ਭਾਰਤ ਦੇ ‘ਬ੍ਰਿਕਸ ਵਰ੍ਹੇ’ ਦੀਆਂ ਪ੍ਰਾਪਤੀਆਂ

Tuesday, Sep 22, 2026 - 03:08 PM (IST)

ਭਾਰਤ ਦੇ ‘ਬ੍ਰਿਕਸ ਵਰ੍ਹੇ’ ਦੀਆਂ ਪ੍ਰਾਪਤੀਆਂ

400 ਤੋਂ ਵੱਧ ਪ੍ਰੋਗਰਾਮਾਂ, 30 ਸ਼ਹਿਰਾਂ, ਇਕ ਡੀਪ-ਟੈੱਕ ਪ੍ਰਦਰਸ਼ਨੀ ਅਤੇ ਨਵੇਂ ਟੈਕਸ ਸਹਿਯੋਗ ਮੰਚਾਂ ਦੇ ਨਾਲ, ਭਾਰਤ ਦੀ 2026 ਦੀ ਪ੍ਰਧਾਨਗੀ ਨੇ ਬ੍ਰਿਕਸ ਪ੍ਰਧਾਨਗੀ ਦੇ ਅਰਥ ਨੂੰ ਵਿਆਪਕ ਬਣਾਉਣ ਦਾ ਯਤਨ ਕੀਤਾ।

ਨਵੀਂ ਦਿੱਲੀ ’ਚ 18ਵੇਂ ਬ੍ਰਿਕਸ ਸੰਮੇਲਨ ਨਾਲ ਭਾਰਤ ਦੀ ਚੌਥੀ ਬ੍ਰਿਕਸ ਪ੍ਰਧਾਨਗੀ ਸੰਪੰਨ ਹੋਈ। ਇਸ ਤੋਂ ਪਹਿਲਾਂ 2012, 2016 ਅਤੇ 2021 ’ਚ ਭਾਰਤ ਇਹ ਪ੍ਰਧਾਨਗੀ ਕਰ ਚੁੱਕਾ ਹੈ। ਇਹ ਵਰ੍ਹਾ ਬ੍ਰਿਕਸ ਦੀ ਸਥਾਪਨਾ ਦੇ ਵੀਹ ਸਾਲ ਪੂਰੇ ਹੋਣ ਦੇ ਮੌਕੇ ’ਤੇ ਵੀ ਆਇਆ, ਜਦੋਂ ਇਸ ਦੇ ਮੈਂਬਰਾਂ ਦੀ ਗਿਣਤੀ ਅਤੇ ਭੂਗੋਲਿਕ ਵਿਸਥਾਰ ਪਹਿਲਾਂ ਨਾਲੋਂ ਕਿਤੇ ਵੱਧ ਹੋ ਚੁੱਕਾ ਹੈ।

ਸੰਮੇਲਨ ਦਾ ਉਦਘਾਟਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਪ੍ਰਧਾਨਗੀ ਨੂੰ “ਜਨ-ਕੇਂਦਰਿਤ ਅਤੇ ਮਨੁੱਖਤਾ-ਪਹਿਲਾ ਦ੍ਰਿਸ਼ਟੀਕੋਣ” ਤੋਂ ਪ੍ਰੇਰਿਤ ਦੱਸਿਆ, ਜੋ ਸਹਿਣਸ਼ੀਲਤਾ, ਨਵਾਚਾਰ, ਸਹਿਯੋਗ ਅਤੇ ਸਥਿਰਤਾ ’ਤੇ ਆਧਾਰਿਤ ਹੈ। ਇਹੀ ਇਸ ਵਰ੍ਹੇ ਦਾ ਅਧਿਕਾਰਤ ਵਿਸ਼ਾ ਵੀ ਰਿਹਾ। ਨਵੀਂ ਦਿੱਲੀ ਐਲਾਨ-ਪੱਤਰ ’ਚ ਪ੍ਰਭੂਸੱਤਾ ਸਮਾਨਤਾ, ਆਪਸੀ ਸਤਿਕਾਰ ਅਤੇ ਸਹਿਮਤੀ ਦੀ ਮੁੜ ਪੁਸ਼ਟੀ ਕੀਤੀ ਗਈ, ਵੱਧ ਪ੍ਰਤੀਨਿਧਤਾ ਵਾਲੀ ਅਤੇ ਉੱਤਰਦਾਈ ਬਹੁਪੱਖੀ ਵਿਵਸਥਾ ਦੀ ਮੰਗ ਕੀਤੀ ਗਈ।

