ਜੀ.ਡੀ.ਪੀ. ਦੇ ਅੰਕੜਿਆਂ ਨੂੰ ਆਈਨਾ ਦਿਖਾਓ
Sunday, Sep 13, 2026 - 04:51 PM (IST)
ਜਿਵੇਂ ਕਿ ਕਿਸੇ ਨੇ ਚੁਟਕੀ ਲੈਂਦੇ ਹੋਏ ਕਿਹਾ ਸੀ, ਲੋਕ ਜੀ.ਡੀ.ਪੀ. ਦੇ ਅੰਕੜੇ ਨਹੀਂ ਖਾਂਦੇ। ਲੋਕ ਭੋਜਨ ਖਾਂਦੇ ਹਨ, ਕੱਪੜੇ ਅਤੇ ਜੁੱਤੀਆਂ ਪਹਿਨਦੇ ਹਨ, ਆਪਣੇ ਬੱਚਿਆਂ ਨੂੰ ਸਕੂਲ ਭੇਜਦੇ ਹਨ, ਦਵਾਈਆਂ ਖਰੀਦਦੇ ਹਨ, ਮੋਬਾਈਲ ਫੋਨ ਦੀ ਵਰਤੋਂ ਕਰਦੇ ਹਨ, ਟੈਲੀਵਿਜ਼ਨ ਦੇਖਦੇ ਹਨ, ਸੋਸ਼ਲ ਮੀਡੀਆ ਸਕ੍ਰੋਲ ਕਰਦੇ ਹਨ ਅਤੇ ਸੁਰੱਖਿਅਤ ਤੇ ਖੁਸ਼ਹਾਲ ਰਹਿਣਾ ਚਾਹੁੰਦੇ ਹਨ, ਜਿਸ ਨੂੰ ‘ਖਪਤ’ ਦੇ ਰੂਪ ’ਚ ਮਾਪਿਆ ਜਾਂਦਾ ਹੈ। ਕਰਾਂ ਅਤੇ ਛੋਟਾਂ (ਸਬਸਿਡੀ) ਦੇ ਸਮਾਯੋਜਨ ਤੋਂ ਬਾਅਦ, ਖਪਤ, ਨਿਵੇਸ਼, ਸਰਕਾਰੀ ਖਰਚ ਅਤੇ ਸ਼ੁੱਧ ਬਰਾਮਦ ਦਾ ਕੁੱਲ ਜੋੜ, ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ਹੁੰਦਾ ਹੈ। ਜੀ. ਡੀ. ਪੀ. ਦਾ ਮਾਪਣ, ਵਿਸ਼ੇਸ਼ ਰੂਪ ’ਚ ਜੀ. ਡੀ. ਪੀ. ਦੀ ਵਾਧਾ ਦਰ, ਅਰਥਵਿਵਸਥਾ ਦੀ ਸਿਹਤ ਨੂੰ ਆਂਕਣ ਲਈ ਬੇਹੱਦ ਅਹਿਮ ਹੈ।
ਸਿਹਤਮੰਦ ਬਹਿਸ : ਅੰਕੜੇ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ (ਐੱਮ. ਓ. ਐੱਸ. ਪੀ. ਆਈ.) ਨੇ 2026-27 ਦੀ ਪਹਿਲੀ ਤਿਮਾਹੀ ਦੇ ਜੀ. ਡੀ. ਪੀ. ਅੰਕੜੇ ਜਾਰੀ ਕਰ ਦਿੱਤੇ ਹਨ-2025-26 ਦੀ ਪਹਿਲੀ ਤਿਮਾਹੀ ਦੇ ਮੁਕਾਬਲੇ ਨਾਮਮਾਤਰ (ਮੌਜੂਦਾ) ਕੀਮਤਾਂ ’ਤੇ ਵਾਧਾ ਦਰ 10.3 ਫੀਸਦੀ ਅਤੇ ਸਥਿਰ ਕੀਮਤਾਂ ’ਤੇ 7.8 ਫੀਸਦੀ ਹੈ। ਸਰਕਾਰ ਅਤੇ ਸਰਕਾਰੀ ਅਰਥਸ਼ਾਸਤਰੀ ਖੁਸ਼ ਹਨ। ਸ਼ੱਕ ਕਰਨ ਵਾਲਿਆਂ ਨੇ ਸਵਾਲ ਚੁੱਕੇ ਹਨ। ਜੀ. ਡੀ. ਪੀ. ਦੇ ਅੰਕੜਿਆਂ ਦੀ ਭਰੋਸੇਯੋਗਤਾ ’ਤੇ ਤਿੱਖੀ ਬਹਿਸ ਛਿੜੀ ਹੋਈ ਹੈ। ‘ਇਕ ਰਾਸ਼ਟਰ, ਇਕ ਚੋਣ’ (ਜੋ ਸੰਘੀ ਸੰਸਦੀ ਲੋਕਤੰਤਰ ਨੂੰ ਕਮਜ਼ੋਰ ਕਰੇਗੀ) ਦੀ ਲੋੜ ’ਤੇ ਬਹਿਸ ਕਰਨ ਦੀ ਬਜਾਏ, ਜੀ. ਡੀ. ਪੀ. ਦੇ ਅੰਕੜਿਆਂ ’ਤੇ ਅਤੇ ਕੀ ਵਿਕਾਸ ਦੇ ਲਾਭ ਲੋਕਾਂ ਤੱਕ ਪਹੁੰਚ ਰਹੇ ਹਨ ਜਾਂ ਨਹੀਂ, ਇਸ ’ਤੇ ਬਹਿਸ ਕਰਨਾ ਬਿਹਤਰ ਹੈ।
ਮੈਂ ਇਸ ਰੌਲੇ ’ਚ ਹੋਰ ਇਜ਼ਾਫਾ ਨਹੀਂ ਕਰਨਾ ਚਾਹੁੰਦਾ।
ਮੰਨ ਲੈਂਦੇ ਹਾਂ ਕਿ ਐੱਮ. ਓ. ਐੱਸ. ਪੀ. ਆਈ. ਦੇ ਅੰਕੜੇ ਸਹੀ ਹਨ। ਦੋ ਵੱਖ-ਵੱਖ ਆਧਾਰ ਸਾਲਾਂ ’ਤੇ ਨਾਮਮਾਤਰ ਅਤੇ ਅਸਲ ਜੀ. ਡੀ. ਪੀ. ਦੀ ਚੱਕਰਵ੍ਰਿਧੀ ਸਾਲਾਨਾ ਵਾਧਾ ਦਰ (ਸੀ. ਏ. ਜੀ. ਆਰ.) ਦੀ ਮੇਰੀ ਗਣਨਾ ਇਸ ਤਰ੍ਹਾਂ ਹੈ (ਅੰਤ ’ਚ ਸੂਚੀ ਦੇਖੋ) :
ਵਿਸ਼ੇਸ਼ ਤੌਰ ’ਤੇ , ਪੁਰਾਣੇ ਆਧਾਰ ਸਾਲ ਅਤੇ ਨਵੇਂ ਆਧਾਰ ਸਾਲ, ਦੋਹਾਂ ’ਤੇ 2022-23 ਤੋਂ ਸ਼ੁਰੂ ਹੋਣ ਵਾਲਾ ਸੀ. ਏ. ਜੀ. ਆਰ. ਲਗਭਗ ਬਰਾਬਰ ਹੈ। 2026-27 ਦੀ ਪਹਿਲੀ ਤਿਮਾਹੀ ’ਚ ਵਿਕਾਸ ਦਰ ਸਿਰਫ ਮਾਮੂਲੀ ਤੌਰ ’ਤੇ ਵੱਧ ਹੈ। ਸਿੱਟਾ : 2026-27 ’ਚ ਅਰਥਵਿਵਸਥਾ ਨੇ ਗੀਅਰ ਨਹੀਂ ਬਦਲੇ ਅਤੇ ਨਾ ਹੀ ਇਹ ਓਵਰਡ੍ਰਾਈਵ ’ਚ ਹੈ। ਇਸ ਲਈ, ਕਿਸੇ ਵੀ ਤਰ੍ਹਾਂ ਦੀ ਫੜ ਮਾਰਨਾ ਜਾਇਜ਼ ਨਹੀਂ।
