‘ਨਸ਼ਿਆਂ ਦੀ ਸਮੱਗਲਿੰਗ ਤੇ ਸੇਵਨ ’ਚ’ ਹੁਣ ਕੁਝ ਨੇਤਾ ਤੇ ਉਨ੍ਹਾਂ ਦੇ ਸਬੰਧੀ ਵੀ ਸ਼ਾਮਲ!
Thursday, Mar 19, 2026 - 05:35 AM (IST)
ਨਸ਼ਿਆਂ ਦਾ ਸੇਵਨ ਦੇਸ਼ ’ਚ ਚਿੰਤਾਜਨਕ ਹੱਦ ਤੱਕ ਵਧ ਗਿਆ ਹੈ। ਵਿਸ਼ੇਸ਼ ਤੌਰ ’ਤੇ ਨੌਜਵਾਨ ਵਰਗ ਨਸ਼ੇ ਦੀ ਆਦਤ ਦਾ ਸ਼ਿਕਾਰ ਹੋ ਕੇ ਬੁਰੀ ਤਰ੍ਹਾਂ ਖੋਖਲਾ ਹੋ ਰਿਹਾ ਹੈ ਅਤੇ ਨਸ਼ਿਆਂ ਦੇ ਬਹੁਤ ਜ਼ਿਆਦਾ ਸੇਵਨ ਦੇ ਕਾਰਨ ਹੋਣ ਵਾਲੀਆਂ ਮੌਤਾਂ ਨਾਲ ਅਣਗਿਣਤ ਪਰਿਵਾਰ ਉਜੜ ਰਹੇ ਹਨ।
ਹਾਲਾਂਕਿ ਸਰਕਾਰ ਵੱਲੋਂ ਨਸ਼ਿਆਂ ਦੀ ਇਸ ਬੁਰਾਈ ’ਤੇ ਕਾਬੂ ਪਾਉਣ ਦੀ ਤੁਰੰਤ ਲੋੜ ਹੈ, ਪਰ ਇਸ ਦੇ ਉਲਟ ਸਾਡੇ ਕੁਝ ਨੇਤਾ ਅਤੇ ਉਨ੍ਹਾਂ ਦੇ ਸਕੇ-ਸਬੰਧੀ ਵੀ ਇਸ ਧੰਦੇ ’ਚ ਸ਼ਾਮਲ ਅਤੇ ਖ਼ੁਦ ਨਸ਼ਾ ਕਰਦੇ ਪਾਏ ਜਾ ਰਹੇ ਹਨ, ਜਿਸ ਦੀਅਾਂ ਪਿਛਲੇ 8 ਮਹੀਨਿਆਂ ’ਚ ਸਾਹਮਣੇ ਆਈਆਂ ਕੁਝ ਘਟਨਾਵਾਂ ਹੇਠਾਂ ਦਰਜ ਹਨ :
* 14 ਜੁਲਾਈ, 2025 ਨੂੰ ‘ਠਾਣੇ’ (ਮਹਾਰਾਸ਼ਟਰ) ’ਚ ਪੁਲਸ ਨੇ ‘ਕਰਨਾਟਕ’ ਦੀ ਕਾਂਗਰਸ ਸਰਕਾਰ ’ਚ ਰਾਜ ਮੰਤਰੀ ‘ਪ੍ਰਿਯਾਂਕ ਖੜਗੇ’ ਦੇ ਕਰੀਬੀ ‘ਲਿੰਗਰਾਜ ਕੰਨੀ’ ਨੂੰ ਨਸ਼ੇ ਦੇ ਰੂਪ ’ਚ ਵਰਤੇ ਜਾਣ ਵਾਲੇ ਪਾਬੰਦੀ ਲੱਗੇ ‘ਕੋਡੀਨ ਸਿਰਪ’ ਦੀਆਂ 120 ਬੋਤਲਾਂ ਨਾਲ ਗ੍ਰਿਫ਼ਤਾਰ ਕੀਤਾ।
