ਤੀਜੇ ਮੋਰਚੇ ਦੇ ਗਠਨ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼

Saturday, Sep 19, 2026 - 04:22 PM (IST)

ਤੀਜੇ ਮੋਰਚੇ ਦੇ ਗਠਨ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼

ਤੀਜੇ ਮੋਰਚੇ ਦੇ ਗਠਨ ਨੂੰ ਲੈ ਕੇ ਸਿਆਸੀ ਸਰਗਰਮੀਆਂ ਵਾਪਸ ਪਰਤ ਆਈਆਂ ਹਨ, ਜਿਸ ’ਚ ਇਸ ਵਾਰ ਮੁੱਖ ਅੰਤਰ ਇਹ ਹੈ ਕਿ ਦ੍ਰਮੁਕ ਸਮਾਨ ਵਿਚਾਰਧਾਰਾ ਵਾਲੇ ਦਲਾਂ ਨਾਲ ਸੰਵਾਦ ਕਰ ਰਹੀ ਹੈ ਅਤੇ 2029 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਅਤੇ ਕਾਂਗਰਸ ਦਾ ਮੁਕਾਬਲਾ ਕਰਨ ਲਈ ਇਕ ਵਿਵਹਾਰਿਕ ਬਦਲ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਸੰਬੰਧ ’ਚ, ਸੰਸਦ ਮੈਂਬਰ ਕਨੀਮੋਝੀ ਰਾਜਾਥੀ ਕਰੁਣਾਨਿਧੀ ਨੇ ਵੀਰਵਾਰ ਨੂੰ ਕੋਲਕਾਤਾ ਸਥਿਤ ਤ੍ਰਿਣਮੂਲ ਕਾਂਗਰਸ ਮੁਖੀ ਅਤੇ ਪੱਛਮੀ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਕਾਲੀਘਾਟ ਆਵਾਸ ’ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਇਸ ਬੈਠਕ ਦੇ ਸੰਬੰਧ ’ਚ ਦ੍ਰਮੁਕ ਜਾਂ ਤ੍ਰਿਣਮੂਲ ਕਾਂਗਰਸ ਵੱਲੋਂ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਇਹ ਬੈਠਕ ਕਨੀਮੋਝੀ ਵੱਲੋਂ 12 ਸਤੰਬਰ ਨੂੰ ਮੁੰਬਈ ’ਚ ਸ਼ਿਵਸੈਨਾ (ਯੂ. ਬੀ. ਟੀ.) ਨੇਤਾ ਊਧਵ ਠਾਕਰੇ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਸ. ਪੀ.) ਸੰਸਦ ਮੈਂਬਰ ਸੁਪ੍ਰਿਆ ਸੁਲੇ ਨਾਲ ਕੀਤੀ ਗਈ ਗੱਲਬਾਤ ਤੋਂ ਬਾਅਦ ਹੋਈ ਹੈ।