ਇਕ ਵਿਆਪਕ ਮੰਚ : ਇਸ ਵਰ੍ਹੇ ਦੀ ਹਿੱਸੇਦਾਰੀ ਬੜੀ ਖਾਸ ਰਹੀ। ਐਲਾਨ-ਪੱਤਰ ’ਚ ਭਾਰਤ ਦੇ 30 ਸ਼ਹਿਰਾਂ ’ਚ ਕਰਵਾਈਆਂ 400 ਤੋਂ ਵੱਧ ਬੈਠਕਾਂ ਅਤੇ ਪ੍ਰੋਗਰਾਮਾਂ ਦਾ ਸਵਾਗਤ ਕੀਤਾ ਗਿਆ, ਜਿਨ੍ਹਾਂ ’ਚ ਮੰਤਰੀ, ਸੰਸਦ ਮੈਂਬਰ, ਅਧਿਕਾਰੀ, ਮਾਹਿਰ ਅਤੇ ਵਪਾਰਕ ਪ੍ਰਤੀਨਿਧ ਸ਼ਾਮਲ ਹੋਏ। ਬ੍ਰਿਕਸ ਨੇ ਯੂਨੀਵਰਸਿਟੀਆਂ, ਖੋਜ ਸੰਸਥਾਵਾਂ ਅਤੇ ਦੇਸ਼ ਭਰ ਦੀਆਂ ਕੰਪਨੀਆਂ ਤੱਕ ਆਪਣੀ ਪਹੁੰਚ ਬਣਾਈ।

ਜਿੱਥੇ ਕੂਟਨੀਤੀ ਡੀਪ-ਟੈੱਕ ਨਾਲ ਮਿਲਦੀ ਹੈ : ਇਸ ਦੀ ਸਭ ਤੋਂ ਸਪੱਸ਼ਟ ਉਦਾਹਰਣ ਸੀ ਬ੍ਰਿਕਸ ਬਿਜ਼ਨੈੱਸ ਫੋਰਮ ਦੇ ਨਾਲ 11-12 ਸਤੰਬਰ ਨੂੰ ਭਾਰਤ ਮੰਡਪਮ ’ਚ ਲਗਾਈ “ਬ੍ਰਿਕਸ ਭਾਰਤ ਇਨੋਵੇਟਸ ਪ੍ਰਦਰਸ਼ਨੀ”। ਸਿੱਖਿਆ ਮੰਤਰਾਲੇ ਵੱਲੋਂ ਵਿਦੇਸ਼ ਮੰਤਰਾਲੇ ਦੇ ਸਹਿਯੋਗ ਨਾਲ ਲਗਾਈ ਇਸ ਪ੍ਰਦਰਸ਼ਨੀ ’ਚ ਭਾਰਤ ਦੇ 37 ਡੀਪ-ਟੈੱਕ ਸਟਾਰਟਅੱਪਾਂ ਅਤੇ ਉੱਦਮਾਂ ਨੂੰ ਬ੍ਰਿਕਸ ਦੇਸ਼ਾਂ ਦੇ ਵਪਾਰੀਆਂ, ਨਿਵੇਸ਼ਕਾਂ ਅਤੇ ਸੰਸਥਾਵਾਂ ਦੇ ਸਾਹਮਣੇ ਪੇਸ਼ ਕੀਤਾ ਗਿਆ। ਇਸ ਦੇ ਪਿੱਛੇ ਵਿਚਾਰ ਸਿੱਧਾ ਹੈ : ਕੂਟਨੀਤਕ ਮੰਚ ਦੀ ਵਰਤੋਂ ਵਪਾਰਕ ਬੂਹੇ ਖੋਲ੍ਹਣ ਲਈ ਕੀਤੀ ਜਾਵੇ, ਭਾਵੇਂ ਉਹ ਤਕਨੀਕੀ ਸਾਂਝੇਦਾਰੀ ਹੋਵੇ, ਨਿਵੇਸ਼ ਹੋਵੇ ਜਾਂ ਬਾਜ਼ਾਰ ਤੱਕ ਪਹੁੰਚ। ਇਹ ਗੱਲਬਾਤ ਅਸਲ ’ਚ ਸਮਝੌਤਿਆਂ ’ਚ ਬਦਲਦੀ ਹੈ ਜਾਂ ਨਹੀਂ, ਇਹੋ ਇਸ ਦੀ ਅਸਲ ਪ੍ਰੀਖਿਆ ਹੋਵੇਗੀ।

