‘ਬਾਜ਼ ਨਹੀਂ ਆ ਰਿਹਾ ਪਾਕਿਸਤਾਨ’ ਭਾਰਤ ’ਚ ਤਬਾਹੀ ਮਚਾਉਣ ਦੀਆਂ ਕੋਸ਼ਿਸ਼ਾਂ ਤੋਂ!

Tuesday, Nov 11, 2025 - 06:10 AM (IST)

‘ਬਾਜ਼ ਨਹੀਂ ਆ ਰਿਹਾ ਪਾਕਿਸਤਾਨ’ ਭਾਰਤ ’ਚ ਤਬਾਹੀ ਮਚਾਉਣ ਦੀਆਂ ਕੋਸ਼ਿਸ਼ਾਂ ਤੋਂ!

ਹੋਂਦ ’ਚ ਆਉਣ ਦੇ ਸਮੇਂ ਤੋਂ ਹੀ ਪਾਕਿਸਤਾਨ ਦੇ ਹੁਕਮਰਾਨਾਂ ਨੇ ਆਪਣਾ ਭਾਰਤ ਵਿਰੋਧੀ ਏਜੰਡਾ ਜਾਰੀ ਰੱਖਿਆ ਹੋਇਆ ਹੈ ਅਤੇ ਉਹ ਸਰਹੱਦ ਪਾਰ ਤੋਂ ਲਗਾਤਾਰ ਆਪਣੇ ਪਾਲੇ ਹੋਏ ਅੱਤਵਾਦੀਆਂ ਰਾਹੀਂ ਭਾਰਤ ’ਚ ਤਬਾਹੀ ਦਾ ਸਾਮਾਨ ਭਿਜਵਾ ਰਹੇ ਹਨ।

ਇਸੇ ਕੜੀ ’ਚ ਸੁਰੱਖਿਆ ਫੋਰਸਾਂ ਨੇ 10 ਨਵੰਬਰ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ 8 ਸ਼ੱਕੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ ਭਾਰੀ ਮਾਤਰਾ ’ਚ ਤਬਾਹੀ ਦਾ ਸਾਮਾਨ ਬਰਾਮਦ ਕੀਤਾ ਹੈ ਅਤੇ ਇਨ੍ਹਾਂ ’ਚ ‘ਡਾ. ਮੁਜਮਿਲ ਗਨੀ’ ਸਮੇਤ 7 ਕਸ਼ਮੀਰ ਤੋਂ ਹਨ ਅਤੇ ‘ਡਾ. ਸ਼ਾਹੀਨ’ ਲਖਨਊ ਨਾਲ ਸੰਬੰਧ ਰੱਖਦਾ ਹੈ, ਜਿਨ੍ਹਾਂ ਨੂੰ ਪੁੱਛਗਿੱਛ ਲਈ ਸ਼੍ਰੀਨਗਰ ਲਿਆਂਦਾ ਗਿਆ ਹੈ।

ਇਨ੍ਹਾਂ ਗ੍ਰਿਫ਼ਤਾਰੀਆਂ ਅਤੇ ਜ਼ਬਤੀ ਨਾਲ ਜੰਮੂ-ਕਸ਼ਮੀਰ, ਹਰਿਆਣਾ ਅਤੇ ਉੱਤਰ ਪ੍ਰਦੇਸ਼ ’ਚ ਫੈਲੇ ‘ਜੈਸ਼-ਏ-ਮੁਹੰਮਦ’ ਅਤੇ ‘ਅੰਸਾਰ ਗਜਵਾਤੁਲ ਹਿੰਦ’ ਦੇ ਅੱਤਵਾਦੀ ਮਾਡਿਊਲ ਦਾ ਭਾਂਡਾ ਭੱਜਾ ਹੈ।

