ਪਾਕਿਸਤਾਨ ਕਰ ਰਿਹੈ ਸਿੱਖ ਸ਼ਰਧਾਲੂਆਂ ਨੂੰ ਉਨ੍ਹਾਂ ਦੇ ਪੂਜਾ-ਪਾਠ ਦੇ ਅਧਿਕਾਰ ਤੋਂ ਵਾਂਝਾ
Sunday, Sep 13, 2026 - 04:05 PM (IST)
ਪਾਕਿਸਤਾਨ ਵਿਚ ਧਾਰਮਿਕ ਘੱਟਗਿਣਤੀਆਂ ਨਾਲ ਜੁੜੇ ਗੂੜ੍ਹੇ ਤਣਾਅ ਦੀ ਇਕ ਸਪੱਸ਼ਟ ਯਾਦ ਦਿਵਾਉਂਦੇ ਹੋਏ, ਹਾਲ ਹੀ ਵਿਚ ਪਾਕਿਸਤਾਨ ਦੇ ਸਿੱਖ ਤੀਰਥ ਯਾਤਰੀਆਂ ਦੇ ਇਕ ਜਥੇ ਨੂੰ ਆਪਣੀ ਪਵਿੱਤਰ ਯਾਤਰਾ ਪੂਰੀ ਕਰਨ ਤੋਂ ਰੋਕ ਦਿੱਤਾ ਗਿਆ ਕਿਉਂਕਿ ਸ੍ਰੀ ਹੇਮਕੁੰਟ ਸਾਹਿਬ ਯਾਤਰਾ ਅਤੇ ਪ੍ਰਕਾਸ਼ ਪੁਰਬ ਸਮਾਰੋਹਾਂ ਸਮੇਤ ਧਾਰਮਿਕ ਤੀਰਥ ਯਾਤਰਾਵਾਂ ਲਈ ਭਾਰਤ ਜਾਣ ਦਾ ਯਤਨ ਕਰ ਰਿਹਾ ਸੀ। ਦਿੱਲੀ, ਪੰਜਾਬ ਅਤੇ ਉਤਰਾਖੰਡ ਦੇ ਇਤਿਹਾਸਕ ਤੀਰਥ ਸਥਾਨਾਂ ਦੇ ਦਰਸ਼ਨ ਦੇ ਲਈ ਭਾਰਤ ਸਰਕਾਰ ਦੁਆਰਾ ਜਾਇਜ਼ ਵੀਜ਼ਾ ਦਿੱਤੇ ਜਾਣ ਦੇ ਬਾਵਜੂਦ, 100 ਤੋਂ ਵੱਧ ਯਾਤਰੀਆਂ ਦੇ ਇਸ ਸਮੂਹ ਨੂੰ ਪਾਕਿਸਤਾਨੀ ਇਮੀਗ੍ਰੇਸ਼ਨ ਅਧਿਕਾਰੀਆਂ ਦੁਆਰਾ ਅਚਾਨਕ ਖੜ੍ਹੀਆਂ ਕੀਤੀਆਂ ਗਈਆਂ ਨੌਕਰਸ਼ਾਹੀ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ।
ਮਨਮਾਨੇ ਨਿਯਮਾਂ ਦੀ ਭੇਟ ਚੜ੍ਹਿਆ ਵਿੱਤੀ ਬਲਿਦਾਨ : ਭਾਰਤ ਸਰਕਾਰ ਦੁਆਰਾ ਜਾਰੀ ਜਾਇਜ਼ ਵੀਜ਼ਾ ਨਾਲ ਲੈਸ 104 ਯਾਤਰੀਆਂ ਦੇ ਇਸ ਸਮੂਹ ਨੇ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਹੇਮਕੁੰਟ ਸਾਹਿਬ ਸਮੇਤ ਪਵਿੱਤਰ ਸਥਾਨਾਂ ਦੀ ਤੀਰਥ ਯਾਤਰਾ ਕਰਨ ਦਾ ਯਤਨ ਕੀਤਾ ਸੀ। ਮੌਜੂਦਾ ਭੂ-ਰਾਜਨੀਤਿਕ ਪਾਬੰਦੀਆਂ ਦੇ ਕਾਰਨ ਵਾਹਗਾ ਸਰਹੱਦ ਦੇ ਸਿੱਧੇ ਜ਼ਮੀਨੀ ਮਾਰਗ ਤੋਂ ਜਾਣ ਤੋਂ ਰੋਕੇ ਜਾਣ ’ਤੇ, ਇਨ੍ਹਾਂ ਤੀਰਥ ਯਾਤਰੀਆਂ ਨੇ ਆਪਣੀਆਂ ਆਧਿਆਤਮਿਕ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਲਈ ਅਸਾਧਾਰਨ ਕਦਮ ਉਠਾਏ। ਆਪਣੀ ਨਿੱਜੀ ਬੱਚਤ ਦਾ ਤਿਆਗ ਕਰਦੇ ਹੋਏ ਅਤੇ ਸਮੂਹਿਕ ਰੂਪ ਵਿਚ ਲਗਭਗ 2 ਕਰੋੜ ਪਾਕਿਸਤਾਨੀ ਰੁਪਏ ਖਰਚ ਕਰ ਕੇ, ਉਨ੍ਹਾਂ ਨੇ ਨਵੀਂ ਦਿੱਲੀ ਪਹੁੰਚਣ ਦੇ ਲਈ ਸ਼ਾਰਜਾਹ ਦੇ ਰਸਤੇ ਬਦਲਵੀਂ ਹਵਾਈ ਯਾਤਰਾ ਦੀ ਵਿਵਸਥਾ ਕੀਤੀ। ਇਸ ਦੇ ਬਾਵਜੂਦ, ਉਨ੍ਹਾਂ ਦੀ ਭਗਤੀ ਨੂੰ ਸੁਵਿਧਾ ਦੇਣ ਦੀ ਬਜਾਏ ਅਚਾਨਕ ਨੌਕਰਸ਼ਾਹੀ ਦੀ ਦੁਸ਼ਮਣੀ ਦਾ ਸਾਹਮਣਾ ਕਰਨਾ ਪਿਆ। ਹਵਾਈ ਅੱਡੇ ’ਤੇ, ਇਮੀਗ੍ਰੇਸ਼ਨ ਅਧਿਕਾਰੀਆਂ ਨੇ ਐੱਨ.ਓ.ਸੀ. ਨਾ ਹੋਣ ਦਾ ਹਵਾਲਾ ਦਿੰਦੇ ਹੋਏ ਅਚਾਨਕ ਉਨ੍ਹਾਂ ਦੀ ਰਵਾਨਗੀ ਰੋਕ ਦਿੱਤੀ। ਇਕ ਅਜਿਹੀ ਸ਼ਰਤ ਜਿਸ ਦੀ ਨਾ ਤਾਂ ਪਹਿਲਾਂ ਕੋਈ ਜਾਣਕਾਰੀ ਦਿੱਤੀ ਗਈ ਸੀ ਅਤੇ ਨਾ ਹੀ ਇਸ ਨੂੰ ਨਿਯਮਿਤ ਰੂਪ ਵਿਚ ਲਾਗੂ ਕੀਤਾ ਜਾਂਦਾ ਸੀ।
ਪੀ.ਆਰ. ਦਾ ਮੁਖੌਟਾ ਬਨਾਮ ਸੰਸਥਾਗਤ ਦੁਸ਼ਮਣੀ :
ਇਹ ਪਾਕਿਸਤਾਨ ਦੁਆਰਾ ਆਪਣੇ ਗੈਰ-ਮੁਸਲਮਾਨ ਨਾਗਰਿਕਾਂ ਦੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਯੋਜਨਾਬੱਧ ਤਸ਼ੱਦਦ ਦਾ ਤਾਜ਼ਾ ਅਧਿਆਏ ਹੈ। ਹਾਲਾਂਕਿ ਇਸਲਾਮਾਬਾਦ ਧਾਰਮਿਕ ਸਦਭਾਵਨਾ ਦਾ ਦਿਖਾਵਾ ਕਰਨ ਦੇ ਲਈ ਸਿੱਖ ਤੀਰਥ ਯਾਤਰਾਵਾਂ ਨਾਲ ਜੁੜੀਆਂ ਪੀ.