ਤਕਨਾਲੋਜੀ, ਵਿੱਤ ਅਤੇ ਬਾਰੀਕੀਆਂ : ਤਕਨਾਲੋਜੀ ਇਸ ਪੂਰੇ ਏਜੰਡੇ ’ਚ ਕੇਂਦਰੀ ਵਿਸ਼ਾ ਰਹੀ। ਐਲਾਨ-ਪੱਤਰ ’ਚ ਵਿਗਿਆਨ ਅਤੇ ਨਵਾਚਾਰ ’ਚ ਸਹਿਯੋਗ ਦਾ ਸਮਰਥਨ ਕੀਤਾ ਗਿਆ, ਬ੍ਰਿਕਸ ਇਨਕਿਊਬੇਟਰ ਨੈੱਟਵਰਕ, ਬ੍ਰਿਕਸ ਵਿਗਿਆਨ ਤੇ ਖੋਜ ਭੰਡਾਰ ਅਤੇ ਕਵਾਂਟਮ ਤਕਨਾਲੋਜੀ ’ਤੇ ਕੰਮ ਦਾ ਸਵਾਗਤ ਕੀਤਾ ਗਿਆ ਅਤੇ ਬ੍ਰਿਕਸ ਸਟਾਰਟਅੱਪ ਇਨੋਵੇਸ਼ਨ ਫੰਡ ’ਤੇ ਅੱਗੇ ਵਿਚਾਰ ਕਰਨ ਦੀ ਗੱਲ ਕਹੀ ਗਈ। ਇਸ ’ਚ ਡਿਜੀਟਲ ਜਨਤਕ ਅੰਦਰੂਨੀ ਢਾਂਚੇ , ਡਿਜੀਟਲ ਹੁਨਰ ਅਤੇ ਮਜ਼ਬੂਤ ਸੰਪਰਕ-ਵਿਵਸਥਾ ’ਤੇ ਜ਼ੋਰ ਦਿੱਤਾ ਗਿਆ, ਜਿਸ ’ਚ ਸਮੁੰਦਰ ਦੇ ਹੇਠਾਂ ਵਿਛਾਈਆਂ ਗਈਆਂ ਕੇਬਲਾਂ ਵੀ ਸ਼ਾਮਲ ਹਨ। ਨਾਲ ਹੀ ਸੁਲਭ, ਸੁਰੱਖਿਅਤ ਅਤੇ ਭਰੋਸੇਯੋਗ ਏ.ਆਈ. ਦਾ ਸਮਰਥਨ ਕਰਦੇ ਹੋਏ ਇਸ ਦੇ ਜੋਖਮਾਂ ਨੂੰ ਵੀ ਪ੍ਰਵਾਨ ਕੀਤਾ ਗਿਆ।

