ਕਸ਼ਮੀਰ ਵਾਦੀ ਵਿਚ ਜੋ ਕੁਝ ਭਾਰਤ ਵਿਰੁੱਧ ਹੋ ਰਿਹਾ, ਇਸ ਨੂੰ ਜਾਣਨ ਦਾ ਅਧਿਕਾਰ ਤਾਂ ਲੋਕਾਂ ਨੂੰ ਹੈ

Monday, Nov 10, 2025 - 04:51 PM (IST)

ਕਸ਼ਮੀਰ ਵਾਦੀ ਵਿਚ ਜੋ ਕੁਝ ਭਾਰਤ ਵਿਰੁੱਧ ਹੋ ਰਿਹਾ, ਇਸ ਨੂੰ ਜਾਣਨ ਦਾ ਅਧਿਕਾਰ ਤਾਂ ਲੋਕਾਂ ਨੂੰ ਹੈ

ਭਾਰਤ ਦੇ ਅਨਿੱਖੜਵੇਂ ਅੰਗ ’ਚ ਸਾਲਾਂ ਤੋਂ ਚੱਲੀ ਆ ਰਹੀ ਮਾਰ-ਧਾੜ ਦੀ ਸੱਚਾਈ ਜਾਣਨ ਦਾ ਅਧਿਕਾਰ ਤਾਂ ਜਨਤਾ ਨੂੰ ਹੋਣਾ ਚਾਹੀਦਾ ਹੈ। ਉੱਥੇ ਤਾਂ ਅਨੰਤ ਕਾਲ ਤੋਂ ਮੱਸਿਆ ਹੀ ਮੱਸਿਆ ਹੈ। ‘ਕਸ਼ਮੀਰ ਵਾਦੀ’ ਸਾਲਾਂ ਤੋਂ ਅੱਗ ਦੀਆਂ ਲਪਟਾਂ ’ਚ ਹੈ, ਪਰ ਦੇਸ਼ ਦੇ ਹੋਰਨਾਂ ਸੂਬਿਆਂ ’ਚ ਕਸ਼ਮੀਰ ਵਾਦੀ ਪ੍ਰਤੀ ਚੁੱਪ ਦਾ ਭਾਵ ਕਿਉਂ? ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਆਪਣੀ ਹੀ ਤਾਂ ਮਾਤਭੂਮੀ ਹੈ। ਫਿਰ ਕਸ਼ਮੀਰ ਵਾਦੀ ਲਈ ਇਹ ਨਫਰਤ ਕਿਉਂ? ਕਸ਼ਮੀਰ ਵਾਦੀ ਦਾ ਮੁਸਲਮਾਨ ਤਾਂ ‘ਪਾਕਿਸਤਾਨ ਜ਼ਿੰਦਾਬਾਦ’ ਬੋਲਦਾ ਚਲਿਆ ਆ ਰਿਹਾ ਹੈ? ‘ਕਸ਼ਮੀਰ ਵਾਦੀ’ ’ਚ ਸਾਲਾਂ ਤੋਂ ਰਿਸਦੇ ਜ਼ਖਮਾਂ ’ਤੇ ਕੌਣ ਮੱਲ੍ਹਮ ਲਗਾਏਗਾ?

ਕਿਉਂ ਉਥੋਂ ਕਸ਼ਮੀਰੀ ਪੰਡਿਤਾਂ ਨੂੰ ਬਾਹਰ ਕੱਢ ਦਿੱਤਾ ਗਿਆ? ਕਿਉਂ ‘ਕਸ਼ਮੀਰ ਵਾਦੀ’ ਦਾ ਹਿੰਦੂ ਆਪਣੇ ਹੀ ਘਰ ’ਚੋਂ ਬੇਘਰ ਹੋ ਗਿਆ? ਭਾਰਤ ਭੂਮੀ ਤਾਂ ਸਭ ਧਰਮਾਂ ਲਈ ਵਿਸਤ੍ਰਿਤ ਭੂਖੰਡ ਹੈ। ‘ਕਸ਼ਮੀਰ ਵਾਦੀ’ ਨੂੰ ਕਿਉਂ ਇਸਲਾਮਿਕ ਰਾਜ ਬਣਾਇਆ ਜਾ ਰਿਹਾ ਹੈ? 1947 ਦੀ ਭਾਰਤ-ਵੰਡ ਦੇ ਬਾਅਦ ਵੀ ‘ਕਸ਼ਮੀਰ ਵਾਦੀ’ ਕਿਉਂ ਸੁਭਾਵਿਕ ਤੌਰ ’ਤੇ ਹਿੰਦੁਸਤਾਨ ਨਾਲ ਨਹੀਂ ਜੁੜ ਸਕੀ? ਜਿੱਨਾਹ ਨੇ ਹਰ ਹਾਲ ’ਚ ਪਾਕਿਸਤਾਨ ਬਣਾਉਣਾ ਸੀ, ਬਣਾ ਲਿਆ, ਫਿਰ ‘ਕਸ਼ਮੀਰ ਵਾਦੀ’ ’ਚ ਅਰਾਜਕਤਾ ਕਿਉਂ?

