ਸਿਆਸਤ ’ਚ ਕੰਮ ਦੀ ਗੱਲ ਸਿਖਾਈ ਹੈ ਦਿੱਲੀ ਨੇ

Tuesday, Feb 11, 2025 - 05:40 PM (IST)

ਸਿਆਸਤ ’ਚ ਕੰਮ ਦੀ ਗੱਲ ਸਿਖਾਈ ਹੈ ਦਿੱਲੀ ਨੇ

ਦਿੱਲੀ ਵਿਧਾਨ ਸਭਾ ਦੀ ਇਹ ਚੋਣ ਆਪਣੇ ਆਪ ਵਿਚ ਬਹੁਤ ਸਾਰੇ ਸੁਨੇਹੇ ਲੈ ਕੇ ਆਈ ਹੈ ਅਤੇ ਕੁਝ ਕਾਫ਼ੀ ਸੁਖਦ ਵੀ ਹਨ। ਕਈ ਚੋਣਾਂ ਤੋਂ ਬਾਅਦ ਅਜਿਹਾ ਹੋਇਆ ਕਿ ਚੋਣਾਂ ਮੁੱਦਿਆਂ ’ਤੇ ਲੜੀਆਂ ਗਈਆਂ। ਨਾ ਧਰਮ ਦੀ ਗੱਲ ਜ਼ਿਆਦਾ ਹੋਈ ਨਾ ਨਫ਼ਰਤ ਦੀ। ਨਾ ਬੰਟੋਗੇ ਤੋ ਕਟੋਗੇ ਦੀ ਬਹੁਤੀ ਗੂੰਜ ਸੀ ਅਤੇ ਨਾ ਹੀ ਨੇਤਾ ਜਾਤ ਦੇ ਹਿਸਾਬ ਨਾਲ ਖੇਡ, ਖੇਡ ਸਕੇ। ਬਹੁਤ ਸਮੇਂ ਬਾਅਦ, ਮੋਦੀ-ਸ਼ਾਹ ਦੀ ਅਗਵਾਈ ਹੇਠ ਇਹ ਚੋਣ ਭਾਜਪਾ ਨੇ ਅਟਲ-ਅਡਵਾਨੀ ਯੁੱਗ ਵਾਂਗ ਠੋਸ ਮੁੱਦਿਆਂ ’ਤੇ ਲੜੀ। ਇਹ ਭਾਜਪਾ ਦੀ ਰਣਨੀਤੀ ਅਤੇ ਰਾਜਨੀਤੀ ਵਿਚ ਇਕ ਵੱਡਾ ਬਦਲਾਅ ਹੈ ਅਤੇ ਇਸ ਦੇ ਨਤੀਜੇ ਪਾਰਟੀ ਲਈ ਸੁਖਦ ਹਨ। ਇਹ ਨਤੀਜੇ ਆਮ ਲੋਕਾਂ ਲਈ ਵਧੇਰੇ ਉਤਸ਼ਾਹਜਨਕ ਹਨ ਕਿਉਂਕਿ ਚਰਚਾ ਮੁੱਦਿਆਂ ਬਾਰੇ ਸੀ।