ਇਹ ਘਟਨਾਕ੍ਰਮ ਪੱਛਮੀ ਬੰਗਾਲ ਦੇ ਨੰਦੀਗ੍ਰਾਮ ਅਤੇ ਰੇਜੀਨਗਰ ’ਚ 6 ਅਕਤੂਬਰ ਨੂੰ ਹੋਣ ਵਾਲੀਆਂ ਜ਼ਿਮਨੀ ਚੋਣਾਂ ਤੋਂ ਪਹਿਲਾਂ ਸਾਹਮਣੇ ਆਏ ਹਨ, ਜਿੱਥੇ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਟੀ. ਐੱਮ. ਸੀ. ਅਤੇ ਕਾਂਗਰਸ ਵੱਖ-ਵੱਖ ਚੋਣਾਂ ਲੜ ਰਹੀਆਂ ਹਨ। ਕਨੀਮੋਝੀ-ਬੈਨਰਜੀ ਦੀ ਇਹ ਬੈਠਕ 2026 ਦੀਆਂ ਤਾਮਿਲਨਾਡੂ ਵਿਧਾਨ ਸਭਾ ਚੋਣਾਂ ਤੋਂ ਬਾਅਦ ਦ੍ਰਮੁਕ ਅਤੇ ਕਾਂਗਰਸ ਵਿਚਾਲੇ ਕਥਿਤ ਤਣਾਅ ਦੇ ਪਿਛੋਕੜ ’ਚ ਕਾਫ਼ੀ ਅਹਿਮ ਮੰਨੀ ਜਾ ਰਹੀ ਹੈ। ਰਾਜ ’ਚ ਕਾਂਗਰਸ ਅਤੇ ਦ੍ਰਮੁਕ ਲੰਮੇ ਸਮੇਂ ਤੱਕ ਸਹਿਯੋਗੀ ਰਹੇ ਸਨ ਪਰ ਕਾਂਗਰਸ ਵੱਲੋਂ ਦ੍ਰਮੁਕ ਨਾਲ ਆਪਣਾ ਗੱਠਜੋੜ ਸਮਾਪਤ ਕਰਨ ਅਤੇ ਅਦਾਕਾਰ ਤੋਂ ਨੇਤਾ ਬਣੇ ਵਿਜੇ ਦੀ ਤਾਮਿਲਗਾ ਵੇਤਰੀ ਕੜਗਮ (ਟੀ. ਵੀ. ਕੇ.) ਨਾਲ ਹੱਥ ਮਿਲਾਉਣ ਤੋਂ ਬਾਅਦ ਇਸ ਰਿਸ਼ਤੇ ’ਚ ਤਣਾਅ ਆ ਗਿਆ ਹੈ।

ਅਖਿਲੇਸ਼ ਦੀ ‘ਸਮਾਜਵਾਦੀ ਪੀ. ਡੀ. ਏ. ਯਾਤਰਾ’

2027 ਦੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਨੇੜੇ ਆਉਣ ਦੇ ਨਾਲ, ਅਖਿਲੇਸ਼ ਯਾਦਵ ਦੀ ਅਗਵਾਈ ਵਾਲੀ ਸਮਾਜਵਾਦੀ ਪਾਰਟੀ ਰਾਜਵਿਆਪੀ ਜਨ-ਸੰਪਰਕ ਪ੍ਰੋਗਰਾਮ ਦੇ ਟੀਚੇ ਨਾਲ ਆਪਣੀ ਮੁਹਿੰਮ ਨੂੰ ਤੇਜ਼ ਕਰ ਰਹੀ ਹੈ, ਜਿਸ ’ਚ ਪੀ. ਡੀ. ਏ. (ਪੱਛੜਾ, ਦਲਿਤ, ਘੱਟਗਿਣਤੀ) ਫਾਰਮੂਲਾ ਉਸ ਦੀ ਰਣਨੀਤੀ ਦੇ ਕੇਂਦਰ ’ਚ ਹੈ। ਪਾਰਟੀ ਅਕਤੂਬਰ ਤੋਂ ‘ਸਮਾਜਵਾਦੀ ਪੀ. ਡੀ. ਏ. ਯਾਤਰਾ’ ਕੱਢਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਪੂਰੀ ਰਾਜਵਿਆਪੀ ਮੁਹਿੰਮ ਦੌਰਾਨ ਪਾਰਟੀ ਦੇ ਮੂਲ ਚੋਣ ਫਾਰਮੂਲੇ ’ਤੇ ਜ਼ੋਰ ਦੇਵੇਗੀ। ਸਪਾ ਨੇ ਅਜੇ ਯਾਤਰਾ ਦੀਆਂ ਅੰਤਿਮ ਤਰੀਕਾਂ, ਰੂਟ ਅਤੇ ਪ੍ਰੋਗਰਾਮ ’ਤੇ ਫੈਸਲਾ ਨਹੀਂ ਲਿਆ ਹੈ। ਅਖਿਲੇਸ਼ ਯਾਦਵ ਆਪਣੀ ਯਾਤਰਾ ਇਕ ਲਗਜ਼ਰੀ ਬੱਸ ਤੋਂ ਸ਼ੁਰੂ ਕਰਨਗੇ, ਜੋ ਬੁਲੇਟ ਪਰੂਫ਼ ਸ਼ੀਸ਼ਿਆਂ ਅਤੇ ਭੀੜ ਨੂੰ ਸੰਬੋਧਨ ਕਰਨ ਲਈ ਛੱਤ ’ਤੇ ਜਾਣ ਵਾਲੀ ਹਾਈਡ੍ਰੌਲਿਕ ਲਿਫ਼ਟ ਨਾਲ ਲੈਸ ਹੈ।

