‘ਵਿਦੇਸ਼ ਭੇਜਣ ਦੇ ਨਾਂ ’ਤੇ’ ਠੱਗੀ ਲਗਾਤਾਰ ਜਾਰੀ!

Tuesday, Sep 15, 2026 - 03:43 AM (IST)

‘ਵਿਦੇਸ਼ ਭੇਜਣ ਦੇ ਨਾਂ ’ਤੇ’ ਠੱਗੀ ਲਗਾਤਾਰ ਜਾਰੀ!

ਅੱਜ ਨੌਜਵਾਨਾਂ ਵਿਚ ਬਿਹਤਰ ਭਵਿੱਖ ਬਣਾਉਣ ਲਈ ਸਟੱਡੀ ਵੀਜ਼ਾ ਅਤੇ ਵਰਕ ਵੀਜ਼ਾ ਦੇ ਆਧਾਰ ’ਤੇ ਵਿਦੇਸ਼ ਜਾਣ ਦੇ ਰੁਝਾਨ ਵਿਚ ਕਾਫ਼ੀ ਵਾਧਾ ਹੋ ਗਿਆ ਹੈ। ਇਸੇ ਦਾ ਅਣਉਚਿਤ ਲਾਭ ਉਠਾ ਕੇ ਕੁੱਝ ਬੋਗਸ ਟ੍ਰੈਵਲ ਏਜੰਟਾਂ ਨੇ ਲੋਕਾਂ ਨੂੰ ਠੱਗਣ ਦਾ ਧੰਦਾ ਸ਼ੁਰੂ ਕੀਤਾ ਹੋਇਆ ਹੈ, ਜਿਨ੍ਹਾਂ ਦੀਆਂ ਪਿਛਲੇ ਸਿਰਫ ਇਕ ਹਫ਼ਤੇ ਦੌਰਾਨ ਸਾਹਮਣੇ ਆਈਆਂ ਕੁਝ ਘਟਨਾਵਾਂ ਹੇਠਾਂ ਦਰਜ ਹਨ :

* 7 ਸਤੰਬਰ ਨੂੰ ‘ਸਿਕਰੀਗੰਜ’ (ਉੱਤਰ ਪ੍ਰਦੇਸ਼) ਵਿਚ ਤਿੰਨ ਬੇਰੋਜ਼ਗਾਰ ਨੌਜਵਾਨਾਂ ਨੂੰ ਵਿਦੇਸ਼ ਭੇਜ ਕੇ ਨੌਕਰੀ ਦਿਵਾਉਣ ਦੇ ਨਾਂ ’ਤੇ ਉਨ੍ਹਾਂ ਤੋਂ 1.80 ਲੱਖ ਰੁਪਏ ਠੱਗ ਲੈਣ ਅਤੇ ਫ਼ਰਜ਼ੀ ਵੀਜ਼ਾ ਤੇ ਏਅਰ ਟਿਕਟ ਫੜਾਉਣ ਦੇ ਦੋਸ਼ ਵਿਚ ਪੀੜਤਾਂ ਨੇ ਇਕ ਠੱਗ ਟ੍ਰੈਵਲ ਏਜੰਟ ‘ਰਾਮ ਸਕਲ’ ਪੁੱਤਰ ‘ਰਾਮ ਪਿਆਰੇ’ ਦੇ ਵਿਰੁੱਧ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ।

