‘ਵਿਦੇਸ਼ ਭੇਜਣ ਦੇ ਨਾਂ ’ਤੇ ਜਾਰੀ ਹੈ ਠੱਗੀ’ ਜਿਸ ਨਾਲ ਉਜੜ ਰਹੇ ਪਰਿਵਾਰ!

Sunday, Jun 15, 2025 - 07:02 AM (IST)

‘ਵਿਦੇਸ਼ ਭੇਜਣ ਦੇ ਨਾਂ ’ਤੇ ਜਾਰੀ ਹੈ ਠੱਗੀ’ ਜਿਸ ਨਾਲ ਉਜੜ ਰਹੇ ਪਰਿਵਾਰ!

ਹਰ ਕੋਈ ਚਾਹੁੰਦਾ ਹੈ ਕਿ ਉਹ ਚੰਗੇ ਪੈਸੇ ਕਮਾਏ ਅਤੇ ਬਿਹਤਰ ਜੀਵਨ ਜੀਵੇ। ਇਸੇ ਆਸ ’ਚ ਆਪਣੇ ਸੁਖਦਾਈ ਭਵਿੱਖ ਦੇ ਸੁਪਨੇ ਸੰਜੋ ਕੇ ਅਨੇਕ ਨੌਜਵਾਨ ਕਿਸੇ ਵੀ ਤਰੀਕੇ ਨਾਲ ਵਿਦੇਸ਼ ਪਹੁੰਚਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ ਅਤੇ ਆਪਣੀਆਂ ਜ਼ਮੀਨਾਂ ਤੱਕ ਦਾਅ ’ਤੇ ਲਗਾ ਦਿੰਦੇ ਹਨ। ਜਿਸ ਕਾਰਨ ਅਨੇਕ ਪਰਿਵਾਰ ਉਜੜ ਰਹੇ ਹਨ। ਇਸੇ ਜਨੂੰਨ ’ਚ ਇਨ੍ਹਾਂ ’ਚੋਂ ਅਨੇਕ ਨੌਜਵਾਨ ਜਾਅਲਸਾਜ਼ ਏਜੰਟਾਂ ਦੇ ਹੱਥੋਂ ਠੱਗੀ ਦਾ ਸ਼ਿਕਾਰ ਹੋ ਰਹੇ ਹਨ। ਜਿਨ੍ਹਾਂ ਦੀਆਂ ਸਿਰਫ ਪਿਛਲੇ 100 ਦਿਨਾਂ ਦੀਆਂ ਉਦਾਹਰਣਾਂ ਹੇਠਾਂ ਦਰਜ ਹਨ :

* 21 ਫਰਵਰੀ ਨੂੰ ‘ਦਿੱਲੀ’ ਪੁਲਸ ਨੇ ਇਕ ਵਿਅਕਤੀ ਨੂੰ ਨਾਜਾਇਜ਼ ਤੌਰ ’ਤੇ ‘ਡੰਕੀ’ ਰੂਟ ਰਾਹੀਂ ਅਮਰੀਕਾ ਭਿਜਵਾਉਣ ਦੇ ਦੋਸ਼ ’ਚ ਇਕ ਟ੍ਰੈਲਵ ਏਜੰਟ ਨੂੰ ਗ੍ਰਿਫਤਾਰ ਕੀਤਾ।

* 16 ਅਪ੍ਰੈਲ ਨੂੰ ‘ਦਿੱਲੀ’ ਪੁਲਸ ਨੇ ਪੰਜਾਬ ਦੇ ਇਕ ਵਿਅਕਤੀ ਨੂੰ ਫਰਜ਼ੀ ਪਾਸਪੋਰਟ ’ਤੇ ‘ਕੈਨੇਡਾ’ ਭੇਜਣ ਦੀ ਕੋਸ਼ਿਸ਼ ਕਰਨ ਵਾਲੇ 3 ਟ੍ਰੈਵਲ ਏਜੰਟਾਂ ਨੂੰ ਗ੍ਰਿਫਤਾਰ ਕੀਤਾ।