ਘੱਟ ਚਰਚਿਤ ਪਰ ਮਹੱਤਵਪੂਰਨ ਵਿਸ਼ਾ ਰਿਹਾ ਟੈਕਸ-ਸਹਿਯੋਗ । ਬ੍ਰਿਕਸ ਟੈਕਸ ਅਥਾਰਟੀਆਂ ਨੇ ਅੰਤਰਰਾਸ਼ਟਰੀ ਟੈਕਸੇਸ਼ਨ, ਟ੍ਰਾਂਸਫਰ ਪ੍ਰਾਈਸਿੰਗ ਅਤੇ ਮਾਲੀਏ ਦੇ ਅੰਕੜਿਆਂ ’ਤੇ ਕੰਮ ਕੀਤਾ, ਜਿਸ ’ਚ ‘ਬ੍ਰਿਕਸ ਟੈਕਸ ਸਹਾਇਤਾ ਨੈੱਟਵਰਕ’ ਅਤੇ ‘ਟੈਕਸ ਕ੍ਰਾਸ-ਲਰਨਿੰਗ ਲੈਬ’ ਗਿਆਨ-ਸਾਂਝਾ ਕਰਨ ਵਾਲੇ ਮੰਚਾਂ ਵਜੋਂ ਕੰਮ ਕਰ ਰਹੇ ਹਨ। ਵਿਕਾਸਸ਼ੀਲ ਅਰਥਵਿਵਸਥਾਵਾਂ ਲਈ, ਜੋ ਅਕਸਰ ਸਮਾਨ ਕਰਾਸ-ਬਾਰਡਰ ਟੈਕਸ ਸਬੰਧੀ ਪ੍ਰਸ਼ਨਾਂ ਦਾ ਸਾਹਮਣਾ ਕਰਦੀਆਂ ਹਨ, ਤਜਰਬਿਆਂ ਦਾ ਵਟਾਂਦਰਾ ਸਹਿਯੋਗ ਹੈ।

ਜਨਤਾ, ਸਿਹਤ ਅਤੇ ਖੁਰਾਕ ਸੁਰੱਖਿਆ: ਸਰਕਾਰਾਂ ਤੋਂ ਅੱਗੇ ਵਧ ਕੇ, ਇਸ ਪ੍ਰਧਾਨਗੀ ਨੇ ਸੰਸਦੀ, ਵਪਾਰਕ, ਅਕਾਦਮਿਕ, ਨੌਜਵਾਨ, ਮਹਿਲਾ-ਕਾਰੋਬਾਰ, ਥਿੰਕ-ਟੈਂਕ ਅਤੇ ਨਾਗਰਿਕ ਸਮਾਜ ਦੇ ਮੰਚਾਂ ਨੂੰ ਵੀ ਇਕਜੁੱਟ ਕੀਤਾ। ਸਿੱਖਿਆ, ਰੋਜ਼ਗਾਰ ਅਤੇ ਤਕਨਾਲੋਜੀ ’ਚ ਹੋ ਰਹੇ ਬਦਲਾਅ ਦੇ ਕੇਂਦਰ ’ਚ ਨੌਜਵਾਨ ਵਰਗ ਹੈ ਅਤੇ ਉਨ੍ਹਾਂ ਵਿਚਕਾਰ ਬਣੇ ਨੈੱਟਵਰਕ ਕਿਸੇ ਵੀ ਇਕ ਪ੍ਰਧਾਨਗੀ ਤੋਂ ਕਿਤੇ ਅੱਗੇ ਤੱਕ ਟਿਕੇ ਰਹਿ ਸਕਦੇ ਹਨ। ਕੋਚੀ ’ਚ ਕਰਵਾਈ ਬ੍ਰਿਕਸ ਮਹਿਲਾ ਮੰਤਰੀ-ਪੱਧਰੀ ਬੈਠਕ ’ਚ ਅੌਰਤਾਂ ਲਈ ਵਿੱਤੀ ਅਤੇ ਡਿਜੀਟਲ ਸਮਾਵੇਸ਼ਨ, ਹੁਨਰ, ਉੱਦਮਤਾ ਅਤੇ ਅਗਵਾਈ ਵਰਗੇ ਵਿਸ਼ਿਆਂ ਨੂੰ ਪਹਿਲ ਦਿੱਤੀ ਗਈ।