* 8 ਸਤੰਬਰ ਨੂੰ ‘ਪ੍ਰਯਾਗਰਾਜ’ (ਉੱਤਰ ਪ੍ਰਦੇਸ਼) ਵਿਚ ਦੁਬਈ, ਸਾਊਦੀ ਅਰਬ ਅਤੇ ਕਜ਼ਾਕਿਸਤਾਨ ਭੇਜਣ ਦੇ ਨਾਂ ’ਤੇ ਲਗਭਗ 90 ਵਿਅਕਤੀਆਂ ਨਾਲ 78 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣਾ ਆਇਆ। ਦੋਸ਼ ਹੈ ਕਿ ਰਕਮ ਲੈਣ ਤੋਂ ਬਾਅਦ ਵਧੇਰੇ ਲੋਕਾਂ ਨੂੰ ਵਿਦੇਸ਼ ਨਹੀਂ ਭੇਜਿਆ ਗਿਆ। ਉੱਥੇ ਹੀ 4 ਵਿਅਕਤੀਆਂ ਨੂੰ ਫ਼ਰਜ਼ੀ ਵੀਜ਼ੇ ’ਤੇ ਦੁਬਈ ਭੇਜ ਦਿੱਤਾ ਗਿਆ, ਜਿੱਥੇ ਉਹ ਫਸ ਗਏ। ਪੁਲਸ ਨੇ 7 ਵਿਅਕਤੀਆਂ ਵਿਰੁੱਧ ਐੱਫ.ਆਈ.ਆਰ. ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

* 10 ਸਤੰਬਰ ਨੂੰ ‘ਮੁੰਬਈ’ (ਮਹਾਰਾਸ਼ਟਰ) ਦੀ ‘ਪਾਇਧੋਨੀ ਪੁਲਸ’ ਨੇ ਵਿਦੇਸ਼ ਵਿਚ ਨੌਕਰੀ ਦਿਵਾਉਣ ਦੇ ਨਾਂ ’ਤੇ ਬੇਰੋਜ਼ਗਾਰ ਨੌਜਵਾਨਾਂ ਨਾਲ ਠੱਗੀ ਮਾਰਨ ਵਾਲੇ ‘ਅਲ ਸ਼ਿਫ਼ਾ ਟ੍ਰੈਵਲਜ਼’ ਦੇ ਤਿੰਨ ਏਜੰਟਾਂ ਨੂੰ ਹਰਿਆਣਾ, ਬਿਹਾਰ ਅਤੇ ਮੁੰਬਈ ਵਿਚ ਵੱਖ-ਵੱਖ ਥਾਵਾਂ ਤੋਂ ਗ੍ਰਿਫ਼ਤਾਰ ਕੀਤਾ।

ਉਹ ਪੀੜਤਾਂ ਕੋਲੋਂ ਉਨ੍ਹਾਂ ਦੇ ਅਸਲੀ ਪਾਸਪੋਰਟ, ਬਾਇਓਡਾਟਾ ਅਤੇ ਪੈਸੇ ਲੈ ਕੇ ਦਫ਼ਤਰ ਬੰਦ ਕਰ ਕੇ ਭੱਜ ਗਏ ਸਨ। ਪੁਲਸ ਨੇ ਇਨ੍ਹਾਂ ਕੋਲੋਂ 50 ਤੋਂ ਵੱਧ ਅਸਲੀ ਪਾਸਪੋਰਟ ਅਤੇ ਕਈ ਫ਼ਰਜ਼ੀ ਨਿਯੁਕਤੀ ਪੱਤਰ ਬਰਾਮਦ ਕੀਤੇ।

* 12 ਸਤੰਬਰ ਨੂੰ ‘ਦੁਦਹੀ’ (ਗੋਰਖਪੁਰ, ਉੱਤਰ ਪ੍ਰਦੇਸ਼) ਵਿਚ ਵਿਦੇਸ਼ ਵਿਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 8 ਵਿਅਕਤੀਆਂ ਨਾਲ ਲਗਭਗ 7.42 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ। ਦੋਸ਼ ਹੈ ਕਿ ਰੁਪਏ ਲੈਣ ਤੋਂ ਬਾਅਦ ਜਾਅਲਸਾਜ਼ਾਂ ਨੇ ਪੀੜਤਾਂ ਨੂੰ ਫ਼ਰਜ਼ੀ ਵੀਜ਼ਾ ਅਤੇ ਟਿਕਟਾਂ ਫੜਾ ਦਿੱਤੀਆਂ। ਆਨਲਾਈਨ ਜਾਂਚ ਵਿਚ ਦਸਤਾਵੇਜ਼ ਫ਼ਰਜ਼ੀ ਮਿਲਣ ’ਤੇ ਪੀੜਤਾਂ ਨੇ ਰੁਪਏ ਅਤੇ ਪਾਸਪੋਰਟ ਮੰਗੇ ਤਾਂ ਦੋਸ਼ੀਆਂ ਨੇ ਗਾਲੀ-ਗਲੋਚ ਕਰਦੇ ਹੋਏ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਦਿੱਤੀ। ਪੀੜਤਾਂ ਦੀ ਸ਼ਿਕਾਇਤ ’ਤੇ ਪੁਲਸ ਨੇ 3 ਵਿਅਕਤੀਆਂ ਵਿਰੁੱਧ ਧੋਖਾਦੇਹੀ ਸਮੇਤ ਵੱਖ-ਵੱਖ ਧਾਰਾਵਾਂ ਹੇਠ ਐੱਫ. ਆਈ. ਆਰ. ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