ਇਹ ਜਾਣਨਾ ਤਾਂ ਭਾਰਤੀ ਜਨਤਾ ਦਾ ਅਧਿਕਾਰ ਹੈ। ਵਾਰ-ਵਾਰ ਇਹੀ ‘ਰੌਲਾ’ ਕਿ ਅਬਦੁੱਲਾ ਪਰਿਵਾਰ ਕਸ਼ਮੀਰ ਵਾਦੀ ਦੀ ਸ਼ਾਂਤੀ ਦਾ ਦੁਸ਼ਮਣ ਹੈ। ਜੇਕਰ ਅਬਦੁੱਲਾ ਪਰਿਵਾਰ ਹੈ ਤਾਂ ਉਸ ਨਾਲ ਫੈਸਲਾਕੁੰਨ ਗੱਲ ਕਰੋ। ਆਖਿਰ ਪੀ. ਡੀ. ਪੀ. ਦੀ ਮੁਫਤੀ ਮਹਿਬੂਬਾ ਨੂੰ ਵੀ ਤਾਂ ਲੱਖਾਂ ਮਤਭੇਦ ਹੁੰਦੇ ਹੋਏ ਭਾਰਤ ਸਰਕਾਰ ਨੇ ਜੰਮੂ-ਕਸ਼ਮੀਰ ਰਾਜ ਦੀ ਮੁੱਖ ਮੰਤਰੀ ਬਣਾਇਆ ਹੀ ਸੀ?

ਮਹਿਬੂਬਾ ਤੋਂ ਤਾਂ ਅਬਦੁੱਲਾ ਪਰਿਵਾਰ ਥੋੜ੍ਹਾ ਸਾਫਟ ਹੈ। ਰਾਜਨੀਤੀ ’ਚ ਅੱਜ ਜੋ ਦੁਸ਼ਮਣ ਹੈ, ਕੱਲ ਮਿੱਤਰ ਵੀ ਬਣ ਜਾਵੇਗਾ। ਰਾਜਨੀਤੀ ਕੋਈ ਠਹਿਰਿਆ ਤਲਾਅ ਨਹੀਂ ਸਗੋਂ ਰਾਜਨੀਤੀ ਤਾਂ ਇਕ ਵਹਿੰਦਾ ਦਰਿਆ ਹੈ। ਭਾਰਤ ਦੇ ਰਾਜਨੇਤਾ ਵਿਚਾਰ ਕਰਨ।

