‘ਰਿਸ਼ਵਤਖੋਰ ਪੁਲਸ ਮੁਲਾਜ਼ਮ’ ਬਣ ਰਹੇ ਵਿਭਾਗ ਦੀ ਬਦਨਾਮੀ ਦਾ ਕਾਰਨ!
Wednesday, Nov 12, 2025 - 05:40 AM (IST)
ਹਾਲਾਂਕਿ ਪੁਲਸ ਵਿਭਾਗ ਦੇ ਮੁਲਾਜ਼ਮਾਂ ਤੋਂ ਅਨੁਸ਼ਾਸਿਤ ਅਤੇ ਰਿਸ਼ਵਤਖੋਰੀ ਵਰਗੀਆਂ ਬੁਰਾਈਆਂ ਤੋਂ ਦੂਰ ਰਹਿਣ ਦੀ ਆਸ ਕੀਤੀ ਜਾਂਦੀ ਹੈ ਪਰ ਦੇਸ਼ ’ਚ ਕੁਝ ਪੁਲਸ ਮੁਲਾਜ਼ਮ ਭ੍ਰਿਸ਼ਟਾਚਾਰ ’ਚ ਸ਼ਾਮਲ ਹੋ ਕੇ ਆਪਣੇ ਹੀ ਵਿਭਾਗ ਦੀ ਬਦਨਾਮੀ ਦਾ ਕਾਰਨ ਬਣ ਰਹੇ ਹਨ ਜਿਸ ਦੀਆਂ ਪਿਛਲੇ ਲਗਭਗ 4 ਮਹੀਨਿਆਂ ਦੀਆਂ ਘਟਨਾਵਾਂ ਹੇਠਾਂ ਦਰਜ ਹਨ :
* 4 ਜੁਲਾਈ, 2025 ਨੂੰ ‘ਮਥੁਰਾ’ (ਉੱਤਰ ਪ੍ਰਦੇਸ਼) ਦੇ ‘ਗੋਵਿੰਦ ਨਗਰ’ ਥਾਣੇ ਵਿਚ ਤਾਇਨਾਤ ਇਕ ਕਾਂਸਟੇਬਲ ‘ਸ਼ੁਭਮ ਚੌਹਾਨ’ ਨੂੰ ਆਪਣੇ ਇਲਾਕੇ ਵਿਚ ‘ਸੰਜੂ’ ਨਾਂ ਦੇ ਇਕ ਈ-ਰਿਕਸ਼ਾ ਚਾਲਕ ਨੂੰ ਰਿਕਸ਼ਾ ਚਲਾਉਣ ਦੀ ‘ਇਜਾਜ਼ਤ’ ਦੇਣ ਦੇ ਬਦਲੇ ’ਚ ਉਸ ਤੋਂ 20,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।
* 17 ਅਕਤੂਬਰ ਨੂੰ ‘ਵਾਰਾਣਸੀ’ (ਉੱਤਰ ਪ੍ਰਦੇਸ਼) ਦੇ ਇਕ ਮਹਿਲਾ ਥਾਣੇ ਦੀ ਇੰਚਾਰਜ ‘ਸੁਮਿੱਤਰਾ ਦੇਵੀ’ ਅਤੇ ਕਾਂਸਟੇਬਲ ‘ਅਰਚਨਾ ਰਾਏ’ ਨੂੰ ਭ੍ਰਿਸ਼ਟਾਚਾਰ ਰੋਕੂ ਵਿਭਾਗ ਦੀ ਟੀਮ ਨੇ ਇਕ ਮਾਮਲੇ ਨੂੰ ਦਬਾਉਣ ਦੇ ਬਦਲੇ ਵਿਚ ਸ਼ਿਕਾਇਤਕਰਤਾ ਤੋਂ 10,000 ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ।
* 3 ਨਵੰਬਰ ਨੂੰ ‘ਪੁਣੇ’ (ਮਹਾਰਾਸ਼ਟਰ) ਦੇ ‘ਪਿੰਪਰੀ-ਚਿੰਚਵਾਡ’ ਵਿਚ ‘ਭ੍ਰਿਸ਼ਟਾਚਾਰ ਰੋਕੂ ਬਿਊਰੋ’ ਦੇ ਅਧਿਕਾਰੀਆਂ ਨੇ ਆਪਣੇ ਹੀ ਵਿਭਾਗ ’ਚ ਤਾਇਨਾਤ ਸਬ-ਇੰਸਪੈਕਟਰ ‘ਪ੍ਰਮੋਦ ਚਿੰਤਾਮਣੀ’ ਨੂੰ ਆਰਥਿਕ ਅਪਰਾਧ ਦੇ ਕੇਸ ਵਿਚ ਮੁਲਜ਼ਮ ਇਕ ਵਕੀਲ ਕੋਲੋਂ 2 ਕਰੋੜ ਰੁਪਏ ਰਿਸ਼ਵਤ ਮੰਗਣ ਅਤੇ ਪਹਿਲੀ ਕਿਸ਼ਤ ਵਜੋਂ 45.5 ਲੱਖ ਰੁਪਏ ਲੈਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ।