ਸਿਹਤ ਦੇ ਖੇਤਰ ’ਚ, ਐਲਾਨ-ਪੱਤਰ ਨੇ “ਸਿਹਤਮੰਦ ਜੀਵਨਸ਼ੈਲੀ ਲਈ ਬ੍ਰਿਕਸ ਮਿਸ਼ਨ” ਅਤੇ 2026-2029 ਲਈ ਇਕ ਸਾਂਝੀ ਕਾਰਜ-ਯੋਜਨਾ ਦਾ ਸਮਰਥਨ ਕੀਤਾ। ਮਾਨਸਿਕ ਸਿਹਤ ਦੇ ਸੰਦਰਭ ’ਚ ਇਸ ਨੇ ਇਕ ਸਿਖਲਾਈ ਕੇਂਦਰ ਨੈੱਟਵਰਕ ਅਤੇ ਉੱਤਮਤਾ ਕੇਂਦਰਾਂ ਦੇ ਨੈੱਟਵਰਕ ਦਾ ਸਮਰਥਨ ਕੀਤਾ, ਜਿਨ੍ਹਾਂ ’ਚ ‘ਨਿਮਹਾਂਸ’ ਤਾਲਮੇਲ ਕੇਂਦਰ ਦੀ ਭੂਮਿਕਾ ਨਿਭਾਏਗਾ। ਇਸ ਨੇ ਪ੍ਰੰਪਰਾਗਤ, ਪੂਰਕ ਅਤੇ ਸਮੇਕਿਤ ਡਾਕਟਰੀ ’ਤੇ ਇਕ ਬ੍ਰਿਕਸ ਮਾਹਿਰ ਕਾਰਜ-ਸਮੂਹ ਦਾ ਵੀ ਸਮਰਥਨ ਕੀਤਾ, ਜਿਸ ’ਚ ਪ੍ਰਮਾਣ-ਆਧਾਰਿਤ ਦ੍ਰਿਸ਼ਟੀਕੋਣ ਅਤੇ ਉਚਿਤ ਨਿਯਮਨ ’ਤੇ ਜ਼ੋਰ ਦਿੱਤਾ ਗਿਆ। ਖੁਰਾਕ ਸੁਰੱਖਿਆ ਦੇ ਮਾਮਲੇ ’ਚ ਮੈਂਬਰ ਦੇਸ਼ਾਂ ਨੇ ਸੰਭਾਵੀ “ਬ੍ਰਿਕਸ ਖੁਰਾਕ ਵਟਾਂਦਰਾ” ’ਤੇ ਅੱਗੇ ਚਰਚਾ ਦਾ ਸਵਾਗਤ ਕੀਤਾ।

ਵਿਸ਼ਵ ਪੱਧਰੀ ਦੱਖਣ ਅਤੇ ਇਕਰੂਪਤਾ ਦੀਆਂ ਹੱਦਾਂ: ਭਾਰਤ ਨੇ ਭਾਈਵਾਲ ਦੇਸ਼ਾਂ ਨੂੰ ਜੋੜਨ ਲਈ “ਆਊਟਰੀਚ/ਬ੍ਰਿਕਸ ਪਲੱਸ ਸੰਵਾਦ” ਦਾ ਆਯੋਜਨ ਕੀਤਾ, ਜੋ ਮਾਣਯੋਗ ਪ੍ਰਧਾਨ ਮੰਤਰੀ ਦੇ ਵਿਸ਼ਵ ਪੱਧਰੀ ਦੱਖਣ ਦੀਆਂ ਪਹਿਲਕਦਮੀਅਾਂ ਨੂੰ ਅੱਗੇ ਵਧਾਉਣ ਦੇ ਟੀਚੇ ਦੇ ਅਨੁਕੂਲ ਹੈ। ਐਲਾਨ-ਪੱਤਰ ’ਚ ਵੱਧ ਪ੍ਰਤੀਨਿਧਤਾ ਵਾਲੀ ਗਲੋਬਲ ਸ਼ਾਸਨ-ਵਿਵਸਥਾ ਦੀ ਮੰਗ ਦੁਹਰਾਈ ਗਈ, ਜਿਸ ’ਚ ਸੰਯੁਕਤ ਰਾਸ਼ਟਰ ਸੁਧਾਰ ਅਤੇ ਫੈਸਲਾ-ਪ੍ਰਕਿਰਿਆ ’ਚ ਵਿਕਾਸਸ਼ੀਲ ਦੇਸ਼ਾਂ ਦੀ ਵੱਧ ਪ੍ਰਤੀਨਿਧਤਾ ਦੀ ਗੱਲ ਸ਼ਾਮਲ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਭਾਰਤ ਦਾ ਇੰਨੇ ਵੱਡੇ ਅਤੇ ਵੰਨ-ਸੁਵੰਨੇ ਬ੍ਰਿਕਸ ਸਮੂਹ ਨੂੰ ਨਵੀਂ ਦਿੱਲੀ ਐਲਾਨ-ਪੱਤਰ ’ਤੇ ਸਹਿਮਤ ਕਰਨਾ ਇਕ ਮਹੱਤਵਪੂਰਨ ਕੂਟਨੀਤਕ ਪ੍ਰਾਪਤੀ ਹੈ। ਇਕ ਵਿਸਥਾਰਤ ਬ੍ਰਿਕਸ ਦਾ ਮਹੱਤਵ ਇਕਰੂਪਤਾ ’ਚ ਨਹੀਂ, ਸਗੋਂ ਵਿਹਾਰਕ ਸਹਿਯੋਗ ਦੀਆਂ ਸੰਭਾਵਨਾਵਾਂ ਨੂੰ ਖੋਜਣ ’ਚ ਹੈ।

