ਨਿਤਿਨ ਨਬੀਨ- ਇਕ ਨੌਜਵਾਨ ਵਰਕਰ ਦੀ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਦੇ ਅਹੁਦੇ ’ਤੇ ਨਿਯੁਕਤੀ
Tuesday, Dec 23, 2025 - 04:35 PM (IST)
ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸੰਗਠਨਾਤਮਕ ਪੱਧਰ ’ਤੇ ਇਕ ਅਹਿਮ ਫੈਸਲਾ ਲੈਂਦੇ ਹੋਏ ਬਿਹਾਰ ਦੇ ਨੌਜਵਾਨ ਪਰ ਤਜਰਬੇਕਾਰ ਨੇਤਾ ਨਿਤਿਨ ਨਬੀਨ ਨੂੰ ਪਾਰਟੀ ਦਾ ਕੌਮੀ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਹੈ। ਇਹ ਕੋਈ ਆਮ ਅਹੁਦਾ ਨਹੀਂ, ਸਗੋਂ ਪਾਰਟੀ ਦੇ ਅੰਦਰ ਭਰੋਸੇ, ਜਥੇਬੰਦਕ ਤਬਦੀਲੀ ਅਤੇ ਆਉਣ ਵਾਲੇ ਚੋਣ ਦੌਰ ਦੀ ਰਣਨੀਤੀ ਦਾ ਸੰਕੇਤ ਹੈ। ਇਹ ਨਿਯੁਕਤੀ ਸਿਰਫ ਪਾਰਟੀ ਦੇ ਅੰਦਰ ਨੌਜਵਾਨ ਅਗਵਾਈ ਨੂੰ ਅੱਗੇ ਲਿਆਉਣ ਦੀ ਦਿਸ਼ਾ ਵਿਚ ਇਕ ਵੱਡਾ ਕਦਮ ਹੀ ਨਹੀਂ, ਸਗੋਂ ਇਸ ਨਾਲ ਪੂਰਬੀ ਭਾਰਤ, ਵਿਸ਼ੇਸ਼ ਤੌਰ ’ਤੇ ਬਿਹਾਰ ਨੂੰ ਕੌਮੀ ਸਿਆਸਤ ਵਿਚ ਇਕ ਨਵੀਂ ਪਛਾਣ ਵੀ ਮਿਲੀ ਹੈ।
ਨਿਤਿਨ ਨਬੀਨ ਦਾ ਸਿਆਸੀ ਸਫਰ ਜ਼ਮੀਨੀ ਪੱਧਰ ਤੋਂ ਸ਼ੁਰੂ ਹੋ ਕੇ ਕੌਮੀ ਅਗਵਾਈ ਤਕ ਪਹੁੰਚਿਆ ਹੈ ਅਤੇ ਇਹ ਸਿਰਫ ਭਾਜਪਾ ਵਿਚ ਹੀ ਸੰਭਵ ਹੈ। ਨਿਤਿਨ ਨਬੀਨ ਦਾ ਸਿਆਸੀ ਸਫਰ ਪੂਰੀ ਤਰ੍ਹਾਂ ਭਾਜਪਾ ਦੇ ਅੰਦਰ ਹੀ ਵਿਕਸਤ ਹੋਇਆ ਹੈ। ਪਰਿਵਾਰਕ ਪਿਛੋਕੜ ਦੇ ਬਾਵਜੂਦ ਨਿਤਿਨ ਨਬੀਨ ਨੇ ਆਪਣੀ ਵੱਖਰੀ ਪਛਾਣ ਮਿਹਨਤ ਅਤੇ ਲਗਾਤਾਰ ਸਰਗਰਮੀ ਰਾਹੀਂ ਬਣਾਈ। ਪਿਤਾ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਨੇ ਪਟਨਾ ਦੀ ਬਾਂਕੀਪੁਰ ਵਿਧਾਨ ਸਭਾ ਸੀਟ ਤੋਂ ਸਿਆਸਤ ਦੀ ਕਮਾਨ ਸੰਭਾਲੀ ਅਤੇ ਸਾਲ 2006 ਤੋਂ ਲਗਾਤਾਰ 5 ਵਾਰ ਉਥੋਂ ਜਿੱਤ ਦਰਜ ਕੀਤੀ। ਨਾਲ ਹੀ, ਬਿਹਾਰ ਵਿਚ 3 ਵਾਰ ਮੰਤਰੀ ਅਹੁਦੇ ’ਤੇ ਸੁਸ਼ੋਭਿਤ ਹੋਏ। ਘੱਟ ਉਮਰ ਵਿਚ ਸਿਆਸਤ ਵਿਚ ਦਾਖਲ ਹੋਣ ਵਾਲੇ ਨਿਤਿਨ ਨਬੀਨ ਨੇ ਭਾਜਪਾ ਸੰਗਠਨ ਵਿਚ ਵੱਖ-ਵੱਖ ਪੱਧਰਾਂ ’ਤੇ ਕੰਮ ਕੀਤਾ ਅਤੇ ਪਾਰਟੀ ਦੇ ਭਰੋਸੇਮੰਦ ਨੇਤਾਵਾਂ ਵਿਚ ਆਪਣੀ ਥਾਂ ਬਣਾਈ।
ਬਿਹਾਰ ਵਿਚ ਪਥ ਨਿਰਮਾਣ ਮੰਤਰੀ ਦੇ ਰੂਪ ਵਿਚ ਉਨ੍ਹਾਂ ਨੇ ਸਰਗਰਮ ਅਤੇ ਨਤੀਜਾ ਦੇਣ ਵਾਲੇ ਮੰਤਰੀ ਦਾ ਅਕਸ ਬਣਾਇਆ। ਸੰਗਠਨ ਵਿਚ ਵੀ ਉਨ੍ਹਾਂ ਨੂੰ ਅਨੁਸ਼ਾਸਿਤ ਸੰਗਠਨਕਰਤਾ, ਮਜ਼ਬੂਤ ਰਣਨੀਤੀਕਾਰ ਅਤੇ ਜ਼ਮੀਨੀ ਪੱਧਰ ਨਾਲ ਜੁੜੇ ਨੇਤਾ ਦੇ ਰੂਪ ਵਿਚ ਜਾਣਿਆ ਜਾਂਦਾ ਹੈ।
ਉਨ੍ਹਾਂ ਨੇ ਸਿਆਸਤ ਦੀ ਸ਼ੁਰੂਆਤ ਭਾਜਪਾ ਯੁਵਾ ਮੋਰਚੇ ਨਾਲ ਕੀਤੀ, ਜਿਥੇ ਕੌਮੀ ਜਨਰਲ ਸਕੱਤਰ ਤੋਂ ਲੈ ਕੇ ਬਿਹਾਰ ਸੂਬਾ ਪ੍ਰਧਾਨ ਤਕ ਦੀਆਂ ਜ਼ਿੰਮੇਵਾਰੀਆਂ ਨਿਭਾਈਆਂ। ਇਹੀ ਜਥੇਬੰਧਕ ਤਜਰਬਾ ਅੱਗੇ ਚੱਲ ਕੇ ਉਨ੍ਹਾਂ ਨੂੰ ਸੂਬਾ ਇੰਚਾਰਜ ਅਤੇ ਫਿਰ ਕੌਮੀ ਪੱਧਰ ਦੀਆਂ ਜ਼ਿੰਮੇਵਾਰੀਆਂ ਤਕ ਲੈ ਗਿਆ। ਉਨ੍ਹਾਂ ਦੀ ਜਥੇਬੰਧਕ ਨਿਪੁੰਨਤਾ ਅਤੇ ਵਰਕਰਾਂ ਨਾਲ ਮਜ਼ਬੂਤ ਸੰਪਰਕ ਨੇ ਉਨ੍ਹਾਂ ਨੂੰ ਇਸ ਅਹਿਮ ਅਹੁਦੇ ਲਈ ਢੁਕਵਾਂ ਬਣਾਇਆ।
ਵਿਧਾਇਕ ਦੇ ਰੂਪ ਵਿਚ ਉਨ੍ਹਾਂ ਨੇ ਆਪਣੇ ਖੇਤਰ ਵਿਚ ਬੁਨਿਆਦੀ ਢਾਂਚੇ, ਸ਼ਹਿਰੀ ਵਿਕਾਸ ਅਤੇ ਕਾਨੂੰਨ ਵਿਵਸਥਾ ਨਾਲ ਜੁੜੇ ਮੁੱਦਿਆਂ ਨੂੰ ਪਹਿਲ ਦਿੱਤੀ। ਇਸ ਨਾਲ ਹੀ ਉਹ ਬਿਹਾਰ ਸਰਕਾਰ ਵਿਚ ਮੰਤਰੀ ਦੇ ਰੂਪ ਵਿਚ ਵੀ ਕੰਮ ਕਰ ਚੁੱਕੇ ਹਨ, ਜਿਥੇ ਉਨ੍ਹਾਂ ਨੂੰ ਪ੍ਰਸ਼ਾਸਕੀ ਤਜਰਬਾ ਪ੍ਰਾਪਤ ਹੋਇਆ।
ਨਿਤਿਨ ਨਬੀਨ ਨੇ ਪਾਰਟੀ ਦੇ ਜਥੇਬੰਧਕ ਢਾਂਚੇ ਵਿਚ ਵੀ ਅਹਿਮ ਜ਼ਿੰਮੇਵਾਰੀਆਂ ਨਿਭਾਈਆਂ ਹਨ। ਉਹ ਭਾਜਪਾ ਯੁਵਾ ਮੋਰਚੇ ਨਾਲ ਜੁੜੇ ਰਹੇ ਅਤੇ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਣ ਵਿਚ ਸਰਗਰਮ ਭੂਮਿਕਾ ਨਿਭਾਈ। ਇਸ ਤੋਂ ਇਲਾਵਾ, ਵੱਖ-ਵੱਖ ਸੂਬਿਆਂ ਵਿਚ ਪਾਰਟੀ ਇੰਚਾਰਜ ਦੇ ਰੂਪ ਵਿਚ ਉਨ੍ਹਾਂ ਦੇ ਤਜਰਬੇ ਨੂੰ ਸੰਗਠਨ ਨੂੰ ਮਜ਼ਬੂਤ ਕਰਨ ਵਾਲਾ ਮੰਨਿਆ ਜਾਂਦਾ ਹੈ।
12 ਜਨਵਰੀ, 2011 ਨੂੰ ਭਾਜਪਾ ਯੁਵਾ ਮੋਰਚਾ ਨੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦਾ ਜਨਮ ਸਥਲ ਕੋਲਕਾਤਾ ਤੋਂ ਕੌਮੀ ਏਕਤਾ ਯਾਤਰਾ ਕੱਢੀ ਸੀ ਜਿਸ ਦਾ ਉਦੇਸ਼ ਉਨ੍ਹਾਂ ਦੇ ਬਲਿਦਾਨ ਸਥਲ ਤਕ 26 ਜਨਵਰੀ ਨੂੰ ਸ਼੍ਰੀਨਗਰ ਦੇ ਲਾਲ ਚੌਕ ’ਤੇ ਤਿਰੰਗਾ ਲਹਿਰਾਉਣਾ ਸੀ।
