‘ਲਗਾਤਾਰ ਹੋ ਰਹੀਆਂ ਰੇਲਗੱਡੀਆਂ ਉਲਟਾਉਣ ਦੀਆਂ ਸਾਜ਼ਿਸ਼ਾਂ’ ‘ਸੁਰੱਖਿਆ ਯਤਨ ਤੇਜ਼ ਕਰਨ ਦੀ ਲੋੜ’
Sunday, May 25, 2025 - 05:08 AM (IST)

ਕੁਝ ਸਮੇਂ ਤੋਂ ਭਾਰਤ ’ਚ ਰਾਜਕ ਅਤੇ ਦੇਸ਼ ਵਿਰੋਧੀ ਤੱਤਾਂ ਵਲੋਂ ਰੇਲ ਪੱਟੜੀਆਂ ’ਤੇ ਲੋਹੇ ਦੇ ਗੇਟ, ਪੱਥਰ, ਸਰੀਏ, ਐਂਗਲ, ਅਤੇ ਖੰਬੇ ਆਦਿ ਰੱਖ ਕੇ ਰੇਲਗੱਡੀਆਂ ਨੰੂ ਉਲਟਾਉਣ ਦੀਆਂ ਲਗਾਤਾਰ ਸਾਜ਼ਿਸ਼ਾਂ ਦੀਆਂ ਖਬਰਾਂ ਆ ਰਹੀਆਂ ਹਨ। ਜਿਨ੍ਹਾਂ ਦੀਆਂ ਇਸੇ ਸਾਲ ਦੀਆਂ ਕੁਝ ਤਾਜ਼ਾ ਉਦਾਹਰਣਾ ਹੇਠਾਂ ਦਰਜ ਹਨ :
* 2 ਜਨਵਰੀ ਨੂੰ ‘ਸਹਾਰਨਪੁਰ’ (ਉੱਤਰ ਪ੍ਰਦੇਸ਼) ’ਚ ‘ਟਪਰੀ ਜੰਕਸ਼ਨ’ ਦੇ ਨੇੜੇ ਪੱਟੜੀ ’ਤੇ ਲੋਹੇ ਦਾ ਗੇਟ ਪਿਆ ਮਿਲਿਆ। ਗਨੀਮਤ ਇਹ ਰਹੀ ਕਿ ਗਸ਼ਤ ਕਰ ਰਹੀ ਗੇਟਮੈਨ ਦੀ ਇਸ ’ਤੇ ਨਜ਼ਰ ਪੈ ਗਈ ਅਤੇ ਕਾਹਲੀ-ਕਾਹਲੀ ’ਚ ‘ਟਪਰੀ ਜੰਕਸ਼ਨ’ ਦੇ ਨੇੜੇ-ਤੇੜੇ ਵਾਲੀਆਂ ਟਰੇਨਾਂ ਦੀ ਲੋਕੇਸ਼ਨ ਟ੍ਰੇਸ ਕਰ ਕੇ ਉਨ੍ਹਾਂ ਨੂੰ ਰੋਕਿਆ ਗਿਆ ਜਿਸ ਨਾਲ ਸੰਭਾਵਿਤ ਹਾਦਸਾ ਟਲ ਗਿਆ। ਇਸ ਘਟਨਾ ਦੇ ਕਾਰਨ ‘ਆਨੰਦ ਵਿਹਾਰ’-‘ਕੋਟਵਾੜਾ’ ਐਕਸਪ੍ਰੈੱਸ ਟਰੇਨ ਨੂੰ ਲਗਭਗ ਅੱਧਾ ਘੰਟਾ ਰੁਕਣਾ ਪਿਆ।
* 30 ਜਨਵਰੀ ਨੂੰ ‘ਪਾਨੀਪਤ’ (ਹਰਿਆਣਾ) ’ਚ ਰੇਲਵੇ ਲਾਈਨ ’ਤੇ ਲੋਹੇ ਦਾ ਐਂਗਲ ਰੱਖ ਕੇ ਟਰੇਨ ਉਲਟਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਇੰਜਣ ਚਾਲਕ ਦੀ ਚੌਕਸੀ ਨਾਲ ਵੱਡਾ ਹਾਦਸਾ ਟਲ ਗਿਆ।