ਜੰਮੂ-ਕਸ਼ਮੀਰ ਪੁਲਸ ਮੁਤਾਬਕ ਅੱਤਵਾਦੀਆਂ ਵਿਰੁੱਧ ਕਾਰਵਾਈ ’ਚ ਫਰੀਦਾਬਾਦ ’ਚ ‘ਡਾ. ਮੁਜਮਿਲ ਗਨੀ’ ਦੇ ਕਿਰਾਏ ਦੇ ਮਕਾਨ ’ਚੋਂ ਬਰਾਮਦ 360 ਕਿੱਲੋ ਬਲਣਸ਼ੀਲ ਸਮੱਗਰੀ ਸਮੇਤ 2900 ਕਿੱਲੋ ਧਮਾਕਾਖੇਜ਼ ਸਮੱਗਰੀ ਬਰਾਮਦ ਕੀਤੀ ਗਈ ਹੈ। ਇਸ ’ਚ ਅਮੋਨੀਅਮ ਨਾਈਟ੍ਰੇਟ, ਪੋਟਾਸ਼ੀਅਮ ਨਾਈਟ੍ਰੇਟ ਅਤੇ ਸਲਫਰ ਸ਼ਾਮਲ ਹਨ।

ਇਸ ਤੋਂ ਇਲਾਵਾ ਵੱਖ-ਵੱਖ ਥਾਵਾਂ ਤੋਂ ਕੀਤੀ ਗਈ ਬਰਾਮਦਗੀ ’ਚ ਇਕ ਚੀਨੀ ਪਿਸਤੌਲ, ਇਕ ਹੋਰ ਵਿਦੇਸ਼ੀ ਪਿਸਤੌਲ, ਇਕ ਏ. ਕੇ. 56 ਰਾਈਫਲ ਸਮੇਤ 2 ਵਿਦੇਸ਼ੀ ਰਾਈਫਲਾਂ, ਵਿਸਫੋਟਕ, ਵੱਖ-ਵੱਖ ਕੈਮੀਕਲ, ਇਲੈਕਟ੍ਰਾਨਿਕ ਸਰਕਟ, ਬੈਟਰੀਆਂ, ਕਾਰ, ਰਿਮੋਟ ਕੰਟਰੋਲ ਟਾਈਮਰ ਅਤੇ ਧਾਤ ਦੀ ਸ਼ੀਟ ਆਦਿ ਸ਼ਾਮਲ ਹਨ।

‘ਮੁਜਮਿਲ ਗਨੀ’ ਸ਼੍ਰੀਨਗਰ ’ਚ ‘ਜੈਸ਼-ਏ-ਮੁਹੰਮਦ’ ਦੇ ਹੱਕ ’ਚ ਪੋਸਟਰ ਲਾਉਣ ਦੇ ਮਾਮਲੇ ’ਚ ਵੀ ਲੋੜੀਂਦਾ ਸੀ। ਅਧਿਕਾਰੀਆਂ ਦਾ ਦਾਅਵਾ ਹੈ ਕਿ ‘ਮੁਜਮਿਲ ਗਨੀ’ ਅਤੇ ‘ਅਨੰਤਨਾਗ’ ਤੋਂ ਗ੍ਰਿਫਤਾਰ ‘ਡਾ. ਆਦਿਲ ਅਹਿਮਦ ਰਾਥਰ’ ਦੇ ਫੋਨ ਵਿਚੋਂ ਕਈ ਪਾਕਿਸਤਾਨੀ ਨੰਬਰ ਮਿਲੇ ਹਨ ਅਤੇ ਉਹ ਨੈੱਟਵਰਕ ਦੇ ਸੰਭਾਵਿਤ ਹੈਂਡਲਰ ਹੋ ਸਕਦੇ ਹਨ।

ਵਰਣਨਯੋਗ ਹੈ ਕਿ ‘ਸ਼੍ਰੀਨਗਰ’ ਦੇ ‘ਬੁਨਪੋਰਾ ਨੌਗਾਮ’ ਖੇਤਰ ’ਚ ਪੁਲਸ ਅਤੇ ਸੁਰੱਖਿਆ ਫੋਰਸਾਂ ਨੂੰ ਧਮਕਾਉਣ ਲਈ 19 ਅਕਤੂਬਰ ਨੂੰ ਵੱਖ-ਵੱਖ ਥਾਵਾਂ ’ਤੇ ‘ਜੈਸ਼-ਏ-ਮੁਹੰਮਦ’ ਦੇ ਕਈ ਪੋਸਟਰ ਚਿਪਕੇ ਹੋਏ ਮਿਲੇ ਸਨ, ਜਿਨ੍ਹਾਂ ਰਾਹੀਂ ਇਸ ਜਾਂਚ ਦੀ ਸ਼ੁਰੂਆਤ ਹੋਈ ਸੀ।

