ਪਾਇਲਟ ਦੇ ਸਾਹਮਣੇ ਤਤਕਾਲੀ ਚੁਣੌਤੀ ਪੰਜਾਬ ਕਾਂਗਰਸ ’ਚ ਗੁੱਟਬਾਜ਼ੀ ਤੇ ਮਤਭੇਦ ਸੁਲਝਾਉਣਾ

Saturday, Sep 12, 2026 - 07:04 PM (IST)

ਪਾਇਲਟ ਦੇ ਸਾਹਮਣੇ ਤਤਕਾਲੀ ਚੁਣੌਤੀ ਪੰਜਾਬ ਕਾਂਗਰਸ ’ਚ ਗੁੱਟਬਾਜ਼ੀ ਤੇ ਮਤਭੇਦ ਸੁਲਝਾਉਣਾ

ਪੰਜਾਬ ਦੇ ਪਾਰਟੀ ਇੰਚਾਰਜ ਨਿਯੁਕਤ ਕੀਤੇ ਜਾਣ ਤੋਂ ਬਾਅਦ ਕਾਂਗਰਸ ਨੇਤਾ ਸਚਿਨ ਪਾਇਲਟ ਨੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਢੇਰਾ ਨਾਲ ਗੱਲਬਾਤ ਕੀਤੀ। ਹਾਲਾਂਕਿ ਇਹ ਬੈਠਕ ਬੰਦ ਕਮਰਿਆਂ ’ਚ ਹੋਈ ਪਰ ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਨੇਤਾਵਾਂ ਨੇ 2027 ’ਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੇ ਰੋਡਮੈਪ ਅਤੇ ਪ੍ਰਮੁੱਖ ਰਣਨੀਤੀ ’ਤੇ ਚਰਚਾ ਕੀਤੀ, ਜਦੋਂਕਿ ਕਾਂਗਰਸ ਹਾਈਕਮਾਂਡ ਦੁਆਰਾ ਪੰਜਾਬ ਲਈ ਤਾਇਨਾਤ ਸਹਿ-ਇੰਚਾਰਜਾਂ ਸਮੇਤ ਕਈ ਏ. ਆਈ. ਸੀ. ਸੀ. ਸਕੱਤਰਾਂ ਦੇ ਫੇਰਬਦਲ ਦੀ ਸੰਭਾਵਨਾ ਹੈ। ਪੰਜਾਬ ਕਾਂਗਰਸ ’ਚ ਮੌਜੂਦਾ ਸਮੇਂ 3 ਏ. ਆਈ. ਸੀ. ਸੀ. ਸਕੱਤਰ-ਸੂਰਜ ਠਾਕੁਰ, ਰਵਿੰਦਰ ਦਲਵੀ ਅਤੇ ਹੀਨਾ ਕਾਵੜੇ ਹਨ, ਜੋ ਤਰਤੀਬਵਾਰ ਮਾਝਾ, ਮਾਲਵਾ ਅਤੇ ਦੋਆਬਾ ਖੇਤਰਾਂ ਦੀ ਦੇਖਰੇਖ ਕਰਦੇ ਹਨ। ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਇਨ੍ਹੀਂ ਦਿਨੀਂ ਏ. ਆਈ. ਸੀ. ਸੀ. ਸਕੱਤਰਾਂ ਦੀ ਇਕ ਨਵੀਂ ਟੀਮ ਨਿਯੁਕਤ ਕਰਨ ਲਈ ਪਾਰਟੀ ਦੀ ਕਵਾਇਦ ਦੇ ਤਹਿਤ ਉਮੀਦਵਾਰਾਂ ਦੀ ਇੰਟਰਵਿਊ ਲੈ ਰਹੇ ਹਨ। ਲਗਭਗ 150 ਸੰਭਾਵਿਤ ਉਮੀਦਵਾਰਾਂ ਵਿਚੋਂ ਲਗਭਗ 40 ਨੂੰ ਸ਼ਾਰਟਲਿਸਟ ਕੀਤੇ ਜਾਣ ਦੀ ਖ਼ਬਰ ਹੈ। ਪੁਨਰਗਠਿਤ ਟੀਮ ’ਚ ਕਈ ਨਵੇਂ ਚਿਹਰਿਆਂ ਨੂੰ ਸ਼ਾਮਲ ਕੀਤੇ ਜਾਣ ਦੀ ਉਮੀਦ ਹੈ ਕਿਉਂਕਿ ਰਾਹੁਲ ਆਗਾਮੀ ਚੋਣ ਲੜਾਈਆਂ ਤੋਂ ਪਹਿਲਾਂ ਕਾਂਗਰਸ ਸੰਗਠਨ ਨੂੰ ਨਵਾਂ ਆਕਾਰ ਦੇਣਾ ਚਾਹੁੰਦੇ ਹਨ। ਪਾਇਲਟ ਦੇ ਕੱਦ ’ਚ ਇਸ ਵਾਧੇ ਨੂੰ ਕਈ ਲੋਕ ਲੀਡਰਸ਼ਿਪ ਦੁਆਰਾ ਉਨ੍ਹਾਂ ਦੇ ਚੋਣ ਰਣਨੀਤੀ ਕੌਸ਼ਲ ਅਤੇ ਸਭ ਨੂੰ ਨਾਲ ਲੈ ਕੇ ਚੱਲਣ ਦੀ ਸਮਰੱਥਾ ’ਤੇ ਜਤਾਏ ਗਏ ਵਿਸ਼ਵਾਸ ਦੇ ਰੂਪ ’ਚ ਦੇਖ ਰਹੇ ਹਨ। ਪੰਜਾਬ ’ਚ ਕਾਂਗਰਸ ਮੁੱਖ ਵਿਰੋਧੀ ਦਲ ਹੈ ਪਰ ਪਾਇਲਟ ਦੇ ਸਾਹਮਣੇ ਤਤਕਾਲੀ ਚੁਣੌਤੀ ਇਸ ਦੇ ਨੇਤਾਵਾਂ ਅਤੇ ਗੁੱਟਾਂ ਵਿਚਾਲੇ ਮਤਭੇਦਾਂ ਨੂੰ ਸੁਲਝਾਉਣਾ ਹੋਵੇਗੀ।

ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਮੇਤ ਕਈ ਸੀਨੀਅਰ ਨੇਤਾਵਾਂ ਦਾ ਆਪਣਾ-ਆਪਣਾ ਰਾਜਨੀਤਕ ਜਨ ਆਧਾਰ ਅਤੇ ਪ੍ਰਭਾਵ ਖੇਤਰ ਹੈ। ਹਾਲ ਹੀ ਦੇ ਮਹੀਨਿਆਂ ’ਚ ਸੀਨੀਅਰ ਪੰਜਾਬ ਕਾਂਗਰਸ ਨੇਤਾਵਾਂ ਵਿਚਾਲੇ ਮਤਭੇਦ ਵਾਰ-ਵਾਰ ਸਤ੍ਹਾ ’ਤੇ ਆਏ ਹਨ। ਇਸ ਲਈ ਪਾਇਲਟ ਦੀ ਨਿਯੁਕਤੀ ਨੂੰ ਪਾਰਟੀ ਲੀਡਰਸ਼ਿਪ ਦੁਆਰਾ ਅੰਦਰੂਨੀ ਗੁੱਟਬਾਜ਼ੀ ’ਤੇ ਕਾਬੂ ਪਾਉਣ ਅਤੇ ਚੋਣਾਂ ਤੋਂ ਪਹਿਲਾਂ ਇਕ ਇਕਜੁੱਟ ਸੰਗਠਨ ਪੇਸ਼ ਕਰਨ ਦੇ ਕਦਮ ਦੇ ਰੂਪ ’ਚ ਦੇਖਿਆ ਜਾ ਰਿਹਾ ਹੈ। ਇਸ ਦੌਰਾਨ, ਸਚਿਨ ਪਾਇਲਟ ਨੇ ਸਪੱਸ਼ਟ ਕੀਤਾ ਹੈ ਕਿ ਪਾਰਟੀ 2027 ਦੀਆਂ ਵਿਧਾਨ ਸਭਾ ਚੋਣਾ ਤੋਂ ਪਹਿਲਾਂ ਮੁੱਖ ਮੰਤਰੀ ਅਹੁਦੇ ਦਾ ਕੋਈ ਉਮੀਦਵਾਰ ਐਲਾਨ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਮੁਹਿੰਮ ਦੀ ਅਗਵਾਈ ਕਰਨਗੇ, ਜਦੋਂਕਿ ਮੁੱਖ ਮੰਤਰੀ ਦੀ ਚੋਣ ਪਾਰਟੀ ਦੁਆਰਾ ਬਹੁਮਤ ਹਾਸਲ ਕਰਨ ਤੋਂ ਬਾਅਦ ਹੀ ਕੀਤੀ ਜਾਵੇਗੀ।