ਇਸ ’ਚ ਬੈਠਕਾਂ ਲਈ ਜਗ੍ਹਾ ਅਤੇ ਸੋਫ਼ਾ-ਕਮ-ਬੈੱਡ ਵਾਲਾ ਇਕ ਲਿਵਿੰਗ ਏਰੀਆ, ਇਕ ਰਸੋਈ ਤੇ ਪੈਂਟਰੀ, ਇਕ ਵਾਸ਼ਰੂਮ, ਸੀ. ਸੀ. ਟੀ. ਵੀ. ਕੈਮਰੇ, ਬਾਹਰੀ ਐੱਲ. ਈ. ਡੀ. ਸਕ੍ਰੀਨ, ਵਾਈ-ਫ਼ਾਈ ਕਨੈਕਟੀਵਿਟੀ ਅਤੇ ਏਅਰ-ਕੰਡੀਸ਼ਨਿੰਗ ਮੌਜੂਦ ਹੈ। ਇਹ ਲਾਲ ਰੰਗ ਦੀ ਬੱਸ ਨਵੇਂ ਡਿਜ਼ਾਈਨ ਅਤੇ ਦੋਵਾਂ ਪਾਸਿਆਂ ’ਤੇ ‘ਸਮਾਜਵਾਦੀ ਪੀ. ਡੀ. ਏ. ਯਾਤਰਾ’ ਲਿਖੇ ਹੋਣ ਦੇ ਨਾਲ ਸਪਾ ਮੁੱਖ ਦਫ਼ਤਰ ਪਹੁੰਚੀ। ਇਸ ਦੇ ਖੱਬੇ ਪਾਸੇ ਨਾਅਰੇ ਦੇ ਨਾਲ ਅਖਿਲੇਸ਼ ਯਾਦਵ ਦੀ ਤਸਵੀਰ ਹੈ—‘ਸਮਾਜਿਕ ਨਿਆਂ ਦਾ ਪਰਚਮ ਲਹਿਰਾਏਗਾ, ਪੀ. ਡੀ. ਏ. ਹੀ ਪਰਿਵਰਤਨ ਲਿਆਏਗਾ’। ਸੱਜੇ ਪਾਸੇ ਨਾਅਰੇ ਦੇ ਨਾਲ ਸਪਾ ਸੰਸਥਾਪਕ ਮੁਲਾਇਮ ਸਿੰਘ ਯਾਦਵ ਦੀ ਤਸਵੀਰ ਹੈ—‘ਪੀ. ਡੀ. ਏ. ਸਮਾਜਿਕ ਅੰਦੋਲਨ ਹੈ, ਸਮਾਜਿਕ ਨਿਆਂ ਦਾ ਸੰਘਰਸ਼ ਹੈ’। ਬੱਸ ’ਤੇ ‘ਪੱਛੜਾ, ਦਲਿਤ ਅਤੇ ਘੱਟਗਿਣਤੀ’ ਸ਼ਬਦ ਵੀ ਪ੍ਰਦਰਸ਼ਿਤ ਹਨ, ਨਾਲ ਹੀ ਡਾ. ਬੀ. ਆਰ. ਅੰਬੇਡਕਰ, ਜਨੇਸ਼ਵਰ ਮਿਸ਼ਰ, ਰਾਮ ਮਨੋਹਰ ਲੋਹੀਆ ਅਤੇ ਬੇਨੀ ਪ੍ਰਸਾਦ ਵਰਮਾ ਸਮੇਤ ਹੋਰ ਨੇਤਾਵਾਂ ਦੀਆਂ ਤਸਵੀਰਾਂ ਵੀ ਲੱਗੀਆਂ ਹਨ।

