ਆਸਥਾ, ਭਰੋਸੇ ਦਾ ਮਿਸ਼ਰਣ ਸਾਡੇ ਧਾਰਮਿਕ ਤੀਰਥ ਅਸਥਾਨ ਪੈਸਾ ਇਕੱਠਾ ਕਰਨ ਦਾ ਕੇਂਦਰ ਵੀ ਹਨ

Saturday, Jul 11, 2026 - 05:47 PM (IST)

ਆਸਥਾ, ਭਰੋਸੇ ਦਾ ਮਿਸ਼ਰਣ ਸਾਡੇ ਧਾਰਮਿਕ ਤੀਰਥ ਅਸਥਾਨ ਪੈਸਾ ਇਕੱਠਾ ਕਰਨ ਦਾ ਕੇਂਦਰ ਵੀ ਹਨ

ਬਚਪਨ ਤੋਂ ਸਿਖਾਇਆ ਜਾਂਦਾ ਹੈ ਕਿ ਪ੍ਰਮਾਤਮਾ, ਵਾਹਿਗੁਰੂ, ਅੱਲ੍ਹਾ, ਯਿਸੂ ਜਾਂ ਕਿਸੇ ਵੀ ਧਰਮ ਦੇ ਸੰਸਥਾਪਕ, ਦੁੱਖਾਂ ਦਾ ਨਿਪਟਾਰਾ ਕਰਦੇ ਹਨ ਅਤੇ ਕਰਮਾਂ ਦਾ ਫਲ ਦੇਣ ਦੀ ਸ਼ਕਤੀ ਰੱਖਦੇ ਹਨ, ਇਸ ਲਈ ਉਨ੍ਹਾਂ ਨੂੰ ਯਾਦ ਕਰਨਾ ਹੀ ਦਿਨ ਦਾ ਸਭ ਤੋਂ ਪਹਿਲਾ ਕੰਮ ਹੈ। ਇਹ ਆਮ ਵਿਅਕਤੀ ਲਈ ਉਸ ਦੇ ਧਰਮ ਦੀ ਪਾਲਣਾ ਦੀ ਗੱਲ ਹੈ। ਜੋ ਕਿਸੇ ਨੂੰ ਨਹੀਂ ਮੰਨਦੇ ਭਾਵ ਕਿ ਨਾਸਤਿਕ, ਉਹ ਵੀ ਘੋਰ ਸੰਕਟ ’ਚ ਘਿਰਨ ’ਤੇ ਪਰਮ ਸ਼ਕਤੀ ਦੀ ਮਹੱਤਤਾ ਨੂੰ ਸਮਝ ਜਾਂਦੇ ਹਨ ਅਤੇ ਪ੍ਰਾਰਥਨਾ ਕਰਨ ਲੱਗਦੇ ਹਨ।

ਅਰਬਾਂ ਰੁਪਇਆਂ ਦਾ ਚੜ੍ਹਾਵਾ
ਧਾਰਮਿਕ ਤੀਰਥ ਅਸਥਾਨ ਹੁਣ ਆਰਥਿਕਤਾ ਦੇ ਰੂਪ ’ਚ ਢਲਦੇ ਜਾ ਰਹੇ ਹਨ। ਚੜ੍ਹਾਵਾ ਅਤੇ ਸੰਪਤੀ ਲੱਖਾਂ-ਕਰੋੜਾਂ ’ਚ ਅਤੇ ਸ਼ਰਧਾਲੂਆਂ ਤੇ ਦਰਸ਼ਨ ਕਰਨ ਵਾਲਿਅਾਂ ਦੀ ਗਿਣਤੀ ’ਚ ਬੇਮਿਸਾਲ ਵਾਧੇ ਨੇ ਵਪਾਰਕ ਸਰਗਰਮੀਆਂ ਨੂੰ ਸੌਖਾ ਬਣਾ ਦਿੱਤਾ ਹੈ। ਧਾਰਮਿਕ ਸੈਰ-ਸਪਾਟੇ ਦੇ ਨਾਂ ’ਤੇ ਜ਼ਬਰਦਸਤ ਵਪਾਰ ਹੋਣ ਲੱਗਾ ਹੈ। ਦੁਨੀਆ ਦਾ ਤੀਜਾ ਸਭ ਤੋਂ ਅਮੀਰ ਸੰਸਥਾਨ ਤਿਰੂਪਤੀ ਬਾਲਾਜੀ ਹੈ। ਸੌ ਦੇਸ਼ਾਂ ਦੀ ਜੀ. ਡੀ. ਪੀ. ਤੋਂ ਵੱਡਾ ਇਸ ਦਾ ਧਨ ਭੰਡਾਰ ਹੈ। ਆਮਦਨ ਦਾ ਆਡਿਟ ਅਤੇ ਰਾਜ ਵਿਧਾਨ ਮੰਡਲ ’ਚ ਬਜਟ ਪੇਸ਼ ਹੁੰਦਾ ਹੈ।

ਪਦਮਨਾਭਸਵਾਮੀ ਦੀ ਲਗਭਗ ਪੂਰੀ ਸੰਪਤੀ ਤਹਿਖ਼ਾਨੇ ’ਚ ਬੰਦ ਰਹਿੰਦੀ ਹੈ ਅਤੇ ਸੁਪਰੀਮ ਕੋਰਟ ਦੀ ਕਮੇਟੀ ਇਸ ਦੀ ਰਿਪੋਰਟ ਕਰਦੀ ਹੈ। ਇਸ ਦਾ ਇਕ ਵਾਲਟ ਬੰਦ ਹੈ ਅਤੇ ਕਦੇ ਪਬਲਿਕ ਆਡਿਟ ਨਹੀਂ ਹੋਇਆ। ਜਗਨਨਾਥ ਮੰਦਰ ਬੇਅੰਤ ਆਸਥਾ ਦਾ ਕੇਂਦਰ ਹੈ ਅਤੇ ਇਸ ਦੇ ਨਾਂ 24 ਜ਼ਿਲਿਆਂ ’ਚ 60 ਹਜ਼ਾਰ ਏਕੜ ਜ਼ਮੀਨ ਹੈ। ਇਸ ਦਾ ਕਿਰਾਇਆ, ਲੀਜ਼ ਦਾ ਧਨ ਕਿੱਥੇ ਅਤੇ ਕਿਸ ਰੂਪ ’ਚ ਹੈ, ਇਸ ਦੀ ਜਾਣਕਾਰੀ ਬਹੁਤ ਘੱਟ ਲੋਕਾਂ ਨੂੰ ਹੈ। ਸਾਰੇ ਧਾਰਮਿਕ ਅਸਥਾਨ ਆਪਣੀ ਆਮਦਨ ਦਾ ਵੱਡਾ ਹਿੱਸਾ ਜਨਤਾ ਨੂੰ ਸਮਰਪਿਤ ਕਰ ਦਿੰਦੇ ਹਨ ਅਤੇ ਸਕੂਲ, ਹਸਪਤਾਲ ਆਦਿ ਦਾ ਨਿਰਮਾਣ ਕਰਦੇ ਹਨ, ਜੋ ਤਸਵੀਰ ਦਾ ਇਕ ਪਹਿਲੂ ਹੈ।

