ਕੀ ਅਸੀਂ ਮਹਾਰਿਸ਼ੀ ਦਯਾਨੰਦ ਦੇ ਦਿਖਾਏ ਹੋਏ ਮਾਰਗ ’ਤੇ ਚੱਲ ਸਕੇ ਹਾਂ?
Thursday, Feb 12, 2026 - 04:46 PM (IST)
150 ਸਾਲ ਦੀ ਅੰਗਰੇਜ਼ਾਂ ਦੀ ਗੁਲਾਮੀ ਅਤੇ ਉਨ੍ਹਾਂ ਤੋਂ ਛੁਟਕਾਰਾ ਪਾਉਣ ਦਾ ਸਖਤ ਸੰਘਰਸ਼। ਬਹੁਤ ਮੁਸ਼ਕਲ ਨਾਲ ਸਾਡੇ ਪੁਰਖਿਆਂ ਨੇ ਆਜ਼ਾਦੀ ਦੀ ਨੀਂਹ ਰੱਖੀ। ਨੀਂਹ ਦੀਆਂ ਇਨ੍ਹਾਂ ਹੀ ਮਜ਼ਬੂਤ ਇੱਟਾਂ ’ਚੋਂ ਇਕ ਸਨ-ਆਰੀਆ ਸਮਾਜ ਦੇ ਸੰਸਥਾਪਕ, ਵੇਦਾਂ ਦੇ ਗਿਆਤਾ, ਜਗਦਗੁਰੂ ਮਹਾਰਿਸ਼ੀ ਦਯਾਨੰਦ ਸਰਸਵਤੀ ਜੀ। ਆਪਣੇ ਅਗਿਆਤਵਾਸ ’ਚ ਅੰਗਰੇਜ਼ਾਂ ਦੀਆਂ ਸਿਆਸੀ ਚਾਲਾਂ ਅਤੇ ਭਾਰਤ ਦੇ ਸਮਾਜਿਕ-ਆਰਥਿਕ ਪਤਨ ਦਾ ਕਰਾਰਾ ਜਵਾਬ ਉਨ੍ਹਾਂ ਨੇ ਦਿੱਤਾ ਪਰ ਅੱਜ ਜੇਕਰ ਅਸੀਂ ਪੁੱਛੀਏ ਕਿ ਮਹਾਰਿਸ਼ੀ ਦਯਾਨੰਦ ਸਰਸਵਤੀ ਜੀ ਦੀ ਸਮਾਜ ਨੂੰ ਕੀ ਦੇਣ ਹੈ ਤਾਂ ਕੁਝ ਰਟੇ-ਰਟਾਏ ਉੱਤਰ ਮਿਲਣਗੇ-ਉਨ੍ਹਾਂ ਨੇ ਸਾਨੂੰ ਯੱਗ ਕਰਨਾ ਸਿਖਾਇਆ, ਵੇਦਾਂ ਵੱਲ ਪਰਤਣ ਦਾ ਸੰਦੇਸ਼ ਦਿੱਤਾ, ਚਾਰਾਂ ਵੇਦਾਂ ਦਾ ਅਨੁਵਾਦ ਕਰਕੇ ਸਾਨੂੰ ਸੌਂਪ ਦਿੱਤੇ, ਪੁਰਾਣੇ ਰੂੜੀ, ਅਡੰਬਰਾਂ ਅਤੇ ਖੋਖਲੇ ਵਿਚਾਰਾਂ ਦੇ ਖੋਲ ’ਚੋਂ ਕੱਢ ਕੇ ਨਵੇਂਪਣ ਨੂੰ ਅਪਣਾਉਣ ਦਾ ਸੰਦੇਸ਼ ਦਿੱਤਾ। ਵਰਣ-ਆਸ਼ਰਮ ਦੱਸੇ, ਆਰੀਆ-ਅਨਾਰੀਆ ’ਚ ਫਰਕ ਸਮਝਾਇਆ।
