋਲਨ ਤੋਂ ਬਾਅਦ ਅੰਗਰੇਜ਼ਾਂ ਨੇ ਦੇਸ਼ ਛੱਡਣ ਦਾ ਫੈਸਲਾ ਕਰ ਲਿਆ। 1947 ’ਚ ਦੇਸ਼ ਨੂੰ ਤਾਂ ਆਜ਼ਾਦੀ ਮਿਲ ਗਈ ਪਰ ਇਸ ਨੂੰ ਦੋ ਹਿੱਸਿਆਂ ’ਚ ਵੰਡ ਦਿੱਤਾ ਗਿਆ, ਭਾਰਤ ਅਤੇ ਪਾਕਿਸਤਾਨ ’ਚ। ਬਟਵਾਰੇ ਦੌਰਾਨ 10 ਲੱਖ ਤੋਂ ਵੱਧ ਲੋਕ ਮਾਰੇ ਗਏ। 2 ਕਰੋੜ ਤੋਂ ਵੱਧ ਲੋਕਾਂ ਨੂੰ ਹਿਜਰਤ ਕਰਨੀ ਪਈ ਅਤੇ ਅਸਲ ’ਚ ਇਹ ਦੁਨੀਆ ਦੀ ਸਭ ਤੋਂ ਵੱਡੀ ਹਿਜਰਤ ਸੀ।

1947 ’ਚ ਆਜ਼ਾਦੀ ਤੋਂ ਬਾਅਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਦੇਸ਼ ਦੇ ਵਿਕਾਸ, ਖੁਸ਼ਹਾਲੀ ਅਤੇ ਸਮਾਜਿਕ ਭਾਈਚਾਰੇ ਦੀ ਇਕ ਵੱਡੀ ਮਜ਼ਬੂਤ ਨੀਂਹ ਰੱਖੀ, ਜਿਸ ’ਤੇ ਸਾਨੂੰ ਸਾਰਿਆਂ ਨੂੰ ਮਾਣ ਹੈ ਅਤੇ ਭਾਰਤ ਦੁਨੀਆ ਦੇ ਦੇਸ਼ਾਂ ’ਚ ਇਕ ਵਿਸ਼ੇਸ਼ ਜਗ੍ਹਾ ਰੱਖਦਾ ਹੈ। ਭਾਰਤ ਦੇ ਉੱਪ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਸਰਦਾਰ ਪਟੇਲ ਨੇ ਆਪਣੀ ਅਕਲਮੰਦੀ ਅਤੇ ਦੂਰਦਰਸ਼ਤਾ ਨਾਲ 565 ਆਜ਼ਾਦ ਰਿਆਸਤਾਂ ਨੂੰ ਭਾਰਤ ’ਚ ਮਿਲਾ ਕੇ ਦੇਸ਼ ਦਾ ਏਕੀਕਰਨ ਕੀਤਾ। ਉਨ੍ਹਾਂ ਦੇ ਇਸ ਕਾਰਨਾਮੇ ਦੇ ਕਾਰਨ ਉਨ੍ਹਾਂ ਨੂੰ ਲੋਹਪੁਰਸ਼ ਦੇ ਨਾਂ ਨਾਲ ਸੱਦਿਆ ਜਾਂਦਾ ਹੈ। ਅਸਲ ’ਚ ਦੇਸ਼ ਦੀ ਆਜ਼ਾਦੀ ਦੀ ਲੜਾਈ ਦੀ ਧੁਰੀ ਸਿਰਫ ਅਤੇ ਸਿਰਫ ਮਹਾਤਮਾ ਗਾਂਧੀ ਹੀ ਸਨ।