ਸਹੂਲਤਾਂ
ਨਿੱਜੀ ਤਜਰਬਾ : ਦੋ ਸਾਲ ਪਹਿਲਾਂ ਚਾਰ ਧਾਮ ਦੀ ਯਾਤਰਾ ਕਰਨ ਤੋਂ ਬਾਅਦ ਫ਼ੈਸਲਾ ਕੀਤਾ ਕਿ ਹੁਣ ਕਦੇ ਨਹੀਂ ਆਇਆ ਜਾਵੇਗਾ। ਹਾਲਾਂਕਿ ਇਨ੍ਹਾਂ ਸਾਰੇ ਧਾਮਾਂ ਕੋਲ ਕਰੋੜਾਂ ਦੀ ਧਨ-ਸੰਪਤੀ ਹੈ ਪਰ ਮੰਦਰ ਤੱਕ ਪਹੁੰਚਣਾ ਬਹੁਤ ਜ਼ਿਆਦਾ ਕਸ਼ਟਦਾਇਕ ਹੈ। ਇਨਸਾਨ ਦੇ ਮੋਢਿਆਂ ’ਤੇ ਇਕ ਡੋਲੀ ਵਰਗੀ ਸਵਾਰੀ ਨੌਜਵਾਨਾਂ ’ਤੇ ਵੀ ਭਾਰੀ ਪੈਂਦੀ ਹੈ।

ਸੱਤਰ-ਅੱਸੀ ਦੀ ਉਮਰ ਵਾਲਿਆਂ ਨੂੰ ਸਾਖਸ਼ਾਤ ਯਮਦੂਤ ਦੇ ਦਰਸ਼ਨ ਹੁੰਦੇ ਹਨ, ਜ਼ਰਾ ਕੁ ਸੰਤੁਲਨ ਵਿਗੜਿਆ ਅਤੇ ਸਿੱਧੇ ਯਮਲੋਕ। ਬਦਰੀਨਾਥ-ਕੇਦਾਰਨਾਥ ’ਤੇ ਤਾਂ ਗ਼ਬਨ ਦੀ ਜਾਂਚ ਹੋ ਰਹੀ ਹੈ। ਦਿੱਲੀ ਦੇ ਵੱਡੇ ਹਨੂਮਾਨ ਜੀ ਦਾ ਮੰਦਰ ਵਿਸ਼ਵ ਪ੍ਰਸਿੱਧ ਹੈ। ਮੰਗਲਵਾਰ ਨੂੰ ਇੰਨੀ ਭੀੜ ਅਤੇ ਲੰਮੀ ਲਾਈਨ ਲੱਗਦੀ ਹੈ ਕਿ ਸ਼ਰਧਾਲੂ ਆਪਣੀ ਜੇਬ ਅਤੇ ਮੋਬਾਈਲ ਸਾਂਭਣ ’ਚ ਹੀ ਲੱਗੇ ਰਹਿੰਦੇ ਹਨ। ਹਨੂਮਾਨ ਚਾਲੀਸਾ ਦਾ ਪਾਠ ਕਰਦੇ ਹਨ ਪਰ ਭੀੜ ’ਚ ਦਮ ਘੁੱਟਣ ਤੋਂ ਡਰਦੇ ਹਨ।

ਮੂਰਤੀ ਤੱਕ ਪਹੁੰਚਣ ’ਚ ਬਹੁਤ ਮੁਸ਼ੱਕਤ ਲੱਗਦੀ ਹੈ। ਰੇਲਿੰਗ ਤੱਕ ਨਹੀਂ, ਕਿਸੇ ਤਰ੍ਹਾਂ ਦਰਸ਼ਨ ਹੋ ਵੀ ਜਾਣ ਤਾਂ ਸੰਦੂਰ ਲਈ ਹੱਥੋਪਾਈ ਦੀ ਨੌਬਤ ਆ ਜਾਂਦੀ ਹੈ। ਕਿਸੇ ਤਰ੍ਹਾਂ ਬਾਹਰ ਆਈਏ ਤਾਂ ਪਰਿਕਰਮਾ ਕਰਦੇ ਹੋਏ ਸਾਹ ਫੁੱਲ ਜਾਂਦਾ ਹੈ। ਇੱਥੇ ਦਾਨ ਦੀ ਜੋ ਰਸੀਦ ਮਿਲਦੀ ਹੈ, ਉਸ ’ਚ ਕੋਈ ਕਾਰਬਨ ਕਾਪੀ ਜਾਂ ਸਲਿੱਪ ਨਹੀਂ ਹੁੰਦੀ, ਬਸ ਪੂਰੀ ਰਸੀਦ ਪਾੜੀ ਅਤੇ ਦੇ ਦਿੱਤੀ। ਨਕਦ ਦਾਨ ਖਾਤਿਆਂ ’ਚ ਚੜ੍ਹਦਾ ਹੈ ਜਾਂ ਨਹੀਂ, ਇਹ ਗੁਪਤ ਹੈ। ਮੰਗਤੇ ਸੜਕ ਤੱਕ ਪਹੁੰਚਣ ਨਹੀਂ ਦਿੰਦੇ, ਕਿਸੇ ਤਰ੍ਹਾਂ ਬਚ-ਬਚਾ ਕੇ ਆਉਣਾ ਪੈਂਦਾ ਹੈ।