ਜੰਮੂ-ਕਸ਼ਮੀਰ ਪੁਲਸ ਨੇ ਇਕ ਬਿਆਨ ’ਚ ਕਿਹਾ ਹੈ ਕਿ ‘‘ਜਾਂਚ ’ਚ ਇਕ ਚਿੱਟ-ਕੱਪੜੀਏ ਅੱਤਵਾਦੀ ‘ਸਿਸਟਮ’ ਦਾ ਵੀ ਪਤਾ ਲੱਗਾ ਹੈ, ਜਿਸ ’ਚ ਕੱਟੜਪੰਥੀ ਪੇਸ਼ੇਵਰ ਅਤੇ ਵਿਦਿਆਰਥੀ ਪਾਕਿਸਤਾਨ ਅਤੇ ਹੋਰਨਾਂ ਦੇਸ਼ਾਂ ਨਾਲ ਕੰਮ ਕਰ ਰਹੇ ਵਿਦੇਸ਼ੀ ਆਕਾਵਾਂ ਦੇ ਸੰਪਰਕ ’ਚ ਸਨ। ਅੱਤਵਾਦ ਵਿਰੁੱਧ ਇਹ ਇਕ ਵੱਡੀ ਸਫਲਤਾ ਹੈ, ਜਿਸ ’ਚ ਪੁਲਸ ਨੇ ਇਕ ਅੰਤਰਰਾਜੀ ਅਤੇ ਕੌਮਾਂਤਰੀ ਅੱਤਵਾਦੀ ਮਾਡਿਊਲ ਦਾ ਭਾਂਡਾ ਭੰਨਿਆ ਹੈ।’’

ਇਸ ਤੋਂ ਇਕ ਹੀ ਦਿਨ ਪਹਿਲਾਂ 9 ਨਵੰਬਰ ਨੂੰ ‘ਗੁਜਰਾਤ ਅੱਤਵਾਦ ਰੋਕੂ ਦਸਤੇ’ ਦੇ ਹਥਿਆਰਾਂ ਅਤੇ ਵੱਖ-ਵੱਖ ਕੈਮੀਕਲਜ਼ ਨਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਵੱਡਾ ਅੱਤਵਾਦੀ ਹਮਲਾ ਕਰਨ ਦੀ ਸਾਜ਼ਿਸ਼ ਰਚ ਰਹੇ ਚੀਨ ਤੋਂ ਐੱਮ. ਬੀ. ਬੀ. ਐੱਸ. ਦੀ ਡਿਗਰੀ ਹਾਸਲ ਕਰਨ ਵਾਲੇ ‘ਡਾ. ਅਹਿਮਦ ਮੋਹਿਓਦੀਨ ਸਈਦ’ ਸਮੇਤ 3 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਉਨ੍ਹਾਂ ਨੇ ‘ਸਾਈਨਾਈਡ’ ਤੋਂ ਵੀ ਵੱਧ ਖਤਰਨਾਕ ‘ਰਿਸਿਨ’ ਨਾਮੀ ਇਕ ਸ਼ਕਤੀਸ਼ਾਲੀ ਜ਼ਹਿਰ ਨਾਲ ਅੱਤਵਾਦੀ ਸਰਗਰਮੀਆਂ ਨੂੰ ਅੰਜ਼ਾਮ ਦੇਣ ਦੀ ਸਾਜ਼ਿਸ਼ ਰਚੀ ਸੀ। ਹੋਰ ਮੁਲਜ਼ਮ ‘ਆਜ਼ਾਦ ਸੁਲੇਮਾਨ ਸ਼ੇਖ’ ਅਤੇ ‘ਮੁਹੰਮਦ ਸੁਹੈਲ’ ਦੋਵੇਂ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਇਨ੍ਹਾਂ ਨੇ ਰਾਜਸਥਾਨ ਦੇ ਹਨੂੰਮਾਨਗੜ੍ਹ ਤੋਂ ਹਥਿਆਰ ਹਾਸਲ ਕਰ ਕੇ ‘ਡਾ. ਅਹਿਮਦ ਮੋਹਿਓਦੀਨ ਸਈਦ’ ਨੂੰ ਸੌਂਪੇ ਸਨ। ਮੁਲਜ਼ਮਾਂ ਮੁਤਾਬਕ ਉਨ੍ਹਾਂ ਦਾ ਆਕਾ ਉਨ੍ਹਾਂ ਨੂੰ ਪਾਕਿਸਤਾਨ ਤੋਂ ਡਰੋਨ ਰਾਹੀਂ ਹਥਿਆਰ ਭੇਜਦਾ ਹੈ।

