ਜ਼ਹਿਰੀਲੀ ਮਾਨਸਿਕਤਾ ਦੇ ਲੋਕਾਂ ਤੋਂ ਬਚਾਅ, ਕਿਵੇਂ?

Thursday, Sep 17, 2026 - 04:52 PM (IST)

ਜ਼ਹਿਰੀਲੀ ਮਾਨਸਿਕਤਾ ਦੇ ਲੋਕਾਂ ਤੋਂ ਬਚਾਅ, ਕਿਵੇਂ?

ਸਾਡੇ ਸਮਾਜ ’ਚ ਚਾਰੇ ਪਾਸੇ ਜ਼ਹਿਰੀਲੀ ਮਾਨਸਿਕਤਾ ਯਾਨੀ ਕਿ ਟਾਕਸਿਕ ਪ੍ਰਵਿਰਤੀ ਦੇ ਲੋਕਾਂ ਦੀ ਗਿਣਤੀ ਅਣਗਿਣਤ ਹੁੰਦੀ ਜਾ ਰਹੀ ਹੈ। ਅਨੇਕਾਂ ਲੋਕਾਂ ਨੂੰ ਜ਼ਿੰਦਗੀ ’ਚ ਅਜਿਹੇ ਲੋਕ ਮਿਲ ਜਾਂਦੇ ਹਨ, ਜਾਂ ਉਨ੍ਹਾਂ ਦੀ ਜ਼ਿੰਦਗੀ ’ਚ ਅਜਿਹੇ ਲੋਕ ਨਾ ਚਾਹੁੰਦੇ ਹੋਏ ਵੀ ਆ ਜਾਂਦੇ ਹਨ ਜੋ ਨਾ ਕੇਵਲ ਉਨ੍ਹਾਂ ਦੀ ਮਾਨਸਿਕ ਸ਼ਾਂਤੀ ਭੰਗ ਕਰਦੇ ਹਨ, ਸਗੋਂ ਹੌਲੀ-ਹੌਲੀ ਆਤਮ-ਵਿਸ਼ਵਾਸ ਅਤੇ ਊਰਜਾ (ਐਨਰਜੀ) ਨੂੰ ਵੀ ਖ਼ਤਮ ਕਰ ਦਿੰਦੇ ਹਨ। ਮਨੋਵਿਗਿਆਨਕ ਮਤ ਹੈ ਕਿ ਇਹ ਟਾਕਸਿਸਿਟੀ ਕਦੇ ਸ਼ਬਦਾਂ ’ਚ ਛੁਪੀ ਹੁੰਦੀ ਹੈ, ਤਾਂ ਕਦੇ ਵਿਵਹਾਰ ’ਚ। ਟਾਕਸਿਕ ਲੋਕ ਅਜਿਹੇ ਲੋਕ ਹੁੰਦੇ ਹਨ ਜੋ ਤੁਹਾਡੀਆਂ ਭਾਵਨਾਵਾਂ ਨਾਲ ਖੇਡਦੇ ਹਨ ਅਤੇ ਤੁਹਾਨੂੰ ਦਿਮਾਗੀ ਤੌਰ ’ਤੇ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਦੇ ਹਨ।
ਅਸੀਂ ਜ਼ਹਿਰੀਲੀ ਮਾਨਸਿਕਤਾ (ਟਾਕਸਿਕ ਪ੍ਰਵਿਰਤੀ) ਦੇ ਲੋਕਾਂ ਦੇ ਜ਼ਹਿਰੀਲੇ ਮਾਨਸਿਕ ਪ੍ਰਭਾਵ ਤੋਂ ਕਿਵੇਂ ਬਚ ਸਕਦੇ ਹਾਂ, ਮਨੋਵਿਗਿਆਨ ’ਚ ਕੁਝ ਕਨਵਿੰਸਿੰਗ ਅਤੇ ਡਿਫੈਂਸਿਵ ਤਕਨੀਕਾਂ ਹੁੰਦੀਆਂ ਹਨ, ਜੋ ਨਾ ਸਿਰਫ਼ ਤੁਹਾਨੂੰ ਟਾਕਸਿਕ ਲੋਕਾਂ ਤੋਂ ਬਚਾਉਣ ’ਚ ਮਦਦ ਕਰਦੀਆਂ ਹਨ, ਸਗੋਂ ਤੁਹਾਨੂੰ ਦਿਮਾਗੀ ਤੌਰ ’ਤੇ ਮਜ਼ਬੂਤ ਵੀ ਬਣਾਉਂਦੀਆਂ ਹਨ। ਇਨ੍ਹਾਂ ਨੁਕਤਿਆਂ ਨੂੰ ਅਪਣਾ ਕੇ ਤੁਸੀਂ ਨਾ ਕੇਵਲ ਆਪਣੀਆਂ ਹੱਦਾਂ ਤੈਅ ਕਰਨਾ ਸਿੱਖੋਗੇ, ਸਗੋਂ ਸਾਹਮਣੇ ਵਾਲੇ ਨੂੰ ਬਿਨਾਂ ਬਹਿਸ ਦੇ ਉਸ ਦੀ ਜਗ੍ਹਾ ਦਿਖਾ ਵੀ ਸਕੋਗੇ।

