‘ਸ਼ਰਾਬੀ ਪਤੀਆਂ ਅਤੇ ਬੱਚਿਆਂ ਦੇ ਹੱਥੋਂ’ ਮਾਰੀਆਂ ਜਾ ਰਹੀਆਂ ਔਰਤਾਂ!

Sunday, Jul 19, 2026 - 04:02 AM (IST)

‘ਸ਼ਰਾਬੀ ਪਤੀਆਂ ਅਤੇ ਬੱਚਿਆਂ ਦੇ ਹੱਥੋਂ’ ਮਾਰੀਆਂ ਜਾ ਰਹੀਆਂ ਔਰਤਾਂ!

ਸ਼ਰਾਬ ਦੀ ਵਰਤੋਂ ਨਾਲ ਜਿੱਥੇ ਲੋਕਾਂ ਦੀ ਸਿਹਤ ਵਿਗੜਦੀ ਹੈ, ਉੱਥੇ ਹੀ ਸ਼ਰਾਬ ਦੀ ਆਦਤ ਦੇ ਸ਼ਿਕਾਰ ਨਸ਼ੇੜੀਆਂ ਵਲੋਂ ਆਪਣੇ ਪਰਿਵਾਰ ਦੀਆਂ ਔਰਤਾਂ ਦੀ ਹੱਤਿਆ ਤੱਕ ਕੀਤੀ ਜਾ ਰਹੀ ਹੈ ਜਿਸ ਨਾਲ ਪਰਿਵਾਰ ਉੱਜੜ ਰਹੇ ਹਨ। ਪਿਛਲੇ ਲਗਭਗ 4 ਮਹੀਨਿਆਂ ਦੌਰਾਨ ਵੱਖ-ਵੱਖ ਔਰਤਾਂ ਦੇ ਸ਼ਰਾਬੀ ਪਤੀਆਂ ਅਤੇ ਬੱਚਿਆਂ ਵਲੋਂ ਉਨ੍ਹਾਂ ’ਤੇ ਕੀਤੀ ਗਈ ਹਿੰਸਾ ਦੀਆਂ ਕੁਝ ਉਦਾਹਰਣਾਂ ਹੇਠਾਂ ਦਰਜ ਹਨ :

* 7 ਮਾਰਚ ਨੂੰ ‘ਸੰਗਰੂਰ’ (ਪੰਜਾਬ) ਦੇ ‘ਹੇੜੀਕੇ’ ਪਿੰਡ ’ਚ ‘ਜਸਬੀਰ ਸਿੰਘ’ ਨਾਮੀ ਵਿਅਕਤੀ ਨੇ ਸ਼ਰਾਬ ਪੀਣ ਲਈ ਪੈਸੇ ਨਾ ਦੇਣ ’ਤੇ ਆਪਣੀ ਪਤਨੀ ਦੀ ਹੱਤਿਆ ਕਰ ਦਿੱਤੀ।

* 19 ਅਪ੍ਰੈਲ ਨੂੰ ‘ਨਾਲੰਦਾ’ (ਬਿਹਾਰ) ’ਚ ‘ਮਨੀਸ਼ ਕੁਮਾਰ’ ਉਰਫ਼ ‘ਸੂਰਜਭਾਨ’ ਨਾਮੀ ਨਸ਼ੇੜੀ ਨੇ ਆਪਣੀ ਪਤਨੀ ਨੂੰ ਇੰਨਾ ਕੁੱਟਿਆ ਕਿ ਉਸ ਦੀ ਮੌਤ ਹੋ ਗਈ। ਮੁਲਜ਼ਮ ਅਕਸਰ ਆਪਣੀ ਪਤਨੀ ਤੋਂ ਸ਼ਰਾਬ ਪੀਣ ਲਈ ਪੈਸੇ ਮੰਗਦਾ ਸੀ ਅਤੇ ਕੁੱਟਮਾਰ ਕਰਦਾ ਸੀ।

* 20 ਅਪ੍ਰੈਲ ਨੂੰ ‘ਪੁਣੇ’ (ਮਹਾਰਾਸ਼ਟਰ) ’ਚ ਨਸ਼ੇ ’ਚ ਧੁੱਤ ਘਰ ਪਰਤੇ ਇਕ ਵਿਅਕਤੀ ਨੇ ਕਿਸੇ ਗੱਲ ’ਤੇ ਨਾਰਾਜ਼ ਹੋ ਕੇ ਆਪਣੀ ਪਤਨੀ ਨੂੰ ਲੱਤਾਂ-ਮੁੱਕਿਆਂ ਨਾਲ ਕੁੱਟਿਆ ਅਤੇ ਉਸ ਦੇ ਪ੍ਰਾਈਵੇਟ ਪਾਰਟ ’ਚ ਤੇਜ਼ਾਬ ਪਾ ਦਿੱਤਾ।

* 18 ਮਈ ਨੂੰ ‘ਹਰਦੋਈ’ (ਉੱਤਰ ਪ੍ਰਦੇਸ਼) ਦੇ ‘ਪਚਦੇਵਰਾ’ ਪਿੰਡ ’ਚ ‘ਅਰੁਣਾ ਦੇਵੀ’ ਨਾਮੀ ਔਰਤ ਨੇ ਆਪਣੇ ਪਤੀ ‘ਵਿਪਿਨ’ ਵਿਰੁੱਧ ਪੁਲਸ ’ਚ ਦਰਜ ਕਰਵਾਈ ਸ਼ਿਕਾਇਤ ’ਚ ਨਸ਼ੇ ਦੀ ਹਾਲਤ ’ਚ ਉਸ ਨਾਲ ਗਾਲੀ-ਗਲੋਚ ਕਰਨ, ਉਸ ਨੂੰ ਲੱਤਾਂ-ਮੁੱਕਿਆਂ ਅਤੇ ਡੰਡਿਆਂ ਨਾਲ ਕੁੱਟਣ, ਦੰਦਾਂ ਨਾਲ ਮੂੰਹ ’ਤੇ ਵੱਢ ਕੇ ਜ਼ਖ਼ਮੀ ਕਰਨ ਅਤੇ ਕੁਹਾੜੀ ਨਾਲ ਵੱਢ ਕੇ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਦੋਸ਼ ਲਗਾਇਆ।

* 26 ਮਈ ਨੂੰ ‘ਸੀਹੋਰ’ (ਮੱਧ ਪ੍ਰਦੇਸ਼) ’ਚ ਨਸ਼ੇ ਵਿਚ ਧੁੱਤ ਪੁੱਤ ਅਤੇ ਨੂੰਹ ਦਾ ਝਗੜਾ ਖ਼ਤਮ ਕਰਵਾਉਣ ਆਈ ਮਾਂ ‘ਗਿਰਾਨੀ ਬਾਈ’ ਦੇ ਸਿਰ ’ਤੇ ਪੁੱਤ ਨੇ ਕਮਰੇ ’ਚ ਰੱਖਿਆ ਟੇਬਲ ਫੈਨ ਚੁੱਕ ਕੇ ਮਾਰਿਆ ਜਿਸ ਨਾਲ ਉਸ ਦੀ ਮੌਤ ਹੋ ਗਈ।

* 19 ਜੂਨ ਨੂੰ ‘ਕੋਰੀਆ’ (ਛੱਤੀਸਗੜ੍ਹ) ’ਚ ਪੁਲਸ ਨੇ ‘ਜਿਤੇਂਦਰ ਘਾਸੀਆ’ ਨਾਮੀ ਇਕ ਨਸ਼ੇੜੀ ਨੂੰ ਆਪਣੀ ਪਤਨੀ ਦੇ ਹੱਥ-ਪੈਰ ਬੰਨ੍ਹ ਕੇ ਉਸ ਨੂੰ ਬੇਰਹਿਮੀ ਨਾਲ ਕੁੱਟਣ, ਉਸ ਦੇ ਕੱਪੜੇ ਪਾੜ ਦੇਣ, ਉਸ ਦੇ ਸਿਰ ਦੇ ਵਾਲ ਕੱਟ ਕੇ ਗੰਜੀ ਕਰ ਦੇਣ, ਜ਼ਬਰਦਸਤੀ ਆਪਣਾ ਪਿਸ਼ਾਬ ਪਿਆਉਣ, ਉਸ ਦੇ ਸਰੀਰ ’ਤੇ ਪਿਸ਼ਾਬ ਦਾ ਛਿੜਕਾਅ ਕਰਨ, ਉਸ ਨੂੰ ਜਿਊਂਦਾ ਸਾੜ ਦੇਣ ਦੀ ਧਮਕੀ ਦੇਣ ਅਤੇ ਉਸ ਦਾ ਮੂੰਹ ਕਾਲਾ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ।