ਇਸੇ ਤਰ੍ਹਾਂ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਜਾਣ ਦਾ ਮਨ ਕੀਤਾ ਤਾਂ ਬਦਕਿਸਮਤੀ ਨਾਲ ਦਰਸ਼ਨ ਹੀ ਨਾ ਹੋ ਸਕੇ। ਭੀੜ ਇੰਨੀ ਕਿ ਪੰਜ-ਛੇ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਹੋਟਲ ਵਾਪਸ ਪਰਤਣ ’ਚ ਹੀ ਭਲਾਈ ਸਮਝੀ ਕਿਉਂਕਿ ਟ੍ਰੇਨ ਜਾਂ ਫਲਾਈਟ ਸਮੇਂ ਸਿਰ ਹੀ ਚੱਲਦੀਆਂ ਹਨ। ਇਹ ਸੱਚ ਹੈ ਕਿ ਇੱਥੇ ਇਕ-ਇਕ ਪੈਸੇ ਦਾ ਹਿਸਾਬ ਰੱਖਿਆ ਜਾਂਦਾ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਿਕਾਇਤ ਕਦੇ ਦਰਜ ਨਹੀਂ ਹੋਈ। ਲੰਗਰ ਦੀ ਹਰੇਕ ਗੁਰਦੁਆਰੇ ’ਚ ਵਿਵਸਥਾ ਇਸ ਦਾ ਸਬੂਤ ਹੈ।

ਇਸੇ ਤਰ੍ਹਾਂ ਤਿਰੂਪਤੀ ਹੋਵੇ ਜਾਂ ਸਿੱਧੀਵਿਨਾਇਕ ਜਾਂ ਵੈਸ਼ਨੋ ਦੇਵੀ, ਕਿਤੇ ਵੀ ਦਰਸ਼ਨ ਆਸਾਨੀ ਨਾਲ ਨਹੀਂ ਹੋਏ। ਦੁਬਈ ਦੇ ਕੋਲ ਅਾਬੂਧਾਬੀ ਦੇ ਰਾਮ ਮੰਦਰ ’ਚ ਹਾਲਾਂਕਿ ਬਹੁਤ ਭੀੜ ਸੀ ਪਰ ਦਰਸ਼ਨਾਂ ਤੋਂ ਲੈ ਕੇ ਪਰਿਕਰਮਾ ਤੱਕ ਨਾਮਾਤਰ ਦੀ ਮੁਸ਼ਕਿਲ ਵੀ ਨਹੀਂ ਹੋਈ। ਉੱਥੇ ਮਸਜਿਦ ’ਚ ਜਾਣ ਦਾ ਤਜਰਬਾ ਯਾਦਗਾਰ ਬਣ ਗਿਆ। ਭਾਰਤ ਦੇ ਕਈ ਇਸਲਾਮੀ ਧਾਰਮਿਕ ਅਸਥਾਨਾਂ ’ਚ ਜਾਣ ’ਤੇ ਕਦੇ ਅਜਿਹਾ ਸਕੂਨ ਨਹੀਂ ਮਿਲਿਆ। ਵੈਟੀਕਨ ਸਿਟੀ ’ਚ ਜਾਣਾ ਵੀ ਯਾਦਗਾਰੀ ਰਿਹਾ ਅਤੇ ਇੱਥੋਂ ਦੇ ਈਸਾਈ ਧਾਰਮਿਕ ਅਸਥਾਨਾਂ ਦਾ ਉੱਥੇ ਨਾਲ ਕੋਈ ਮੁਕਾਬਲਾ ਨਹੀਂ।