ਪ੍ਰਾਸੰਗਿਕ ਸਵਾਲ : ਆਓ ਨਵੀਨਤਮ ਜੀ. ਡੀ. ਪੀ. ਅੰਕੜਿਆਂ ਨੂੰ ਸ਼ੀਸ਼ਾ ਦਿਖਾਉਂਦੇ ਹਾਂ। ਇਕ ਲਗਾਤਾਰ ਪ੍ਰੇਸ਼ਾਨ ਕਰਨ ਵਾਲਾ ਸਵਾਲ ਇਹ ਹੈ ਕਿ ਪੁਰਾਣੇ ਆਧਾਰ ਸਾਲ ਦੇ ਤਹਿਤ, ਮੌਜੂਦਾ ਕੀਮਤਾਂ ਦੇ ਮੁਕਾਬਲੇ ਸਥਿਰ ਕੀਮਤਾਂ ’ਤੇ ਜੀ. ਡੀ. ਪੀ. ਕਾਫ਼ੀ ਘੱਟ (ਦੱਬੀ ਹੋਈ) ਹੈ ਪਰ ਨਵੇਂ ਆਧਾਰ ਸਾਲ ਦੇ ਤਹਿਤ ਅਜਿਹਾ ਨਹੀਂ ਹੈ। ਅਜਿਹਾ ਕਿਉਂ?
ਖ਼ੈਰ, ਜੋ ਵੀ ਹੋਵੇ, ਵਿਕਾਸ ਦਰ ਅਰਥਵਿਵਸਥਾ ਦੇ ਮਾਪਣਯੋਗ ਪੈਮਾਨਿਆਂ, ਜਿਵੇਂ ਕਿ ਨੌਕਰੀਆਂ, ਮਜ਼ਦੂਰੀ, ਖਪਤ, ਵਪਾਰ, ਨਿਵੇਸ਼ ਆਦਿ ’ਚ ਜ਼ਾਹਿਰ ਹੋਣੀ ਚਾਹੀਦੀ ਹੈ। ਇੱਥੇ ਕੁਝ ਪ੍ਰਾਸੰਗਿਕ ਸਵਾਲ ਹਨ :
15-29 ਸਾਲ ਦੇ ਨੌਜਵਾਨਾਂ ’ਚ ਬੇਰੋਜ਼ਗਾਰੀ ਦਰ 16.2 ਫੀਸਦੀ ਦੇ ਉੱਚ ਪੱਧਰ ’ਤੇ ਕਿਉਂ ਹੈ? ਸੀ. ਐੱਮ. ਆਈ. ਈ. ਨੇ ਦੱਸਿਆ ਹੈ ਕਿ 29-34 ਸਾਲ ਦੇ ਗ੍ਰੈਜੂਏਟਾਂ ਦੀ ਬੇਰੋਜ਼ਗਾਰੀ ਦਰ ਅਕਸਰ 40-45 ਪ੍ਰਤੀਸ਼ਤ ਨੂੰ ਛੂਹ ਜਾਂਦੀ ਹੈ, ਕਿਉਂ? ਨੀਤੀ ਆਯੋਗ ਦੇ ਅਨੁਸਾਰ, 15-29 ਸਾਲ ਦੇ 8.7 ਕਰੋੜ ਨੌਜਵਾਨ ‘ਨਾ ਤਾਂ ਰੋਜ਼ਗਾਰ ’ਚ ਹਨ, ਨਾ ਸਿੱਖਿਆ ’ਚ ਅਤੇ ਨਾ ਹੀ ਸਿਖਲਾਈ ’ਚ’ (ਨੀਟ) ਕਿਉਂ?
