ਦੂਰ ਦੀ ਕੌਡੀ ; ਸਾਨੂੰ ਉਸ ਭਰੋਸੇ ’ਤੇ ਖ਼ਰਾ ਉਤਰਨਾ ਹੋਵੇਗਾ...!

Sunday, Sep 20, 2026 - 05:05 PM (IST)

ਦੂਰ ਦੀ ਕੌਡੀ ; ਸਾਨੂੰ ਉਸ ਭਰੋਸੇ ’ਤੇ ਖ਼ਰਾ ਉਤਰਨਾ ਹੋਵੇਗਾ...!

ਮੇਰੇ ਗੁਆਂਢੀ ਨੇ ਜੋਸ਼ ’ਚ ਆ ਕੇ ਕਿਹਾ, “ਭਾਰਤ ਨੂੰ 5 ਅਰਬ ਡਾਲਰ ਮਿਲ ਰਹੇ ਹਨ।”

ਮੇਰੇ ਹੱਥੋਂ ਚਾਹ ਦਾ ਕੱਪ ਲੱਗਭਗ ਡਿੱਗਦੇ-ਡਿੱਗਦੇ ਬਚਿਆ।

ਮੈਂ ਪੁੱਛਿਆ, “ਕਿਸ ਤੋਂ? ਤੇ ਸਭ ਤੋਂ ਜ਼ਰੂਰੀ ਗੱਲ, ਅਸੀਂ ਇਸ ਨੂੰ ਕਦੋਂ ਵੰਡਾਂਗੇ?”

ਉਨ੍ਹਾਂ ਨੇ ਰੁੱਖੇਪਣ ਨਾਲ ਕਿਹਾ, “ਇਹ ਤੁਹਾਡੇ ਲਈ ਨਹੀਂ ਹਨ। ਅਮਰੀਕੀ ਕੰਪਨੀ ‘ਐਪਲਾਈਡ ਮੈਟੀਰੀਅਲਜ਼’ ਅਗਲੇ 10 ਸਾਲਾਂ ’ਚ ਭਾਰਤ ’ਚ 5 ਅਰਬ ਡਾਲਰ ਦਾ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ।”

ਮੈਂ ਕਿਹਾ, “ਇਹ ਤਾਂ ਬਹੁਤ ਚੰਗੀ ਗੱਲ ਹੈ। ਉਹ ਕੀ ਬਣਾਉਂਦੀ ਹੈ?”

“ਚਿੱਪ ਬਣਾਉਣ ’ਚ ਵਰਤੇ ਜਾਣ ਵਾਲੇ ਉਪਕਰਨ।”

“ਪੋਟੈਟੋ ਚਿਪਸ?”

ਉਨ੍ਹਾਂ ਨੇ ਮੈਨੂੰ ਇਸ ਤਰ੍ਹਾਂ ਦੇਖਿਆ ਜਿਵੇਂ ਕੋਈ ਬਜ਼ੁਰਗ ਰਿਸ਼ਤੇਦਾਰ ਨੂੰ ਸਮਾਰਟਫ਼ੋਨ ਚਲਾਉਣਾ ਸਿਖਾਉਂਦੇ ਸਮੇਂ ਸਬਰ ਨਾਲ ਦੇਖਦਾ ਹੈ।

ਉਨ੍ਹਾਂ ਥੱਕ ਕੇ ਕਿਹਾ, “ਕੰਪਿਊਟਰ ਦੀਆਂ ਚਿੱਪਾਂ। ਉਹ ਛੋਟੀਆਂ-ਛੋਟੀਆਂ ਚੀਜ਼ਾਂ ਜੋ ਫ਼ੋਨ, ਕਾਰ, ਮੈਡੀਕਲ ਉਪਕਰਨਾਂ, ਸੈਟੇਲਾਈਟ ਅਤੇ ਲੱਗਭਗ ਹਰ ਆਧੁਨਿਕ ਮਸ਼ੀਨ ਨੂੰ ਚਲਾਉਂਦੀਆਂ ਹਨ।”

ਮੈਂ ਸੋਚ-ਸਮਝ ਕੇ ਆਪਣੇ ਫ਼ੋਨ ਵੱਲ ਦੇਖਿਆ। ਉਸ ਦਿਨ ਉਹ 2 ਵਾਰ ਡਿੱਗ ਚੁੱਕਾ ਸੀ। ਮੇਰਾ ਚਿਹਰਾ ਪਛਾਣਨ ਤੋਂ ਇਨਕਾਰ ਕਰ ਰਿਹਾ ਸੀ ਤੇ ਮੇਰੇ ਪੁਜਾਰੀ ਨੂੰ ਭੇਜੇ ਗਏ ਮੈਸੇਜ ’ਚ ‘ਗੁੱਡ ਮਾਰਨਿੰਗ’ ਨੂੰ ‘ਗੋਟ ਮਾਰਨਿੰਗ’ (ਬੱਕਰੀ ਦਾ ਸੋਗ) ’ਚ ਬਦਲ ਦਿੱਤਾ ਸੀ।