ਸਵਾਲ ਉੱਠਣਾ ਚਾਹੀਦਾ ਹੈ
ਜਦੋਂ ਇੰਨੀ ਵੱਡੀ ਮਾਤਰਾ ’ਚ ਇਨ੍ਹਾਂ ਸਾਰੇ ਧਾਰਮਿਕ ਅਸਥਾਨਾਂ ਕੋਲ ਧਨ ਹੈ, ਤਾਂ ਉਹ ਦਰਸ਼ਨ ਕਰਨ ਵਾਲਿਅਾਂ ਅਤੇ ਯਾਤਰੀਆਂ ਦੀਆਂ ਸਹੂਲਤਾਂ ’ਤੇ ਖ਼ਰਚ ਕਿਉਂ ਨਹੀਂ ਹੁੰਦਾ? ਕੀ ਬੈਂਕਾਂ ਜਾਂ ਤਹਿਖ਼ਾਨਿਆਂ ’ਚ ਰੱਖਿਆ ਧਨ ਉਨ੍ਹਾਂ ਲੋਕਾਂ ਦਾ ਨਹੀਂ ਹੈ, ਜੋ ਆਪਣੀ ਆਸਥਾ ਅਤੇ ਸ਼ਰਧਾ ਕਾਰਨ ਇਨ੍ਹਾਂ ਦੇ ਖ਼ਜ਼ਾਨਿਆਂ ’ਚ ਬੇਸ਼ੁਮਾਰ ਧਨ ਦਿੰਦੇ ਹਨ? ਦੁਨੀਆ ਦੇ ਅਮੀਰ ਅਸਥਾਨਾਂ ’ਚ ਗਿਣੇ ਜਾਣਾ ਕੋਈ ਅਜਿਹੀ ਪ੍ਰਾਪਤੀ ਨਹੀਂ ਜਿਸ ’ਤੇ ਮਾਣ ਹੋਵੇ, ਸਗੋਂ ਇਹ ਸ਼ਰਧਾਲੂਆਂ ਦਾ ਅਪਮਾਨ ਅਤੇ ਉਨ੍ਹਾਂ ਨਾਲ ਕੀਤੀ ਜਾਣ ਵਾਲੀ ਧੋਖਾਦੇਹੀ ਹੈ।

ਅਯੁੱਧਿਆ ਦੇ ਰਾਮ ਮੰਦਰ ’ਚ ਗ਼ਬਨ ਦੀ ਘਟਨਾ ਇਕੱਲੀ ਨਹੀਂ ਹੈ, ਤਿਰੂਪਤੀ ’ਚ ਇਕ ਬਾਬੂ ’ਤੇ ਸੌ ਕਰੋੜ ਦੇ ਗ਼ਬਨ ਦਾ ਦੋਸ਼ ਲੱਗ ਚੁੱਕਾ ਹੈ। ਹਿੰਦੂ ਆਸਥਾ ਕੇਂਦਰ ਹੀ ਨਹੀਂ, ਮੁਸਲਮਾਨਾਂ ਦੇ ਵਕਫ਼ ਬੋਰਡ ਵੀ ਅਮਾਨਤ ’ਚ ਖ਼ਿਆਨਤ ਕਰਨ ਦੇ ਜ਼ਿੰਮੇਵਾਰ ਹਨ। ਗੁਰਦੁਆਰਿਆਂ ਅਤੇ ਜੈਨ ਮੰਦਰਾਂ ’ਚ ਹੇਰਾਫੇਰੀ ਕਦੇ ਨਹੀਂ ਹੋਈ ਕਿਉਂਕਿ ਸੇਵਾ ਮਾਡਲ ’ਤੇ ਇਨ੍ਹਾਂ ਦਾ ਪ੍ਰਬੰਧ ਹੁੰਦਾ ਹੈ ਅਤੇ ਇੰਨੀ ਸਖ਼ਤੀ ਹੈ ਕਿ ਸੁਪਨੇ ’ਚ ਵੀ ਸੋਚਣਾ ਪਾਪ ਹੈ।