ਆਰ. ਮੁਹਿੰਮਾਂ ਦਾ ਨਿਯਮਿਤ ਤੌਰ ’ਤੇ ਸਹਾਰਾ ਲੈਂਦਾ ਹੈ ਪਰ ਜ਼ਮੀਨੀ ਹਕੀਕਤ ਇਕ ਅਜਿਹੇ ਯੋਜਨਾਬੱਧ ਸਰਕਾਰੀ ਤੰਤਰ ਨੂੰ ਉਜਾਗਰ ਕਰਦੀ ਹੈ ਜਿਸ ਦਾ ਮਕਸਦ ਘੱਟਗਿਣਤੀਆਂ ਨੂੰ ਡਰਾਉਣਾ, ਹਾਸ਼ੀਏ ’ਤੇ ਧੱਕਣਾ ਅਤੇ ਉਨ੍ਹਾਂ ਦੀ ਬੁਨਿਆਦੀ ਮਨੁੱਖੀ ਸ਼ਾਨ ਨੂੰ ਖੋਹਣਾ ਹੈ।
ਪ੍ਰਸ਼ਾਸਨਿਕ ਅੜਿੱਕਿਆਂ ਦਾ ਇਕ ਤੈਅ ਖ਼ਾਕਾ :
ਇਹ ਘਟਨਾ ਕੋਈ ਇੱਕਾ-ਦੁੱਕਾ ਪ੍ਰਸ਼ਾਸਨਿਕ ਖਾਮੀਅਾਂ ਨਹੀਂ ਹਨ, ਸਗੋਂ ਇਹ ਪਾਕਿਸਤਾਨ ਵਿਚ ਧਾਰਮਿਕ ਘੱਟਗਿਣਤੀਆਂ ਦੁਆਰਾ ਝੱਲੀ ਜਾਣ ਵਾਲੀ ਸੰਸਥਾਗਤ ਉਦਾਸੀਨਤਾ ਅਤੇ ਵਿਵਸਥਾਗਤ ਪਾਬੰਦੀਆਂ ਦੇ ਵਿਆਪਕ ਖ਼ਾਕੇ ਨੂੰ ਦਰਸਾਉਂਦੀ ਹੈ। ਜਿੱਥੇ ਪਾਕਿਸਤਾਨੀ ਹਕੁਮਤ ਸਰਹੱਦ ਪਾਰ ਸਿੱਖ ਤੀਰਥ ਯਾਤਰਾਵਾਂ ਦਾ ਇਸਤੇਮਾਲ ਜਨਸੰਪਰਕ ਦੇ ਇਕ ਸਾਧਨ ਦੇ ਰੂਪ ਵਿਚ ਅਕਸਰ ਕਰਦੀ ਹੈ, ਉਥੇ ਹੀ ਜ਼ਮੀਨੀ ਹਕੀਕਤ ਕਿਤੇ ਵੱਧ ਚਿੰਤਾਜਨਕ ਤਸਵੀਰ ਪੇਸ਼ ਕਰਦੀ ਹੈ। ਜਦੋਂ ਘੱਟਗਿਣਤੀ ਨਾਗਰਿਕ ਵਿਦੇਸ਼ਾਂ ਵਿਚ ਪਵਿੱਤਰ ਥਾਵਾਂ ਦੇ ਦਰਸ਼ਨ ਕਰ ਕੇ ਆਪਣੀ ਧਾਰਮਿਕ ਆਜ਼ਾਦੀ ਦੇ ਬੁਨਿਆਦੀ ਅਧਿਕਾਰ ਦੀ ਵਰਤੋਂ ਕਰਨ ਦਾ ਯਤਨ ਕਰਦੇ ਹਨ, ਤਾਂ ਉਨ੍ਹਾਂ ਨੂੰ ਅੰਤਿਮ ਸਮੇਂ ਦੇ ਨਿਯਮਾਂ ਦੇ ਜਾਲ, ਮਨਮਾਨੀਆਂ ਐੱਨ. ਓ. ਸੀ. ਮੰਗਾਂ ਅਤੇ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈਂਦਾ ਹੈ।
