ਦੇਸ਼ ’ਚ ਫੁੱਟਪਾਊ ਤਾਕਤਾਂ ਦਾ ਬੋਲਬਾਲਾ

Saturday, May 23, 2026 - 04:16 PM (IST)

ਦੇਸ਼ ’ਚ ਫੁੱਟਪਾਊ ਤਾਕਤਾਂ ਦਾ ਬੋਲਬਾਲਾ

ਇਸ ਵੇਲੇ ਭਾਰਤ ਅੰਦਰ ਇਕ ਪਾਸੇ ਉਨ੍ਹਾਂ ਫੁੱਟਪਾਊ ਤਾਕਤਾਂ ਦੀ ਚੜ੍ਹ ਮਚੀ ਹੋਈ ਹੈ, ਜੋ ਦੇਸ਼ ਦੇ ਮੌਜੂਦਾ ਸੰਵਿਧਾਨ ਅਤੇ ਧਰਮਨਿਰਪੱਖ, ਲੋਕਰਾਜੀ, ਸੰਘਾਤਮਕ ਢਾਂਚੇ ਨੂੰ ਤਬਾਹ ਕਰ ਕੇ ਇੱਥੇ ਇਕ ਧਰਮ ਆਧਾਰਿਤ, ਕੱਟੜ, ਗੈਰ-ਲੋਕਰਾਜੀ ਵਿਵਸਥਾ ਕਾਇਮ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਗਾ ਰਹੀਆਂ ਹਨ, ਦੂਜੇ ਪਾਸੇ ਉਹ ਤਾਕਤਾਂ ਵੀ, ਜੋ ਭਾਰਤ ਮਹਾਨ ਨੂੰ ਵੱਖੋ-ਵੱਖ ਧਰਮਾਂ, ਜਾਤੀਆਂ, ਕੌਮੀਅਤਾਂ, ਖਿੱਤਿਆਂ, ਸੱਭਿਆਚਾਰਾਂ ਨਾਲ ਸਬੰਧਤ, ਆਪੋ-ਆਪਣੀ ਮਾਤ ਭਾਸ਼ਾ ਬੋਲਣ ਵਾਲੇ ਪਰ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲੇ ਦੇਸ਼ ਵਾਸੀਆਂ ਦਾ ਸਾਂਝਾ ਦੇਸ਼ ਮੰਨਦੀਆਂ ਹਨ, ਦੇਸ਼ ਦੇ ਸੰਵਿਧਾਨ ਦੀ ਰਾਖੀ ਤੇ ਫਿਰਕੂ ਸਦਭਾਵਨਾ ਮਜ਼ਬੂਤ ਕਰਨ ਲਈ ਯਤਨਸ਼ੀਲ ਹਨ।

ਹਨੇਰਬਿਰਤੀਵਾਦੀ ਤੇ ਪਿਛਾਖੜੀ ਤਾਕਤਾਂ ਦੇ ਹੱਥੀਂ ਸੱਤਾ ਦੀ ਵਾਗਡੋਰ ਹੋਣ ਕਰ ਕੇ, ਬਿਨਾਂ ਸ਼ੱਕ ਉਹ ਆਪਣਾ ਮਕਸਦ ਹਾਸਲ ਕਰਨ ਲਈ ਹਰ ਹਰਬਾ ਵਰਤ ਰਹੀਆਂ ਹਨ ਪ੍ਰੰਤੂ ਤਸੱਲੀ ਦੀ ਗੱਲ ਇਹ ਹੈ ਕਿ ਭਾਰਤ ਦੇ ਬਹੁ-ਗਿਣਤੀ ਲੋਕ ਮੌਜੂਦਾ ਸੰਵਿਧਾਨ ਦੇ ਦਾਅਰਿਆਂ ’ਚ ਰਹਿੰਦੇ ਹੋਏ ਦੇਸ਼ ਦੇ ਤੇਜ਼ ਆਰਥਿਕ ਵਿਕਾਸ ਤੇ ਧਰਮਨਿਰਪੱਖ, ਲੋਕਰਾਜੀ, ਫੈਡਰਲ ਢਾਂਚੇ ਦੀ ਹੋਂਦ ਕਾਇਮ ਰੱਖਣ ਦੇ ਹਮਾਇਤੀ ਹਨ। ਇਨ੍ਹਾਂ ਹਾਂ-ਪੱਖੀ ਤਾਕਤਾਂ ’ਚ ਬਹੁ-ਗਿਣਤੀ ਹਿੰਦੂ ਭਾਈਚਾਰਾ ਸ਼ਾਮਿਲ ਹੈ, ਜੋ ਸਦੀਆਂ ਤੋਂ ਵੱਖੋ-ਵੱਖ ਧਰਮਾਂ ਦੇ ਲੋਕਾਂ ਦਰਮਿਆਨ ਇਕਸੁਰਤਾ ਤੇ ਸ਼ਾਂਤੀ ਕਾਇਮ ਰੱਖਣ ਦੀ ਡੱਟਵੀਂ ਹਮਾਇਤ ਕਰਦਾ ਆ ਰਿਹਾ ਹੈ।