ਦਿਹਾੜੀ, ਵੇਤਨਭੋਗੀ ਅਤੇ ਸਵੈ-ਨਿਯੋਜਿਤ ਅਤੇ ਕੀਰਤੀਆਂ ਵਿਚਾਲੇ ਅਸਲ ਮਜ਼ਦੂਰੀ ਕ੍ਰਮਵਾਰ (-) 5.5, 1.7 ਅਤੇ 3.3 ਫੀਸਦੀ ਦੀਆਂ ਨਿਰਾਸ਼ਾਜਨਕ ਦਰਾਂ ਨਾਲ ਕਿਉਂ ਵਧ ਰਹੀ ਹੈ? (ਸ੍ਰੋਤ-ਪੀ. ਐੱਲ. ਐੱਫ. ਐੱਸ.)। ਕਾਰਜਬਲ ਦਾ 20 ਫੀਸਦੀ ਹਿੱਸਾ ਅਨਿਯਤ ਦਿਹਾੜੀਦਾਰ ਮਜ਼ਦੂਰ ਹਨ ਅਤੇ ਕੀ ਨਾਂਹਪੱਖੀ ਤਨਖਾਹ ਵਾਧੇ ਨਾਲ ਉਹ ਹੋਰ ਜ਼ਿਆਦਾ ਗਰੀਬ ਨਹੀਂ ਹੋਣਗੇ?
ਸ਼ੁੱਧ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ.ਡੀ.ਆਈ.) ਇੰਨਾ ਘੱਟ ਕਿਉਂ ਹੈ? ਐੱਫ. ਸੀ. ਐੱਨ. ਆਰ. (ਬੀ) ਜੁਟਾਓ, ਜਿਸ 'ਚ 6.7 ਫੀਸਦੀ ਦੀ ਵਿਆਜ ਦਰ ਸੀ, ਟਰੱਕ ਭਰ-ਭਰ ਕੇ ਆਇਆ ਪਰ ਪ੍ਰਤੱਖ ਨਿਵੇਸ਼ ਦੇ ਰੂਪ ’ਚ ਵਿਦੇਸ਼ੀ ਪੂੰਜੀ ਕਿਉਂ ਨਹੀਂ ਆ ਰਹੀ?
ਜਦੋਂ ਵਿਦੇਸ਼ੀ ਮੁਦਰਾ ਭੰਡਾਰ 740 ਅਰਬ ਅਮਰੀਕੀ ਡਾਲਰ ਦੇ ਸਰਵਕਾਲਿਕ ਉੱਚ ਪੱਧਰ ’ਤੇ ਪਹੁੰਚ ਗਿਆ ਹੈ, ਤਾਂ ਰੁਪਏ ਦਾ ਮੁੱਲ ਕਿਉਂ ਨਹੀਂ ਵਧਿਆ? ਜਨਵਰੀ 2026 ਤੋਂ, ਰੁਪਇਆ ਅਮਰੀਕੀ ਡਾਲਰ ਦੇ ਮੁਕਾਬਲੇ ਲਗਭਗ 5 ਪ੍ਰਤੀਸ਼ਤ ਡਿੱਗ ਚੁੱਕਾ ਹੈ ਅਤੇ ਕਥਿਤ ਤੌਰ ’ਤੇ ਇਹ ਸਭ ਤੋਂ ਖਰਾਬ ਪ੍ਰਦਰਸ਼ਨ ਕਰਨ ਵਾਲੀ ਏਸ਼ੀਆਈ ਮੁਦਰਾ ਹੈ, ਕਿਉਂ?