* 4 ਨਵੰਬਰ ਨੂੰ ‘ਸਵਾਈ ਮਾਧੋਪੁਰ’ (ਰਾਜਸਥਾਨ) ਦੇ ‘ਭ੍ਰਿਸ਼ਟਾਚਾਰ ਰੋਕੂ ਬਿਊਰੋ’ ਵਿਚ ਡਿਪਟੀ ਕਮਿਸ਼ਨਰ ਆਫ ਪੁਲਸ ‘ਭੈਰੂ ਲਾਲ ਮੀਣਾ’ ਨੂੰ ਸ਼ਿਕਾਇਤਕਰਤਾ ਤੋੋਂ 80,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਉਸ ਦੇ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਗ੍ਰਿਫਤਾਰ ਕੀਤਾ।
ਵਰਣਨਯੋਗ ਹੈ ਕਿ ‘ਭੈਰੂ ਲਾਲ ਮੀਣਾ’ ਆਪਣੀ ਗ੍ਰਿਫਤਾਰੀ ਤੋਂ ਸਿਰਫ ਇਕ ਘੰਟਾ ਪਹਿਲਾਂ ਇਕ ਸਮਾਰੋਹ ’ਚ ਈਮਾਨਦਾਰੀ ਨਾਲ ਕਮਾਈ ਕਰਨ ’ਤੇ ਭਾਸ਼ਣ ਦੇ ਕੇ ਆਇਆ ਸੀ।
* 7 ਨਵੰਬਰ ਨੂੰ ‘ਮਊ’ (ਉੱਤਰ ਪ੍ਰਦੇਸ਼) ਦੇ ‘ਹਲਧਰਪੁਰ’ ਵਿਚ ‘ਭ੍ਰਿਸ਼ਟਾਚਾਰ ਰੋਕੂ ਬਿਊਰੋ’ ਦੇ ਅਧਿਕਾਰੀਆਂ ਨੇ ਦਾਰੋਗਾ ‘ਅਜੇ ਸਿੰਘ’ ਨੂੰ ਜੂਸ ਦਾ ਬੂਥ ਚਲਾਉਣ ਵਾਲੇ ‘ਬਬਲੂ ਚੌਹਾਨ’ ਨਾਂ ਦੇ ਵਿਅਕਤੀ ਤੋਂ ਜ਼ਮੀਨੀ ਝਗੜੇ ਦੇ ਕੇਸ ’ਚੋਂ ਉਸ ਦਾ ਨਾਂ ਕੱਢਣ ਦੇ ਬਦਲੇ ’ਚ 20,000 ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ।
* 8 ਨਵੰਬਰ ਨੂੰ ‘ਕਾਨਪੁਰ’ (ਉੱਤਰ ਪ੍ਰਦੇਸ਼) ਵਿਚ ਆਮਦਨ ਦੇ ਜਾਣੂ ਸਰੋਤਾਂ ਤੋਂ ਵੱੱਧ 100 ਕਰੋੜ ਰੁਪਏ ਦੀ ਜਾਇਦਾਦ ਬਣਾਉਣ ਦੇ ਦੋਸ਼ਾਂ ’ਚ ਘਿਰੇ ਉੱਤਰ ਪ੍ਰਦੇਸ਼ ਦੇ ਮੁਅੱਤਲ ਡੀ. ਸੀ. ਪੀ. ‘ਰਿਸ਼ੀਕਾਂਤ ਸ਼ੁਕਲਾ’ ਦੀ ਗ੍ਰਿਫਤਾਰੀ ਲਈ ਅਦਾਲਤ ਨੇ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ।