ਮੰਦਰ-ਮਸਜਿਦ ’ਚ ‘ਖ਼ਜ਼ਾਨਾ ਮਾਡਲ’ ਹੋਣਾ ਇਕ ਮੁੱਖ ਕਾਰਨ ਹੈ, ਜੋ ਪੁਜਾਰੀਆਂ ਤੋਂ ਲੈ ਕੇ ਆਮ ਪ੍ਰਸ਼ਾਸਨ ’ਚ ਲੱਗੇ ਵਿਅਕਤੀਆਂ ਨੂੰ ‘‘ਥੋੜ੍ਹਾ ਜਿਹਾ ਧਨ ਚੋਰੀ ਕਰਨ ਨਾਲ ਕਿਹੜੀ ਕਮੀ ਹੋ ਜਾਵੇਗੀ’’ ਦੀ ਆਦਤ ਪਾਉਂਦਾ ਹੈ।

ਸੁਝਾਅ ਅਤੇ ਸੁਧਾਰ
ਆਸਥਾ ਬਚੇ, ਕਸ਼ਟ ਘੱਟ ਹੋਵੇ, ਘਪਲੇ ਬੰਦ ਹੋਣ, ਇਸ ਦੇ ਲਈ ‘ਰਾਸ਼ਟਰੀ ਧਾਰਮਿਕ ਸੈਰ-ਸਪਾਟਾ ਅਤੇ ਧਰਮਸਥਲ ਟਰੱਸਟ’ ਬਣਨਾ ਚਾਹੀਦਾ ਹੈ, ਜੋ ਐੱਸ. ਜੀ. ਪੀ. ਸੀ. ਵਾਂਗ ‘ਸੇਵਾ ਮਾਡਲ’ ’ਤੇ ਅਾਧਾਰਤ ਹੋਵੇ ਨਾ ਕਿ ‘ਖ਼ਜ਼ਾਨਾ ਮਾਡਲ’ ’ਤੇ, ਕਿਉਂਕਿ ਇਤਿਹਾਸ ਗਵਾਹ ਹੈ ਕਿ ਖ਼ਜ਼ਾਨੇ ਦੀ ਲੁੱਟ ਹੁੰਦੀ ਹੈ ਅਤੇ ਸੇਵਾ ਹਮੇਸ਼ਾ ਪਰਉਪਕਾਰੀ ਭਾਵਨਾ ਨਾਲ ਹੁੰਦੀ ਹੈ। ਹਾਦਸੇ ’ਤੇ ‘ਕੁਦਰਤ ਦਾ ਕਹਿਰ’ ਨਹੀਂ, ‘ਜ਼ਿੰਮੇਵਾਰ’ ਤੈਅ ਹੋਵੇ ਅਤੇ ਸਖ਼ਤ ਸਜ਼ਾ ਦੀ ਵਿਵਸਥਾ ਹੋਵੇ।