ਪਰ ਇਕ ਸਵਾਲ ਲੋਕਾਂ ’ਚ ਉਥਲ-ਪੁਥਲ ਮਚਾਉਂਦਾ ਹੈ ਕਿ ਮਹਾਰਿਸ਼ੀ ਦਯਾਨੰਦ ਜੀ ਨੇ ਸਾਨੂੰ ਇਹ ਸਭ ਕਿਉਂ ਦੱਸਿਆ? ਯਕੀਨੀ ਤੌਰ ’ਤੇ ਸਾਨੂੰ ਚੰਗੇ ਨਾਗਰਿਕ ਬਣਾਉਣ ਲਈ ਅਤੇ ਸਾਡੇ ’ਚ ਆਰੀਆਤਵ ਦੀ ਭਾਵਨਾ ਭਰਨ ਲਈ ਪਰ ਜ਼ਰਾ ਰੁਕੋ ਅਤੇ ਸੋਚੋ, ਕੀ ਅਸੀਂ ਅਸਲ ’ਚ ਸੁਆਮੀ ਦਯਾਨੰਦ ਸਰਸਵਤੀ ਜੀ ਦੇ ਦਿਖਾਏ ਹੋਏ ਮਾਰਗ ’ਤੇ ਚੱਲ ਸਕੇ? ਕੀ ਅਸੀਂ ਆਪਣੀਆਂ ਨਵੀਆਂ ਪੀੜ੍ਹੀਆਂ ਨੂੰ ਚੰਗੇ ਨਾਗਰਿਕ ਬਣਾ ਸਕੇ? ਕੀ ਉਨ੍ਹਾਂ ਨੂੰ ਉਹ ਸੰਸਕਾਰ ਸਿਖਾ ਸਕੇ ਜਿਨ੍ਹਾਂ ਦੀ ਰਾਹ ਮਹਾਰਿਸ਼ੀ ਦਯਾਨੰਦ ਨੇ ਸਾਨੂੰ ਦਿਖਾਈ ਸੀ?
ਸਵਾਲ ਇਹ ਵੀ ਉੱਠਦਾ ਹੈ ਕਿ ਸਾਡੀਆਂ ਸੰਤਾਨਾਂ ਅੱਜ ਕਿੱਧਰ ਜਾ ਰਹੀਆਂ ਹਨ? ਅਸੀਂ ਆਰੀਆ ਸਮਾਜੀ ਤਾਂ ਬਣ ਸਕੇ। ਕੀ ਅਸੀਂ ਇਮਾਨਦਾਰ ਅਤੇ ਜ਼ਿੰਮੇਵਾਰ ਆਰੀਆ ਸਮਾਜੀ ਬਣ ਸਕੇ? ਗੁਰੂ ਦੀ ਸ਼ਾਨ ਨੂੰ ਸੱਟ ਮਾਰਦੇ ਹੋਏ, ਪੱਛਮੀ ਸੱਭਿਆਚਾਰ ਦੀ ਅੰਨ੍ਹੇਵਾਹ ਭੇਡ-ਚਾਲ ’ਚ ਆਪਣੇ ਸੱਭਿਆਚਾਰ ਨੂੰ ਪੈਰਾਂ ਹੇਠ ਦਰੜਦਿਆਂ ਅਸੀਂ ਕਿਸ ਤਰ੍ਹਾਂ ਦੀ ਤਰੱਕੀ ਦੀ ਗੱਲ ਅੱਜ ਕਰ ਰਹੇ ਹਾਂ?