ਜੇਕਰ ਅਸੀਂ ਲੋਕ ਸਭਾ ਚੋਣਾਂ (ਜਿਸ ਵਿਚ ਦਿੱਲੀ ਦੇ ਲੋਕ ਸੂਬੇ ਦੀ ਹਵਾ ਦੀ ਬਜਾਏ ਦੇਸ਼ ਦੀ ਤਰੱਕੀ ਦੀ ਦਿਸ਼ਾ ਦੀ ਪਾਲਣਾ ਕਰਦੇ ਹਨ) ਦੀ ਗੱਲ ਨਾ ਕਰੀਏ, ਤਾਂ ਭਾਜਪਾ ਨੂੰ ਦਿੱਲੀ ਦੇ ਲੋਕਾਂ ਦੀ ਨਬਜ਼ ਸਮਝਣ ਵਿਚ 27 ਸਾਲ ਲੱਗ ਗਏ। ਇਸ ਚੋਣ ਵਿਚ ਭਾਜਪਾ ਨੇ ਪਾਣੀ ਦੇ ਮੁੱਦੇ ’ਤੇ ਲੜਾਈ ਲੜੀ, ਦਿੱਲੀ ਦੀ ਜ਼ਹਿਰੀਲੀ ਹਵਾ ਦੇ ਮੁੱਦੇ ’ਤੇ ਲੜਾਈ ਲੜੀ ਅਤੇ ਸੜਕਾਂ ਦੀ ਤਰਸਯੋਗ ਹਾਲਤ ਨੂੰ ਮੁੱਦਾ ਬਣਾਇਆ। ਸਭ ਤੋਂ ਵੱਡਾ ਮੁੱਦਾ ਭ੍ਰਿਸ਼ਟਾਚਾਰ ਦਾ ਸੀ। ਇਹ 80-90 ਦੇ ਦਹਾਕੇ ਵਿਚ ਭਾਜਪਾ ਆਗੂਆਂ ਦਾ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ ਸੀ। ਇਸ ਨੇ ਰਾਜੀਵ ਗਾਂਧੀ ਦੀ ਸਰਕਾਰ ਨੂੰ ਹਰਾਇਆ, ਜਿਸ ਕੋਲ ਭਾਰੀ ਬਹੁਮਤ ਸੀ। ਇਸ ਨੇ ਨਰਸਿਮ੍ਹਾ ਰਾਓ ਸਰਕਾਰ ਨੂੰ ਡੇਗ ਦਿੱਤਾ ਅਤੇ ਹੌਲੀ-ਹੌਲੀ ਭਾਜਪਾ ਨੂੰ ਸੱਤਾ ਵਿਚ ਲਿਆਂਦਾ। ਇਸ ਮੁੱਦੇ ਨੇ ਮਨਮੋਹਨ ਸਿੰਘ ਸਰਕਾਰ ਦਾ ਅੰਤ ਵੀ ਯਕੀਨੀ ਬਣਾਇਆ, ਜੋ ਇਕ ਦਹਾਕੇ ਤੱਕ ਸੱਤਾ ਵਿਚ ਰਹੀ ਅਤੇ ਭਾਜਪਾ ਨੂੰ ਪਹਿਲੀ ਵਾਰ ਵੱਡਾ ਬਹੁਮਤ ਦਿਵਾਇਆ।

ਭ੍ਰਿਸ਼ਟਾਚਾਰ ਵਿਰੁੱਧ ਲੜਾਈ ਦੇ ਕਾਰਨ ਹੀ ਦਿੱਲੀ ਦੀ ਰਾਜਨੀਤੀ ਵਿਚ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦਾ ਚਮਤਕਾਰੀ ਅਤੇ ਚਮਕਦਾਰ ਉਭਾਰ ਹੋਇਆ ਸੀ। ਅਖੀਰ ਭਾਜਪਾ ਨੇ ਭ੍ਰਿਸ਼ਟਾਚਾਰ ਦੇ ਉਸੇ ਮੁੱਦੇ ਦੀ ਦਲਦਲ ਵਿਚ ਘਸੀਟ ਕੇ ਇਸ ਨੂੰ ਸੱਤਾ ਤੋਂ ਬਾਹਰ ਕਰ ਦਿੱਤਾ। ਸ਼ਰਾਬ ਦਾ ਮੁੱਦਾ ਇਕ ਵੱਡਾ ਮੁੱਦਾ ਬਣ ਗਿਆ। ਜਦੋਂ ਦਿਖਾਵੇ ਵਾਲੀ ਸਿਆਸਤ ਵਿਚ ਸ਼ਾਮਲ ਨਾ ਹੋਣ ਦਾ ਦਾਅਵਾ ਖੋਖਲਾ ਸਾਬਤ ਹੋਇਆ ਤਾਂ ਜਨਤਾ ਗੁੱਸੇ ਵਿਚ ਆ ਗਈ। ਪਰ ਸਿਆਸੀ ਦੋਸ਼ਾਂ ਅੱਗੇ ਜਨਤਾ ਨੇ ਇਹ ਨਹੀਂ ਪਸੰਦ ਕੀਤਾ ਕਿ ਉਸ ਦੇ ਪਾਣੀ ਨਾਲ ਸਿਆਸਤ ਕੀਤੀ ਜਾਵੇ। ਉਸ ਨੇ ਸਾਲ ’ਚ ਸਰਦੀਆਂ ਦੇ 3 ਮਹੀਨਿਆਂ ਦੌਰਾਨ ਪ੍ਰਦੂਸ਼ਣ ਦੀ ਸਮੱਸਿਆ ਨੂੰ ਇਕ ਵੱਡਾ ਮੁੱਦਾ ਮੰਨਿਆ। ਗੰਦਗੀ ਉਸ ਲਈ ਸਾਲ ਭਰ ਪ੍ਰੇਸ਼ਾਨੀ ਦਾ ਮੁੱਦਾ ਬਣਿਆ ਰਿਹਾ ਅਤੇ ਨਗਰ ਨਿਗਮ ਨਾਲ ਰੋਜ਼ਾਨਾ ਜੂਝਦੀ ਜਨਤਾ ਨੇ ਸ਼ਾਸਨ ਵਿਰੁੱਧ ਜ਼ੋਰਦਾਰ ਧੱਕਾ ਦਿੱਤਾ।