* 12 ਸਤੰਬਰ ਨੂੰ ਹੀ ‘ਸਿਸਵਾ ਬਾਜ਼ਾਰ’ (ਉੱਤਰ ਪ੍ਰਦੇਸ਼) ਦੇ ‘ਨਛੋਰੀ’ ਨਿਵਾਸੀ ‘ਅਤੀਉੱਲਾ’ ਨਾਲ ਵਿਦੇਸ਼ ਭੇਜਣ ਦੇ ਨਾਂ ’ਤੇ 3.65 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ। ਪੀੜਤ ਦਾ ਦੋਸ਼ ਹੈ ਕਿ ਰੁਪਏ ਲੈਣ ਤੋਂ ਬਾਅਦ ਮੁਲਜ਼ਮ ਨੇ ਨਾ ਤਾਂ ਉਸ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਰਕਮ ਵਾਪਸ ਕੀਤੀ। ਸਥਾਨਕ ਪੱਧਰ ’ਤੇ ਕਾਰਵਾਈ ਨਾ ਹੋਣ ’ਤੇ ਪੀੜਤ ਨੇ ਅਦਾਲਤ ਦੀ ਪਨਾਹ ਲਈ। ਅਦਾਲਤ ਦੇ ਹੁਕਮ ’ਤੇ ਪੁਲਸ ਨੇ ਮੁਲਜ਼ਮ ਵਿਰੁੱਧ ਐੱਫ. ਆਈ. ਆਰ. ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

* 12 ਸਤੰਬਰ ਨੂੰ ਹੀ ‘ਅੰਮ੍ਰਿਤਸਰ’ (ਪੰਜਾਬ) ਦੀ ‘ਰਮਦਾਸ’ ਪੁਲਸ ਨੇ ਇਕ ਮੁਟਿਆਰ ਨੂੰ ਸਟੱਡੀ ਵੀਜ਼ੇ ’ਤੇ ਆਸਟ੍ਰੇਲੀਆ ਭੇਜਣ ਦਾ ਝਾਂਸਾ ਦੇ ਕੇ ਉਸ ਤੋਂ 2.77 ਲੱਖ ਰੁਪਏ ਠੱਗ ਲੈਣ ਦੇ ਦੋਸ਼ ਵਿਚ ‘ਪ੍ਰਭਸ਼ਰਨਜੀਤ ਸਿੰਘ’ ਦੇ ਵਿਰੁੱਧ ਕੇਸ ਦਰਜ ਕੀਤਾ ਹੈ।

* 13 ਸਤੰਬਰ ਨੂੰ ‘ਨੂਰਮਹਿਲ’ (ਪੰਜਾਬ) ਦੀ ਪੁਲਸ ਨੇ ਵਿਦੇਸ਼ ਭੇਜਣ ਦੇ ਨਾਂ ’ਤੇ ਇਕ ਸਥਾਨਕ ਨਿਵਾਸੀ ਤੋਂ 8.30 ਲੱਖ ਰੁਪਏ ਦੀ ਧੋਖਾਦੇਹੀ ਦੇ ਮਾਮਲੇ ਵਿਚ ਇਕ ਔਰਤ ਸਮੇਤ ਦੋ ਠੱਗ ਟ੍ਰੈਵਲ ਏਜੰਟਾਂ ਦੇ ਵਿਰੁੱਧ ਕੇਸ ਦਰਜ ਕੀਤਾ।