ਕੁਝ ਮਨੋਵਿਗਿਆਨਕ ਤਰੀਕੇ ਹਨ ਜੋ ਜ਼ਹਿਰੀਲੀ ਮਾਨਸਿਕਤਾ ਦੇ ਲੋਕਾਂ ਨੂੰ ਤੁਹਾਡੇ ਤੋਂ ਦੂਰ ਰੱਖਣ ’ਚ ਸਹਾਇਕ ਹੋ ਸਕਦੇ ਹਨ। ਸਭ ਤੋਂ ਪਹਿਲਾਂ ਟਾਕਸਿਕ ਲੋਕਾਂ ਨਾਲ ਡੀਲ ਕਰਨ ਦਾ ਸਭ ਤੋਂ ਆਸਾਨ ਤਰੀਕਾ ਹੈ—

‘ਗ੍ਰੇ ਰੋਕ’ ਤਕਨੀਕ। ਇਸ ’ਚ ਤੁਸੀਂ ਖ਼ੁਦ ਨੂੰ ਉਨ੍ਹਾਂ ਦੇ ਸਾਹਮਣੇ ਬੇਜਾਨ ਅਤੇ ਨੀਰਸ ਬਣਾ ਲੈਂਦੇ ਹੋ। ਯਾਨੀ ਨਾ ਜ਼ਿਆਦਾ ਪ੍ਰਤੀਕਿਰਿਆ ਦਿਓ ਅਤੇ ਨਾ ਹੀ ਭਾਵਨਾਵਾਂ ਨੂੰ ਜ਼ਾਹਰ ਕਰੋ। ਅਜਿਹਾ ਕਰਨ ਨਾਲ ਸਾਹਮਣੇ ਵਾਲਾ ਵਿਅਕਤੀ ਤੁਹਾਡੇ ’ਚ ਦਿਲਚਸਪੀ ਗੁਆ ਦਿੰਦਾ ਹੈ ਅਤੇ ਤੁਹਾਨੂੰ ਮਾਨਸਿਕ ਸ਼ਾਂਤੀ ਮਿਲਦੀ ਹੈ।

ਜੇਕਰ ਕਿਸੇ ਵਿਅਕਤੀ ਦੀ ਨਕਾਰਾਤਮਕਤਾ (ਨੇਗੇਟਿਵਿਟੀ) ਵਾਰ-ਵਾਰ ਤੁਹਾਨੂੰ ਪਰੇਸ਼ਾਨ ਕਰ ਰਹੀ ਹੈ, ਤਾਂ ਸਭ ਤੋਂ ਚੰਗਾ ਤਰੀਕਾ ਹੈ ਕਿ ਉਸ ਤੋਂ ਦੂਰੀ ਬਣਾ ਲਵੋ। ‘ਨੋ ਕਾਂਟੈਕਟ ਰੂਲ’ ਦੇ ਤਹਿਤ ਤੁਸੀਂ ਉਸ ਦੇ ਕਾਲ, ਮੈਸੇਜ ਜਾਂ ਮਿਲਣਾ-ਜੁਲਣਾ ਪੂਰੀ ਤਰ੍ਹਾਂ ਬੰਦ ਕਰ ਸਕਦੇ ਹੋ। ਇਸ ਨਾਲ ਤੁਹਾਡਾ ਮਾਨਸਿਕ ਤਣਾਅ ਘੱਟ ਹੋਵੇਗਾ। ਕਈ ਵਾਰ ਸੁਣਦੇ ਹਾਂ ਕਿ ਬਹੁਤ ਜ਼ਿਆਦਾ ਪਿਆਰ ਵੀ ਚੰਗਾ ਨਹੀਂ ਹੁੰਦਾ!

ਟਾਕਸਿਕ ਲੋਕ ਅਕਸਰ ਦੂਜਿਆਂ ਦੀਆਂ ਹੱਦਾਂ ਦੀ ਉਲੰਘਣਾ ਕਰਦੇ ਹਨ। ਇਸ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੀ ਲਿਮਿਟ ਯਾਨੀ ਲਛਮਣ ਰੇਖਾ ਸਾਫ਼ ਕਰ ਦਿਓ। ਜਿਵੇਂ, ਜੇਕਰ ਕੋਈ ਵਾਰ-ਵਾਰ ਤੁਹਾਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਸ ਨੂੰ ਸਾਫ਼ ਸ਼ਬਦਾਂ ’ਚ ਦੱਸ ਦਿਓ ਕਿ ਤੁਸੀਂ ਇਹ ਬਰਦਾਸ਼ਤ ਨਹੀਂ ਕਰੋਗੇ।