ਕਸ਼ਮੀਰ ਤਾਂ ਭਾਰਤ ਦਾ ਇਕ ਅਨਿੱਖੜਵਾਂ ਅੰਗ ਹੈ। ਉਸ ਨੂੰ ਸਦਾ ਲਈ ‘ਅਣਸੁਲਝਿਆ ਮਸਲਾ’ ਨਹੀਂ ਰਹਿਣ ਦੇਣਾ ਚਾਹੀਦਾ। ਅੱਜ ਤੱਕ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਅਸੀਂ ਕਸ਼ਮੀਰ ਸਮੱਸਿਆ ਲਈ ਕੋਸਦੇ ਚਲੇ ਆ ਰਹੇ ਹਾਂ ਜਦਕਿ ਪੰਡਿਤ ਨਹਿਰੂ ਨੂੰ ਤਾਂ ਅਸੀਂ 1964 ’ਚ ਅਲਵਿਦਾ ਕਹਿ ਦਿੱਤਾ ਸੀ। ਸੰਨ 1965, ਸੰਨ 1971 ਅਤੇ ਸੰਨ 1999 ਤੱਕ ਅਸੀਂ ਤਿੰਨ ਯੁੱਧ ਤਾਂ ਲੜ ਲਏ। ਹੁਣ ‘ਆਪ੍ਰੇਸ਼ਨ ਸਿੰਧੂਰ’ ਵੀ ਅਸੀਂ ਕਰ ਲਿਆ। ‘ਕਸ਼ਮੀਰ ਵਾਦੀ’ ਨੂੰ ਸਥਾਈ ਮੱਸਿਆ ਤੋਂ ਬਾਹਰ ਨਹੀਂ ਕੱਢ ਸਕੇ। ਪੰਡਿਤ ਨਹਿਰੂ ਤੋਂ ਬਾਅਦ ਤਾਂ ਕੇਂਦਰ ’ਚ ਕਈ ਸਰਕਾਰਾਂ ਭਾਰਤ ਦੇ ਲੋਕਾਂ ਨੇ ਬਣਾ ਲਈਆਂ। ਇੰਨੇ ’ਤੇ ਵੀ ‘ਕਸ਼ਮੀਰ ਸਮੱਸਿਆ’ ਤਪਦੀ ਹੀ ਰਹੀ।

ਪੁਲਵਾਮਾ ਅਤੇ ਪਹਿਲਗਾਮ ਦੀਆਂ ਘਿਨਾਉਣੀਆਂ ਘਟਨਾਵਾਂ ਨੇ ਤਾਂ ਵਿਸ਼ਵ ਰਾਜਨੀਤੀ ਨੂੰ ਹਿਲਾ ਕੇ ਰੱਖ ਦਿੱਤਾ। ਪਾਕਿਸਤਾਨ ਦੀ ਪਾਰਲੀਮੈਂਟ ’ਚ ਮੈਂ ਸਪੀਕਰ ਤੋਂ ਲੈ ਕੇ ਉੱਥੋਂ ਦੇ ਸਾਰੇ ਸੰਸਦ ਮੈਂਬਰਾਂ ਨੂੰ ਸੁਣਿਆ। ਸਾਰੇ ਦੇ ਸਾਰੇ ਇਹੀ ਬੋਲ ਰਹੇ ਸਨ ਕਿ ਸਾਰੀਆਂ ਘਟਨਾਵਾਂ ਭਾਰਤ ਖੁਦ ਕਰਵਾ ਰਿਹਾ ਹੈ ਤਾਂ ਕਿ ਦੁਨੀਆ ’ਚ ਅੱਤਵਾਦ ਦੇ ਨਾਂ ’ਤੇ ਪਾਕਿਸਤਾਨ ਨੂੰ ਬਦਨਾਮ ਕੀਤਾ ਜਾ ਸਕੇ ਅਤੇ ਜਦੋਂ ਵੀ ਭਾਰਤ ਦੀ ਕੇਂਦਰ ਸਰਕਾਰ ਨੂੰ ਕੋਈ ਝਟਕਾ ਲੱਗਦਾ ਹੈ ਤਾਂ ਉਹ ਪਾਕਿਸਤਾਨ ਵੱਲ ਮੂੰਹ ਕਰ ਲੈਂਦੀ ਹੈ।