* 23 ਅਪ੍ਰੈਲ ਨੂੰ ‘ਦਿੱਲੀ’ ਪੁਲਸ ਨੇ ਫਰਜ਼ੀ ‘ਵੀਜ਼ਾ’ ਦਿਵਾਉਣ ਵਾਲੇ ਇਕ ਸਕੈਂਡਲ ਦਾ ਭਾਂਡਾ ਭੰਨ ਕੇ ਇਕ ਟ੍ਰੈਵਲ ਏਜੰਟ ਨੂੰ ਗ੍ਰਿਫਤਾਰ ਕੀਤਾ ਹੈ। ਉਸ ਨੇ ਇਕ ਯਾਤਰੀ ਨੂੰ ਆਪਣੇ ਸਹਿਯੋਗੀਆਂ ਦੀ ਮਦਦ ਨਾਲ 12 ਲੱਖ ਰੁਪਏ ’ਚ ਯੂ. ਏ. ਈ. ਦੇ ਰਸਤੇ ਯੂ.ਕੇ. ਭਿਜਵਾਉਣ ਦਾ ਭਰੋਸਾ ਦਿੱਤਾ ਸੀ।

* 20 ਮਈ ਨੂੰ ‘ਦਿੱਲੀ’ ਪੁਲਸ ਨੇ ਫਲਾਈਟ ਬੁੱਕਿੰਗ ਦੇ ਨਾਂ ’ਤੇ ਲੋਕਾਂ ਨੂੰ ਠੱਗਣ ਵਾਲੇ ਇਕ ਟ੍ਰੈਵਲ ਏਜੰਟ ‘ਸਾਗਰ ਵਸ਼ਿਸ਼ਟ’ ਨੂੰ ‘ਕਸੌਲ’ (ਹਿਮਾਚਲ) ਤੋਂ ਗ੍ਰਿਫਤਾਰ ਕੀਤਾ। ਉਸ ਨੇ ਇਕ ਪਰਿਵਾਰ ਤੋਂ ‘ਕੈਨੇਡਾ’ ਦੀਆਂ ਟਿਕਟਾਂ ਦੇ ਲਈ 18 ਲੱਖ ਰੁਪਏ ਲੈ ਲਏ ਅਤੇ ਬਾਅਦ ’ਚ ਟਿਕਟਾਂ ਰੱਦ ਕਰਵਾ ਕੇ ਸਾਰੀ ਰਕਮ ਹੜੱਪ ਲਈ।

* 23 ਮਈ ਨੂੰ ‘ਦਿੱਲੀ’ ਆਈ. ਜੀ. ਆਈ. ਹਵਾਈ ਅੱਡੇ ਦੀ ਪੁਲਸ ਨੇ ਇਕ ਜਾਅਲਸਾਜ਼ ਨੂੰ ਗ੍ਰਿਫਤਾਰ ਕੀਤਾ ਜੋ ਪ੍ਰਤੀ ਵਿਅਕਤੀ 45 ਲੱਖ ਰੁਪਏ ਲੈ ਕੇ ‘ਡੰਕੀ’ ਰੂਟ ਰਾਹੀਂ ਨੌਜਵਾਨਾਂ ਨੂੰ ‘ਅਮਰੀਕਾ’ ਭਿਜਵਾਉਂਦਾ ਸੀ।

* 8 ਜੂਨ ਨੂੰ ‘ਫਤੇਹਾਬਾਦ’ (ਹਰਿਆਣਾ) ’ਚ ਇਕ ਵਿਅਕਤੀ ਨੂੰ ‘ਆਸਟ੍ਰੇਲੀਆ’ ਦਾ ਵਰਕ ਵੀਜ਼ਾ ਦਿਲਵਾਉਣ ਦਾ ਝਾਂਸਾ ਦੇ ਕੇ 12 ਲੱਖ ਰੁਪਏ ਦੀ ਠੱਗੀ ਕਰਨ ਵਾਲੇ ਇਕ ਟ੍ਰੈੱਵਲ ਏਜੰਟ ਨੂੰ ਗ੍ਰਿਫਤਾਰ ਕੀਤਾ।