ਹਾਲਾਂਕਿ ਸੁਰੱਖਿਆ ਫੋਰਸਾਂ ਵੱਲੋਂ ਅੱਤਵਾਦੀਆਂ ਦੀਆਂ ਸਾਜ਼ਿਸ਼ਾਂ ਨੂੰ ਲਗਾਤਾਰ ਨਾਕਾਮ ਕੀਤਾ ਜਾ ਰਿਹਾ ਹੈ ਪਰ ਇਨ੍ਹਾਂ ਕੋਸ਼ਿਸ਼ਾਂ ’ਚ ਹੋਰ ਤੇਜ਼ੀ ਲਿਆਉਣ ਦੀ ਲੋੜ ਹੈ, ਕਿਉਂਕਿ ਜਿੰਨੇ ਵੱਡੇ ਪੱਧਰ ’ਤੇ ਦੁਸ਼ਮਣ ਭਾਰਤ ’ਚ ਤਬਾਹੀ ਮਚਾਉਣ ’ਤੇ ਉਤਾਰੂ ਦਿਖਾਈ ਦਿੰਦੇ ਹਨ, ਉਸ ਨੂੰ ਦੇਖਦੇ ਹੋਏ ਦੇਸ਼ ਦੇ ਦੁਸ਼ਮਣਾਂ ਵਿਰੁੱਧ ਕਾਰਵਾਈ ਵਿਚ ਰੱਤੀ ਭਰ ਵੀ ਕੋਤਾਹੀ ਮਹਿੰਗੀ ਪੈ ਸਕਦੀ ਹੈ।

ਇਸ ਦੌਰਾਨ ਰਾਜਧਾਨੀ ਦਿੱਲੀ ’ਚ ਸ਼ਾਮ ਦੇ 6.55 ਵਜੇ ਦੇ ਲੱਗਭਗ ‘ਲਾਲ ਕਿਲਾ ਮੈਟਰੋ ਸਟੇਸ਼ਨ’ ਨੇੜੇ ਇਕ ਕਾਰ ਵਿਚ ਹੋਏ ਇਕ ਬੰਬ ਧਮਾਕੇ ’ਚ 13 ਵਿਅਕਤੀ ਮਾਰੇ ਗਏ ਅਤੇ 30 ਹੋਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ‘ਲੋਕਨਾਇਕ ਜੈਪ੍ਰਕਾਸ਼ ਨਾਰਾਇਣ ਹਸਪਤਾਲ’ ਵਿਚ ਦਾਖਲ ਕਰਵਾਇਆ ਗਿਆ। ਇਹ ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਇਸ ਕਾਰਨ ਆਸ-ਪਾਸ ਦੀਆਂ ਮੋਟਰ-ਗੱਡੀਆਂ ਦੇ ਪਰਖਚੇ ਉੱਡ ਗਏ।

ਇਸ ਦੌਰਾਨ ਕਾਰ ਦੇ ਮਾਲਕ ਦੇ ਨਾਂ ਦਾ ਵੀ ਪਤਾ ਲੱਗ ਗਿਆ ਹੈ ਜੋ ਮੁਹੰਮਦ ਸਲਮਾਨ ਦੱਸਿਆ ਜਾਂਦਾ ਹੈ ਅਤੇ ਕਾਰ ਦੇ ਰਜਿਸਟ੍ਰੇਸ਼ਨ ਨੰਬਰ ਦਾ ਵੀ ਪਤਾ ਲੱਗ ਗਿਆ ਹੈ, ਜੋ ਹਰਿਆਣਾ ’ਚ ਰਜਿਸਟਰਡ ਹੈ। ਇਹ ਘਟਨਾ ਇਸ ਗੱਲ ਦਾ ਸਬੂਤ ਹੈ ਕਿ ਸਰਕਾਰ ਨੂੰ ਆਪਣੀ ਸੁਰੱਖਿਆ ਵਿਵਸਥਾ ਹੋਰ ਮਜ਼ਬੂਤ ਕਰਨ ਦੀ ਲੋੜ ਹੈ।

–ਵਿਜੇ ਕੁਮਾਰ


author

Sandeep Kumar

Content Editor

Related News