ਸ਼੍ਰੀ ਕ੍ਰਿਸ਼ਨ ਜੀ ਵੱਲੋਂ ‘ਸ਼੍ਰੀਮਦ ਭਾਗਵਤ ਗੀਤਾ’ ਰਾਹੀਂ ਨਿਆਂ-ਅਨਿਆਂ ਦਰਮਿਆਨ ਚੱਲਦੇ ਕਿਸੇ ਵੀ ਯੁੱਧ ’ਚ ਸਮਾਜਿਕ ਤੇ ਪਰਿਵਾਰਕ ਸਬੰਧਾਂ ਨੂੰ ਅਣਡਿੱਠ ਕਰ ਕੇ ਸੱਚ ਸੰਗ ਖੜੋਨ ਦੀ ਜੋ ਸਿੱਖਿਆ ਦਿੱਤੀ ਗਈ ਹੈ, ਉਹ ਸਮੁੱਚੇ ਹਿੰਦੂ ਭਾਈਚਾਰੇ ਦੀ ਸਾਂਝੀ, ਮਾਣਮੱਤੀ ਵਿਰਾਸਤ ਹੈ। ਦੇਸ਼ ਦੇ ਸੁਤੰਤਰਤਾ ਸੰਗਰਾਮ ’ਚ ਵੀ ਹਿੰਦੂ ਭਾਈਚਾਰੇ ਦੇ ਲੱਖਾਂ ਲੋਕਾਂ ਨੇ ਮੁਸਲਮਾਨਾਂ, ਸਿੱਖਾਂ ਤੇ ਹੋਰਨਾਂ ਧਾਰਮਿਕ ਅਕੀਦਿਆਂ ਦੇ ਲੋਕਾਂ ਨਾਲ ਮਿਲ ਕੇ ਅੰਗਰੇਜ਼ ਸਾਮਰਾਜ ਦੀ ਗੁਲਾਮੀ ਦੇ ਸੰਗਲ ਕੱਟਣ ਲਈ ਆਪਣੀਆਂ ਜਾਨਾਂ ਵਾਰੀਆਂ ਤੇ ਅਨੇਕਾਂ ਹੋਰ ਤਸੀਹੇ ਝੱਲੇ।

ਗ਼ਦਰ ਪਾਰਟੀ ਦੀ ਸਥਾਪਨਾ ਕਰਨ ਵਾਲਿਆਂ ’ਚ ਹਾਲਾਂਕਿ ਸਿੱਖ ਧਰਮ ਨਾਲ ਸਬੰਧਤ ਆਗੂਆਂ ਦੀ ਗਿਣਤੀ ਤੇ ਭੂਮਿਕਾ ਬਹੁਤ ਵੱਡੀ ਸੀ ਪਰ ਇਸ ਦੇ ਸੰਸਥਾਪਕਾਂ ’ਚ ਲਾਲਾ ਹਰਦਿਆਲ, ਪੰਡਿਤ ਰਾਮ ਕਿਸ਼ਨ ਮੜੌਲੀ, ਸੋਹਣ ਲਾਲ ਪਾਠਕ ਆਦਿ ਦਾ ਵੀ ਸ਼ਾਨਾਮੱਤਾ ਯੋਗਦਾਨ ਸੀ, ਜੋ ਹਿੰਦੂ ਧਰਮ ਦੀ ਅਗਾਂਹਵਧੂ ਵਿਰਾਸਤ ਨੂੰ ਰੂਪਮਾਨ ਕਰਦਾ ਹੈ। ਸ਼ਹੀਦ-ਏ-ਆਜ਼ਮ ਭਗਤ ਸਿੰਘ ਆਪ ਵਿਗਿਆਨਕ ਵਿਚਾਰਧਾਰਾ ਦਾ ਮੁੱਦਈ, ਭਾਵ ਨਾਸਤਿਕ ਸੀ ਪ੍ਰੰਤੂ ਉਨ੍ਹਾਂ ਦੇ ਸੰਗੀ-ਸਾਥੀਆਂ ਦੀ ਵੱਡੀ ਗਿਣਤੀ ਹਿੰਦੂ-ਸਿੱਖ ਤੇ ਮੁਸਲਿਮ ਧਰਮ ਨੂੰ ਮੰਨਣ ਵਾਲਿਆਂ ਦੀ ਸੀ ਪ੍ਰੰਤੂ ਕਮਾਲ ਦੀ ਗੱਲ ਇਹ ਹੈ ਕਿ ਸਿਰਲੱਥ ਦੇਸ਼ ਭਗਤਾਂ ਦੀ ਇਸ ਟੋਲੀ ਦੇ ਮੈਂਬਰਾਂ ਦਰਮਿਆਨ ਧਰਮ ਦੇ ਆਧਾਰ ’ਤੇ ਕਦੀ ਵੀ ਕੋਈ ਵਿਵਾਦ ਜਾਂ ਮਤਭੇਦ ਖੜ੍ਹਾ ਨਹੀਂ ਸੀ ਹੋਇਆ।