ਮੈਂ ਕਿਹਾ, “ਲੱਗਦਾ ਹੈ ਉਸ ਦੇ ਅੰਦਰ ਦੀ ਉਹ ਛੋਟੀ ਜਿਹੀ ਚੀਜ਼ ਬਹੁਤ ਜ਼ਿਆਦਾ ਕੰਮ ਕਰ ਰਹੀ ਹੈ।”

ਫਿਰ ਵੀ, ਇਹ ਸੱਚਮੁੱਚ ਉਤਸ਼ਾਹ ਵਧਾਉਣ ਵਾਲੀ ਖ਼ਬਰ ਹੈ। ਸਾਲਾਂ ਤੋਂ ਭਾਰਤ ਆਪਣੇ ਸਭ ਤੋਂ ਚੰਗੇ ਦਿਮਾਗਾਂ ਨੂੰ ਵਿਦੇਸ਼ ਭੇਜਦਾ ਰਿਹਾ ਹੈ। ਹੁਣ ਦੁਨੀਆ ਨੂੰ ਸਿਰਫ਼ ਦਿਮਾਗ ਸਪਲਾਈ ਕਰਨ ਨਾਲੋਂ ਕਿਤੇ ਵੱਧ ਕਰਨ ਦਾ ਮੌਕਾ ਹੈ। ਅਸੀਂ ਅਜਿਹੀਆਂ ਪ੍ਰਯੋਗਸ਼ਾਲਾਵਾਂ, ਫੈਕਟਰੀਆਂ ਤੇ ਹੁਨਰ ਵਿਕਸਤ ਕਰ ਸਕਦੇ ਹਾਂ ਜੋ ਉਨ੍ਹਾਂ ਦਿਮਾਗਾਂ ਨੂੰ ਇੱਥੇ ਹੀ ਕੁਝ ਨਵਾਂ ਬਣਾਉਣ ’ਚ ਮਦਦ ਕਰਨ।

ਸੈਮੀਕੰਡਕਟਰ ਚਿੱਪਾਂ ਭਾਵੇਂ ਛੋਟੀਆਂ ਹੋਣ ਪਰ ਉਨ੍ਹਾਂ ਨਾਲ ਜੁੜੀ ਇੰਡਸਟਰੀ ਬਹੁਤ ਵੱਡੀ ਹੈ। ਜੋ ਦੇਸ਼ ਅਜਿਹੀ ਟੈਕਨਾਲੋਜੀ ਬਣਾ ਸਕਦਾ ਹੈ ਤੇ ਉਸ ਨੂੰ ਸਪੋਰਟ ਕਰ ਸਕਦਾ ਹੈ, ਉਸ ਨੂੰ ਨਾ ਸਿਰਫ਼ ਪੈਸਾ ਅਤੇ ਰੋਜ਼ਗਾਰ ਸਗੋਂ ਸਵੈ-ਭਰੋਸਾ ਵੀ ਮਿਲਦਾ ਹੈ। ਉਹ ਦੂਜਿਆਂ ਦੀਆਂ ਬਣਾਈਆਂ ਚੀਜ਼ਾਂ ਖ਼ਰੀਦਣ ਦੀ ਬਜਾਏ ਅਜਿਹੀਆਂ ਚੀਜ਼ਾਂ ਬਣਾਉਣ ਵੱਲ ਵਧਣ ਲੱਗਦਾ ਹੈ, ਜਿਨ੍ਹਾਂ ਨੂੰ ਦੂਜੇ ਖ਼ਰੀਦਣਾ ਚਾਹੁੰਦੇ ਹਨ।

ਮੇਰੇ ਗੁਆਂਢੀ ਨੇ ਸਮਝਦਾਰੀ ਨਾਲ ਸਿਰ ਹਿਲਾਇਆ।

ਉਨ੍ਹਾਂ ਕਿਹਾ, “ਇਸ ਨਾਲ ਭਾਰਤ ਇਕ ਵੱਡਾ ਟੈਕਨਾਲੋਜੀ ਸੈਂਟਰ ਬਣ ਸਕਦਾ ਹੈ।”

ਮੈਂ ਜਵਾਬ ਦਿੱਤਾ, “ਸ਼ਰਤ ਇਹ ਹੈ ਕਿ ਫੈਕਟਰੀ ਬਣਾਉਣ ਲਈ ਐਪਲੀਕੇਸ਼ਨ ਫ਼ਾਰਮ ’ਚ 17 ਫ਼ੋਟੋਕਾਪੀਆਂ, ਤਿੰਨ ਹਲਫ਼ਨਾਮੇ ਅਤੇ 1996 ’ਚ ਰਿਟਾਇਰ ਹੋਏ ਕਿਸੇ ਅਫ਼ਸਰ ਦੇ ਦਸਤਖ਼ਤਾਂ ਦੀ ਲੋੜ ਨਾ ਹੋਵੇ।”