* 9 ਫਰਵਰੀ ਨੂੰ ‘ਰਾਏਬਰੇਲੀ’ (ਉੱਤਰ ਪ੍ਰਦੇਸ਼) ਤੋਂ ‘ਲਖਨਊ’ ਜਾ ਰਹੀ ‘ਯਸ਼ਵੰਤਪੁਰ ਐਕਸਪ੍ਰੈੱਸ’ ਦੇ ਚਾਲਕ ਨੇ ‘ਚੰਪਾ ਦੇਵੀ ਮੰਦਰ’ ਦੇ ਨੇੜੇ ਰੇਲ ਪੱਟੜੀਆਂ ’ਤੇ ਸ਼ਰਾਰਤੀ ਤੱਤਾਂ ਵਲੋਂ ਇਕ ਫੁੱਟ ਲੰਬੇ ਵੱਡੇ ਪੱਥਰ ਤੋਂ ਇਲਾਵਾ ਕੁਝ ਛੋਟੇ ਪੱਥਰ ਰੱਖੇ ਹੋਏ ਦੇਖ ਕੇ ਐਮਰਜੈਂਸੀ ਬ੍ਰੇਕ ਲਗਾ ਕੇ ਗੱਡੀ ਨੂੰ ਹਾਦਸੇ ਤੋਂ ਬਚਾਇਆ।
* 14 ਫਰਵਰੀ ਨੂੰ ‘ਜੂਮਈ’ (ਬਿਹਾਰ) ’ਚ ‘ਝਾਝਾ-ਜਸੀਡੀਹ’ ਰੇਲ ਡਵੀਜ਼ਨ ’ਤੇ ਗੈਰ-ਸਮਾਜਿਕ ਤੱਤਾਂ ਨੇ ‘ਦਾਦਪੁਰ ’ ਅਤੇ ‘ਝਾਝਾ’ ਰੇਲਵੇ ਸਟੇਸ਼ਨਾਂ ਦੇ ਵਿਚਾਲੇ ‘ਰਾਨੀਕੁਰਾ’ ਪਿੰਡ ਦੇ ਨੇੜੇ ਕਟਰ ਮਸ਼ੀਨ ਨਾਲ ਰੇਲ ਪੱਟੜੀ ਕੱਟਣ ਦੀ ਕੋਸ਼ਿਸ਼ ਕੀਤੀ।
ਗੈਰ-ਸਮਾਜਿਕ ਤੱਤ ਜਦੋਂ ਪੱਟੜੀ ਨੂੰ ਪੂਰਾ ਕੱਟਣ ’ਚ ਸਫਲ ਨਹੀਂ ਹੋ ਸਕੇ ਤਾਂ ਉਨ੍ਹਾਂ ਨੇ ਪੱਟੜੀ ਨੂੰ ਅੱਧਾ ਕੱਟ ਕੇ ਛੱਡ ਦਿੱਤਾ ਅਤੇ ਉਸ ਦੇ ਉਪਰੋਂ ਕਈ ਟਰੇਨਾਂ ਰਾਤ ਭਰ ਲੰਘਦੀਆਂ ਰਹੀਆਂ। ਸਥਾਨਕ ਲੋਕਾਂ ਨੇ ਇਸ ਬਾਰੇ ਅਧਿਕਾਰੀਆਂ ਨੂੰ ਸੂਚਿਤ ਕੀਤਾ।
* 24 ਫਰਵਰੀ ਨੂੰ ‘ਕੋਲੱਮ’ (ਕੇਰਲ) ਅਤੇ ‘ਸ਼ੇਨਕੋਟਾ’ ਵਿਚਾਲੇ ਰੇਲ ਪੱਟੜੀ ’ਤੇ ਟੈਲੀਫੋਨ ਦਾ ਖੰਭਾ ਰੱਖ ਕੇ ਉੱਥੋਂ ਲੰਘਣ ਵਾਲੀ ‘ਪਲਾਰੁਵੀ ਐਕਸਪ੍ਰੈੱਸ’ ਨੂੰ ਪੱਟੜੀ ਤੋਂ ਉਤਾਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ’ਚ 2 ਵਿਅਕਤੀਆਂ ਨੂੰ ਫੜਿਆ ਿਗਆ।