ਸਪਾ ਦਾ ਨਵੀਂ ‘ਦ੍ਰਿਸ਼ ਪਛਾਣ’ ਨਾਲ ਪ੍ਰਯੋਗ : 2027 ਦੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਨਜ਼ਦੀਕ ਆਉਣ ਦੇ ਨਾਲ, ਸਪਾ ਨੌਜਵਾਨਾਂ ਅਤੇ ਦਲਿਤਾਂ ਵਿਚਕਾਰ ਆਪਣੀ ਪਹੁੰਚ ਵਧਾਉਣ ਦੇ ਉਦੇਸ਼ ਨਾਲ ਇਕ ਨਵੀਂ ‘ਦ੍ਰਿਸ਼ ਪਛਾਣ’ ਨਾਲ ਪ੍ਰਯੋਗ ਕਰਦੀ ਦਿਸ ਰਹੀ ਹੈ। ਹਾਲ ਹੀ ’ਚ ਅਖਿਲੇਸ਼ ਯਾਦਵ ਨੂੰ ਪਾਰਟੀ ਦੇ ਰਵਾਇਤੀ ਲਾਲ ਅਤੇ ਹਰੇ ਰੰਗਾਂ ਦੀ ਬਜਾਏ ਇਕ ਨੀਲੇ ਰੰਗ ਦਾ ਗਮਛਾ ਪਹਿਨੇ ਦੇਖਿਆ ਗਿਆ ਸੀ। ਇਸ ਬਦਲਾਅ ਨੇ ਰਾਜਨੀਤਕ ਪ੍ਰਮੁੱਖਤਾ ਹਾਸਲ ਕਰ ਲਈ ਹੈ ਕਿਉਂਕਿ ਪਾਰਟੀ ਦੀ ਵਿਦਿਆਰਥੀ ਇਕਾਈ ਵੀ ਨੀਲੇ ਰੰਗ ਦੇ ਥੀਮ ਵਾਲੇ ਰੂਪ ਵੱਲ ਵਧ ਰਹੀ ਹੈ, ਜਿਸ ’ਚ ਮੈਂਬਰਾਂ ਨੂੰ ਲਾਲ ਟੋਪੀ ਦੇ ਨਾਲ ਨੀਲੀ ਟੀ-ਸ਼ਰਟ ਅਤੇ ਜੀਨਸ ਪਹਿਨਣ ਲਈ ਕਿਹਾ ਜਾ ਰਿਹਾ ਹੈ। ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਮੰਗਲਵਾਰ ਨੂੰ ਕਿਹਾ ਕਿ ਇਹ ਰੰਗ ਨਾ ਕੇਵਲ ਲੋਕਤੰਤਰ, ਸੰਵਿਧਾਨ ਅਤੇ ਬਹੁਜਨ ਅੰਦੋਲਨ ਦਾ ਹੈ, ਸਗੋਂ ਸਮਾਜ ’ਚ ਕਿਸੇ ਵੀ ਪ੍ਰਕਾਰ ਦੇ ਅਨਿਆਂ ਦੇ ਖ਼ਿਲਾਫ਼ ਵਿਦਰੋਹ ਦਾ ਵੀ ਪ੍ਰਤੀਕ ਹੈ। ਸਪਾ ਮੁਖੀ ਨੇ ਵਿਦਿਆਰਥੀਆਂ, ਵਿਸ਼ੇਸ਼ ਤੌਰ ’ਤੇ ਜੈੱਨ ਜ਼ੈੱਡ ਅਤੇ ਜੈੱਨ ਅਲਫ਼ਾ ਨਾਲ ਜੁੜਨ ਦੇ ਉਦੇਸ਼ ਨਾਲ ਸਿੱਖਿਆ ਸੰਸਥਾਨਾਂ ’ਚ 2 ਹਫ਼ਤੇ ਦੇ ‘ਵਿਦਿਆਰਥੀ ਜਾਗਰੂਕਤਾ ਹਫ਼ਤੇ’ ਦਾ ਵੀ ਐਲਾਨ ਕੀਤਾ। ਸਪਾ ਦੀ ਰਵਾਇਤੀ ਲਾਲ ਟੋਪੀ ਉਸਦੀ ਸਭ ਤੋਂ ਮਜ਼ਬੂਤ ਦ੍ਰਿਸ਼ ਪਛਾਣਾਂ ਵਿਚੋਂ ਇਕ ਰਹੀ ਹੈ। ਜੀਨਸ ਅਤੇ ਟੀ-ਸ਼ਰਟ ਦੇ ਨਾਲ-ਨਾਲ ਨੀਲੇ ਰੰਗ ਦਾ ਉੱਭਰਨਾ ਇਕ ਵਾਧੂ ਰਾਜਨੀਤਕ ਸ਼ਬਦਾਵਲੀ ਬਣਾਉਣ ਦੇ ਯਤਨ ਦਾ ਸੰਕੇਤ ਦੇ ਸਕਦਾ ਹੈ, ਜੋ ਅੰਬੇਡਕਰਵਾਦੀ ਵੋਟਰਾਂ ਅਤੇ ਨੌਜਵਾਨ ਪੀੜ੍ਹੀ ਦੋਵਾਂ ਨਾਲ ਇਕੋ ਸਮੇਂ ਗੱਲ ਕਰਦੀ ਹੈ।