* 8 ਜੂਨ ਨੂੰ ਹੀ ‘ਦਿੱਲੀ’ ਪੁਲਸ ਨੇ ‘ਪੰਜਾਬ’ ਦੇ 3 ਲੋਕਾਂ ਨੂੰ ਫਰਜ਼ੀ ਵੀਜ਼ਾ ਅਤੇ ਜਾਅਲੀ ਟਿਕਟਾਂ ਦੇ ਜ਼ਰੀਏ ਸਪੇਨ ਭੇਜਣ ਦੇ ਮੁਲਜ਼ਮ ‘ਟ੍ਰੈਵਲ ਏਜੰਟ’ ਨੂੰ ‘ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ’ ਤੋਂ ਗ੍ਰਿਫਤਾਰ ਕੀਤਾ।

* 9 ਜੂਨ ਨੂੰ ‘ਫੁਲਵਾਰੀਆ’ (ਬਿਹਾਰ) ’ਚ ਇਕ ਟ੍ਰੈਵਲ ਏਜੰਟ ਵਲੋਂ ਮਲੇਸ਼ੀਆ ਭੇਜਣ ਦੇ ਨਾਂ ’ਤੇ ਇਕ ਵਿਅਕਤੀ ਤੋਂ 1 ਲੱਖ 65 ਹਜ਼ਾਰ ਰੁਪਏ ਠੱਗ ਲੈਣ ’ਤੇ ਪੀੜਤ ਨੇ ਉਸ ਦੇ ਵਿਰੱੁਧ ਸ਼ਿਕਇਤ ਦਰਜ ਕਰਵਾਈ।

* 10 ਜੂਨ ਨੂੰ ‘ਗੰਗੋਹ’ (ਉੱਤਰ ਪ੍ਰਦੇਸ਼) ’ਚ ਇਕ ਠੱਗ ਟ੍ਰੈਵਲ ਏਜੰਟ ’ਤੇ 6 ਨੌਜਵਾਨਾਂ ਨੂੰ ਲਗਜ਼ਮ ਵਰਗ ’ਚ ਹਰੇਕ ਮਹੀਨੇ 1.20 ਲੱਖ ਰੁਪਏ ਤਨਖਾਹ ’ਤੇ ਕੰਮ ਿਦਵਾਉਣ ਦਾ ਝਾਂਸਾ ਦੇ ਕੇ ਫਰਜ਼ੀ ਵੀਜ਼ਾ ਦੇ ਕੇ ਉਸ ਤੋਂ 16.50 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਪੁਲਸ ਨੇ ਕੇਸ ਦਰਜ ਕੀਤਾ।

* 11 ਜੂਨ ਨੂੰ ‘ਸੁਨਾਮ’ (ਪੰਜਾਬ) ਪੁਲਸ ਨੇ 2 ਨੌਜਵਾਨਾਂ ਨੂੰ ‘ਅਮਰੀਕਾ’ ਭੇਜਣ ਦਾ ਝਾਂਸਾ ਦੇ ਕੇ ਉਨ੍ਹਾਂ ਤੋਂ 76 ਲੱਖ ਰੁਪਏ ਠੱਗ ਲੈਣ ਦੇ ਦੋਸ਼ ’ਚ 2 ਟ੍ਰੈਵਲ ਏਜੰਟਾਂ ਦੇ ਵਿਰੁੱਧ ਮਾਮਲਾ ਦਰਜ ਕੀਤਾ।

* 11 ਜੂਨ ਨੂੰ ਹੀ ‘ਆਸਟ੍ਰੇਲੀਆ’ ਦਾ ਵਰਕ ਵੀਜ਼ਾ ਦਿਵਾਉਣ ਦਾ ਝਾਂਸਾ ਦੇ ਕੇ ਸ਼ਾਤਿਰ ਅਨਸਰਾਂ ਵਲੋਂ ਹਰਿਆਣਾ ਅਤੇ ‘ਪੰਜਾਬ’ ਦੇ ਵੱਖ-ਵੱਖ ਸ਼ਹਿਰਾਂ ਦੇ 80 ਤੋਂ ਵੱਧ ਨੌਜਵਾਨਾਂ ਤੋਂ ਕਰੋੜਾਂ ਰੁਪਏ ਠੱਗਣ ਦੇ ਦੋਸ਼ ’ਚ ਪੁਲਸ ਨੇ ਸ਼ਿਕਾਇਤ ਦਰਜ ਕੀਤੀ।