ਰਾਹੁਲ ਦਾ ਯੂ. ਪੀ. ਆਈ. ਟੈਕਸ ਨੂੰ ਲੈ ਕੇ ਹਮਲਾ

ਕਾਂਗਰਸ ਸੰਸਦ ਮੈਂਬਰ ਅਤੇ ਲੋਕ ਸਭਾ ’ਚ ਨੇਤਾ ਵਿਰੋਧੀ ਧਿਰ ਰਾਹੁਲ ਗਾਂਧੀ ਨੇ ਉਸ ਢਾਂਚੇ ਨੂੰ ‘ਯੂ. ਪੀ. ਆਈ. ਟੈਕਸ’ ਦੱਸਦਿਆਂ ਉਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ, ਜੋ ਯੂ. ਪੀ. ਆਈ. ਭੁਗਤਾਨ ਕਰਦੇ ਸਮੇਂ ਕੁਝ ਮਰਚੈਂਟ ਲੈਣ-ਦੇਣ ’ਚ ਫੀਸ ਲਗਾਉਂਦਾ ਹੈ। ‘ਐਕਸ’ ’ਤੇ ਸਾਂਝੇ ਕੀਤੇ ਗਏ ਇਕ ਵੀਡੀਓ ’ਚ, ਗਾਂਧੀ ਨੇ ਮੋਦੀ ਨੂੰ ਅਪੀਲ ਕੀਤੀ ਕਿ ਉਹ (ਮੋਦੀ) ਅਮਰੀਕਾ ਦੇ ਸਾਹਮਣੇ ਲੇਟਣਾ ਬੰਦ ਕਰਨ, ਆਪਣੀ ਰੀੜ੍ਹ ਦੀ ਹੱਡੀ ਦਿਖਾਉਣ, ਸਿੱਧੇ ਖੜ੍ਹੇ ਹੋਣ ਅਤੇ ਜਿਸ ਨੂੰ ਉਨ੍ਹਾਂ ਨੇ ‘ਯੂ. ਪੀ. ਆਈ. ਟੈਕਸ’ ਕਿਹਾ ਹੈ, ਉਸ ਨੂੰ ਵਾਪਸ ਲੈਣ। ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਾਲ ਤੁਲਨਾ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ, ‘‘ਇੰਦਰਾ ਜੀ ਤੋਂ ਇਕ ਵਾਰ ਪੁੱਛਿਆ ਗਿਆ ਸੀ ਕਿ ਕੀ ਉਹ ਖੱਬੇ ਝੁਕਦੇ ਹਨ ਜਾਂ ਸੱਜੇ ਅਤੇ ਉਨ੍ਹਾਂ ਦਾ ਜਵਾਬ ਸੀ, ਮੈਂ ਨਾ ਖੱਬੇ ਝੁਕਦੀ ਹਾਂ, ਨਾ ਸੱਜੇ ਝੁਕਦੀ ਹਾਂ, ਮੈਂ ਸਿੱਧੀ ਖੜ੍ਹੀ ਰਹਿੰਦੀ ਹਾਂ। ਮੋਦੀ ਜੀ ਦੀ ਧਾਰਨਾ ਬਿਲਕੁਲ ਵੱਖਰੀ ਹੈ। ਉਹ ਨਾ ਤਾਂ ਖੱਬੇ ਹਨ ਅਤੇ ਨਾ ਹੀ ਸੱਜੇ, ਉਨ੍ਹਾਂ ਨੇ ਡੋਨਾਲਡ ਟਰੰਪ ਦੇ ਸਾਹਮਣੇ ਸਿੱਧੇ ਲੇਟਣ ਅਤੇ ਡੰਡੌਤ ਪ੍ਰਣਾਮ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਯੂ. ਪੀ. ਆਈ. ’ਤੇ ਟੈਕਸ ਲਗਾ ਕੇ ਅਤੇ ਅਮਰੀਕਾ ਨੂੰ ਭਾਰੀ ਮਾਤਰਾ ’ਚ ਪੈਸਾ ਦੇ ਕੇ ਹਰੇਕ ਭਾਰਤੀ ’ਤੇ ਟੈਕਸ ਲਗਾ ਦਿੱਤਾ ਹੈ। ਮੋਦੀ ਜੀ, ਕਿਰਪਾ ਕਰ ਕੇ ਅਮਰੀਕਾ ਦੇ ਸਾਹਮਣੇ ਲੇਟਣਾ ਬੰਦ ਕਰੋ, ਆਪਣੀ ਰੀੜ੍ਹ ਦੀ ਹੱਡੀ ਦਿਖਾਓ, ਸਿੱਧੇ ਖੜ੍ਹੇ ਹੋਵੋ ਅਤੇ ਯੂ. ਪੀ. ਆਈ. ਟੈਕਸ ਵਾਪਸ ਲਓ।’’ ਪਾਰਟੀ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨੇ ‘ਨੋਟਾ’ ਨੂੰ ਫਿਰ ਤੋਂ ਪਰਿਭਾਸ਼ਿਤ ਕੀਤਾ ਹੈ—ਨਰੇਂਦਰਜ਼ ਆਨਗੋਇੰਗ ਟਰੰਪ ਅਪੀਜ਼ਮੈਂਟ।

