ਅਜਿਹੀਆਂ ਔਰਤਾਂ ਹੋਰਨਾਂ ਦੇ ਲਈ ਪ੍ਰੇਰਣਾ ਸ੍ਰੋਤ ਬਣਦੀਆਂ ਹਨ
Tuesday, Sep 15, 2026 - 05:19 PM (IST)
ਮਹਾਰਾਸ਼ਟਰ ਦੇ ਬੀੜ ਜ਼ਿਲੇ ਦੇ ਅੰਬਾਜੋਗੋਈ ਸਥਾਨ ’ਤੇ 29 ਅਗਸਤ, 2026 ਨੂੰ ਤਿੰਨ ਕਿਲੋਮੀਟਰ ਦੀ ਮੈਰਾਥਨ ਕਰਵਾਈ ਗਈ। ਇਸ ’ਚ ਰਮਾਬਾਈ ਨਾਂ ਦੀ ਔਰਤ ਨੇ ਹਿੱਸਾ ਲਿਆ। ਉਸ ਕੋਲ ਬੂਟ ਨਹੀਂ ਸਨ, ਤਾਂ ਉਹ ਚੱਪਲਾਂ ਪਾ ਕੇ ਹੀ ਦੌੜਨ ਲੱਗੀ। ਰਸਤੇ ’ਚ ਚੱਪਲਾਂ ਤਿਲਕਣ ਲੱਗੀਆਂ, ਤਾਂ ਉਸ ਨੇ ਚੱਪਲਾਂ ਨੂੰ ਹੱਥ ’ਚ ਫੜ ਲਿਆ ਅਤੇ ਨੰਗੇ ਪੈਰੀਂ ਦੌੜੀ। ਦੌੜਦੇ ਵੇਲੇ ਇਸ ਔਰਤ ਨੇ ਸਾੜ੍ਹੀ ਪਹਿਨੀ ਹੋਈ ਸੀ। ਇਸ ਪ੍ਰਤੀਯੋਗਤਾ ਨੂੰ ਜਿੱਤਣ ’ਤੇ ਰਮਾਬਾਈ ਨੂੰ ਤਿੰਨ ਹਜ਼ਾਰ ਰੁਪਏ ਦਾ ਇਨਾਮ ਮਿਲਿਆ। ਇਨ੍ਹਾਂ ਪੈਸਿਆਂ ਦੀ ਵਰਤੋਂ ਉਹ ਆਪਣੀਆਂ ਧੀਆਂ ਦੀ ਫੀਸ ਦੇਣ ਲਈ ਕਰੇਗੀ। ਰਮਾਬਾਈ ਬੜੀ ਗਰੀਬ ਹੈ। ਉਸ ਨੂੰ ਦੌੜਨ ਦੀ ਟ੍ਰੇਨਿੰਗ ਵੀ ਨਹੀਂ ਹੈ ਪਰ ਹੌਸਲਾ ਦੇਖੋ ਕਿ ਖੁਦ ਕੁਝ ਵੀ ਕਰਨਾ ਪਵੇ ਤਾਂ ਜੋ ਧੀਆਂ ਨੂੰ ਪੜ੍ਹਾ-ਲਿਖਾ ਸਕੇ।
47 ਸਾਲਾ ਰਮਾਬਾਈ ਦੇ ਪਤੀ ਦਾ ਦਿਹਾਂਤ ਹੋ ਚੁੱਕਾ ਹੈ। ਦੋ ਧੀਆਂ ਹਨ। ਉਨ੍ਹਾਂ ਨੂੰ ਉਹ ਇਕੱਲੀ ਆਪਣੇ ਦਮ ’ਤੇ ਪਾਲ-ਪੋਸ ਰਹੀ ਹੈ। ਉਸ ਦੀ ਇਕ ਧੀ ਪੁਲਸ ਦੀ ਪ੍ਰੀਖਿਆ ਦੇਣ ਦੀ ਤਿਆਰੀ ਕਰ ਰਹੀ ਹੈ ਅਤੇ ਦੂਜੀ ਬੈਂਕ ਵਲੋਂ ਹੋਣ ਵਾਲੀ ਪ੍ਰੀਖਿਆ ਦੀ। ਜਦੋਂ ਇਹ ਘਟਨਾ ਵਾਇਰਲ ਹੋਈ, ਤਾਂ ਬੀੜ ਪ੍ਰਸ਼ਾਸਨ ਜਾਗਿਆ। ਪ੍ਰਸ਼ਾਸਨ ਵਲੋਂ ਉਸ ਨੂੰ ਪੰਜਾਹ ਹਜ਼ਾਰ ਦਾ ਚੈੱਕ ਦਿੱਤਾ ਗਿਆ। ਕੁਲੈਕਟਰ ਨੇ ਸਨਮਾਨਿਤ ਵੀ ਕੀਤਾ। ਰਾਸ਼ਟਰੀ ਮਹਿਲਾ ਕਮਿਸ਼ਨ ਨੇ ਇਕ ਲੱਖ ਰੁਪਏ ਦੀ ਸਹਾਇਤਾ ਮੁਹੱਈਆ ਕੀਤੀ।
ਇਸ ਦੌੜ ਦਾ ਵੀਡੀਓ ਰਾਹੁਲ ਦ੍ਰਾਵਿੜ ਅਤੇ ਹੋਰ ਕਈ ਨਾਮੀ ਲੋਕਾਂ ਨੇ ਸਾਂਝਾ ਕੀਤਾ। ਸਚਿਨ ਤੇਂਦੁਲਕਰ ਨਾਲ ਜੁੜੀ ਸੰਸਥਾ ਨੇ ਰਮਾਬਾਈ ਨੂੰ ਦੌੜਨ ਲਈ ਬੂਟ ਤੋਹਫ਼ੇ ’ਚ ਦਿੱਤੇ। ਇਹੋ ਨਹੀਂ, ਜਿਵੇਂ ਹੀ ਲੋਕਾਂ ਨੂੰ ਇਸ ਘਟਨਾ ਦਾ ਪਤਾ ਲੱਗਾ, ਬਹੁਤਿਆਂ ਨੇ ਖੁਦ-ਬ-ਖੁਦ ਮਦਦ ਕੀਤੀ। ਪਹਿਲੀ ਵਾਰ ਰਮਾਬਾਈ ਦਾ ਖਾਤਾ ਖੋਲ੍ਹਿਆ ਗਿਆ, ਜਿਸ ’ਚ ਲੋਕਾਂ ਦੀ ਮਦਦ ਨਾਲ ਹੁਣ ਤੱਕ ਡੇਢ ਲੱਖ ਰੁਪਏ ਦੀ ਰਕਮ ਜਮ੍ਹਾ ਹੋ ਚੁੱਕੀ ਹੈ।
ਅਜਿਹੀ ਹੀ ਇਕ ਦੂਜੀ ਘਟਨਾ 2013-14 ’ਚ ਮਹਾਰਾਸ਼ਟਰ ਦੇ ਹੀ ਬਾਰਾਮਤੀ ਜ਼ਿਲੇ ’ਚ ਹੋਈ ਸੀ। ਉੱਥੇ ਸੱਠ-ਪੈਂਹਠ ਸਾਲ ਦੇ ਲੋਕਾਂ ਲਈ ਇਕ ਮੈਰਾਥਨ ਕਰਵਾਈ ਗਈ ਸੀ। ਇਸ ’ਚ ਲਤਾ ਭਗਵਾਨ ਖਰੇ ਨਾਂ ਦੀ ਔਰਤ ਵੀ ਇਸੇ ਤਰ੍ਹਾਂ ਚੱਪਲ ਅਤੇ ਸਾੜ੍ਹੀ ਪਾ ਕੇ ਦੌੜੀ ਸੀ। ਉਸ ਦੀ ਚੱਪਲ ਰਸਤੇ ’ਚ ਟੁੱਟ ਗਈ ਪਰ ਉਹ ਦੌੜਦੀ ਰਹੀ। ਉਸ ਨੂੰ ਪੰਜ ਹਜ਼ਾਰ ਰੁਪਏ ਇਨਾਮ ’ਚ ਮਿਲੇ ਸਨ। ਲਤਾ ਇਸ ਦੌੜ ’ਚ ਇਸ ਲਈ ਸ਼ਾਮਲ ਹੋਈ ਕਿ ਪਤੀ ਬੀਮਾਰ ਸੀ। ਐੱਮ. ਆਰ. ਆਈ. ਕਰਵਾਉਣ ਲਈ ਉਸ ਕੋਲ ਪੈਸੇ ਨਹੀਂ ਸਨ। ਇਨਾਮ ’ਚ ਮਿਲੇ ਪੈਸੇ ਦੀ ਵਰਤੋਂ ਉਸ ਨੇ ਪਤੀ ਦੇ ਇਲਾਜ ਲਈ ਕੀਤੀ। ਲਤਾ ਭਗਵਾਨ ਖਰੇ ਦੇ ਜੀਵਨ ’ਤੇ ਇਸੇ ਨਾਂ ਨਾਲ 2020 ’ਚ ਮਰਾਠੀ ਭਾਸ਼ਾ ’ਚ ਇਕ ਫਿਲਮ ਵੀ ਬਣੀ। ਇਸ ’ਚ ਆਪਣੀ ਭੂਮਿਕਾ ਲਤਾ ਨੇ ਹੀ ਨਿਭਾਈ ਸੀ। ਇਸ ਫਿਲਮ ਨੂੰ ਰਾਸ਼ਟਰੀ ਫਿਲਮ ਪੁਰਸਕਾਰ ਵੀ ਮਿਲਿਆ ਸੀ।
ਅਜਿਹੀਆਂ ਕਹਾਣੀਆਂ ਉਨ੍ਹਾਂ ਔਰਤਾਂ ਦੀ ਜਿਊਣ ਦੀ ਇੱਛਾ ਨੂੰ ਦੱਸਦੀਆਂ ਹਨ, ਜੋ ਆਪਣੇ ਬੱਚਿਆਂ, ਪਤੀ ਜਾਂ ਪਰਿਵਾਰ ਦੀ ਖਾਤਰ ਜਾਨ ਦੀ ਬਾਜ਼ੀ ਲਗਾ ਦਿੰਦੀਆਂ ਹਨ। ਤਦੇ ਤਾਂ ਇਕ ਸੰਤਾਲੀ ਸਾਲ ਦੀ ਔਰਤ ਅਤੇ ਇਕ ਸੱਠ ਤੋਂ ਉੱਪਰ ਦੀ ਔਰਤ ਦੌੜਨ ਲਈ ਕੋਈ ਵੀ ਸਹੁਲਤ ਨਾ ਹੁੰਦੇ ਹੋਏ ਵੀ ਦੌੜ ਪੈਂਦੀਆਂ ਹਨ, ਕਿਉਂਕਿ ਬੱਚਿਆਂ ਦੀ ਸਿੱਖਿਆ ਜਾਂ ਪਤੀ ਅਤੇ ਪਰਿਵਾਰ ਲਈ ਜੋ ਪੈਸਾ ਚਾਹੀਦਾ ਹੈ, ਉਸ ਨੂੰ ਕਮਾ ਸਕਣ।
ਇਹ ਨਾ ਸਿਰਫ ਜ਼ਿੰਮੇਵਾਰੀ ਦੀ ਭਾਵਨਾ ਸਗੋਂ ਪਰਿਵਾਰ ਪ੍ਰਤੀ ਪ੍ਰੇਮ ਅਤੇ ਫਰਜ਼ਾਂ ਨੂੰ ਨਿਭਾਉਣ ਦਾ ਅਨੋਖਾ ਤਰੀਕਾ ਵੀ ਹੈ। ਇਹ ਔਰਤਾਂ ਹੀ ਹਨ ਜੋ ਦੂਜਿਆਂ ਲਈ ਪ੍ਰੇਰਣਾ ਸਰੋਤ ਬਣਦੀਆਂ ਹਨ ਕਿ ਹਿੰਮਤ ਹਾਰਨ ਨਾਲ ਕੁਝ ਨਹੀਂ ਹੁੰਦਾ। ਮੌਕੇ ਲੱਭਣੇ ਪੈਂਦੇ ਹਨ। ਆਤਮ-ਸਨਮਾਨ ਨਾਲ ਗਰੀਬੀ ਨਾਲ ਲੜਿਆ ਜਾ ਸਕਦਾ ਹੈ, ਜਿੱਤਿਆ ਜਾ ਸਕਦਾ ਹੈ।