* 8 ਜੁਲਾਈ ਨੂੰ ‘ਕੁਰੂਕਸ਼ੇਤਰ’ (ਹਰਿਆਣਾ) ’ਚ ਇਕ ਵਿਅਕਤੀ ਨੇ ਸ਼ਰਾਬ ਪੀਣ ਲਈ ਪੈਸੇ ਨਾ ਦੇਣ ’ਤੇ ਆਪਣੀ ਪਤਨੀ ਦੀ ਹੱਤਿਆ ਕਰ ਦਿੱਤੀ।

* 16 ਜੁਲਾਈ ਨੂੰ ‘ਕਰਨਾਲ’ (ਹਰਿਆਣਾ) ਦੀ ‘ਰਾਮਦੇਵ ਕਾਲੋਨੀ’ ’ਚ ਰਾਤ ਦੇ ਸਮੇਂ ਨਸ਼ੇ ’ਚ ਧੁੱਤ ਵਿਅਕਤੀ ਨੇ ਗੂੜ੍ਹੀ ਨੀਂਦ ’ਚ ਸੁੱਤੀ ਆਪਣੀ ਪਤਨੀ ‘ਸੀਤਾ’ ’ਤੇ ਚਾਕੂਆਂ ਨਾਲ ਤਾਬੜਤੋੜ ਹਮਲਾ ਕਰ ਕੇ ਉਸ ਦੀ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਮੁਲਜ਼ਮ ਨੇ ਆਪਣੀ ਬੇਟੀ ’ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਬੇਟੀ ਅਨੁਸਾਰ ਉਸ ਦਾ ਪਿਤਾ ਅਕਸਰ ਸ਼ਰਾਬ ਪੀ ਕੇ ਘਰ ’ਚ ਝਗੜਾ ਕਰਦਾ ਸੀ।

* 16 ਜੁਲਾਈ ਨੂੰ ਹੀ ‘ਸਮਸਤੀਪੁਰ’ (ਬਿਹਾਰ) ਦੇ ‘ਸ਼ਾਹਪੁਰ ਪਟੋਰੀ’ ’ਚ ਇਕ ਔਰਤ ਦੀ ਸ਼ਿਕਾਇਤ ’ਤੇ ਪੁਲਸ ਨੇ ਉਸ ਦੇ ਪਤੀ ‘ਮੁਕੇਸ਼ ਵਰਮਾ’ ਨੂੰ ਗ੍ਰਿਫ਼ਤਾਰ ਕੀਤਾ। ਔਰਤ ਨੇ ਦੋਸ਼ ਲਾਇਆ ਕਿ ਉਸ ਦਾ ਪਤੀ ਰੋਜ਼ ਸ਼ਰਾਬ ਦੇ ਨਸ਼ੇ ’ਚ ਉਸ ਨੂੰ ਕੁੱਟਦਾ ਹੈ।