ਡਿਜੀਟਲ ਦਰਸ਼ਨ + ਡਿਜੀਟਲ ਦਾਨ : ਇਸ ਨੂੰ ਲਾਜ਼ਮੀ ਕਰੋ। ₹1000 ਤੋਂ ਉੱਪਰ ਦਾ ਦਾਨ ਸਿਰਫ਼ ਯੂ. ਪੀ. ਆਈ. ਜਾਂ ਕਾਰਡ ਪੇਮੈਂਟ ਰਾਹੀਂ ਹੋਵੇ। ਹਰ ਦਾਨ ਦੀ ਤੁਰੰਤ ਰਸੀਦ ’ਤੇ ਮਿਲੇ ਅਤੇ ਵੈੱਬਸਾਈਟ ’ਤੇ ਲਾਈਵ ‘‘ਦਾਨ ਕਾਊਂਟਰ’’ ਹੋਵੇ, ਤਾਂ ਜੋ ਭਗਤ ਨੂੰ ਪਤਾ ਹੋਵੇ ਕਿ ਪੈਸਾ ਕਿੱਥੇ ਗਿਆ।

ਬੀਮਾ ਅਤੇ ਸਹੂਲਤਾਂ ਹਰ ਟਿਕਟ/ਰਜਿਸਟ੍ਰੇਸ਼ਨ ਦੇ ਨਾਲ 5 ਲੱਖ ਰੁਪਏ ਦਾ ਦੁਰਘਟਨਾ ਬੀਮਾ ਹੋਵੇ। 24x7 ਹੈਲਪਲਾਈਨ ਹੋਵੇ। ਹਰ ਕਿਲੋਮੀਟਰ ’ਤੇ ਮੈਡੀਕਲ + ਟਾਇਲਟ + ਪਾਣੀ ਦੀ ਸਹੂਲਤ ਹੋਵੇ। ਕੇਦਾਰਨਾਥ-ਵੈਸ਼ਨੋ ਦੇਵੀ ’ਚ ਆਕਸੀਜਨ ਬੂਥ ਹੋਣ। ਬਜ਼ੁਰਗਾਂ ਅਤੇ ਦਿਵਿਆਂਗਾਂ ਲਈ ਰੋਪ-ਵੇਅ/ਪਾਲਕੀ ਦੇ ਰੇਟ ਫਿਕਸ ਹੋਣ। ਵੀ. ਆਈ. ਪੀ. ਦਰਸ਼ਨ ਬੰਦ ਹੋਣ। ਮੱਕਾ ’ਚ ਜੇਕਰ ਏਅਰ-ਕੰਡੀਸ਼ਨਡ ਟੈਂਟ ਹਨ ਤਾਂ ਈਮਾਨ ਨਹੀਂ ਘਟਦਾ। ਕੇਦਾਰਨਾਥ ’ਚ ਲਿਫਟ ਲਗਾਉਣ ਨਾਲ ਭਗਤੀ ਨਹੀਂ ਘਟੇਗੀ। ਆਮਦਨ ਦਾ ਪੈਸਾ ਸੇਵਾ ’ਚ ਲੱਗੇ, ਜੋ ਵੀ ਚੜ੍ਹਾਵਾ ਆਵੇ, ਉਸ ਦਾ 30ਫੀਸਦੀ ਸਿੱਧਾ ਲੋਕਲ ਇੰਫਰਾ ’ਤੇ ਖ਼ਰਚ ਹੋਵੇ। ਉਦਾਹਰਣ ਲਈ, ਤਿਰੂਪਤੀ ਕੋਲ 18,000 ਕਰੋੜ ਰੁਪਏ ਦੀ ਐੱਫ. ਡੀ. ਹੈ ਪਰ ਪੈਦਲ ਰਸਤੇ ’ਚ ਲਾਈਟ ਨਹੀਂ ਹੈ। ਵੈਸ਼ਨੋ ਦੇਵੀ ਬੋਰਡ ਕੋਲ 500 ਕਰੋੜ ਰੁਪਏ ਹਨ ਪਰ ਢਿੱਗਾਂ ਡਿੱਗਣ ਵਾਲਾ ਰਸਤਾ ਉਹੀ ਹੈ।