* 9 ਨਵੰਬਰ ਨੂੰ ‘ਹਿਸਾਰ’ (ਹਰਿਆਣਾ) ਪੁਲਸ ਨੇ ਇਕ ਸਬ-ਇੰਸਪੈਕਟਰ ‘ਜਗਦੀਸ਼ ਚੰਦਰ’ ਅਤੇ ਇਕ ਅਸਿਸਟੈਂਟ ਸਬ-ਇੰਸਪੈਕਟਰ ‘ਵਿਜੇ ਕੁਮਾਰ’ ਨੂੰ ਇਕ ਸਥਾਨਕ ਵਪਾਰੀ ਨੂੰ ਝੂਠੇ ਕੇਸ ਵਿਚ ਫਸਾ ਕੇ ਉਸ ਕੋਲੋਂ 2.30 ਲੱਖ ਰੁਪਏ ਦੀ ਜਬਰੀ ਵਸੂਲੀ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ।
* ਅਤੇ ਹੁਣ 10 ਨਵੰਬਰ ਨੂੰ ‘ਦਿੱਲੀ’ ਪੁਲਸ ਦੇ ਇਕ ਅਸਿਸਟੈਂਟ ਸਬ-ਇੰਸਪੈਕਟਰ ‘ਪਾਟਿਲ ਕੁਮਾਰ’ ਨੂੰ ਇਕ ਜਾਇਦਾਦ ਦੀ ਤਸਦੀਕ ਰਿਪੋਰਟ ਦੇਣ ਲਈ 2.4 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ’ਚ ਗ੍ਰਿਫਤਾਰ ਕੀਤਾ ਗਿਆ ਹੈ।
* 10 ਨਵੰਬਰ ਨੂੰ ਹੀ ‘ਅਹਿਮਦਾਬਾਦ’ (ਗੁਜਰਾਤ) ਵਿਚ ‘ਭ੍ਰਿਸ਼ਟਾਚਾਰ ਰੋਕੂ ਬਿਊਰੋ’ ਦੇ ਅਧਿਕਾਰੀਆਂ ਨੇ ‘ਕਿਸ਼ੋਰ’ ਨਾਂ ਦੇ ਇਕ ਕਾਂਸਟੇਬਲ ਨੂੰ ਸ਼ਿਕਾਇਤਕਰਤਾ ਤੋਂ ਸੀਟ ਬੈਲਟ ਨਾ ਬੰਨ੍ਹਣ ਦੇ ਦੋਸ਼ ’ਚ 1000 ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ।
ਪਹਿਲਾਂ ਵੀ ਪੁਲਸ ਦੇ ਕੁਝ ਮੁਲਾਜ਼ਮ ਆਪਣੀਆਂ ਅਜਿਹੀਆਂ ਹਰਕਤਾਂ ਕਾਰਨ ਕਾਨੂੰਨ ਦੇ ਸ਼ਿਕੰਜੇ ’ਚ ਫਸ ਚੁੱਕੇ ਹਨ। ਪੁਲਸ ਮੁਲਾਜ਼ਮਾਂ ਦਾ ਇਸ ਤਰ੍ਹਾਂ ਦਾ ਗਲਤ ਆਚਰਣ ਸੁਰੱਖਿਆ ਵਿਵਸਥਾ ਲਈ ਭਾਰੀ ਖਤਰਾ ਸਿੱਧ ਹੋ ਸਕਦਾ ਹੈ।
ਇਸ ਲਈ ਅਜਿਹਾ ਕਰਨ ਵਾਲੇ ਪੁਲਸ ਮੁਲਾਜ਼ਮਾਂ ਨੂੰ ਸਖਤ ਅਤੇ ਿਸੱਖਿਆਦਾਇਕ ਸਜ਼ਾ ਦੇਣ ਦੀ ਲੋੜ ਹੈ, ਤਾਂ ਕਿ ਦੂਜਿਆਂ ਨੂੰ ਵੀ ਇਸ ਤੋਂ ਸਬਕ ਮਿਲੇ ਅਤੇ ਉਹ ਰਿਸ਼ਵਤ ਲੈਣ ਦੀ ਗੱਲ ਤਾਂ ਦੂਰ ਰਹੀ, ਇਸ ਦੇ ਨਾਂ ਤੋਂ ਵੀ ਡਰਨ ਲੱਗਣ।
–ਵਿਜੇ ਕੁਮਾਰ