* 27 ਜੁਲਾਈ, 2025 ਨੂੰ ‘ਇੰਦੌਰ’ (ਮੱਧ ਪ੍ਰਦੇਸ਼) ’ਚ ਕ੍ਰਾਈਮ ਬ੍ਰਾਂਚ ਨੇ ਭਾਜਪਾ ਦੇ ਘੱਟਗਿਣਤੀ ਮੋਰਚੇ ਦੇ ਪ੍ਰਦੇਸ਼ ਪ੍ਰਧਾਨ ‘ਕਮਾਲ ਖਾਨ’ ਦੇ ਬੇਟੇ ‘ਮਾਜ਼ ਖਾਨ’ ਨੂੰ ਨਸ਼ੇ ਦਾ ਕਾਰੋਬਾਰ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ। ‘ਮਾਜ਼ ਖਾਨ’ ਨੇ ਪੁਲਸ ਕਰਮਚਾਰੀਆਂ ਨੂੰ ਕਾਰ ਨਾਲ ਟੱਕਰ ਮਾਰ ਕੇ ਭੱਜਣ ਅਤੇ ਉਨ੍ਹਾਂ ਨੂੰ ਦਰੜਨ ਦੀ ਕੋਸ਼ਿਸ਼ ਵੀ ਕੀਤੀ। ਤਲਾਸ਼ੀ ਲੈਣ ’ਤੇ ਉਸ ਦੀ ਕਾਰ ’ਚੋਂ ਇਕ ਮੁਟਿਆਰ ਅਤੇ ਸ਼ੱਕੀ ਪਾਊਡਰ ਬਰਾਮਦ ਹੋਇਆ।
* 13 ਸਤੰਬਰ, 2025 ਨੂੰ ‘ਆਗਰ’ (ਮੱਧ ਪ੍ਰਦੇਸ਼) ਜ਼ਿਲੇ ’ਚ ਪੁਲਸ ਨੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਵਿਰੁੱਧ ਵੱਡੀ ਕਾਰਵਾਈ ਕਰਦੇ ਹੋਏ ਭਾਜਪਾ ਮੰਡਲ ਉਪ-ਪ੍ਰਧਾਨ ‘ਰਾਹੁਲ ਆਂਜਨਾ’ ਦੀ ਕਾਰ ਸਮੇਤ 2 ਵਾਹਨਾਂ ’ਚੋਂ 5 ਕਰੋੜ ਰੁਪਏ ਤੋਂ ਵੱਧ ਮੁੱਲ ਦੀ ਡਰੱਗਜ਼ ਬਰਾਮਦ ਕੀਤੀ। ਪੁਲਸ ਨੇ ਇਸ ਸਬੰਧ ’ਚ ਕਾਰ ’ਚ ਸਵਾਰ 2 ਹੋਰ ਲੋਕਾਂ ਨੂੰ ਤਾਂ ਹਿਰਾਸਤ ’ਚ ਲੈ ਲਿਆ ਜਦਕਿ ‘ਰਾਹੁਲ ਆਂਜਨਾ’ ਭੱਜਣ ’ਚ ਸਫਲ ਰਿਹਾ।
* 8 ਦਸੰਬਰ, 2025 ਨੂੰ ਮੱਧ ਪ੍ਰਦੇਸ਼ ਸਰਕਾਰ ’ਚ ਰਾਜ ਮੰਤਰੀ ‘ਪ੍ਰਤਿਮਾ ਬਾਗਰੀ’ ਦੇ ਸਕੇ ਭਰਾ ‘ਅਨਿਲ ਬਾਗਰੀ’ ਨੂੰ ‘ਸਤਨਾ’ ’ਚ 9 ਲੱਖ ਰੁਪਏ ਤੋਂ ਵੱਧ ਮੁੱਲ ਦੇ 46 ਕਿੱਲੋ ਗਾਂਜੇ ਨਾਲ ਉਸ ਸਮੇਂ ਫੜਿਆ ਜਦੋਂ ਉਹ ਇਸ ਦੀ ਸਪਲਾਈ ਕਰਨ ਜਾ ਰਿਹਾ ਸੀ। ਇਸ ਤੋਂ ਕੁਝ ਦਿਨ ਪਹਿਲਾਂ ਹੀ ਰਾਜ ਮੰਤਰੀ ਪ੍ਰਤਿਮਾ ਬਾਗਰੀ ਦਾ ਇਕ ਹੋਰ ਰਿਸ਼ਤੇਦਾਰ ਸ਼ੈਲੇਂਦਰ ਸਿੰਘ ਵੀ ‘ਬਾਂਦਾ’ ’ਚ ਗਾਂਜੇ ਦੀ ਸਮੱਗਲਿੰਗ ਕਰਦੇ ਹੋਏ ਫੜਿਆ ਗਿਆ ਸੀ।