ਪਾਕਿਸਤਾਨ ਕਹਿੰਦਾ ਹੈ ਕਿ ਉਹ ਖੁਦ ਅੱਤਵਾਦ ਨਾਲ ਲੜ ਰਿਹਾ ਹੈ ਪਰ ਇਹ ਸਭ ਕਹਿਣ ਤੋਂ ਪਹਿਲਾਂ ਪਾਕਿਸਤਾਨ ਇਹ ਕਿਉਂ ਦੁਨੀਆ ਦੇ ਸਾਹਮਣੇ ਸਵੀਕਾਰ ਨਹੀਂ ਕਰਦਾ ਕਿ ਦੁਨੀਆ ਦਾ ਸਭ ਤੋਂ ਖਤਰਨਾਕ ਅਤੇ ਸਭ ਤੋਂ ਵੱਡਾ ਅੱਤਵਾਦੀ ‘ਓਸਾਮਾ ਬਿਨ ਲਾਦੇਨ’ ਪਾਕਿਸਤਾਨ ਦੇ ਸ਼ਹਿਰ ਅਲਾਵਲਪੁਰ ’ਚ ਆਪਣਾ ‘ਹੈੱਡ ਆਫਿਸ’ ਬਣਾਈ ਬੈਠਾ ਸੀ? ਅਜਿਹੇ ’ਚ ਪਾਕਿਸਤਾਨ ਦੇ ਰਾਜਨੇਤਾਵਾਂ ’ਤੇ ਵਿਸ਼ਵਾਸ ਕੌਣ ਕਰੇਗਾ?

1980 ਤੋਂ 2025 ਤੱਕ ਦੇ ਕਾਲਖੰਡ ਦੇ ਸਮੇਂ ’ਚ 25,000 ਕੀਮਤੀ ਜਾਨਾਂ ਅੱਤਵਾਦ ਦਾ ਸ਼ਿਕਾਰ ਹੋ ਚੁੱਕੀਆਂ ਹਨ। ਰਾਜਨੇਤਾਵਾਂ ਤੋਂ ਲੈ ਕੇ ਫੌਜ ਅਧਿਕਾਰੀਆਂ ਅਤੇ ਆਮ ਆਦਮੀ ਤੋਂ ਲੈ ਕੇ ਪੁਲਸ ਦੇ ਜਵਾਨਾਂ ਤੱਕ, ਨੌਜਵਾਨਾਂ ਤੋਂ ਲੈ ਕੇ ਬੱਚਿਆਂ ਅਤੇ ਬੁੱਢਿਆਂ ਤੱਕ ਨੂੰ ਇਸ ਅੱਤਵਾਦ ਨੇ ਨਹੀਂ ਛੱਡਿਆ। ‘ਕਸ਼ਮੀਰ ਵਾਦੀ’ ਦੇ ਆਪਣੇ ਲੋਕ ਹੀ ਅੱਤਵਾਦੀਆਂ ਨੂੰ ਪਨਾਹ ਦੇ ਰਹੇ ਹਨ, ਉਨ੍ਹਾਂ ਨੂੰ ਰਸਤਾ ਦੱਸ ਰਹੇ ਹਨ।

ਸਥਾਨਕ ਜਨਤਾ ਹੀ ਅੱਤਵਾਦੀਆਂ ਲਈ ‘ਰੇਕੀ’ ਕਰ ਰਹੀ ਹੈ। ਉਨ੍ਹਾਂ ਨੂੰ ਖਾਣ-ਪੀਣ ਲਈ ਰਸਦ ਪਹੁੰਚਾ ਰਹੀ ਹੈ। ਕੋਈ ਖੁਦ ਵਿਚਾਰ ਕਰੇ ਕਿ ਵਿਭੀਸ਼ਣ ਦੇ ਰਹਿੰਦੇ ਕੀ ਲੰਕਾ ਬਚ ਸਕਦੀ ਹੈ? ਇਨ੍ਹਾਂ ਚੀਜ਼ਾਂ ਦਾ ਉੱਤਰ ਤਾਂ ਸਰਕਾਰ ਨੇ ਹੀ ਦੇਣਾ ਹੈ ਅਤੇ ‘ਕਸ਼ਮੀਰ ਵਾਦੀ’ ’ਚ ਕੀ ਹੋ ਰਿਹਾ ਹੈ ਅਤੇ ਕਿਉਂ ਹੋ ਰਿਹਾ ਹੈ, ਇਹ ਜਾਣਨਾ ਤਾਂ ਭਾਰਤ ਦੇ ਲੋਕਾਂ ਦਾ ਅਧਿਕਾਰ ਹੈ।