ਉਨ੍ਹਾਂ ਨੇ ਸਿਰ ਹਿਲਾਉਣਾ ਬੰਦ ਕਰ ਦਿੱਤਾ।

ਸਿਰਫ਼ ਨਿਵੇਸ਼ ਕਾਫ਼ੀ ਨਹੀਂ ਹੋਵੇਗਾ। ਮੈਂ ਮਨ ਹੀ ਮਨ ਸੋਚਿਆ ਅਤੇ ਨਾਲ ਹੀ ਜਸ਼ਨ ਵਜੋਂ ਤੇ ਉਨ੍ਹਾਂ ਨੇ ਜੋ ਚਾਹ ਦਾ ਕੱਪ ਮੈਨੂੰ ਦਿੱਤਾ, ਉਸ ਨੂੰ ਖ਼ੁਸ਼ੀ-ਖ਼ੁਸ਼ੀ ਲੈ ਲਿਆ। ਸਾਨੂੰ ਟੈਲੇਂਟ ਲਈ ਕੰਮ ਕਰਨਾ, ਰਿਸਰਚ ਨੂੰ ਅੱਗੇ ਵਧਾਉਣਾ ਅਤੇ ਆਈਡੀਏ ਨੂੰ ਪ੍ਰੋਡਕਟ ’ਚ ਬਦਲਣਾ ਸੌਖਾ ਬਣਾਉਣਾ ਹੋਵੇਗਾ। ਸਾਨੂੰ ਆਪਣੇ ਨੌਜਵਾਨਾਂ ਨੂੰ ਸਿਰਫ਼ ਟੈਕਨਾਲੋਜੀ ਦੀ ਵਰਤੋਂ ਕਰਨਾ ਹੀ ਨਹੀਂ, ਸਗੋਂ ਉਨ੍ਹਾਂ ਨੂੰ ਸਮਝਣਾ ਅਤੇ ਬਣਾਉਣਾ ਵੀ ਸਿਖਾਉਣਾ ਹੋਵੇਗਾ। ਸਭ ਤੋਂ ਜ਼ਰੂਰੀ ਗੱਲ, ਸਾਨੂੰ ਵਫ਼ਾਦਾਰੀ ਦੀ ਬਜਾਏ ਯੋਗਤਾ, ਲਕੀਰ ਦਾ ਫ਼ਕੀਰ ਬਣਨ ਦੀ ਬਜਾਏ ਉਤਸੁਕਤਾ ਅਤੇ ਆਗਿਆਕਾਰੀ ਹੋਣ ਦੀ ਬਜਾਏ ਇਨੋਵੇਸ਼ਨ ਨੂੰ ਹੱਲਾਸ਼ੇਰੀ ਦੇਣਾ ਹੋਵੇਗਾ। ਐਪਲਾਈਡ ਮਟੀਰੀਅਲਜ਼ ਭਾਰਤ ’ਤੇ ਪੰਜ ਅਰਬ ਡਾਲਰ ਦਾ ਭਰੋਸਾ ਜਤਾ ਰਿਹਾ ਹੈ। ਸਾਨੂੰ ਕੁਸ਼ਲਤਾ, ਸਿੱਖਿਆ ਤੇ ਇਮਾਨਦਾਰੀ ਨਾਲ ਉਸ ਭਰੋਸੇ ’ਤੇ ਖ਼ਰਾ ਉਤਰਨਾ ਹੋਵੇਗਾ।

ਬਹੁਤ ਸਮੇਂ ਤੋਂ ਅਸੀਂ ਇਹ ਸ਼ਿਕਾਇਤ ਕਰਦੇ ਅਾ ਰਹੇ ਹਾਂ ਕਿ ਦੁਨੀਆ ਸਾਡੀ ਮਹਾਨਤਾ ਨੂੰ ਨਹੀਂ ਪਛਾਣਦੀ।

ਹੁਣ ਸ਼ਾਇਦ ਅਸੀਂ ਉਸ ਸੋਚ ਨੂੰ ਛੱਡ ਕੇ ਉਸ ਨੂੰ ਇਕ ਮਸ਼ੀਨ ’ਚ ਲਾ ਸਕਦੇ ਹਾਂ ਅਤੇ ਭਾਰਤੀ ਟੈਲੇਂਟ ਨੂੰ ਦੁਨੀਆ ਨੂੰ ਇਹ ਦਿਖਾਉਣ ਦਾ ਮੌਕਾ ਦੇ ਸਕਦੇ ਹਾਂ ਕਿ ਉਹ ਕੀ ਕਰ ਸਕਦਾ ਹੈ...!

-ਰਾਬਰਟ ਕਲੀਮੈਂਟਸ


author

Harpreet SIngh

Content Editor

Related News