ਯੂ. ਪੀ. ’ਚ ਕਾਂਗਰਸ ਦੀ ਸਿਰਦਰਦੀ : ਉੱਤਰ ਪ੍ਰਦੇਸ਼ ’ਚ ਅਗਲੇ ਸਾਲ ਦੀ ਸ਼ੁਰੂਆਤ ’ਚ ਚੋਣਾਂ ਹੋਣੀਆਂ ਹਨ ਅਤੇ ਸਮਾਜਵਾਦੀ ਪਾਰਟੀ (ਸਪਾ) ਦੇ ਨਾਲ ਸੀਟ-ਵੰਡਣ ਦੀ ਵਿਵਸਥਾ ਨੂੰ ਅੰਤਿਮ ਰੂਪ ਦੇਣਾ ਅਜੇ ਬਾਕੀ ਹੈ। ਅਜਿਹੇ ’ਚ ਕਾਂਗਰਸ ਦੇ ਸਾਹਮਣੇ ਪ੍ਰਦੇਸ਼ ਪ੍ਰਧਾਨ ਅਜੇ ਰਾਏ ਅਤੇ ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਇੰਚਾਰਜ ਰਾਜੇਂਦਰ ਪਾਲ ਗੌਤਮ ਵਿਚਾਲੇ ਮਤਭੇਦ ਜਿਹੀ ਸਿਰਦਰਦੀ ਬਣੀ ਹੋਈ ਹੈ। ਅਜੇ ਰਾਏ ਵਾਰਾਣਸੀ ਦੇ ਇਕ ਭੂਮੀਹਾਰ ਹਨ ਅਤੇ ਗੌਤਮ ਇਕ ਦਲਿਤ ਨੇਤਾ ਹਨ, ਜੋ ਪਹਿਲਾਂ ਦਿੱਲੀ ’ਚ ਆਮ ਆਦਮੀ ਪਾਰਟੀ ਦੇ ਨਾਲ ਸਨ। ਰਾਏ ਨੂੰ ਅਗਸਤ 2023 ’ਚ ਪ੍ਰਦੇਸ਼ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ, ਜਦੋਂਕਿ ਗੌਤਮ ਨੇ ਇਸ ਸਾਲ ਜੂਨ ’ਚ ਏ. ਆਈ. ਸੀ. ਸੀ. ਇੰਚਾਰਜ ਦੇ ਰੂਪ ’ਚ ਕਾਰਜਭਾਰ ਸੰਭਾਲਿਆ ਸੀ। ਇਸ ਦੌਰਾਨ, ਗੌਤਮ ਕਥਿਤ ਤੌਰ ’ਤੇ ਰਾਜ ਦੀ ਲੀਡਰਸ਼ਿਪ ’ਚ ਬਦਲਾਅ ’ਤੇ ਵਿਚਾਰ ਕਰ ਰਹੇ ਹਨ ਅਤੇ ਚਾਹੁੰਦੇ ਹਨ ਕਿ ਪਾਰਟੀ ਦਲਿਤ ਅਤੇ ਮੁਸਲਮਾਨ ਵੋਟਰਾਂ ’ਤੇ ਜ਼ਿਆਦਾ ਜ਼ੋਰ ਦੇਵੇ, ਜਦੋਂਕਿ ਰਾਏ ਕਥਿਤ ਤੌਰ ’ਤੇ ਗੌਤਮ ਦੀ ਕਾਰਜਪ੍ਰਣਾਲੀ ਤੋਂ ਅਸੰਤੁਸ਼ਟ ਹਨ। ਕਈ ਲੋਕਾਂ ਨੇ ਗੌਤਮ ’ਤੇ ਪ੍ਰਦੇਸ਼ ਪ੍ਰਧਾਨ ਦੀ ਤਰ੍ਹਾਂ ਕੰਮ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਹੈ। ਪਾਰਟੀ ਦੇ ਪ੍ਰੋਗਰਾਮਾਂ ’ਚ ਰਾਏ ਅਤੇ ਗੌਤਮ ਦੁਆਰਾ ਇਕ-ਦੂਸਰੇ ਤੋਂ ਬਚਣ ਦੀਆਂ ਕਈ ਉਦਾਹਰਣਾਂ ਸਾਹਮਣੇ ਆਈਆਂ ਹਨ। ਹਾਲਾਂਕਿ ਦੋਵਾਂ ਨੇਤਾਵਾਂ ਨੇ ਆਪਸ ’ਚ ਕਿਸੇ ਵੀ ਤਰ੍ਹਾਂ ਦੇ ਟਕਰਾਅ ਤੋਂ ਇਨਕਾਰ ਕੀਤਾ ਹੈ।