ਮਰਾਠਾ ਅੰਦੋਲਨ—ਸਰਕਾਰ ਨੂੰ 90 ਦਿਨਾਂ ਦਾ ਸਮਾਂ

ਮਰਾਠਾ ਕੋਟਾ ਵਰਕਰ ਮਨੋਜ ਜਰਾਂਗੇ ਪਾਟਿਲ ਨੇ 17 ਸਤੰਬਰ ਨੂੰ ਆਪਣੀ 20 ਦਿਨਾਂ ਦੀ ਅਨਿਸ਼ਚਿਤ ਸਮੇਂ ਦੀ ਭੁੱਖ ਹੜਤਾਲ ਸਮਾਪਤ ਕਰ ਦਿੱਤੀ, ਜਦੋਂ ਮਹਾਰਾਸ਼ਟਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਕਰਨ ਲਈ 3 ਮਹੀਨਿਆਂ ਦਾ ਸਮਾਂ ਮੰਗਿਆ। ਇਹ ਫੈਸਲਾ ਬੀਡ ਜ਼ਿਲੇ ਦੇ ਪਾਟੋਦਾ ’ਚ ਇਕ ਸਰਕਾਰੀ ਵਫਦ ਵੱਲੋਂ ਉਨ੍ਹਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਲਿਆ ਗਿਆ। ਬੈਠਕ ਤੋਂ ਬਾਅਦ ਜਰਾਂਗੇ ਨੇ ਕਿਹਾ ਕਿ ਸਰਕਾਰ ਨੂੰ ਮੰਗਾਂ ਨੂੰ ਪੂਰਾ ਕਰਨ ਲਈ 90 ਦਿਨ ਦਿੱਤੇ ਗਏ ਹਨ। ਜੇਕਰ ਇਸ ਮਿਆਦ ਦੇ ਅੰਦਰ ਮੰਗਾਂ ਪੂਰੀਆਂ ਨਾ ਹੋਈਆਂ, ਤਾਂ ਅੰਦੋਲਨ ਮੁੰਬਈ ਵੱਲ ਵਧੇਗਾ। ਜਰਾਂਗੇ ਨੇ ਦਾਅਵਾ ਕੀਤਾ ਕਿ ਇਸ ਅੰਦੋਲਨ ਨੇ ਮਰਾਠਾ ਭਾਈਚਾਰੇ ਦੇ ਮੈਂਬਰਾਂ ਨਾਲ ਸੰਬੰਧਤ ਲਗਭਗ 58 ਲੱਖ ਕੁਨਬੀ ਰਿਕਾਰਡਾਂ ਨੂੰ ਉਜਾਗਰ ਕੀਤਾ ਹੈ ਅਤੇ ਦੋਸ਼ ਲਾਇਆ ਕਿ ਅਜਿਹੇ ਰਿਕਾਰਡਾਂ ਦੀ ਗਿਣਤੀ ਨੂੰ ਘੱਟ ਕਰਨ ਦੇ ਯਤਨ ਕੀਤੇ ਜਾ ਰਹੇ ਸਨ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਹੈਦਰਾਬਾਦ ਗਜ਼ੇਟੀਅਰ ਨਾਲ ਸੰਬੰਧਤ ਇਕ ਸੋਧਿਆ ਸਰਕਾਰੀ ਮਤਾ ਜਾਰੀ ਕਰਨ ’ਤੇ ਸਹਿਮਤ ਹੋਈ ਹੈ।

—ਰਾਹਿਲ ਨੋਰਾ ਚੋਪੜਾ


author

Shubam Kumar

Content Editor

Related News