ਉਸ ਸਮੇਂ ਭਾਜਯੁਮੋ ਦੇ ਪ੍ਰਧਾਨ ਅਨੁਰਾਗ ਠਾਕੁਰ ਸਨ, ਜਦੋਂਕਿ ਭਾਜਪਾ ਦੇ ਮੌਜੂਦਾ ਕੌਮੀ ਕਾਰਜਕਾਰੀ ਪ੍ਰਧਾਨ ਨਿਤਿਨ ਨਬੀਨ ਭਾਜਯੁਮੋ ਦੇ ਜਨਰਲ ਸਕੱਤਰ ਸਨ। ਕੇਂਦਰ ਦੀ ਉਸ ਸਮੇਂ ਦੀ ਯੂ. ਪੀ. ਏ. ਅਤੇ ਜੰਮੂ-ਕਸ਼ਮੀਰ ਸਰਕਾਰ ਦੇ ਅਸਹਿਯੋਗੀ ਰਵੱਈਏ ਅਤੇ ਵੱਖ-ਵੱਖ ਵੱਖਵਾਦੀ ਸੰਗਠਨਾਂ ਦੀਆਂ ਧਮਕੀਆਂ ਦੇ ਬਾਵਜੂਦ ਇਹ ਕੌਮੀ ਏਕਤਾ ਯਾਤਰਾ ਹੋਈ ਅਤੇ 26 ਜਨਵਰੀ ਨੂੰ ਨਿਤਿਨ ਨਬੀਨ ਨੇ ਲਾਲ ਚੌਕ ’ਤੇ ਸਫਲਤਾਪੂਰਵਕ ਤਿਰੰਗਾ ਲਹਿਰਾਇਆ ਸੀ।
ਨਿਤਿਨ ਨਬੀਨ ਦੀ ਨਿਯੁਕਤੀ ਦਾ ਇਹ ਸੰਦੇਸ਼ ਹੈ ਕਿ ਪਾਰਟੀ ਵਿਚ ਜਨਰੇਸ਼ਨ ਨੈਕਸਟ ਦਾ ਕਾਲ ਸ਼ੁਰੂ ਹੋ ਚੁੱਕਾ ਹੈ। ਛੱਤੀਸਗੜ੍ਹ ਦੇ ਇੰਚਾਰਜ ਦੇ ਰੂਪ ਵਿਚ ਉਨ੍ਹਾਂ ਦੀ ਭੂਮਿਕਾ ਨੂੰ ਸਰਾਹਿਆ ਗਿਆ। ਉਥੇ ਬੂਥ ਪੱਧਰ ਦਾ ਪ੍ਰਬੰਧਨ, ਸੰਗਠਨ ਵਿਸਥਾਰ ਅਤੇ ਚੋਣ ਤਾਲਮੇਲ ’ਤੇ ਫੋਕਸ ਦਾ ਨਤੀਜਾ ਫੈਸਲਾਕੁੰਨ ਜਿੱਤ ਦੇ ਰੂਪ ਵਿਚ ਸਾਹਮਣੇ ਆਇਆ। ਇਸ ਤੋਂ ਬਾਅਦ ਮੰਨਿਆ ਜਾਣ ਲੱਗਾ ਕਿ ਨਿਤਿਨ ਨਬੀਨ ਕੌਮੀ ਪੱਧਰ ’ਤੇ ਵੀ ਸੰਗਠਨ ਮਜ਼ਬੂਤ ਕਰਨ ਦੀ ਸਮਰੱਥ ਰੱਖਦੇ ਹਨ।
ਨਿਤਿਨ ਨਬੀਨ ਕਾਇਸਥ ਸਮਾਜ ਤੋਂ ਆਉਂਦੇ ਹਨ। ਬਿਹਾਰ ਵਿਚ ਇਸ ਸਮਾਜ ਦੀ ਆਬਾਦੀ ਭਾਵੇਂ 1 ਫੀਸਦੀ ਤੋਂ ਵੀ ਘੱਟ ਹੋਵੇ, ਪਰ ਇਹ ਭਾਜਪਾ ਦੀ ਰਵਾਇਤੀ ਅਤੇ ਭਰੋਸੇਮੰਦ ਵੋਟਰ ਵਰਗ ਰਿਹਾ ਹੈ। ਯਸ਼ਵੰਤ ਸਿਨ੍ਹਾ ਤੋਂ ਬਾਅਦ ਇਸ ਸਮਾਜ ਦੇ ਕਿਸੇ ਨੇਤਾ ਨੂੰ ਇੰਨੇ ਉੱਚੇ ਜਥੇਬੰਧਕ ਅਹੁਦੇ ’ਤੇ ਜ਼ਿੰਮੇਵਾਰੀ ਮਿਲਣਾ ਵੀ ਸਿਆਸੀ ਸੰਕੇਤ ਦੇ ਰੂਪ ਵਿਤ ਦੇਖਿਆ ਜਾ ਰਿਹਾ ਹੈ।