ਹਲਦਵਾਨੀ ਬਣਿਆ ਚੋਣ ਜੰਗ ਦਾ ਕੇਂਦਰ : ਉੱਤਰਾਖੰਡ ਦੇ ਨੈਨੀਤਾਲ ਜ਼ਿਲੇ ਦਾ ਹਲਦਵਾਨੀ ਸ਼ਹਿਰ ਕਾਂਗਰਸ ਅਤੇ ਭਾਜਪਾ ਵਿਚਕਾਰ ਚੋਣ ਜੰਗ ਦਾ ਕੇਂਦਰ ਬਣ ਕੇ ਉੱਭਰਿਆ ਹੈ। ਇਹ ਵਿਵਾਦ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ (ਜੋ ਦਲਿਤ ਹਨ) ਦੀ ਰੈਲੀ ਦੇ ਬਾਅਦ ਇਕ ਕੱਟੜਪੰਥੀ ਹਿੰਦੂਤਵ ਸਮੂਹ ਦੁਆਰਾ ਰਾਮਲੀਲਾ ਮੈਦਾਨ ਦਾ ਕਥਿਤ ਤੌਰ ’ਤੇ ‘ਸ਼ੁੱਧੀਕਰਨ’ ਕੀਤੇ ਜਾਣ ਨੂੰ ਲੈ ਕੇ ਹੈ। ਭਾਜਪਾ ਪ੍ਰਧਾਨ ਨਿਤਿਨ ਨਬੀਨ ਬੁੱਧਵਾਰ ਨੂੰ ਪਾਰਟੀ ਦੀ ਵਿਸਤ੍ਰਿਤ ਰਾਜ ਵਰਕਿੰਗ ਕਮੇਟੀ ਦੀ ਬੈਠਕ ’ਚ ਹਿੱਸਾ ਲੈਣ ਲਈ ਸ਼ਹਿਰ ਪਹੁੰਚੇ, ਜਿੱਥੇ ਉਨ੍ਹਾਂ ਨੇ ਕਾਂਗਰਸ ’ਤੇ ਰਾਮਲੀਲਾ ਮੈਦਾਨ ਦੀ ਘਟਨਾ ਨੂੰ ਰਾਜਨੀਤਕ ਮੁੱਦਾ ਬਣਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਅਤੇ ਡਾ. ਬੀ. ਆਰ. ਅੰਬੇਡਕਰ ਵਰਗੇ ਦਲਿਤ ਪ੍ਰਤੀਕਾਂ ’ਤੇ ਇਸ ਦੇ ਟਰੈਕ ਰਿਕਾਰਡ ’ਤੇ ਸਵਾਲ ਉਠਾਏ। ਦੂਜੇ ਪਾਸੇ, ਸ਼ਹਿਰ ਦੇ ਬੁੱਧ ਪਾਰਕ ’ਚ ਵੱਡੀ ਗਿਣਤੀ ’ਚ ਕਾਂਗਰਸੀ ਇਕੱਠੇ ਹੋਏ ਅਤੇ ਲਗਭਗ ਅੱਧਾ ਕਿਲੋਮੀਟਰ ਦੂਰ ਸਥਿਤ ਭਾਜਪਾ ਦੇ ਬੈਠਕ ਸਥਾਨ ਵੱਲ ਵਧਣ ਦੀ ਕੋਸ਼ਿਸ਼ ਕੀਤੀ ਅਤੇ ਐਲਾਨ ਕੀਤਾ ਕਿ ਉਹ ਨਬੀਨ ਨੂੰ ਉੱਤਰਾਖੰਡ ’ਚ ਪ੍ਰਵੇਸ਼ ਨਹੀਂ ਕਰਨ ਦੇਣਾ ਚਾਹੁੰਦੇ। ਹਾਲਾਂਕਿ, ਉਨ੍ਹਾਂ ਦਾ ਸਾਹਮਣਾ ਪੁਲਸ ਬੈਰੀਕੇਡਸ ਨਾਲ ਹੋਇਆ ਅਤੇ ਉਨ੍ਹਾਂ ਨੂੰ ਅੱਧੇ ਰਸਤੇ ’ਚ ਹੀ ਰੁਕਣ ਲਈ ਮਜਬੂਰ ਹੋਣਾ ਪਿਆ। ਹਾਲਾਂਕਿ, ਕਾਂਗਰਸ ਅਤੇ ਭਾਜਪਾ ਦੇ ਨੇਤਾਵਾਂ ਦਾ ਮੰਨਣਾ ਹੈ ਕਿ ਹਲਦਵਾਨੀ ਵਿਵਾਦ ਦੇ ਉੱਤਰਾਖੰਡ ਤੋਂ ਅੱਗੇ ਵੀ ਪ੍ਰਭਾਵ ਹੋ ਸਕਦੇ ਹਨ, ਵਿਸ਼ੇਸ਼ ਰੂਪ ਨਾਲ ਪੰਜਾਬ ਅਤੇ ਉੱਤਰ ਪ੍ਰਦੇਸ਼ ਵਿਚ, ਜਿੱਥੇ ਵੀ ਅਗਲੇ ਸਾਲ ਦੀ ਸ਼ੁਰੂਆਤ ’ਚ ਚੋਣਾਂ ਹੋਣ ਵਾਲੀਆਂ ਹਨ ਅਤੇ ਐੱਸ. ਸੀ.-ਰਾਖਵੇਂ ਚੋਣ ਖੇਤਰਾਂ ਦੀ ਜ਼ਿਆਦਾ ਗਿਣਤੀ ਕਾਰਨ ਇਹ ਰਾਜਨੀਤਕ ਰੂਪ ਨਾਲ ਮਹੱਤਵਪੂਰਨ ਹਨ।

—ਰਾਹਿਲ ਨੋਰਾ ਚੋਪੜਾ


author

Anmol Tagra

Content Editor

Related News