ਬੰਗਲਾਦੇਸ਼ ’ਤੇ ਫੌਜ ਦਾ ਕਬਜ਼ਾ, ਸ਼ੇਖ ਹਸੀਨਾ ਅਸਤੀਫਾ ਦੇ ਕੇ ਭਾਰਤ ਪੁੱਜੀ

Tuesday, Aug 06, 2024 - 02:23 AM (IST)

ਬੀਤੇ 3 ਮਹੀਨਿਆਂ ਤੋਂ ਬੰਗਲਾਦੇਸ਼ ਵਿਚ ਵਿਦਿਆਰਥੀ ਵਿਵਾਦਿਤ ਰਾਖਵਾਂਕਰਨ ਪ੍ਰਣਾਲੀ ਖ਼ਤਮ ਕਰਨ ਲਈ ‘ਸਰਕਾਰੀ ਨੌਕਰੀਆਂ ’ਚ ਭੇਦਭਾਵ ਵਿਰੋਧੀ’ ਅੰਦੋਲਨ ਕਰ ਰਹੇ ਹਨ। ਇਹ ਅੰਦੋਲਨ ਇਸ ਸਾਲ ਜੂਨ ’ਚ ਸ਼ੁਰੂ ਹੋਇਆ ਸੀ।

ਬੀਤੇ ਮਹੀਨੇ ਇਸ ਦੀ ਅਗਵਾਈ ਕਰ ਰਹੇ 6 ਲੋਕਾਂ ਨੂੰ ਡਿਟੈਕਟਿਵ ਬ੍ਰਾਂਚ ਵੱਲੋਂ ਉਨ੍ਹਾਂ ਦੇ ਘਰਾਂ ਅਤੇ ਹਸਪਤਾਲਾਂ ’ਚੋਂ ਚੁਕਵਾ ਕੇ ਉਨ੍ਹਾਂ ਨੂੰ ਬੰਦੀ ਬਣਾ ਕੇ ਉਨ੍ਹਾਂ ਕੋਲੋਂ ਅੰਦੋਲਨ ਵਾਪਸ ਲੈਣ ਲਈ ਵੀਡੀਓ ਬਣਵਾ ਕੇ ਦੇਸ਼ ਦੇ ਗ੍ਰਹਿ ਮੰਤਰੀ ਨੇ ਦਾਅਵਾ ਕੀਤਾ ਕਿ ਇਨ੍ਹਾਂ ਨੇ ਆਪਣੀ ਮਰਜ਼ੀ ਨਾਲ ਅੰਦੋਲਨ ਖ਼ਤਮ ਕਰਨ ਦੀ ਗੱਲ ਕਹੀ ਹੈ ਪਰ ਸੱਚਾਈ ਸਾਹਮਣੇ ਆਉਣ ’ਤੇ ਅੰਦੋਲਨਕਾਰੀਆਂ ਦਾ ਗੁੱਸਾ ਭੜਕ ਉੱਠਿਆ।

ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵੱਲੋਂ ਅੰਦੋਲਨਕਾਰੀਆਂ ਨੂੰ ਅੱਤਵਾਦੀ ਦੱਸ ਕੇ ਉਨ੍ਹਾਂ ਨੂੰ ਕੁਚਲ ਦੇਣ ਦੇ ਸੱਦੇ ਤੋਂ ਅੰਦੋਲਨਕਾਰੀ ਹੋਰ ਕ੍ਰੋਧਿਤ ਹੋ ਗਏ। ਉਨ੍ਹਾਂ ਨੇ 4 ਅਗਸਤ ਨੂੰ ਅੰਦੋਲਨ ’ਚ ਮਾਰੇ ਗਏ ਵਿਦਿਆਰਥੀਆਂ ਦੀਆਂ ਲਾਸ਼ਾਂ ਨਾਲ ਢਾਕਾ ਵਿਚ ਪ੍ਰਦਰਸ਼ਨ ਕੀਤੇ ਅਤੇ ਸੁਪਰੀਮ ਕੋਰਟ ਦੇ 4 ਜੱਜਾਂ ਦੀਆਂ ਕਾਰਾਂ ’ਤੇ ਵੀ ਹਮਲਾ ਅਤੇ ਪਥਰਾਅ ਕੀਤਾ। ਢਾਕਾ ਦੇ 2 ਅਖਬਾਰਾਂ ਦੇ ਦਫਤਰਾਂ ’ਤੇ ਹਮਲਾ ਕਰ ਕੇ ਭਾਰੀ ਭੰਨ੍ਹ-ਤੋੜ ਕੀਤੀ ਗਈ।