* 18 ਜੁਲਾਈ ਨੂੰ ‘ਹਰਦੋਈ’ (ਉੱਤਰ ਪ੍ਰਦੇਸ਼) ਦੇ ਪਿੰਡ ‘ਗੌਰੀ ਦਾਇਮਪੁਰ’ ’ਚ ਸ਼ਰਾਬ ਦੇ ਨਸ਼ੇ ’ਚ ਧੁੱਤ ‘ਕੁੰਜ ਬਿਹਾਰੀ ਗੁਪਤਾ’ ਨਾਮੀ ਵਿਅਕਤੀ ਨੇ ਮਾਮੂਲੀ ਵਿਵਾਦ ਤੋਂ ਬਾਅਦ ਰਸੋਈ ’ਚ ਰੱਖੇ ਭਾਰੀ ‘ਸਿਲ-ਬੱਟੇ’ ਨਾਲ ਆਪਣੀ 35 ਸਾਲਾ ਪਤਨੀ ‘ਮੋਨੀ’ ’ਤੇ ਤਾਬੜਤੋੜ ਹਮਲਾ ਕਰ ਕੇ ਉਸ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ।

* ਅਤੇ ਹੁਣ 18 ਜੁਲਾਈ ਨੂੰ ਹੀ ‘ਸੀਤਾਪੁਰ’ (ਉੱਤਰ ਪ੍ਰਦੇਸ਼) ’ਚ ਸ਼ਰਾਬ ਪੀਣ ਲਈ ਪੈਸੇ ਨਾ ਦੇਣ ’ਤੇ ਇਕ ਨੌਜਵਾਨ ਨੇ ਆਪਣੀ ਮਾਂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਅਤੇ ਸਾਰੀ ਰਾਤ ਮਾਂ ਦੀ ਲਾਸ਼ ਦੇ ਨਾਲ ਰਹਿਣ ਤੋਂ ਬਾਅਦ ਸਵੇਰ ਹੋਣ ’ਤੇ ਪੁਲਸ ਕੋਲ ਜਾ ਕੇ ਖ਼ੁਦ ਹੀ ਆਤਮਸਮਰਪਣ ਕਰ ਦਿੱਤਾ।

ਇਸੇ ਤਰ੍ਹਾਂ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਹੁਣੇ ਜਿਹੇ ਹੀ ‘ਰਾਸ਼ਟਰੀ ਮਹਿਲਾ ਕਮਿਸ਼ਨ’ ਦੀ ਪ੍ਰਧਾਨ ‘ਵਿਜਯਾ ਰਹਤਕਰ’ ਨੇ ਕਿਹਾ ਹੈ ਕਿ ਮਰਦਾਂ ’ਚ ਨਸ਼ੇ ਦੀ ਆਦਤ ਦੇ ਮਾੜੇ ਨਤੀਜੇ ਸਭ ਤੋਂ ਵੱਧ ਔਰਤਾਂ ਨੂੰ ਹੀ ਭੁਗਤਣੇ ਪੈ ਰਹੇ ਹਨ ਅਤੇ ਉਹ ਆਪਣੇ ਹੀ ਪਰਿਵਾਰਕ ਮੈਂਬਰਾਂ ਦੇ ਹੱਥੋਂ ਹਿੰਸਾ ਦਾ ਸ਼ਿਕਾਰ ਹੋ ਰਹੀਆਂ ਹਨ।

ਇਸ ਕਾਰਨ ਲੋਕਾਂ ਨੂੰ ‘ਨਸ਼ੇ ਨੂੰ ਬੋਲੋ ਨਾਂਹ ਅਤੇ ਜ਼ਿੰਦਗੀ ਨੂੰ ਬੋਲੋ ਹਾਂ’ ਦਾ ਨਾਅਰਾ ਅਪਣਾਉਣ ਅਤੇ ਸ਼ਰਾਬ (ਅਤੇ ਹੋਰ ਨਸ਼ਿਆਂ) ਦੀ ਬੁਰਾਈ ’ਤੇ ਮਜ਼ਬੂਤੀ ਨਾਲ ਰੋਕ ਲਗਾਉਣ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਲੋੜ ਹੈ ਤਾਂ ਜੋ ਨਸ਼ੇ ਕਾਰਨ ਪਰਿਵਾਰਾਂ ਨੂੰ ਉੱਜੜਨ ਤੋਂ ਬਚਾਇਆ ਜਾ ਸਕੇ।

-ਵਿਜੇ ਕੁਮਾਰ


author

Sandeep Kumar

Content Editor

Related News