ਦੇਸ਼ ਨੂੰ ਸੁਰੱਖਿਅਤ ਰੱਖਣ ਲਈ ਸਾਨੂੰ ਸਾਰਿਆਂ ਨੂੰ ਆਜ਼ਾਦੀ, ਬਰਾਬਰੀ ਅਤੇ ਆਪਸੀ ਭਾਈਚਾਰੇ ਦੇ ਸੰਦੇਸ਼ ’ਤੇ ਚੱਲ ਕੇ ਇਸ ਦੀ ਤਰੱਕੀ ’ਚ ਯੋਗਦਾਨ ਪਾਉਣਾ ਚਾਹੀਦਾ ਹੈ। ਅਸਲ ’ਚ ਰਾਸ਼ਟਰਵਾਦ ਨੇ ਦੇਸ਼ ’ਚ ਭਾਵਨਾਤਮਕ ਏਕਤਾ ਨੂੰ ਜਨਮ ਦਿੱਤਾ ਅਤੇ ਇਸੇ ਭਾਵਨਾ ਨਾਲ ਦੇਸ਼ ਨੂੰ 15 ਅਗਸਤ 1947 ਨੂੰ ਆਜ਼ਾਦੀ ਮਿਲੀ। ਸਾਨੂੰ ਸਾਰਿਆਂ ਨੂੰ ਆਜ਼ਾਦੀ ਘੁਲਾਟੀਆਂ, ਸ਼ਹੀਦਾਂ, ਕਾਲੇ ਪਾਣੀ ਦੀ ਸਜ਼ਾ ਭੁਗਤਣ ਵਾਲਿਆਂ, ਅੰਗਰੇਜ਼ਾਂ ਦੀਆਂ ਡਾਂਗਾਂ ਖਾਣ ਵਾਲਿਆਂ ਅਤੇ ਲੱਖਾਂ ਲੋਕ ਜੋ ਜੇਲਾਂ ’ਚ ਗਏ ਉਨ੍ਹਾਂ ਸਾਰਿਆਂ ਸਾਹਮਣੇ ਨਤਮਸਤਕ ਹੋਣਾ ਚਾਹੀਦਾ ਹੈ।

ਦੇਸ਼ ਦੀ ਆਜ਼ਾਦੀ ’ਚ ਹਿੰਦੂ, ਮੁਸਲਿਮ, ਸਿੱਖ, ਇਸਾਈਆਂ ਦਾ ਯੋਗਦਾਨ ਸ਼ਲਾਘਾਯੋਗ ਹੈ। ਦੇਸ਼ ਦੀ ਆਜ਼ਾਦੀ ਨੂੰ ਬਣਾਏ ਰੱਖਣ ਲਈ ਸਾਨੂੰ ਸਾਰੇ ਧਰਮਾਂ ਦੇ ਲੋਕਾਂ ਦਾ ਮਾਣ-ਸਨਮਾਨ ਕਰਨਾ ਪਵੇਗਾ ਅਤੇ ਸਾਰਿਆਂ ਨੂੰ ਅੱਗੇ ਵਧਣ ਲਈ ਮੌਕੇ ਦੇਣੇ ਪੈਣਗੇ। ਹਿੰਸਾ ਦੀ ਨੀਤੀ ਨੂੰ ਛੱਡ ਕੇ ਅਹਿੰਸਕ ਢੰਗ ਨਾਲ ਆਪਣੀਆਂ ਸਮੱਸਿਆਵਾਂ ਦਾ ਹੱਲ ਕਰਨਾ ਹੀ ਸਾਡਾ ਰਾਸ਼ਟਰੀ ਧਰਮ ਹੈ। ਰਾਸ਼ਟਰ ਸਦਾ-ਸਦਾ ਲਈ ਸਲਾਮਤ ਰਹੇ ਅਤੇ ਅਸੀਂ ਭਾਰਤੀ ਖੁਸ਼ਹਾਲੀ ਦੀ ਰਾਹ ’ਤੇ ਵਧਦੇ ਰਹੀਏ।

ਪ੍ਰੋ. ਦਰਬਾਰੀ ਲਾਲ (ਸਾਬਕਾ ਡਿਪਟੀ ਸਪੀਕਰ, ਪੰਜਾਬ ਵਿਧਾਨ ਸਭਾ)


Rakesh

Content Editor

Related News