4 ਅਗਸਤ ਨੂੰ ਵਿਦਿਆਰਥੀ ਅੰਦੋਲਨ ਦਾ ਸਭ ਤੋਂ ਵੱਡਾ ਚਿਹਰਾ ਬਣ ਚੁੱਕੇ ਯੂਨੀਵਰਸਿਟੀ ਦੇ ਵਿਦਿਆਰਥੀ ਨਾਹੀਦ ਇਸਲਾਮ ਨੇ ਪ੍ਰਦਰਸ਼ਨਕਾਰੀਆਂ ਨੂੰ ਸਰਕਾਰ ਡਿੱਗਣ ਤੱਕ ਪ੍ਰਦਰਸ਼ਨ ਜਾਰੀ ਰੱਖਣ ਦੀ ਅਪੀਲ ਕਰਦੇ ਹੋਏ ਸ਼ੇਖ ਹਸੀਨਾ ਦੀ ਪਾਰਟੀ ‘ਅਵਾਮੀ ਲੀਗ’ ਨੂੰ ਅੱਤਵਾਦੀ ਦੱਸਿਆ ਅਤੇ ਕਿਹਾ, ‘‘ਅਸੀਂ ਅੱਜ ਲਾਠੀ ਚੁੱਕੀ ਹੈ, ਜੇ ਲਾਠੀ ਕੰਮ ਨਾ ਆਈ ਤਾਂ ਅਸੀਂ ਹਥਿਆਰ ਚੁੱਕਣ ਲਈ ਵੀ ਤਿਆਰ ਹਾਂ।’’

ਵਰਣਨਯੋਗ ਹੈ ਕਿ ਇਹ ਅੰਦੋਲਨ ਸ਼ੁਰੂ ਹੋਣ ਪਿੱਛੋਂ ਹੁਣ ਤੱਕ ਦੇਸ਼ ਵਿਚ ਪੁਲਸ ਅਤੇ ਵਿਦਿਆਰਥੀ ਪ੍ਰਦਰਸ਼ਨਕਾਰੀਆਂ ਦਰਮਿਆਨ ਹਿੰਸਕ ਝੜਪਾਂ ’ਚ 300 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਿੰਸਾ ’ਤੇ ਕਾਬੂ ਪਾਉਣ ਲਈ ਪੂਰੇ ਦੇਸ਼ ’ਚ ਕਰਫਿਊ ਲਾ ਕੇ 3 ਦਿਨਾਂ ਦੀਆਂ ਛੁੱਟੀਆਂ ਕਰ ਦਿੱਤੀਆਂ ਅਤੇ ਰੇਲ-ਗੱਡੀਆਂ ਰੋਕ ਦਿੱਤੀਆਂ ਗਈਆਂ ਹਨ।

ਰਾਜਧਾਨੀ ਢਾਕਾ ’ਚ ਹਾਲਾਤ ਬੇਕਾਬੂ ਹੋ ਗਏ ਹਨ। ਪ੍ਰਦਰਸ਼ਨਕਾਰੀਆਂ ਵੱਲੋਂ ‘ਲਾਂਗ ਮਾਰਚ ਟੂ ਢਾਕਾ’ ਦੇ ਸੱਦੇ ’ਤੇ 5 ਅਗਸਤ ਨੂੰ ਲੱਗਭਗ 4 ਲੱਖ ਲੋਕ ਕਰਫਿਊ ਦੀ ਉਲੰਘਣਾ ਕਰ ਕੇ ਸੜਕਾਂ ’ਤੇ ਆ ਗਏ ਅਤੇ ਥਾਂ-ਥਾਂ ਸਾੜ-ਫੂਕ, ਹਿੰਸਾ ਅਤੇ ਭੰਨ੍ਹ-ਤੋੜ ਸ਼ੁਰੂ ਕਰ ਦਿੱਤੀ। ਇਸ ਦੌਰਾਨ ਝੜਪਾਂ ’ਚ ਕਈ ਲੋਕਾਂ ਦੀ ਮੌਤ ਵੀ ਹੋ ਗਈ।