ਬਰਾਮਦ ਵਧ ਰਹੀ ਹੈ ਪਰ ਦਰਾਮਦ ਵੀ ਵਧ ਰਹੀ ਹੈ। ਮੌਜੂਦਾ ਕੀਮਤਾਂ ’ਤੇ ਦਰਾਮਦ ਜ਼ਿਆਦਾ ਤੇਜ਼ੀ ਨਾਲ ਵਧ ਰਹੀ ਹੈ। ਅਪ੍ਰੈਲ-ਅਗਸਤ, 2026 ’ਚ ਵਪਾਰਕ ਘਾਟਾ 150 ਅਰਬ ਅਮਰੀਕੀ ਡਾਲਰ ਨੂੰ ਛੂਹ ਗਿਆ। ਇਕੱਲੇ ਅਪ੍ਰੈਲ-ਜੁਲਾਈ ’ਚ ਚੀਨ ਦੇ ਨਾਲ ਵਪਾਰ ਘਾਟਾ 44 ਅਰਬ ਅਮਰੀਕੀ ਡਾਲਰ ਸੀ। ਕੀ ਵਪਾਰ ਘਾਟਾ ਅਰਥਵਿਵਸਥਾ ਲਈ ਇਕ ਰੁਕਾਵਟ ਨਹੀਂ ਹੈ? 'ਮੇਕ ਇਨ ਇੰਡੀਆ', ਪੀ.ਐੱਲ.ਆਈ., ਐਸਪਾਇਰ, ਐੱਨ. ਐੱਮ. ਸੀ. ਪੀ. ਅਤੇ ਹੋਰ ਯੋਜਨਾਵਾਂ ਉਨ੍ਹਾਂ ਵਸਤਾਂ ਦੇ ਨਿਰਮਾਣ ’ਚ ਨਤੀਜੇ ਕਿਉਂ ਨਹੀਂ ਦੇ ਰਹੀਆਂ, ਜਿਨ੍ਹਾਂ ਨੂੰ ਭਾਰਤ ਚੀਨ ਤੋਂ ਦਰਾਮਦ ਕਰਦਾ ਹੈ? ਨਾਮਮਾਤਰ ਜੀ.ਵੀ.ਏ. ਦੇ ਖੇਤਰੀ ਗਠਨ ’ਚ ‘ਵਿਨਿਰਮਾਣ’ 13 ਫੀਸਦੀ ’ਤੇ ਸਥਿਰ ਕਿਉਂ ਹੈ? ਅਸਲ ’ਚ, ਕਈ ਤਿਮਾਹੀਆਂ ਤੋਂ ਨਾਮਮਾਤਰ ਜੀ.ਵੀ.ਏ. ’ਚ ਦੂਜੇ (ਸੈਕੰਡਰੀ) ਖੇਤਰ ਦੀ ਹਿੱਸੇਦਾਰੀ 24 ਤੋਂ 26 ਫੀਸਦੀ ਦੇ ਵਿਚਕਾਰ ਹੀ ਸਿਮਟੀ ਰਹੀ ਹੈ।
ਯੋਜਨਾਵਾਂ ਨੇ ਇਸ ਅੰਕੜੇ ਦੀ ਸੂਈ ਨੂੰ ਅੱਗੇ ਕਿਉਂ ਨਹੀਂ ਵਧਾਇਆ? ਕੁਲ ਸਥਿਰ ਪੂੰਜੀ ਨਿਰਮਾਣ (ਜੀ. ਐੈੱਫ. ਜੀ. ਐੱਫ.) ਦੁਆਰਾ ਮਾਪਿਆ ਜਾਣ ਵਾਲਾ ਪੂੰਜੀਗਤ ਨਿਵੇਸ਼, ਜੀ.ਡੀ.