ਸਰਕਾਰ ਨਾ ਜਵਾਬ ਦੇਵੇ ਪਰ ਇਸ ’ਤੇ ਕੋਈ ‘ਸਫੈਦ ਯੰਤਰ’ ਜਾਂ ‘ਜਾਂਚ ਕਮਿਸ਼ਨ’ ਤਾਂ ਬਿਠਾ ਸਕਦੀ ਹੈ? ਹੁਣ ਤਾਂ ਸਰਕਾਰ ਨੇ ਧਾਰਾ 370 ਵੀ ਹਟਾ ਦਿੱਤੀ ਹੈ। ਇਸੇ ਧਾਰਾ ’ਤੇ 1954 ਤੋਂ ਵਿਰੋਧ ਹੁੰਦੇ ਰਹੇ ਹਨ ਨਾ? ਹੁਣ ਸਰਕਾਰ ਉੱਤਰ ਦੇਵੇ ਕਿ ਹਿੰਦੂਆਂ ਦੇ ਧਾਰਮਿਕ ਸਥਾਨ ਕਿਉਂ ਸੁਰੱਖਿਅਤ ਨਹੀਂ? ਜੰਮੂ ’ਚ ਵੈਸ਼ਨੋ ਮਾਤਾ ਦੇ ਮੰਦਰ ਨੂੰ ਲਗਾਤਾਰ ਖਤਰਾ ਜਾਰੀ ਹੈ। ਸ਼੍ਰੀਨਗਰ ’ਚ ਕਸ਼ਮੀਰੀ ਪੰਡਿਤਾਂ ਦੀ ਅਰਾਧਯ ਦੇਵੀ ‘ਖੀਰ ਭਵਾਨੀ’ ਦਾ ਮੰਦਰ ਹਮੇਸ਼ਾ ਖਤਰੇ ’ਚ ਰਿਹਾ ਹੈ। ਕਸ਼ਮੀਰੀ ਪੰਡਿਤਾਂ ਦੀਆਂ ਦੁਕਾਨਾਂ, ਮਕਾਨਾਂ, ਜਾਇਦਾਦਾਂ, ਖੇਤ-ਖਲਿਹਾਨਾਂ ’ਤੇ ਮੁਸਲਮਾਨ ਕਬਜ਼ਾ ਜਮਾਈ ਬੈਠੇ ਹਨ। ਕਸ਼ਮੀਰੀ ਪੰਡਿਤਾਂ ਨੂੰ ਜ਼ਬਰਦਸਤੀ ਵਾਦੀ ਤੋਂ ਕੱਢ ਦਿੱਤਾ ਗਿਆ ਹੈ। ‘ਕਸ਼ਮੀਰ ਵਾਦੀ’ ’ਚ ਪਾਕਿਸਤਾਨੀ ਝੰਡੇ ਲੋਕਾਂ ਨੇ ਆਪਣੇ ਘਰਾਂ ’ਤੇ ਲਗਾ ਰੱਖੇ ਹਨ। ਕਸ਼ਮੀਰ ਭਾਰਤ ਦਾ ਅਨਿੱਖੜਵਾ ਅੰਗ ਹੈ ਤਾਂ ਕਸ਼ਮੀਰੀ ਪੰਡਿਤਾਂ ’ਤੇ ਜ਼ੁਲਮ ਕਿਉਂ?

ਇਸ ਲਈ ਇਹ ਜਨਤਾ ਨੂੰ ਜਾਣਨ ਦਾ ਅਧਿਕਾਰ ਹੈ ਕਿ ਕਸ਼ਮੀਰ ਵਾਦੀ ’ਚ ਕੀ ਹੋਇਆ, ਕਿਉਂ ਹੋਇਆ ਅਤੇ ਰੋਜ਼ਾਨਾ ਬਿਨਾਂ ਜੰਗ ਦੇ ਫੌਜ ਦੇ ਜਵਾਨਾਂ ਦੀਆਂ ਲਾਸ਼ਾਂ ਤਿਰੰਗੇ ’ਚ ਲਿਪਟੀਆਂ ਉਨ੍ਹਾਂ ਦੇ ਘਰ ਕਿਉਂ ਪਹੁੰਚ ਰਹੀਆਂ ਹਨ?

ਮਾਸਟਰ ਮੋਹਨ ਲਾਲ (ਸਾਬਕਾ ਟਰਾਂਸਪੋਰਟ ਮੰਤਰੀ, ਪੰਜਾਬ)


author

Rakesh

Content Editor

Related News