2012-13 ਵਿਚ ਅੰਨਾ ਅੰਦੋਲਨ ਵਿਚ ਦਿੱਲੀ ਦਾ ਹਰ ਆਮ ਆਦਮੀ ਅਰਵਿੰਦ ਕੇਜਰੀਵਾਲ ਵਿਚ ਆਪਣਾ ਚਿਹਰਾ ਦੇਖ ਰਿਹਾ ਸੀ ਪਰ 10 ਸਾਲਾਂ ਵਿਚ ਲੋਕ ਉਸ ਨੂੰ ਬਾਕੀ ਸਾਰੇ ਸਿਆਸਤਦਾਨਾਂ ਵਾਂਗ ਦੇਖਣ ਲੱਗ ਪਏ। ਇਹ ਉਸ ਦੇ ਲਈ ਇਕ ਵੱਡਾ ਝਟਕਾ ਬਣ ਗਿਆ। ਆਮ ਆਦਮੀ ‘ਤੁਸੀਂ ਮੈਨੂੰ ਕਦੇ ਵੀ ਹਰਾ ਨਹੀਂ ਸਕੋਗੇ’ ਦੀ ਸ਼ੇਖੀ ਨੂੰ ਬਰਦਾਸ਼ਤ ਨਹੀਂ ਕਰ ਰਿਹਾ ਸੀ। ਭ੍ਰਿਸ਼ਟਾਚਾਰ ਦੇ ਦੋਸ਼ੀ ਵਜੋਂ ਜੇਲ੍ਹ ਵਿਚ ਸਮਾਂ ਬਿਤਾਉਣ ਅਤੇ ਜ਼ਮਾਨਤ ਮਿਲਣ ਤੋਂ ਬਾਅਦ ਕਿਸੇ ਦੀ ਵੀ ਕਮੀਜ਼ ਚਿੱਟੀ ਨਹੀਂ ਰਹਿੰਦੀ, ਭਾਵੇਂ ਤੁਸੀਂ ਕਿੰਨੀਆਂ ਵੀ ਟਿੱਕੀਆਂ ਰਿਨ ਦੀਆਂ ਰਗੜ ਦਿਓ।