ਨਿਤਿਨ ਨਬੀਨ ਦੀ ਕੌਮੀ ਕਾਰਜਕਾਰੀ ਅਹੁਦੇ ’ਤੇ ਨਿਯੁਕਤੀ ਕਈ ਸੰਦੇਸ਼ ਦਿੰਦੀ ਹੈ। ਭਾਜਪਾ ਹੁਣ ਅਗਵਾਈ ਵਿਚ ਪੀੜ੍ਹੀਗਤ ਸੰਤੁਲਨ ਸਥਾਪਿਤ ਕਰਨਾ ਚਾਹੁੰਦੀ ਹੈ ਜਿਸ ਵਿਚ ਤਜਰਬੇ ਅਤੇ ਨੌਜਵਾਨੀ ਦੋਹਾਂ ਦਾ ਸੁਮੇਲ ਹੋਵੇ। ਇਹ ਫੈਸਲਾ ਇਹ ਵੀ ਦਰਸਾਉਂਦਾ ਹੈ ਕਿ ਪਾਰਟੀ ਖੇਤਰੀ ਸੰਤੁਲਨ ਨੂੰ ਵੀ ਮਹੱਤਵ ਦੇ ਰਹੀ ਹੈ ਅਤੇ ਪੂਰਬੀ ਭਾਰਤੀ ਦੇ ਆਗੂਆਂ ਨੂੰ ਕੌਮੀ ਪੱਧਰ ’ਤੇ ਅੱਗੇ ਵਧਾਉਣ ਲਈ ਤਿਆਰ ਹੈ।
ਕੌਮੀ ਕਾਰਜਕਾਰੀ ਪ੍ਰਧਾਨ ਦਾ ਅਹੁਦਾ ਸੰਗਠਨ ਦੇ ਰੁਟੀਨ ਸੰਚਾਲਨ, ਵੱਖ-ਵੱਖ ਸੂਬਿਆਂ ਨਾਲ ਤਾਲਮੇਲ ਅਤੇ ਚੋਣ ਰਣਨੀਤੀ ਨੂੰ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸ ਨਜ਼ਰੀਏ ਨਾਲ ਨਿਤਿਨ ਨਬੀਨ ਦੀ ਭੂਮਿਕਾ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਅਹਿਮ ਮੰਨੀ ਜਾ ਰਹੀ ਹੈ।
ਨਿਯੁਕਤੀ ਤੋਂ ਤੁਰੰਤ ਬਾਅਦ ਨਿਤਿਨ ਨਬੀਨ ਨੇ ਬਿਹਾਰ ਸਰਕਾਰ ਵਿਚ ਆਪਣੇ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਇਹ ਭਾਜਪਾ ਦੀ ‘ਇਕ ਵਿਅਕਤੀ ਇਕ ਅਹੁਦਾ’ ਦੀ ਨੀਤੀ ਦੇ ਅਨੁਕੂਲ ਕਦਮ ਹੈ। ਇਸ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਉਹ ਹੁਣ ਪੂਰਨਕਾਲਿਕ ਰੂਪ ਨਾਲ ਪਾਰਟੀ ਸੰਗਠਨ ਦੇ ਕੰਮਾਂ ’ਤੇ ਧਿਆਨ ਦੇਣਗੇ।
ਆਰ. ਪੀ. ਸਿੰਘ (ਰਾਸ਼ਟਰੀ ਬੁਲਾਰੇ, ਭਾਰਤੀ ਜਨਤਾ ਪਾਰਟੀ)