* ਅਤੇ ਹੁਣ 14 ਸਤੰਬਰ ਨੂੰ ‘ਗੋਪਾਲਗੰਜ’ (ਬਿਹਾਰ) ਦੇ ‘ਜਗਤੌਲੀ’ ਇਲਾਕੇ ਵਿਚ ਇਜ਼ਰਾਈਲ ਭੇਜਣ ਦਾ ਝਾਂਸਾ ਦੇ ਕੇ ਇਕ ਨੌਜਵਾਨ ਕੋਲੋਂ 4 ਲੱਖ ਰੁਪਏ ਠੱਗ ਲੈਣ ਅਤੇ ਪੀੜਤ ਨੂੰ ਫ਼ਰਜ਼ੀ ਵੀਜ਼ਾ ਫੜਾ ਦੇਣ ਦੇ ਦੋਸ਼ ਵਿਚ ਇਕ ਠੱਗ ਟ੍ਰੈਵਲ ਏਜੰਟ ਦੇ ਵਿਰੁੱਧ ਪੁਲਸ ਨੇ ਕੇਸ ਦਰਜ ਕੀਤਾ ਹੈ।

ਠੱਗੀ ਦਾ ਸ਼ਿਕਾਰ ਨੌਜਵਾਨ ‘ਪ੍ਰਮੋਦ ਕੁਮਾਰ ਸਿੰਘ’ ਨੇ ਦੋਸ਼ ਲਗਾਇਆ ਕਿ ਰੁਪਏ ਵਾਪਸ ਮੰਗਣ ’ਤੇ ਮੁਲਜ਼ਮ ਨੇ ਉਸ ਨੂੰ ਵੱਖ-ਵੱਖ ਝੂਠੇ ਮੁਕੱਦਮਿਆਂ ਵਿਚ ਫਸਾਉਣ ਦੀ ਧਮਕੀ ਦਿੱਤੀ ਅਤੇ ਜਦੋਂ ਵੀ ਉਹ ਆਪਣੀ ਰਕਮ ਮੰਗਦਾ ਹੈ ਤਾਂ ਉਸ ਨੂੰ ਕੁੱਟਮਾਰ ਕਰ ਕੇ ਦੌੜਾ ਦਿੰਦਾ।

ਅਜਿਹੀਆਂ ਹੀ ਘਟਨਾਵਾਂ ਦੇ ਮੱਦੇਨਜ਼ਰ ਵਿਦੇਸ਼ ਮੰਤਰਾਲੇ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਵਿਦੇਸ਼ ਵਿਚ ਨੌਕਰੀ ਦਿਵਾਉਣ ਦੀਆਂ ਫ਼ਰਜ਼ੀ ਤਜਵੀਜ਼ਾਂ ਦੇ ਝਾਂਸੇ ਵਿਚ ਨਹੀਂ ਆਉਣਾ ਚਾਹੀਦਾ ਅਤੇ ਰਜਿਸਟਰਡ ਭਰਤੀ ਏਜੰਟਾਂ ਨਾਲ ਹੀ ਸੰਪਰਕ ਕਰਨਾ ਚਾਹੀਦਾ ਹੈ।

ਉਂਝ ਵੀ ਵਿਦੇਸ਼ ਜਾਣ ਦੀ ਇੱਛਾ ਰੱਖਣ ਦੀ ਬਜਾਏ ਚੰਗਾ ਹੋਵੇਗਾ ਕਿ ਜਿੰਨੀ ਰਕਮ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ’ਤੇ ਖ਼ਰਚ ਕਰਦੇ ਹਨ, ਓਨੀ ਹੀ ਰਕਮ ਭਾਰਤ ਵਿਚ ਖ਼ਰਚ ਕਰ ਕੇ ਉਹ ਉਨ੍ਹਾਂ ਨੂੰ ਕੋਈ ਕਾਰੋਬਾਰ ਸ਼ੁਰੂ ਕਰਵਾ ਦੇਣ।

—ਵਿਜੇ ਕੁਮਾਰ


author

Sandeep Kumar

Content Editor

Related News