ਤਾਕ ’ਤੇ ਰੱਖੇ ਗਏ ਰਿਸ਼ਤੇ ਸਾਡੀ ਨੌਜਵਾਨ ਪੀੜ੍ਹੀ ਦੇ ਦਿਸ਼ਾਹੀਣ ਹੋ ਜਾਣ ਦੀ ਕਹਾਣੀ ਕਹਿ ਰਹੇ ਹਨ। ਪਿਛਲੇ ਦਿਨੀਂ ਕਿਸੇ ਕੋਰੀਅਨ ਐਪ ਦੀ ਖਿੱਚ ’ਚ ਬੱਝੀਆਂ ਤਿੰਨ ਸਕੀਆਂ ਭੈਣਾਂ ਵਲੋਂ ਖੁਦਕੁਸ਼ੀ ਕੋਈ ਇਕ ਇਕੱਲੀ ਮਿਸਾਲ ਨਹੀਂ ਹੈ। ਅਜਿਹੀਆਂ ਹਜ਼ਾਰਾਂ ਘਟਨਾਵਾਂ ਰੋਜ਼ ਸਾਡੇ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ। ਆਪਣੇ ਮਾਤਾ-ਪਿਤਾ ਦੀਆਂ ਇੱਛਾਵਾਂ ਅਤੇ ਆਤਮ-ਬੋਧ ਤੋਂ ਬੇਖ਼ਬਰ ਨਵੀਂ ਪੀੜ੍ਹੀ ਜ਼ਰਾ ਜਿੰਨੀ ਵੀ ਅਸਫਲਤਾ ਹੋਣ ’ਤੇ ਹੀ ਹੱਤਿਆ ਅਤੇ ਆਤਮਹੱਤਿਆ ਵਰਗੀਆਂ ਪ੍ਰਵਿਰਤੀਆਂ ਨੂੰ ਅਪਣਾ ਰਹੀ ਹੈ ਤਾਂ ਬਿਨਾਂ ਸ਼ੱਕ ਸਵਾਲ ਉੱਠਦਾ ਹੈ ਕਿ ਕੀ ਸੱਚਮੁੱਚ ਅਜਿਹੀਆਂ ਹੀ ਆਰੀਆ ਔਲਾਦਾਂ ਬਣਾਉਣ ਦਾ ਸੁਪਨਾ ਮਹਾਰਿਸ਼ੀ ਦਯਾਨੰਦ ਸਰਸਵਤੀ ਜੀ ਨੇ ਦੇਖਿਆ ਸੀ? ਹਰ ਸਾਲ ਮਹਾਰਿਸ਼ੀ ਦਯਾਨੰਦ ਜੀ ਦਾ ਜਨਮ ਦਿਵਸ ਮਨਾ ਲੈਣਾ, ਆਰੀਆ ਸਮਾਜ ’ਚ ਧੂਮਧਾਮ ਨਾਲ ਪ੍ਰਚਾਰ-ਪ੍ਰਸਾਰ ਦਾ ਢੰਡੋਰਾ ਪਿੱਟਣਾ ਅਤੇ ਇਕ-ਦੂਜੇ ਦੀ ਪ੍ਰਸ਼ੰਸਾ ਕਰਦੇ ਹੋਏ ਆਪਸ ’ਚ ਸਨਮਾਨ ਦੀਆਂ ਰਿਓੜੀਆਂ ਵੰਡ ਲੈਣੀਆਂ ਕੀ ਕਾਫੀ ਹੈ?
ਕੀ ਅਜਿਹੀਆਂ ਇੱਕਾ-ਦੁੱਕਾ ਸਰਗਰਮੀਆਂ ਨਾਲ ਅਸੀਂ ਦੇਵ ਦਯਾਨੰਦ ਦੇ ਬਲੀਦਾਨ ਦਾ ਅੰਸ਼ ਭਰ ਵੀ ਕਰਜ਼ ਚੁਕਾ ਰਹੇ ਹਾਂ? ਉਨ੍ਹਾਂ ਦਾ ਸੁਪਨਾ ਜੇਕਰ ਜੈ-ਜੈਕਾਰ ਪਾਉਣ ਦਾ ਹੀ ਹੁੰਦਾ ਤਾਂ ਉਹ ਵੇਦਾਂ ਦੀਆਂ ਮੂਲ ਕਾਪੀਆਂ ਦੀ ਖੋਜ ਨਾ ਕਰਦੇ, 17 ਵਾਰ ਜ਼ਹਿਰ ਨਾ ਪੀਂਦੇ, ਇਸ ਤੋਂ ਵੱਧ ਪ੍ਰਸਿੱਧੀ ਤਾਂ ਊਖੀਮਠ ਦੇ ਪੰਡਿਤਾਂ ਵਲੋਂ ਦਿੱਤੇ ਗਏ ਮਹੰਤ ਦੀ ਗੱਦੀ ਦੇ ਲਾਲਚ ਨੂੰ ਪ੍ਰਵਾਨ ਕਰਕੇ ਵੀ ਮਿਲ ਜਾਂਦੀ। ਸਾਰੀਆਂ ਸੁੱਖ-ਸਹੂਲਤਾਂ ਲਈ ਜੈ-ਜੈਕਾਰ ਹਾਸਲ ਕਰਨੀ ਕੋਈ ਔਖਾ ਕੰਮ ਨਹੀਂ ਹੈ ਪਰ ਉਨ੍ਹਾਂ ਦਾ ਟੀਚਾ ਤਾਂ ਮਨੁੱਖ ਜਾਤੀ ਨੂੰ ਬੁਲੰਦੀ ’ਤੇ ਦੇਖਣ ਦਾ ਸੀ। ਕੀ ਅਸੀਂ ਉਨ੍ਹਾਂ ਦੇ ਇਸ ਟੀਚੇ ਨੂੰ ਪੂਰਾ ਕਰਨ ਵੱਲ ਵਧ ਰਹੇ ਹਾਂ? ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਦੇਸ਼ ਅਤੇ ਸਮਾਜ ਦੇ ਸੱਚੇ ਪਹਿਰੇਦਾਰ ਬਣਨ ਦਾ ਫਰਜ਼ ਅਸੀਂ ਕਦੋਂ ਨਿਭਾਵਾਂਗੇ? ਆਓ! ਸਵੈ-ਪੜਚੋਲ ਕਰੀਏ ਕਿ ਰਿਸ਼ੀ ਕਰਜ਼ਾ ਅਤੇ ਗੁਰੂ ਕਰਜ਼ਾ ਅਦਾ ਕਰਨ ’ਚ ਕਿੱਥੇ-ਕਿੱਥੇ ਕੁਤਾਹੀ ਹੋ ਰਹੀ ਹੈ।
ਸਿੱਖਿਆ ਸੰਸਥਾਵਾਂ ਰਾਹੀਂ ਅਜਿਹੇ ਸਾਂਚਿਆਂ ਦਾ ਨਿਰਮਾਣ ਕਰਨਾ ਬਹੁਤ ਜ਼ਰੂਰੀ ਹੈ ਜੋ ਸਮਾਜ ਨੂੰ ਨਵੀਂ ਦਿਸ਼ਾ ਦੇ ਸਕਣ, ਜੋ ਸਾਡੀਆਂ ਔਲਾਦਾਂ ’ਚ ਆਪਣੇ ਵੈਦਿਕ ਸੱਭਿਆਚਾਰ ਅਤੇ ਸਾਡੇ ਮਾਣਮੱਤੇ ਇਤਿਹਾਸ ਪ੍ਰਤੀ ਮਾਣ ਦੀ ਭਾਵਨਾ ਜਗਾ ਸਕਣ। ਸਿਰਫ ਇਕ ਜਾਂ ਦੋ ਸੰਸਥਾਵਾਂ ਦੇ ਯਤਨਾਂ ਨਾਲ ਸਭ ਕੁਝ ਸੰਭਵ ਨਹੀਂ ਹੋ ਸਕਦਾ। ਸਾਰੀਆਂ ਸਿੱਖਿਆ ਸੰਸਥਾਵਾਂ ਨੂੰ, ਅਧਿਆਪਕਾਂ ਨੂੰ, ਮਾਪਿਆਂ ਨੂੰ ਅਤੇ ਨੌਜਵਾਨਾਂ ਨੂੰ ਸਮਾਜ ਦੇ ਜਾਗਰੂਕ ਮੈਂਬਰ ਬਣਨਾ ਚਾਹੀਦਾ ਹੈ ਅਤੇ ਆਰੀਆ ਭਾਵ ਸ੍ਰੇਸ਼ਟ ਦੀ ਪਰਿਭਾਸ਼ਾ ਨੂੰ ਨਵੇਂ ਸਿਰੇ ਤੋਂ ਘੜਨਾ ਪਵੇਗਾ; ਤਾਂ ਹੀ ਮਹਾਰਿਸ਼ੀ ਦਯਾਨੰਦ ਜੀ ਦੇ ਸੁਪਨਿਆਂ ਦਾ ਸਿਰਜਿਆ, ਤੇਜਸਵੀ ਅਤੇ ਸ੍ਰੇਸ਼ਟ ਭਾਰਤ ਰਚਿਆ ਜਾ ਸਕੇਗਾ। ਉੱਠੋ, ਜਾਗੋ ਅਤੇ ‘ਸੰਗੱਛਧਵੰ-ਸੰਵਦਧਵੰ’ ਦੇ ਨਾਅਰੇ ਦੇ ਨਾਲ ਮੁੜ ਦੇਸ਼ ਦਾ ਨਵ-ਨਿਰਮਾਣ ਕਰੋ।
ਕੈਪਟਨ ਵਿਜੇ ਸਿਆਲ
(ਮੰਤਰੀ, ਆਰੀਆ ਸਮਾਜ ਮਾਡਲ ਟਾਊਨ, ਲੁਧਿਆਣਾ)