ਇਸ ਲਈ ਇਹ ਹਕੀਕਤ ਸਵੀਕਾਰ ਕਰਨੀ ਹੋਵੇਗੀ ਕਿ ਹਰ ਹਿੰਦੂ ਆਰ. ਐੱਸ. ਐੱਸ. ਦੀ ਫਿਰਕੂ-ਫਾਸ਼ੀ ਵਿਚਾਰਧਾਰਾ (ਹਿੰਦੂਤਵੀ) ਨਾਲ ਜੁੜਿਆ ਹੋਇਆ ਨਹੀਂ, ਸਗੋਂ ਹਿੰਦੂ ਭਾਈਚਾਰੇ ਦੇ ਭਾਰੀ ਬਹੁ-ਗਿਣਤੀ ਲੋਕ ਅਗਾਂਹਵਧੂ ਵਿਚਾਰਾਂ ਦੇ ਧਾਰਨੀ ਹਨ ਅਤੇ ਸਾਰੇ ਧਰਮਾਂ ਦੀ ਸਹਿਹੋਂਦ ਦੀ ਜਾਮਨੀ ਭਰਦੇ ਧਰਮਨਿਰਪੱਖ ਸਰੋਕਾਰਾਂ ਤੇ ਲੋਕਰਾਜੀ ਢਾਂਚੇ ਦੇ ਮੁੱਦਈ ਹਨ। ਇਵੇਂ ਹੀ ਸਾਰੇ ਸਿੱਖਾਂ ਤੇ ਮੁਸਲਮਾਨਾਂ ਨੂੰ ਵੱਖਰਾ ਦੇਸ਼ ਮੰਗਦੇ ‘ਖਾਲਿਸਤਾਨੀਆਂ’ ਤੇ ‘ਇਸਲਾਮਿਕ ਰਾਜ’ ਦੀ ਕਾਇਮੀ ਲਈ ਲੜ ਰਹੇ ਕੱਟੜ ਜੇਹਾਦੀਆਂ ਦੀ ਸੂਚੀ ’ਚ ਧੱਕੇ ਨਾਲ ਸ਼ਾਮਲ ਕਰਨਾ ਨਾ ਿਸਰਫ ਸਿਰੇ ਦਾ ਸੌੜਾਪਨ ਹੈ, ਸਗੋਂ ਅੱਤ ਦੀ ਸ਼ਰਾਰਤ ਭਰਪੂਰ ਤੇ ਗੈਰ-ਜ਼ਿੰਮੇਵਾਰਾਨਾ ਸੋਚ ਦਾ ਭੱਦਾ ਪ੍ਰਗਟਾਵਾ ਵੀ ਹੈ।

ਅੱਜ ਵੀ ਸੌੜੀ ਵਿਚਾਰਧਾਰਾ ਵਾਲੇ ਮੁੱਠੀ ਭਰ ਲੋਕ ਅਤੇ ਸੱਤਾ ਤੇ ਧਨ ਦੇ ਲੋਭੀ-ਲਾਲਚੀ ਹਿੰਦੂ-ਸਿੱਖਾਂ, ਮੁਸਲਮਾਨਾਂ ਦੇ ਵਿਸ਼ਾਲ ਭਾਗਾਂ ਨੂੰ ਗੁੰਮਰਾਹ ਕਰ ਕੇ ਆਪਣੇ ਸੰਗ ਤੋਰਨ ਦੇ ਯਤਨ ਕਰ ਰਹੇ ਹਨ। ਮੌਜੂਦਾ ਹੁਕਮਰਾਨ ਇਸ ਅਮਾਨਵੀ ਕਾਰਜ ਦੇ ਮੁੱਖ ਸੂਤਰਧਾਰ ਹਨ। ਇਸ ਲਈ ਅਜੋਕੇ ਸਮੇਂ ’ਚ ਫਿਰਕੂ-ਫਾਸ਼ੀ ਸ਼ਕਤੀਆਂ, ਜੋ ਦੇਸ਼ ਨੂੰ ਧਰਮ ਅਾਧਾਰਿਤ ਗੈਰ-ਲੋਕਰਾਜੀ ਢਾਂਚੇ ’ਚ ਤਬਦੀਲ ਕਰਨਾ ਚਾਹੁੰਦੀਆਂ ਹਨ, ਨੂੰ ਭਾਂਜ ਦੇਣ ਲਈ ਦੇਸ਼ ਦੇ ਮੌਜੂਦਾ ਸੰਵਿਧਾਨ, ਧਰਮਨਿਰਪੱਖ ਤੇ ਜਮਹੂਰੀ ਕਦਰਾਂ-ਕੀਮਤਾਂ ਤੇ ਭਾਈਚਾਰਕ ਸਾਂਝ ਕਾਇਮ ਰੱਖਣ ਵਾਲੀਆਂ ਸਾਰੀਆਂ ਤਾਕਤਾਂ ਨੂੰ ਇਕਜੁੱਟ ਹੋਣਾ ਹੋਵੇਗਾ।