* 13 ਜੂਨ ਨੂੰ ‘ਜੀਂਦ’ (ਹਰਿਆਣਾ) ਦੇ ਜੁਲਾਨਾ ’ਚ ‘ਆਸਟ੍ਰੇਲੀਆ’ ਭੇਜਣ ਦੇ ਬਹਾਨੇ ਇਕ ਠੱਗ ਟ੍ਰੈਵਲ ਏਜੰਟ ਵਲੋਂ ਇਕ ਨੌਜਵਾਨ ਤੋਂ 32 ਲੱਖ 73 ਹਜ਼ਾਰ ਰੁਪਏ ਠੱਗ ਲੈਣ ਅਤੇ ਉਸ ਨੂੰ 8 ਮਹੀਨੇ ਤੱਕ ਦੁਬਈ ’ਚ ਬੰਦੀ ਬਣਾ ਕੇ ਰੱਖਣ ਦੇ ਦੋਸ਼ ’ਚ ਪੁਲਸ ’ਚ ਸ਼ਿਕਾਇਤ ਦਰਜ ਕਰਵਾਈ।

ਇਹ ਤਾਂ ਉਹ ਕੁਝ ਉਦਾਹਰਣਾਂ ਹਨ ਜੋ ਸਾਹਮਣੇ ਆਈਆਂ ਹਨ। ਇਨ੍ਹਾਂ ਦੇ ਇਲਾਵਾ ਵੀ ਪਤਾ ਨਹੀਂ ਅਜਿਹੇ ਕਿੰਨੇ ਮਾਮਲੇ ਹੋਏ ਹੋਣਗੇ ਜਿਨ੍ਹਾਂ ਦੀ ਰਿਪੋਰਟ ਦਰਜ ਨਹੀਂ ਹੋਈ ਹੋਵੇਗੀ। ਇਸੇ ਤਰ੍ਹਾਂ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਵਿਦੇਸ਼ ਮੰਤਰਾਲੇ ਨੇ ਵਿਦੇਸ਼ ਜਾਣ ਦੇ ਇੱਛੁਕਾਂ ਲਈ ਗਾਈਡਲਾਈਨ ਜਾਰੀ ਕਰ ਕੇ ਉਨ੍ਹਾਂ ਨੂੰ ਚੌਕਸ ਰਹਿਣ ਦੀ ਅਪੀਲ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੂੰ ਨੌਕਰੀ ਦੇ ਫਰਜ਼ੀ ਪ੍ਰਸਤਾਵਾਂ ਦੇ ਝਾਂਸੇ ’ਚ ਨਹੀਂ ਆਉਣਾ ਚਾਹੀਦਾ ਅਤੇ ਰਜਿਸਟਰਡ ਭਰਤੀ ਏਜੰਟਾਂ ਦੇ ਨਾਲ ਹੀ ਸੰਪਰਕ ਕਰਨਾ ਚਾਹੀਦਾ ਹੈ।

ਉਂਝ ਵੀ ਵਿਦੇਸ਼ ਜਾਣ ਦੀ ਇੱਛਾ ਰੱਖਣ ਦੀ ਬਜਾਏ ਬਿਹਤਰ ਹੋਵੇਗਾ ਕਿ ਜਿੰਨੀ ਰਕਮ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ’ਤੇ ਖਰਚ ਕਰਦੇ ਹਨ, ਓਨੀ ਹੀ ਰਕਮ ਭਾਰਤ ’ਚ ਖਰਚ ਕਰ ਕੇ ਉਹ ਆਪਣੇ ਬੱਚਿਆਂ ਨੂੰ ਚੰਗਾ ਕਾਰੋਬਾਰ ਸ਼ੁਰੂ ਕਰਵਾ ਦੇਣ ਤਾਂ ਕਿ ਉਹ ਆਪਣੇ ਨਾਲ-ਨਾਲ ਦੂਜਿਆਂ ਲਈ ਵੀ ਰੋਜ਼ਗਾਰ ਅਤੇ ਆਮਦਨ ਦੇ ਸਾਧਨ ਪੈਦਾ ਕਰ ਕੇ ਦੇਸ਼ ’ਚ ਕੁਝ ਬੇਰੋਜ਼ਗਾਰੀ ਦੂਰ ਕਰ ਸਕਣ।

–ਵਿਜੇ ਕੁਮਾਰ
 


author

Sandeep Kumar

Content Editor

Related News