* 2 ਮਾਰਚ ਨੂੰ ‘ਹਰਦੋਈ’ (ਉੱਤਰ ਪ੍ਰਦੇਸ਼) ਦੇ ‘ਕੌੜਾ’ ਰੇਲਵੇ ਸਟੇਸ਼ਨ ਦੇ ਨੇੜੇ ਅਣਪਛਾਤੇ ਲੋਕਾਂ ਨੇ ਰੇਲ ਦੀ ਪੱਟੜੀ ’ਤੇ ਲੋਹੇ ਦੇ ‘ਬੋਲਟ’ ਅਤੇ ਵੱਡੇ ਪੱਥਰ ਰੱਖ ਕੇ ਉੱਥੋਂ ਲੰਘਣ ਵਾਲੀ ‘ਦੂਨ ਐਕਸਪ੍ਰੈੱਸ’ ਨੂੰ ਉਲਟਾਉਣ ਦਾ ਯਤਨ ਕੀਤਾ। ਇਸ ਮਾਮਲੇ ’ਚ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ।
* 15 ਅਪ੍ਰੈਲ ਨੂੰ ‘ਲਖਨਊ’ (ਉੱਤਰ ਪ੍ਰਦੇਸ਼) ਦੇ ‘ਰਹੀਮਾਬਾਦ ਸਟੇਸ਼ਨ’ ਦੇ ਨੇੜੇ ਕਿਸੇ ਸ਼ਰਾਰਤੀ ਅਨਸਰ ਨੇ ਰੇਲ ਦੀ ਪੱਟੜੀ ’ਤੇ ਢਾਈ ਫੁੱਟ ਲੰਬਾ ਅਤੇ 6 ਇੰਚ ਮੋਟਾ ਲੱਕੜੀ ਦਾ ਖੁੰਢ ਰੱਖ ਕੇ ‘ਗਰੀਬ ਰੱਥ ਸਪੈਸ਼ਲ’ ਟਰੇਨ ਨੂੰ ਉਲਟਾਉਣ ਦੀ ਕੋਸ਼ਿਸ਼ ਕੀਤੀ।
* 12 ਮਈ ਨੂੰ ‘ਕਾਚੀਗੁਡਾ’ (ਤੇਲੰਗਾਨਾ) ਅਤੇ ‘ਪੁਥੁਵੇਲ’ ਸਮੇਤ ਅਨੇਕ ਥਾਵਾਂ ’ਤੇ ਰੇਲ ਪੱਟੜੀਆਂ ’ਤੇ ਪੱਥਰ ਰੱਖਣ ਦੀ ਸੂਚਨਾ ਮਿਲਣ ’ਤੇ ਰੇਲਵੇ ਸੁਰੱਖਿਆ ਬਲ ਨੇ ਜਾਂਚ ਤੋਂ ਬਾਅਦ ‘ਹਰਿਦੁਆਰ’ ਦੇ ਇਕ ਸਾਧੂ ਨੂੰ ਗ੍ਰਿਫਤਾਰ ਕੀਤਾ। ਅਧਿਕਾਰੀਆਂ ਅਨੁਸਾਰ ਇਹ ਸਾਧੂ ‘ਅਰਕਕੋਣਮ’ ਦੇ ਨੇੜੇ ਟਰੇਨ ਨੂੰ ਪੱਟੜੀ ਤੋਂ ਉਤਾਰਨ ਦੀ ਸਾਜ਼ਿਸ਼ ਰਚ ਰਿਹਾ ਸੀ।
* 20 ਮਈ ਨੂੰ ‘ਹਰਦੋਈ’ (ਉੱਤਰ ਪ੍ਰਦੇਸ਼) ’ਚ ‘ਦਲੇਲ ਨਗਰ’ ਅਤੇ ‘ਉਮਰਤਾਲੀ’ ਸਟੇਸ਼ਨਾਂ ਵਿਚਾਲੇ ਅਣਪਛਾਤੇ ਬਦਮਾਸ਼ਾਂ ਨੇ ਰੇਲ ਦੀ ਪੱਟੜੀ ’ਤੇ ਲੱਕੜੀ ਦਾ ‘ਗੁਟਕਾ’ ਬੰਨ੍ਹ ਕੇ ਟਰੇਨ ਨੂੰ ਬੇਪੱਟੜੀ ਕਰਨ ਦੀ ਸ਼ਾਜ਼ਿਸ਼ ਰਚੀ