ਢਾਕਾ ’ਚ ਪ੍ਰਦਰਸ਼ਨਕਾਰੀਆਂ ਵੱਲੋਂ ਲੁੱਟ-ਖੋਹ ਕਰਨ ਤੋਂ ਇਲਾਵਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਉਨ੍ਹਾਂ ਦੀ ਪਾਰਟੀ ‘ਅਵਾਮੀ ਲੀਗ’ ਦੇ ਦਫਤਰਾਂ ਨੂੰ ਅੱਗ ਲਾ ਦਿੱਤੀ ਗਈ। ਸ਼ੇਖ ਹਸੀਨਾ ਦੇ ਪਿਤਾ ਅਤੇ ਬੰਗਲਾਦੇਸ਼ ਦੇ ਬਾਨੀ ਬੰਗਬੰਧੂ ਸ਼ੇਖ ਮੁਜੀਬੁਰਰਹਿਮਾਨ ਦੀ ਮੂਰਤੀ ਅਤੇ ਉਨ੍ਹਾਂ ਨਾਲ ਜੁੜੀਆਂ ਕਈ ਚੀਜ਼ਾਂ ਵੀ ਤੋੜ ਦਿੱਤੀਆਂ ਗਈਆਂ।

ਇਸ ਤਰ੍ਹਾਂ ਦੇ ਹਾਲਾਤ ਦਰਮਿਆਨ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਸਤੀਫਾ ਦੇ ਕੇ ਆਪਣੀ ਛੋਟੀ ਭੈਣ ਰੇਹਾਨਾ ਨਾਲ 5 ਅਗਸਤ ਨੂੰ ਦੇਸ਼ ਛੱਡ ਕੇ ਫੌਜ ਦੇ ਹੈਲੀਕਾਪਟਰ ਰਾਹੀਂ ਭਾਰਤ ਦੇ ਅਗਰਤਲਾ ਤੋਂ ਹੁੰਦੇ ਹੋਏ ਦੇਰ ਸ਼ਾਮ ਦਿੱਲੀ ਪਹੁੰਚ ਗਈ।

ਇਸ ਦਰਮਿਆਨ ਦੇਸ਼ ਦੀ ਫੌਜ ਨੇ ਸ਼ਾਸਨ ਸੰਭਾਲ ਲਿਆ ਹੈ। ਸੈਨਾ ਮੁਖੀ ਵੱਕਾਰ-ਉਜ਼-ਜਮਾਨ ਨੇ ਦੇਸ਼ ਨੂੰ ਸੰਬੋਧਨ ਕਰਦੇ ਹੋਏ ਸ਼ੇਖ ਹਸੀਨਾ ਦੇ ਅਸਤੀਫੇ ਅਤੇ ਫੌਜ ਵੱਲੋਂ ਸਾਰੀਆਂ ਪਾਰਟੀਆਂ ਦੀ ਸਲਾਹ ਨਾਲ ਅੰਤ੍ਰਿਮ ਸਰਕਾਰ ਗਠਿਤ ਕਰਨ ਦਾ ਐਲਾਨ ਕਰਦੇ ਹੋਏ ਕਿਹਾ ਹੈ ਕਿ ਦੇਸ਼ ਵਿਚ ਛੇਤੀ ਹੀ ਸਭ ਕੁਝ ਠੀਕ ਹੋ ਜਾਵੇਗਾ। ਹਾਲਾਂਕਿ, ਅਜਿਹਾ ਹੁੰਦਾ ਫਿਲਹਾਲ ਲੱਗਦਾ ਨਹੀਂ।

ਇਸੇ ਸਾਲ ਜਨਵਰੀ ਵਿਚ ਸ਼ੇਖ ਹਸੀਨਾ ਚੌਥੀ ਵਾਰ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਬਣੀ ਸੀ ਪਰ ਇਨ੍ਹਾਂ ਚੋਣਾਂ ਦਾ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਦੀ ਪਾਰਟੀ ‘ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ’ (ਬੀ.ਐੱਨ.ਪੀ.) ਨੇ ਬਾਈਕਾਟ ਕੀਤਾ ਸੀ ਅਤੇ ਇਹ ਤਦ ਤੋਂ ਦੇਸ਼ ਵਿਚ ਨਿਰਪੱਖ ਚੋਣਾਂ ਕਰਵਾਉਣ ਲਈ ਸ਼ੇਖ ਹਸੀਨਾ ਦੇ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫੇ ਦੀ ਮੰਗ ਕਰਦੀ ਆ ਰਹੀ ਸੀ। ਸ਼ੇਖ ਹਸੀਨਾ ਨੂੰ ਬੀ.ਐੱਨ.ਪੀ. ਵੱਲੋਂ ਚਲਾਈ ਜਾ ਰਹੀ ‘ਇੰਡੀਆ ਆਊਟ’ ਮੁਹਿੰਮ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਸੀ।