ਭਵਿੱਖ ਦੀ ਦਿਸ਼ਾ: ਨਵੀਂ ਦਿੱਲੀ ਸਿਖਰ ਸੰਮੇਲਨ ਦੇ ਦੁਆਰਾ ਆਰੰਭ ਕੀਤੇ ਕਈ ਯਤਨਾਂ ਨੂੰ ਤਕਨਾਲੋਜੀ ਅਤੇ ਖੋਜ, ਡਿਜੀਟਲ ਸੰਪਰਕ-ਵਿਵਸਥਾ, ਆਰਥਿਕ ਭਾਈਵਾਲੀ, ਸਿਹਤ, ਖੇਤੀਬਾੜੀ ਅਤੇ ਨੌਜਵਾਨ ਸਹਿਯੋਗ ਵਰਗੇ ਖੇਤਰਾਂ ’ਚ ਨਿਰੰਤਰ ਤਕਨੀਕੀ ਕੰਮ ਅਤੇ ਤਾਲਮੇਲ ਦੀ ਲੋੜ ਹੋਵੇਗੀ।

ਪ੍ਰਧਾਨਗੀ ਕਰਨ ਵਾਲਿਆਂ ਨੂੰ ਉਨ੍ਹਾਂ ਦੇ ਐਲਾਨਾਂ ਤੋਂ ਘੱਟ ਅਤੇ ਇਸ ਗੱਲ ਤੋਂ ਵੱਧ ਯਾਦ ਰੱਖਿਆ ਜਾਂਦਾ ਹੈ ਕਿ ਸੱਤਾ-ਬਦਲੀ ਤੋਂ ਬਾਅਦ ਉਨ੍ਹਾਂ ਵਿਚੋਂ ਕੀ ਬਾਕੀ ਰਹਿੰਦਾ ਹੈ। ਭਾਰਤ ਦੇ ਇਸ ਵਰ੍ਹੇ ਦਾ ਮੁਲਾਂਕਣ ਇਸੇ ਗੱਲ ਤੋਂ ਹੋਵੇਗਾ ਕਿ ਅਗਲਾ ਸਿਖਰ ਸੰਮੇਲਨ ਆਯੋਜਿਤ ਹੋਣ ਤੱਕ ਇਨ੍ਹਾਂ ਵਿਚੋਂ ਕਿੰਨੇ ਯਤਨ ਸਰਗਰਮ ਰਹਿੰਦੇ ਹਨ।

- ਸੁਕਾਂਤ ਮਜ਼ੂਮਦਾਰ

(ਕੇਂਦਰੀ ਮੰਤਰੀ ਮੰਡਲ ’ਚ ਰਾਜ ਮੰਤਰੀ)


author

Anmol Tagra

Content Editor

Related News