ਖੁਸ਼ਕਿਸਮਤੀ ਨਾਲ ਉਥੋਂ ਲੰਘਣ ਵਾਲੀ ‘ਦਿੱਲੀ’ ਤੋਂ ‘ਡਿਬਰੂਗੜ੍ਹ’ ਜਾ ਰਹੀ ਰਾਜਧਾਨੀ ਐਕਸਪ੍ਰੈੱਸ ਦੇ ਚਾਲਕ ਦੀ ਨਜ਼ਰ ਪੱਟੜੀ ’ਤੇ ਪੈ ਗਈ ਅਤੇ ਉਸ ਨੇ ਤੁਰੰਤ ਐਮਰਜੈਂਸੀ ਬਰੇਕ ਲਗਾ ਕਿ ਟਰੇਨ ਨੂੰ ਹਾਦਸਾਗ੍ਰਸਤ ਹੋਣ ਤੋਂ ਬਚਾਇਆ।
* ਅਤੇ ਹੁਣ 23 ਮਈ ਨੂੰ ‘ਮਾਨਸਾ’ (ਪੰਜਾਬ) ਤੋਂ ਚੱਲ ਕੇ ‘ਬਠਿੰਡਾ’ ਪਹੁੰਚੀ ‘ਪੰਜਾਬ ਮੇਲ’ ਦੇ ਚਾਲਕ ਦੀ ਨਜ਼ਰ ਦੂਰੋਂ ਹੀ ਰੇਲ ਪੱਟੜੀ ’ਤੇ ਰੱਖੀ ਲੋਹੇ ਦੀ ਛੜ ’ਤੇ ਪੈ ਗਈ। ਉਸ ਨੇ ਤੁਰੰਤ ਟਰੇਨ ਰੋਕੀ ਅਤੇ ਪੁਲਸ ਨੂੰ ਸੂਚਿਤ ਕੀਤਾ। ਸੀ. ਸੀ. ਟੀ. ਵੀ. ਫੁਟੇਜ ਦੀ ਮਦਦ ਨਾਲ ਮੁਲਜ਼ਮ ਦੀ ਪਛਾਣ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਜਾਣਕਾਰਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਇਕ ਤੋਂ ਬਾਅਦ ਇਕ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਉਨ੍ਹਾਂ ਨੂੰ ਦੇਖਦੇ ਹੋਏ ਕਿਸੇ ਵੱਡੀ ਸਾਜ਼ਿਸ਼ ਦੇ ਖਦਸ਼ੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਲਈ ਰੇਲ ਲਾਈਨਾਂ ਦੇ ਆਲੇ-ਦੁਆਲੇ ਚੌਕਸੀ ਵਧਾਉਣ ਦੀ ਤੁਰੰਤ ਲੋੜ ਹੈ। ਇਸ ਦੇ ਨਾਲ ਹੀ ਚੌਕਸੀ ਵਰਤ ਕੇ ਹਾਦਸੇ ਟਾਲਣ ਵਾਲੇ ਚਾਲਕਾਂ ਨੂੰ ਪੁਰਸਕਾਰਤ ਵੀ ਕੀਤਾ ਜਾਣਾ ਚਾਹੀਦਾ।
–ਵਿਜੇ ਕੁਮਾਰ