ਇਸ ਵਾਰ ਭਾਜਪਾ ਦਾ ਚੋਣ ਪ੍ਰਚਾਰ ਦਿੱਲੀ ਵਿਚ ਕਾਫ਼ੀ ਸੰਜਮੀ ਰਿਹਾ। ‘ਬੰਟੋਗੇ ਤੋਂ ਕਟੋਗੇ’ ਵਰਗੇ ਨਫ਼ਰਤ ਭਰੇ ਬਿਆਨਾਂ ਤੋਂ ਬਚਿਆ ਗਿਆ। ਪ੍ਰਵੇਸ਼ ਵਰਮਾ, ਅਨੁਰਾਗ ਠਾਕੁਰ ਅਤੇ ਯੋਗੀ ਆਦਿੱਤਿਆਨਾਥ ਵੀ ਇਸ ਵਾਰ ਚੋਣ ਪ੍ਰਚਾਰ ਵਿਚ ਸਿਰਫ਼ ਦਿੱਲੀ ਦੇ ਲੋਕਾਂ ਦੇ ਮੁੱਦਿਆਂ ’ਤੇ ਗੱਲ ਕਰਦੇ ਦੇਖੇ ਗਏ। ਯੋਗੀ ਨੇ ਕੇਜਰੀਵਾਲ ਨੂੰ ਯਮੁਨਾ ਵਿਚ ਇਸ਼ਨਾਨ ਕਰਨ ਦੀ ਚੁਣੌਤੀ ਦੇ ਕੇ ਦਿੱਲੀ ਦੇ ਲੋਕਾਂ ਦੇ ਦਿਲਾਂ ਨੂੰ ਬਹੁਤ ਨੇੜਿਓਂ ਛੂਹ ਲਿਆ। ਇਸ ਵਾਰ ਪ੍ਰਵੇਸ਼ ਵਰਮਾ ਵੀ ਬੇਲੋੜੀ ਬਿਆਨਬਾਜ਼ੀ ਤੋਂ ਬਚਦਿਆਂ ਜ਼ਮੀਨ ਨਾਲ ਜੁੜ ਕੇ ਆਪਣੇ ਪਿਤਾ ਦੇ ਨਾਂ ’ਤੇ ਬਣਾਏ ਐੱਨ. ਜੀ. ਓ. ਰਾਹੀਂ ਗਰੀਬ ਲੋਕਾਂ ਦੀ ਮਦਦ ਕਰਦੇ ਨਜ਼ਰ ਆਏ।

ਇਸ ਤਰ੍ਹਾਂ ਭਾਜਪਾ ਆਗੂਆਂ ਨੇ ਸਿੱਧਾ ਮੁੱਦਿਆਂ ’ਤੇ ਗੱਲ ਕੀਤੀ। ਰਮੇਸ਼ ਬਿਧੂੜੀ, ਜੋ ਕਾਲਕਾਜੀ ਤੋਂ ਬਾਹਰ ਜਾਣ ਵਾਲੀ ਮੁੱਖ ਮੰਤਰੀ ਆਤਿਸ਼ੀ ਦੇ ਖਿਲਾਫ ਚੋਣ ਲੜ ਰਹੇ ਸਨ, ਜ਼ਰੂਰ ਆਪਣੀ ਆਦਤ ਤੋਂ ਬਾਜ਼ ਨਹੀਂ ਆਏ। ਉਨ੍ਹਾਂ ਨੇ ਮਹਿਲਾ ਆਗੂਆਂ ’ਤੇ ਭੱਦੀਆਂ ਅਤੇ ਗੈਰ-ਸੰਜੀਦਾ ਟਿੱਪਣੀਆਂ ਕੀਤੀਆਂ। ਦਿੱਲੀ ਦੀ ਜਨਤਾ ਨੇ ਉਨ੍ਹਾਂ ਨੂੰ ਸਬਕ ਸਿਖਾਇਆ।

ਦਿੱਲੀ ਦੇ ਲੋਕਾਂ ਨੇ ਸਪੱਸ਼ਟ ਕਰ ਦਿੱਤਾ ਕਿ ਇਹ ਉਨ੍ਹਾਂ ਦੀ ਦਿੱਲੀ ਹੈ। ਇਥੇ ਕਿਸੇ ਵੀ ਆਗੂ ਦੀ ਵਿਰਾਸਤ ਕੰਮ ਨਹੀਂ ਕਰਦੀ। ਦਿੱਲੀ ਵਿਚ ਸਿਰਫ਼ ਉਨ੍ਹਾਂ ਨੂੰ ਹੀ ਸੱਤਾ ਮਿਲੇਗੀ, ਜੋ ਲੋਕਾਂ ਲਈ ਕੰਮ ਕਰਨਗੇ। ਉਨ੍ਹਾਂ ਦੱਸਿਆ ਕਿ ਦਿੱਲੀ ਮੁੱਦਿਆਂ ’ਤੇ ਵੋਟਾਂ ਪਾਉਂਦੀ ਹੈ, ਇਥੇ ਨਫ਼ਰਤ ਦਾ ਜ਼ਹਿਰ ਕਿਸੇ ਕੰਮ ਨਹੀਂ ਆਉਂਦਾ।