ਪੀ. ਦੇ ਲਗਭਗ 33.5 ਫੀਸਦੀ 'ਤੇ ਹੀ ਕਿਉਂ ਅਟਕਿਆ ਹੋਇਆ ਹੈ? ਇਸ ’ਚੋਂ, ਨਿੱਜੀ ਕਾਰਪੋਰੇਟ ਪੂੰਜੀਗਤ ਖਰਚ ਲਗਭਗ 12 ਫੀਸਦੀ ’ਤੇ ਬਿਨਾਂ ਕਿਸੇ ਤਬਦੀਲੀ ਦੇ ਬਣਿਆ ਹੋਇਆ ਹੈ। ਫੁਸਲਾਉਣ, ਚਿਤਾਵਨੀਆਂ ਅਤੇ ਧਮਕੀਆਂ ਦੇ ਬਾਵਜੂਦ, ਕਾਰਪੋਰੇਟ ਨਿਵੇਸ਼ਕ ਪੂੰਜੀਗਤ ਨਿਵੇਸ਼ ਕਰਨ ਨੂੰ ਤਿਆਰ ਕਿਉਂ ਨਹੀਂ ਹਨ? ਵਿਕਾਸ ਦੇ ਅੰਕੜੇ ਬਿਹਤਰ ਸਕੂਲਾਂ, ਬਿਹਤਰ ਹਸਪਤਾਲਾਂ, ਬਿਹਤਰ ਸੜਕਾਂ, ਬਿਹਤਰ ਜਲ ਸਪਲਾਈ, ਬਿਹਤਰ ਪੁਲਸ ਵਿਵਸਥਾ ਆਦਿ ਵਰਗੀਆਂ ਵਧੇਰੇ ਜਨਤਕ ਵਸਤਾਂ ਦੇ ਰੂਪ ’ਚ ਕਿਉਂ ਸਾਹਮਣੇ ਨਹੀਂ ਆਏ? ਜੇਕਰ ਕੋਈ ਜਨਮਤ ਸਰਵੇਖਣ ਕਰਵਾਇਆ ਜਾਵੇ, ਤਾਂ ਨਾਗਰਿਕਾਂ ਦਾ ਇਕ ਵੱਡਾ ਹਿੱਸਾ ਇਨ੍ਹਾਂ ’ਚੋਂ ਹਰੇਕ ਖੇਤਰ ਨੂੰ ਨਕਾਰ ਦੇਵੇਗਾ। ਨਿਰਾਸ਼ਾਜਨਕ ਤਸਵੀਰ : ਇਸ ’ਚ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਜੈੱਨ-ਜ਼ੀ ਆਪਣੇ ਚਾਰੇ ਪਾਸੇ ਸਪੱਸ਼ਟ ਰੂਪ ’ਚ ਦਿਖਾਈ ਦੇ ਰਹੀ ਇਸ ਗਿਰਾਵਟ ਦਾ ਵਿਰੋਧ ਕਰ ਰਹੀ ਹੈ। ਅੰਕੜਿਆਂ ਦੇ ਅਨੁਸਾਰ ਅਸੀਂ ਭਾਵੇਂ 7.8 ਪ੍ਰਤੀਸ਼ਤ ਦੀ ਦਰ ਨਾਲ ਵਧ ਰਹੇ ਹੋਈਏ, ਪਰ ਵਧੇਰੇ ਨਾਗਰਿਕ ਅਜਿਹਾ ਮਹਿਸੂਸ ਜਾਂ ਵਿਸ਼ਵਾਸ ਨਹੀਂ ਕਰਦੇ, ਕਿਉਂਕਿ ਉਹ ਜਾਣਦੇ ਹਨ ਕਿ ਉਨ੍ਹਾਂ ਦਾ ਜੀਵਨ ਬਿਹਤਰ ਜਾਂ ਆਸਾਨ ਨਹੀਂ ਹੋਇਆ ਹੈ।
-ਪੀ. ਚਿਦਾਂਬਰਮ