ਪਛਾਣ ਅਤੇ ਮੌਲਿਕ ਅਧਿਕਾਰਾਂ ਦਾ ਹਨਨ : ਪਾਕਿਸਤਾਨ ਵਿਚ ਸਿੱਖ ਘੱਟਗਿਣਤੀਆਂ ਦੇ ਲਈ ਜਿਨ੍ਹਾਂ ਦੀ ਆਬਾਦੀ ਟੀਚਾਬੱਧ ਧਰਮ ਤਬਦੀਲੀ, ਸੁਰੱਖਿਆ ਖਤਰਿਆਂ ਅਤੇ ਸਮਾਜਿਕ ਵਖਰੇਵੇਂ ਦੇ ਕਾਰਨ ਹਾਲ ਦੇ ਦਹਾਕਿਆਂ ਵਿਚ ਤੇਜ਼ੀ ਨਾਲ ਘਟੀ ਹੈ। ਪਵਿੱਤਰ ਤੀਰਥ ਯਾਤਰਾ ਕਰਨ ਦੀ ਇਜਾਜ਼ਤ ਨਾ ਮਿਲਣਾ ਉਨ੍ਹਾਂ ਦੀ ਆਸਥਾ ਅਤੇ ਪਛਾਣ ’ਤੇ ਸਿੱਧਾ ਹਮਲਾ ਹੈ। ਕਿਸੇ ਮੇਜ਼ਬਾਨ ਰਾਸ਼ਟਰ ਦੁਆਰਾ ਜਾਰੀ ਕੀਤਾ ਗਿਆ ਧਾਰਮਿਕ ਵੀਜ਼ਾ ਅਧਿਆਤਮਿਕ ਪੂਰਤੀ ਨੂੰ ਆਸਾਨ ਬਣਾਉਣ ਦੇ ਲਈ ਹੋਣਾ ਚਾਹੀਦਾ ਹੈ, ਨਾ ਕਿ ਘਰੇਲੂ ਅਧਿਕਾਰੀਆਂ ਦੁਆਰਾ ਨੌਕਰਸ਼ਾਹੀ ਬਦਲੇ ਨੂੰ ਜਨਮ ਦੇਣ ਦੇ ਲਈ।
ਅੰਤਰਰਾਸ਼ਟਰੀ ਪੱਧਰ ’ਤੇ ਜਾਂਚ ਦੀ ਮੰਗ :
ਇਨ੍ਹਾਂ ਫਸੇ ਹੋਏ ਤੀਰਥ ਯਾਤਰੀਆਂ ਦੀ ਦੁਰਦਸ਼ਾ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਗਠਨਾਂ ਅਤੇ ਧਾਰਮਿਕ ਆਜ਼ਾਦੀ ਦੀ ਨਿਗਰਾਨੀ ਕਰਨ ਵਾਲੀ ਸੰਸਥਾਵਾਂ ਦੁਆਰਾ ਪਾਕਿਸਤਾਨ ਦੇ ਆਪਣੇ ਘੱਟਗਿਣਤੀ ਫਿਰਕਿਆਂ ਦੇ ਪ੍ਰਤੀ ਵਿਵਹਾਰ ਦੀ ਬਾਰੀਕੀ ਨਾਲ ਜਾਂਚ ਕਰਨ ਦੀ ਤੁਰੰਤ ਲੋੜ ਨੂੰ ਉਜਾਗਰ ਕਰਦੀ ਹੈ। ਆਧਿਆਤਮਿਕ ਆਸਥਾ ਨੂੰ ਕਦੇ ਵੀ ਨੌਕਰਸ਼ਾਹੀ ਦਬਾਅ ਜਾਂ ਰਾਜਨੀਤਿਕ ਪੈਂਤੜੇਬਾਜ਼ੀ ਦਾ ਬੰਧਕ ਨਹੀਂ ਬਣਾਇਆ ਜਾਣਾ ਚਾਹੀਦਾ। ਸੱਚੀ ਧਾਰਮਿਕ ਆਜ਼ਾਦੀ ਦੇ ਲਈ ਇਹ ਜ਼ਰੂਰੀ ਹੈ ਕਿ ਘੱਟਗਿਣਤੀਆਂ ਨੂੰ ਬਿਨਾਂ ਕਿਸੇ ਡਰ ਜਾਂ ਰੁਕਾਵਟ ਦੇ ਆਪਣੇ ਧਰਮ ਦਾ ਪਾਲਣ ਕਰਨ ਦੇ ਲਈ ਲੋੜੀਂਦੀ ਸ਼ਾਨ, ਸੁਰੱਖਿਆ ਅਤੇ ਆਉਣ-ਜਾਣ ਦੀ ਆਜ਼ਾਦੀ ਦਿੱਤੀ ਜਾਵੇ।
- ਕ੍ਰਿਸ਼ਨ ਭਨੋਟ