ਪਰ ਹੁਣ ਇਸ ਜਿੱਤ ਵਿਚ ਕਈ ਚੁਣੌਤੀਆਂ ਵੀ ਛੁਪੀਆਂ ਹੋਈਆਂ ਹਨ। ਭਾਜਪਾ ਨੇ ਜੋ ਵੀ ਦੇਣ ਦਾ ਵਾਅਦਾ ਕੀਤਾ ਹੈ, ਉਸ ਵਿਚੋਂ ਜ਼ਿਆਦਾਤਰ ਇਕ ਜਾਂ ਦੋ ਮਹੀਨਿਆਂ ਵਿਚ ਪੂਰਾ ਹੋ ਜਾਵੇਗਾ ਅਤੇ ਕੁਝ ਜਿਵੇਂ ਕਿ ਮੁਫ਼ਤ ਬਿਜਲੀ ਅਤੇ ਪਾਣੀ, ਪਹਿਲੀ ਕੈਬਨਿਟ ਵਿਚ ਹੀ ਪੂਰਾ ਹੋ ਜਾਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਸਪੱਸ਼ਟ ਕੀਤਾ ਹੈ ਕਿ ਮਹਿਲਾ ਦਿਵਸ (8 ਮਾਰਚ) ਦੇ ਮੌਕੇ ’ਤੇ 2500 ਰੁਪਏ ਪ੍ਰਤੀ ਮਹੀਨਾ ਔਰਤਾਂ ਦੇ ਖਾਤਿਆਂ ਵਿਚ ਵੀ ਪਹੁੰਚ ਜਾਣਗੇ, ਪਰ ਇਹ ਦੇਖਣਾ ਬਾਕੀ ਹੈ ਕਿ ਦਿੱਲੀ ਨੂੰ ਸਾਫ਼ ਪਾਣੀ ਕਿਵੇਂ ਅਤੇ ਕਿੰਨੀ ਜਲਦੀ ਮਿਲੇਗਾ।

ਇਹ ਵੀ ਦੇਖਣਾ ਹੋਵੇਗਾ ਕਿ ਦਿੱਲੀ ਕਿੰਨੇ ਦਿਨਾਂ ਵਿਚ ਪ੍ਰਦੂਸ਼ਣ ਮੁਕਤ ਹੋਵੇਗੀ ਅਤੇ ਕੂੜੇ ਦੇ ਪਹਾੜ ਕਦੋਂ ਸਾਫ਼ ਹੋਣਗੇ। ਇਸ ਵਿਚ ਕੋਈ ਸ਼ੱਕ ਨਹੀਂ ਕਿ ਨਗਰ ਨਿਗਮ ਜੋ ਭ੍ਰਿਸ਼ਟਾਚਾਰ ਦਾ ਕੇਂਦਰ ਬਣ ਗਿਆ ਹੈ, ਜਲਦੀ ਹੀ ਭਾਜਪਾ ਦੀ ਝੋਲੀ ਵਿਚ ਆ ਜਾਵੇਗਾ ਪਰ ਜਨਤਾ ਇਹ ਵੀ ਦੇਖੇਗੀ ਕਿ ਉਨ੍ਹਾਂ ਨੂੰ ਉੱਥੋਂ ਦੇ ਭ੍ਰਿਸ਼ਟਾਚਾਰ ਤੋਂ ਕਦੋਂ ਅਤੇ ਕਿੰਨੀ ਰਾਹਤ ਮਿਲੇਗੀ। ਦਿੱਲੀ ਚੰਗੇ ਸਕੂਲਾਂ ਅਤੇ ਹਸਪਤਾਲਾਂ ਦੇ ਬਿਹਤਰ ਮਾਡਲਾਂ ਦੀ ਉਡੀਕ ਕਰੇਗੀ। ਭਾਜਪਾ ਲੀਡਰਸ਼ਿਪ ਕੋਲ ਜਸ਼ਨ ਮਨਾਉਣ ਦੇ ਮੌਕੇ ਘੱਟ ਹੋਣਗੇ, ਨਤੀਜੇ ਦੇਣ ਲਈ ਚੁਣੌਤੀਆਂ ਜ਼ਿਆਦਾ ਹੋਣਗੀਆਂ।

ਅਕੂ ਸ਼੍ਰੀਵਾਸਤਵ


author

Rakesh

Content Editor

Related News