ਜਦੋਂ ਤੱਕ ਇਹ ਔਰਤਾਂ ਆਪਣੀ ਮਿਹਨਤ ਦੇ ਬਲ ’ਤੇ ਕੋਈ ਮੁਕਾਮ ਹਾਸਲ ਨਾ ਕਰ ਲੈਣ, ਉਦੋਂ ਤੱਕ ਸਾਡੇ ਸਮਾਜ ਦੇ ਅਖੌਤੀ ਚੌਧਰੀਆਂ ਦਾ ਧਿਆਨ ਅਕਸਰ ਇਨ੍ਹਾਂ ਵੱਲ ਨਹੀਂ ਜਾਂਦਾ ਪਰ ਦੇਰ ਨਾਲ ਹੀ ਸਹੀ, ਸਮਾਜ ਨੂੰ ਜਦੋਂ ਪਤਾ ਲਗਦਾ ਹੈ, ਤਾਂ ਇਨ੍ਹਾਂ ਦੇ ਸੰਘਰਸ਼ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ। ਆਪਣੇ-ਆਪਣੇ ਵੱਲੋਂ ਮਦਦ ਦਾ ਹੱਥ ਵੀ ਵਧਾਇਆ ਜਾਂਦਾ ਹੈ। ਸੋਚੋ ਕਿ ਜੇਕਰ ਇਹ ਔਰਤਾਂ ਪੈਸੇ ਦੀ ਲੋੜ ਲਈ ਨਾ ਦੌੜਦੀਆਂ, ਅੱਜ ਦੇ ਸੋਸ਼ਲ ਮੀਡੀਆ ਦੀਆਂ ਖ਼ਬਰਾਂ ’ਚ ਨਾ ਆਉਂਦੀਆਂ, ਤਾਂ ਕਿਸੇ ਨੂੰ ਇਨ੍ਹਾਂ ਬਾਰੇ ਪਤਾ ਤੱਕ ਨਾ ਲਗਦਾ ਕਿ ਮਾਮੂਲੀ ਲੋੜਾਂ ਅਤੇ ਇਲਾਜ ਲਈ ਵੀ ਇਨ੍ਹਾਂ ਕੋਲ ਪੈਸੇ ਨਹੀਂ ਹਨ।
ਕਾਇਦੇ ਨਾਲ ਤਾਂ ਇਹ ਔਰਤਾਂ ਹੀ ਸਲਾਮ ਦੇ ਯੋਗ ਹਨ। ਸਾਡੇ ਸਮਾਜ ਦੀਆਂ ਰੋਲ ਮਾਡਲ ਹਨ। ਜਦੋਂ ਤੋਂ ਆਪਣੇ ਇੱਥੇ ਪੇਜ ਥ੍ਰੀ ਕਲਚਰ ਦਾ ਬੋਲਬਾਲਾ ਹੋਇਆ ਹੈ, ਇਕ ਧਾਰਾ ਜਿਹੀ ਵਹਿ ਨਿਕਲੀ ਹੈ। ਜੋ ਵੀ ਪ੍ਰਸਿੱਧ ਹੈ, ਪੈਸੇ ਵਾਲਾ ਹੈ, ਚਮਕ-ਧਮਕ ਵਾਲੇ ਚਿਹਰੇ ਹਨ, ਉਨ੍ਹਾਂ ਨੂੰ ਹੀ ਰੋਲ ਮਾਡਲ ਸਾਬਤ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਨੂੰ ਹੀ ਆਦਰਸ਼ ਦੱਸਿਆ ਜਾਣ ਲੱਗਦਾ ਹੈ। ਇਸ਼ਤਿਹਾਰਾਂ ’ਚ ਐਂਪਾਵਰਡ ਵੂਮੈਨ ਦੀ ਤਰ੍ਹਾਂ ਪੇਸ਼ ਕੀਤਾ ਜਾਣ ਲੱਗਦਾ ਹੈ ਕਿਉਂਕਿ ਇਸ਼ਤਿਹਾਰ ਦੀ ਚਮਕੀਲੀ ਦੁਨੀਆ ’ਚ ਕਿਸੇ ਗਰੀਬ ਦੇ ਉੱਜੜੇ ਹੋਏ ਚਿਹਰੇ, ਉਨ੍ਹਾਂ ਦੇ ਉਤਪਾਦ ਵੇਚਣ ਲਈ ਕਿਸੇ ਕੰਮ ਦੇ ਨਹੀਂ ਹੁੰਦੇ।
ਪਰ ਜਦੋਂ ਰਮਾਬਾਈ ਜਾਂ ਲਤਾ ਖ਼ਬਰ ਬਣਦੀਆਂ ਹਨ, ਤਾਂ ਲੋਕ ਪਹਿਲਾਂ ਹੈਰਾਨ ਹੁੰਦੇ ਹਨ, ਫਿਰ ਉਨ੍ਹਾਂ ਦੀ ਹਿੰਮਤ ਦੀ ਪ੍ਰਸ਼ੰਸਾ ਕਰਦੇ ਹਨ। ਮੀਡੀਆ, ਸੋਸ਼ਲ ਮੀਡੀਆ ’ਚ ਜਦੋਂ ਇਨ੍ਹਾਂ ਬਾਰੇ ਖ਼ਬਰਾਂ ਆਉਂਦੀਆਂ ਹਨ, ਤਾਂ ਲੋਕ ਇਨ੍ਹਾਂ ਨੂੰ ਸੈਲੀਬ੍ਰੇਟ ਕਰਦੇ ਹਨ। ਮਦਦ ਦੇ ਹੱਥ ਵੀ ਆਪਣੇ ਆਪ ਹੀ ਵਧਣ ਲੱਗਦੇ ਹਨ।
ਇਹੋ ਨਹੀਂ, ਇਸ ਗੱਲ ਨੂੰ ਸੋਚ ਕੇ ਵੀ ਪ੍ਰੇਸ਼ਾਨੀ ਹੁੰਦੀ ਹੈ ਕਿ ਅੱਜ ਵੀ ਇਸ ਦੇਸ਼ ’ਚ ਕਿੰਨੇ ਲੋਕ ਹਨ, ਜਿਨ੍ਹਾਂ ਕੋਲ ਗੁਜ਼ਾਰੇ ਲਈ ਮਾਮੂਲੀ ਜਿਹੇ ਸਾਧਨ ਵੀ ਮੁਹੱਈਆ ਨਹੀਂ। ਉਹ ਕੀ ਕਰਨ, ਕਿਸ ਦੇ ਸਾਹਮਣੇ ਆਪਣੇ ਦੁੱਖਾਂ ਨੂੰ ਬਿਆਨ ਕਰਨ? ਇਨ੍ਹਾਂ ਦੋ ਔਰਤਾਂ ਨੂੰ ਤਾਂ ਪੈਸੇ ਲਈ ਦੌੜਨ ਦਾ ਮੌਕਾ ਮਿਲ ਗਿਆ, ਉਨ੍ਹਾਂ ਨੇ ਬਿਨਾਂ ਕਿਸੇ ਦੀ ਪ੍ਰਵਾਹ ਕੀਤੇ, ਆਪਣੇ ਨਿਸ਼ਾਨੇ ਨੂੰ ਹਾਸਲ ਕਰਨ ’ਚ ਸਫਲਤਾ ਪ੍ਰਾਪਤ; ਅਜਿਹੇ ਹੋਰ ਪਤਾ ਨਹੀਂ ਕਿੰਨੇ ਔਰਤ-ਮਰਦ, ਬੱਚੇ ਹੋਣਗੇ, ਉਨ੍ਹਾਂ ਦੀਆਂ ਕਹਾਣੀਆਂ ਵੀ ਸਾਹਮਣੇ ਆ ਜਾਣ, ਤਾਂ ਕਿੰਨਾ ਚੰਗਾ ਰਹੇ।
—ਸ਼ਮਾ ਸ਼ਰਮਾ