* 13 ਜਨਵਰੀ, 2026 ਨੂੰ ‘ਮਾਲਦਾ’ (ਪੱਛਮੀ ਬੰਗਾਲ) ਦੀ ਪੁਲਸ ਨੇ ਟੀ. ਐੱਮ. ਸੀ. ਨੇਤਾ ‘ਐਨਾਰੁਲ ਸ਼ੇਖ’ ਨੂੰ ਰਾਜ ’ਚ ਇਕ ਵੱਡਾ ਡਰੱਗ ਨੈੱਟਵਰਕ ਚਲਾਉਣ ਦੇ ਦੋਸ਼ ਹੇਠ ਕੋਲਕਾਤਾ ਦੇ ‘ਐਂਟਾਲੀ’ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ। ਪੁਲਸ ਅਨੁਸਾਰ ਉਸ ਦਾ ਗਿਰੋਹ ਮਣੀਪੁਰ ਅਤੇ ਅਾਸਾਮ ਤੋਂ ਡਰੱਗਜ਼ ਬਣਾਉਣ ਦਾ ਕੱਚਾ ਮਾਲ ਲਿਆਉਂਦਾ ਅਤੇ ‘ਮਾਲਦਾ’ ਤੇ ਆਸ-ਪਾਸ ਦੇ ਇਲਾਕਿਆਂ ’ਚ ‘ਬ੍ਰਾਊਨ ਸ਼ੂਗਰ’ ਵਰਗੇ ਨਸ਼ੀਲੇ ਪਦਾਰਥ ਤਿਆਰ ਕੀਤੇ ਜਾਂਦੇ ਸਨ। ਪੁਲਸ ਦਾ ਦਾਅਵਾ ਹੈ ਕਿ ਇਸ ਗੈਰ-ਕਾਨੂੰਨੀ ਕਾਰੋਬਾਰ ਤੋਂ ‘ਐਨਾਰੁਲ ਸ਼ੇਖ’ ਨੇ ਲੱਗਭਗ 1000 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ। ‘ਐਨਾਰੁਲ ਸ਼ੇਖ’ ਨੂੰ ਤ੍ਰਿਣਮੂਲ ਸਰਕਾਰ ’ਚ ਰਾਜ ਮੰਤਰੀ ‘ਸਬੀਨਾ ਯਾਸਮੀਨ’ ਦਾ ਕਰੀਬੀ ਦੱਸਿਆ ਜਾਂਦਾ ਹੈ। ਕੁਝ ਸਮੇਂ ਪਹਿਲਾਂ ਇਕ ਵੀਡੀਓ ਵੀ ਵਾਇਰਲ ਹੋਈ ਸੀ ਜਿਸ ਵਿਚ ‘ਸਬੀਨਾ ਯਾਸਮੀਨ’ ਦੇ ਜਨਮ ਦਿਨ ’ਤੇ ‘ਐਨਾਰੁਲ ਸ਼ੇਖ’ ਉਸ ਨੂੰ ਕੇਕ ਖੁਆਉਂਦਾ ਨਜ਼ਰ ਆ ਰਿਹਾ ਸੀ।
* 15 ਫਰਵਰੀ, 2026 ਨੂੰ ‘ਵਾਰਾਣਸੀ’ (ਉੱਤਰ ਪ੍ਰਦੇਸ਼) ਦੀ ‘ਸਪੈਸ਼ਲ ਟਾਸਕ ਫੋਰਸ’ (ਐੱਸ.ਟੀ.