ਇਹ ਤਾਂ ਹੀ ਸੰਭਵ ਹੈ, ਜੇਕਰ ਦੇਸ਼ ਦਾ ਬਹੁਗਿਣਤੀ ਹਿੰਦੂ ਭਾਈਚਾਰਾ, ਮੁਸਲਮਾਨ, ਸਿੱਖ ਤੇ ਇਸਾਈ ਧਾਰਮਿਕ ਘੱਟਗਿਣਤੀਆਂ, ਕਥਿਤ ਨੀਵੀਆਂ ਤੇ ਪੱਛੜੀਆਂ ਜਾਤੀਆਂ ਨਾਲ ਸਬੰਧਤ ਜਨ ਸਮੂਹ ਆਪਣੀਆਂ ਸਹਿਣਸ਼ੀਲਤਾ, ਫਿਰਕੂ ਸਦਭਾਵਨਾ, ਦੇਸ਼ ਭਗਤੀ ਤੇ ਦੁਖੀ ਲੋਕਾਂ ਦੇ ਕਸ਼ਟ ਨਿਵਾਰਨ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਦੀਆਂ ਮਹਾਨ ਪ੍ਰੰਪਰਾਵਾਂ ਤੋਂ ਜਾਣੂ ਹੋਣ। ਫਿਰਕੂ-ਫਾਸ਼ੀ ਰਾਜ ਦੀ ਸਥਾਪਤੀ ਨਾਲ ਲੋਕਾਂ ਦੀ ਆਪਣੀ ਮਰਜ਼ੀ ਅਨੁਸਾਰ ਕਿਸੇ ਵੀ ਧਰਮ ਜਾਂ ਮੱਤ ਨੂੰ ਅਪਣਾਉਣ ਦੀ ਆਜ਼ਾਦੀ ਖੁੱਸ ਜਾਵੇਗੀ।

ਸਾਡੀ ਲਿਆਕਤ ਦਾ ਇਹ ਕਰੜਾ ਇਮਤਿਹਾਨ ਹੈ ਕਿ ਕੀ ਅਸੀਂ ਦੇਸ਼ ਦੇ ਸਮੂਹ ਧਰਮਾਂ ਦੇ ਕਰੋੜਾਂ ਲੋਕਾਂ ਨੂੰ ਫਿਰਕੂ-ਫਾਸ਼ੀ ਸ਼ਕਤੀਆਂ ਤੇ ਸੌੜੀ ਸੋਚ ਦੇ ਧਾਰਨੀ ਲੱਠਮਾਰ ਸੰਗਠਨਾਂ ਦੇ ਪ੍ਰਭਾਵ ਤੋਂ ਮੁਕਤ ਰੱਖ ਕੇ ਅਗਾਂਹਵਧੂ ਧਾਰਾ ਨਾਲ ਜੋੜ ਸਕਦੇ ਹਾਂ? ਅਜਿਹੀ ਦਰੁੱਸਤ ਪਹੁੰਚ ਨਾ ਅਪਣਾਉਣ ਦੇ ਸਿੱਟੇ ਵਜੋਂ ਦੇਸ਼ ਤੇ ਪੰਜਾਬ ਦੇ ਸਾਹਮਣੇ ਭਾਰੀ ਮੁਸੀਬਤਾਂ ਖੜ੍ਹੀਆਂ ਹੋ ਸਕਦੀਆਂ ਹਨ।

ਮੰਗਤ ਰਾਮ ਪਾਸਲਾ


author

Rakesh

Content Editor

Related News