ਆਡਿਟ - ਹਰ 6 ਮਹੀਨੇ ਬਾਅਦ ਆਡਿਟ ਹੋਵੇ ਅਤੇ ਵੈੱਬਸਾਈਟ ’ਤੇ ਖ਼ਰਚੇ ਦਾ ਵੇਰਵਾ ਦਿੱਤਾ ਜਾਵੇ। ਇਕ ਨਿਯਮ ਸਭ ਦੇ ਲਈ ਹੋਵੇ - ਹਿੰਦੂ, ਮੁਸਲਮਾਨ, ਸਿੱਖ, ਜੈਨ, ਚਰਚ - ਸਭ ਦੇ ਟਰੱਸਟ ਲਈ ਇਕ ਸਾਲਾਨਾ ਥਰਡ-ਪਾਰਟੀ ਆਡਿਟ ਹੋਵੇ, ਸੰਪਤੀ ਰਜਿਸਟਰ ਪਬਲਿਕ ਹੋਵੇ ਅਤੇ ਟਰੱਸਟੀ ਦੀ ਸੰਪਤੀ ਡਿਕਲੇਅਰ ਕੀਤੀ ਜਾਵੇ।

ਸਿਆਸੀ ਦਖ਼ਲਅੰਦਾਜ਼ੀ ਬੰਦ ਹੋਵੇ- ਕਿਸੇ ਵੀ ਪੱਧਰ ’ਤੇ ਸਰਕਾਰ ਦੀ ਦਖ਼ਲਅੰਦਾਜ਼ੀ ਨਹੀਂ ਹੋਣੀ ਚਾਹੀਦੀ। ਕਿਸੇ ਵੀ ਪਾਰਟੀ ਦਾ ਨੇਤਾ ਟਰੱਸਟ ’ਚ ਸ਼ਾਮਲ ਨਹੀਂ ਹੋ ਸਕਦਾ, ਇਸ ਦੀ ਟਰੱਸਟ ਦੇ ਨਿਯਮਾਂ ’ਚ ਵਿਵਸਥਾ ਹੋਵੇ। ਇਸ ਦੇ ਨਾਲ ਹੀ ਜਿਹੜਾ ਮੈਂਬਰ ਧਰਮ ਦੀ ਰਾਜਨੀਤੀ ਕਰਦਾ ਮਿਲੇ, ਉਸ ਦੇ ਬਾਈਕਾਟ ਦਾ ਨਿਯਮ ਲਾਗੂ ਹੋਵੇ। ਕਿਸੇ ਨੂੰ ਕੋਈ ਵਿਸ਼ੇਸ਼ ਅਧਿਕਾਰ ਨਾ ਮਿਲੇ ਅਤੇ ਆਮ ਵਰਗ ਵਾਂਗ ਉਹ ਵੀ ਦਰਸ਼ਨ ਕਰਨ।

ਹੱਜ ’ਚ ਸਹੂਲਤ ਹੈ, ਇਸ ਲਈ ਆਸਥਾ ਘੱਟ ਨਹੀਂ ਹੋਈ। ਵੈਟੀਕਨ ’ਚ ਆਡਿਟ ਹੈ, ਇਸ ਲਈ ਭਰੋਸਾ ਵਧਿਆ ਹੈ। ਭਾਰਤ ’ਚ ਜੇਕਰ ‘ਕਸ਼ਟ’ ਨੂੰ ਹੀ ‘ਬ੍ਰਾਂਡ’ ਬਣਾਵਾਂਗੇ ਤਾਂ ਟੂਰਿਸਟ ਤਾਂ ਆਵੇਗਾ ਪਰ ਭਰੋਸਾ ਨਹੀਂ ਬਚੇਗਾ।

-ਪੂਰਨ ਚੰਦ ਸਰੀਨ


author

Harpreet SIngh

Content Editor

Related News