ਐੱਫ.) ਨੇ ਨਸ਼ੀਲੀਆਂ ਦਵਾਈਆਂ ਦੇ ਗੈਰ-ਕਾਨੂੰਨੀ ਕਾਰੋਬਾਰ ਅਤੇ ਸਮੱਗਲਿੰਗ ਕਰਨ ਵਾਲੇ ਵੱਡੇ ਸਿੰਡੀਕੇਟ ਦਾ ਪਰਦਾਫਾਸ਼ ਕਰ ਕੇ ਨਸ਼ੇ ਦੇ ਰੂਪ ’ਚ ਵਰਤੇ ਜਾਣ ਵਾਲੇ ‘ਕੋਡੀਨ’ ਵਾਲੇ ‘ਫੇਂਸੇਡਿਲ ਕਫ ਸਿਰਪ’ ਦੇ ਮਾਮਲੇ ’ਚ ਸਪਾ ਨੇਤਾ ਅਮਿਤ ਯਾਦਵ ਅਤੇ ਉਸ ਦੇ ਕਈ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ। ਵਰਣਨਯੋਗ ਹੈ ਕਿ ਅਮਿਤ ਯਾਦਵ ਕਾਸ਼ੀ ਹਿੰਦੂ ਯੂਨੀਵਰਸਿਟੀ ਦੇ ਵਿਦਿਆਰਥੀ ਸੰਘ ਦਾ ਸਾਬਕਾ ਪ੍ਰਧਾਨ ਵੀ ਰਹਿ ਚੁੱਕਾ ਹੈ।
*14 ਮਾਰਚ, 2026 ਨੂੰ ‘ਮੋਇਨਾਬਾਦ’ (ਤੇਲੰਗਾਨਾ) ਸਥਿਤ ਇਕ ਫਾਰਮ ਹਾਊਸ ’ਤੇ ਪੁਲਸ ਦੀ ਛਾਪੇਮਾਰੀ ’ਚ ‘ਆਂਧਰਾ ਪ੍ਰਦੇਸ਼’ ਦੇ ‘ਏਲੁਰੂ’ ਤੋਂ ‘ਤੇਲਗੂ ਦੇਸ਼ਮ ਪਾਰਟੀ’ (ਤੇਦੇਪਾ) ਸੰਸਦ ਮੈਂਬਰ ‘ਪੁੱਟਾ ਮਹੇਸ਼ ਕੁਮਾਰ’ ਅਤੇ ‘ਭਾਰਤ ਰਾਸ਼ਟਰ ਸਮਿਤੀ’ (ਬੀ.ਆਰ.ਐੱਸ.) ਦੇ ਸਾਬਕਾ ਵਿਧਾਇਕ ‘ਰੋਹਿਤ ਰੈੱਡੀ’ ਸਮੇਤ 6 ਲੋਕਾਂ ਨੂੰ ਨਸ਼ੀਲੀਆਂ ਦਵਾਈਆਂ (ਡਰੱਗਜ਼) ਦੇ ਸੇਵਨ ਦੇ ਦੋਸ਼ ਹੇਠ ਹਿਰਾਸਤ ’ਚ ਲੈ ਲਿਆ ਗਿਆ।
ਨਸ਼ੇ ਦੀ ਸਮੱਗਲਿੰਗ ’ਚ ਸਿਆਸੀ ਪਾਰਟੀਆਂ ਨਾਲ ਜੁੜੇ ਲੋਕਾਂ ਦੀ ਸ਼ਮੂਲੀਅਤ ਚਿੰਤਾਜਨਕ ਹੈ। ਇਸ ਲਈ, ਇਸ ਨੂੰ ਖ਼ਤਮ ਕਰਨ ਲਈ ਇਸ ’ਚ ਸ਼ਾਮਲ ਹੋਰ ਲੋਕਾਂ ਤੋਂ ਇਲਾਵਾ ਸਿਆਸੀ ਪਾਰਟੀਆਂ ਨਾਲ ਜੁੜੇ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਅਤੇ ਉਸ ਪਾਰਟੀ ’ਚੋਂ ਵੀ ਕੱਢਣ ਦੀ ਲੋੜ ਹੈ ਜਿਸ ਦੀ ਓਟ ਲੈ ਕੇ ਉਹ ਇਹ ਸਭ ਕੁਝ ਕਰ ਰਹੇ ਹਨ।
—ਵਿਜੇ ਕੁਮਾਰ