ਇਹ ਸਾਈਕੋਲਾਜੀਕਲ ਟ੍ਰਿਕ ਸਾਹਮਣੇ ਵਾਲੇ ਦੇ ਸ਼ਬਦਾਂ ਜਾਂ ਹਾਵ-ਭਾਵ ਨੂੰ ਉਸੇ ਅੰਦਾਜ਼ ’ਚ ਦੋਹਰਾਉਣ ’ਚ ਆਧਾਰਿਤ ਹੈ। ਇਸ ਨਾਲ ਸਾਹਮਣੇ ਵਾਲਾ ਵਿਅਕਤੀ ਤੁਹਾਡੇ ਪ੍ਰਤੀ ਹਮਦਰਦੀ ਮਹਿਸੂਸ ਕਰਨ ਲੱਗਦਾ ਹੈ ਅਤੇ ਉਸ ਦੀ ਨਕਾਰਾਤਮਕਤਾ ਘੱਟ ਹੋ ਜਾਂਦੀ ਹੈ।

ਟਾਕਸਿਕ ਲੋਕਾਂ ਨਾਲ ਡੀਲ ਕਰਦੇ ਸਮੇਂ ਹਮੇਸ਼ਾ ਆਤਮ-ਵਿਸ਼ਵਾਸ ਨਾਲ ਭਰੀ ਬੌਡੀ ਲੈਂਗੂਏਜ ਰੱਖੋ। ਸਿੱਧੇ ਖੜ੍ਹੇ ਰਹੋ, ਅੱਖਾਂ ’ਚ ਅੱਖਾਂ ਪਾ ਕੇ ਗੱਲ ਕਰੋ ਅਤੇ ਆਪਣੀ ਆਵਾਜ਼ ’ਚ ਸਥਿਰਤਾ ਬਣਾਏ ਰੱਖੋ। ਇਸ ਨਾਲ ਸਾਹਮਣੇ ਵਾਲਾ ਤੁਹਾਡੇ ’ਤੇ ਭਾਰੂ ਨਹੀਂ ਹੋ ਸਕੇਗਾ।

ਕਈ ਵਾਰ ਟਾਕਸਿਕ ਲੋਕ ਵਾਰ-ਵਾਰ ਸਲਾਹ ਦਿੰਦੇ ਹਨ ਜਾਂ ਦਖਲਅੰਦਾਜ਼ੀ ਕਰਦੇ ਹਨ। ਅਜਿਹੇ ’ਚ ਤੁਸੀਂ ਉਨ੍ਹਾਂ ਦੀ ਰਾਏ ਨੂੰ ਹੀ ਪਲਟ ਕੇ ਉਨ੍ਹਾਂ ਦੇ ਖ਼ਿਲਾਫ਼ ਇਸਤੇਮਾਲ ਕਰ ਸਕਦੇ ਹੋ। ਜਿਵੇਂ, ਜੇਕਰ ਕੋਈ ਵਾਰ-ਵਾਰ ਤੁਹਾਡੀ ਆਲੋਚਨਾ ਕਰਦਾ ਹੈ, ਤਾਂ ਤੁਸੀਂ ਉਸ ਨੂੰ ਕਹੋ— ਸ਼ੁਕਰੀਆ, ਤੁਹਾਡੀ ਸਲਾਹ ਨਾਲ ਮੈਨੂੰ ਹੋਰ ਬਿਹਤਰ ਕਰਨ ਦਾ ਮੌਕਾ ਮਿਲਿਆ। ਇਸ ਨੂੰ ਰਿਵਰਸ ਸਾਈਕੋਲਾਜੀ ਕਹਿੰਦੇ ਹਨ।

ਟਾਕਸਿਕ ਲੋਕ ਅਕਸਰ ਤੁਹਾਨੂੰ ਗਿਲਟ ਟ੍ਰੈਪ (ਅਪਰਾਧ ਬੋਧ) ’ਚ ਪਾਉਣ ਦੀ ਕੋਸ਼ਿਸ਼ ਕਰਦੇ ਹਨ। ਉਹ ਤੁਹਾਨੂੰ ਅਜਿਹਾ ਮਹਿਸੂਸ ਕਰਵਾਉਂਦੇ ਹਨ ਕਿ ਤੁਸੀਂ ਹੀ ਗਲਤ ਹੋ। ਅਜਿਹੇ ’ਚ ਤੁਹਾਨੂੰ ਆਪਣੇ ਆਤਮ-ਸਨਮਾਨ ਨੂੰ ਬਣਾਏ ਰੱਖਣਾ ਚਾਹੀਦਾ ਹੈ ਅਤੇ ਉਨ੍ਹਾਂ ਦੀਆਂ ਗੱਲਾਂ ਨੂੰ ਦਿਲ ’ਤੇ ਨਹੀਂ ਲੈਣਾ ਚਾਹੀਦਾ। ਗਿਲਟ ਟ੍ਰੈਪ ਤੋਂ ਬਚਣ ਲਈ ਖ਼ੁਦ ਨੂੰ ਦੋਸ਼ੀ ਮਹਿਸੂਸ ਨਾ ਹੋਣ ਦਿਓ।

-ਡਾ. ਵਰਿੰਦਰ ਭਾਟੀਆ


author

Harpreet SIngh

Content Editor

Related News