ਕੁੱਲ ਮਿਲਾ ਕੇ ਆਪਣੀ ਹੋਂਦ ’ਚ ਆਉਣ ਦੇ ਸਮੇਂ ਤੋਂ ਹੀ ਸਿਆਸੀ ਉਤਾਰ-ਚੜ੍ਹਾਅ ਦਾ ਸ਼ਿਕਾਰ ਰਿਹਾ ਬੰਗਲਾਦੇਸ਼ ਇਸ ਸਮੇਂ ਪਿਛਲੇ 53 ਸਾਲਾਂ ਵਿਚ ਹੋਂਦ ਦੇ ਸਭ ਤੋਂ ਵੱਡੇ ਸੰਕਟ ਵਿਚ ਹੈ। ਬੰਗਲਾਦੇਸ਼ੀ-ਅਮਰੀਕੀ ਸਿਆਸੀ ਵਿਸ਼ਲੇਸ਼ਕ ਸ਼ਫ਼ਕਤ ਰਬੀ ਅਨੁਸਾਰ, ‘‘ਸ਼ੇਖ ਹਸੀਨਾ ਕੋਲੋਂ ਉਹੋ ਜਿਹੀ ਹੀ ਗਲਤੀ ਹੋਈ ਹੈ, ਜਿਹੋ ਜਿਹੀ ਯਹੀਆ ਖਾਨ ਨੇ ਮਾਰਚ 1971 ਵਿਚ ਢਾਕਾ ਵਿਚ ਗੋਲੀ ਚਲਵਾ ਕੇ ਕੀਤੀ ਸੀ। ਲੱਗਦਾ ਹੈ ਕਿ ਇਸ ਵਾਰ ਵੀ ਉਂਝ ਹੀ ਹੋਣ ਜਾ ਰਿਹਾ ਹੈ।’’

ਇਸ ਦਰਮਿਆਨ ਬੀ.ਐੱਸ.ਐੱਫ. ਨੇ ਭਾਰਤ-ਬੰਗਲਾਦੇਸ਼ ਸਰਹੱਦ ਦੇ 4096 ਕਿਲੋਮੀਟਰ ਖੇਤਰ ਵਿਚ ਆਪਣੇ ਸਾਰੇ ਯੂਨਿਟਾਂ ਨੂੰ ਹਾਈ ਅਲਰਟ ’ਤੇ ਕਰ ਦਿੱਤਾ ਹੈ। ਇਸ ਸਮੇਂ ਭਾਰਤ ਸਿਆਸੀ ਦ੍ਰਿਸ਼ਟੀ ਤੋਂ ਆਪਣੇ ਕਈ ਵਿਰੋਧੀ ਗੁਆਂਢੀ ਦੇਸ਼ਾਂ ਨੇਪਾਲ, ਪਾਕਿਸਤਾਨ, ਮਾਲਦੀਵ, ਬਰਮਾ, ਚੀਨ ਆਦਿ ਨਾਲ ਘਿਰਿਆ ਹੋਇਆ ਹੈ।

ਬੰਗਲਾਦੇਸ਼ ਦੀ ਸ਼ੇਖ ਹਸੀਨਾ ਦੀ ਸਰਕਾਰ ਨਾਲ ਸਾਡੇ ਸੰਬੰਧ ਸੁਹਿਰਦਤਾ ਭਰਪੂਰ ਸਨ ਪਰ ਹੁਣ ਉਥੇ ਵੀ ਲੋਕਤੰਤਰ ਦੇ ਖਾਤਮੇ ਪਿੱਛੋਂ ਭਾਰਤ ਸਰਕਾਰ ਨੂੰ ਆਪਣੀ ਸੁਰੱਖਿਆ ਯਕੀਨੀ ਬਣਾਉਣ ਲਈ ਫੂਕ-ਫੂਕ ਕੇ ਕਦਮ ਰੱਖਣ ਅਤੇ ਸੁਰੱਖਿਆ ਵਿਵਸਥਾ ਸਖਤ ਕਰਨ ਦੀ ਤੁਰੰਤ ਲੋੜ ਹੈ।

-ਵਿਜੇ ਕੁਮਾਰ


Harpreet SIngh

Content Editor

Related News