ਅਯੁੱਧਿਆ : ਭਾਜਪਾ ਤੋਂ ਜਨਤਾ ਦੀ ਦੂਰੀ ਕਿਉਂ?

Wednesday, Oct 02, 2024 - 01:42 PM (IST)

ਅਯੁੱਧਿਆ : ਭਾਜਪਾ ਤੋਂ ਜਨਤਾ ਦੀ ਦੂਰੀ ਕਿਉਂ?

ਦਿਨ 22 ਜਨਵਰੀ, 2024, ਅਯੁੱਧਿਆ ਸ਼ਹਿਰ ਵਿਚ ਵਿਸ਼ਾਲ ਰਾਮ ਮੰਦਰ ਦਾ ਉਦਘਾਟਨ। ਦੇਸ਼ ਭਰ ਦੇ ਲੋਕਾਂ ਵਿਚ ਖਾਸ ਕਰ ਕੇ ਰਾਮ ਭਗਤਾਂ ਵਿਚ ਅਜਿਹਾ ਭਾਰੀ ਉਤਸ਼ਾਹ ਦਾ ਮਾਹੌਲ ਸੀ ਕਿ ਪੂਰਾ ਦੇਸ਼ ਰਾਮਮਈ ਹੋ ਗਿਆ। ਕੇਂਦਰ ਦੀ ਸੱਤਾਧਾਰੀ ਭਾਜਪਾ ਸਰਕਾਰ ਦੇ ਕਪਤਾਨਾਂ ਨੂੰ ਲੱਗਾ ਕਿ 6 ਮਹੀਨਿਆਂ ਬਾਅਦ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਪਾਰਟੀ ਦਾ ਬੇੜਾ ਪਾਰ ਹੋ ਗਿਆ ਤਾਂ ਚੋਣਾਵੀ ਬੇੜੀ ਆਸਾਨੀ ਨਾਲ ਕੰਢੇ ਲੱਗ ਜਾਵੇਗੀ ਪਰ ਇਹ ਸਭ ਇਕ ਸੁਫਨਾ ਹੀ ਰਹਿ ਗਿਆ ਕਿਉਂਕਿ ਭਾਰਤੀ ਜਨਤਾ ਪਾਰਟੀ ਨੂੰ 2019 ਦੇ ਮੁਕਾਬਲੇ 2024 ਦੀਆਂ ਲੋਕ ਸਭਾ ਚੋਣਾਂ ਵਿਚ ਨੁਕਸਾਨ ਉਠਾਉਣਾ ਪਿਆ ਅਤੇ ਕੇਂਦਰ ਵਿਚ ਗੱਠਜੋੜ ਸਰਕਾਰ ਬਣਾਉਣ ਲਈ ਮਜਬੂਰ ਹੋਣਾ ਪਿਆ।

2024 ਦੀਆਂ ਲੋਕ ਸਭਾ ਚੋਣਾਂ ’ਚ ਦੇਸ਼ ਉਸ ਸਮੇਂ ਹੈਰਾਨ ਰਹਿ ਗਿਆ ਜਦੋਂ ਅਯੁੱਧਿਆ ਸਥਿਤ ਫੈਜ਼ਾਬਾਦ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਨੂੰ ਵੀ ‘ਰਾਮ ਲਹਿਰ’ ’ਚ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਸਭ ਕੁਝ ਅੱਜ ਇਤਿਹਾਸ ਦੇ ਪੰਨਿਆਂ ਵਿਚ ਦਰਜ ਹੈ ਪਰ ਜੇਕਰ ਅੱਜ ਦੀ ਗੱਲ ਕਰੀਏ ਤਾਂ ਭਾਰਤੀ ਜਨਤਾ ਪਾਰਟੀ ਪ੍ਰਤੀ ਲੋਕਾਂ ਦੀ ਨਾਰਾਜ਼ਗੀ ਇਕ ਫੀਸਦੀ ਵੀ ਘੱਟ ਨਹੀਂ ਹੋਈ ਅਤੇ ਇਹ ਅਜੇ ਵੀ ਜਾਰੀ ਹੈ। ਅਯੁੱਧਿਆ ਦੇ ਸਥਾਨਕ ਨਿਵਾਸੀ ਇਸ ਦੇ ਕਈ ਕਾਰਨ ਦੱਸਦੇ ਹਨ। ਰਾਮਪਥ ਦੇ ਨਿਰਮਾਣ ਵਿਚ ਮੁਆਵਜ਼ੇ ਦੀ ਬਾਂਦਰ ਵੰਡ : ਅਯੁੱਧਿਆ ਵਿਚ ਰਾਮਪਥ ਦੇ ਨਿਰਮਾਣ ਵਿਚ ਸਰਕਾਰੀ ਮੁਆਵਜ਼ੇ ਦੀ ਬਾਂਦਰ ਵੰਡ ਨਾ ਸਿਰਫ਼ ਪਹਿਲਾਂ ਇਕ ਵੱਡਾ ਮੁੱਦਾ ਸੀ ਬਲਕਿ ਅੱਜ ਵੀ ਲੋਕਾਂ ਦੀ ਜ਼ੁਬਾਨ ’ਤੇ ਹੈ। ਇਹ ਮੁਆਵਜ਼ਾ ਬਹੁਤ ਸਾਰੇ ਉਨ੍ਹਾਂ ਲੋਕਾਂ ਨੇ ਪ੍ਰਾਪਤ ਕੀਤਾ ਜੋ ਇਕ ਪੈਸਾ ਵੀ ਲੈਣ ਦੇ ਯੋਗ ਨਹੀਂ ਸਨ, ਜਦੋਂ ਕਿ ਰੌਲੇ-ਰੱਪੇ ਵਿਚ ਅਸਲ ਹੱਕਦਾਰ ਪਿੱਛੇ ਰਹਿ ਗਏ। ਇਹ ਸਥਾਨਕ ਲੋਕਾਂ ਦਾ ਕਹਿਣਾ ਹੈ।

ਇੰਨਾ ਹੀ ਨਹੀਂ, ਜਿਹੜੇ ਲੋਕ ਫਾਰਚੂਨਰ ਗੱਡੀ ਦੇ ਸਪੈਲਿੰਗ ਵੀ ਨਹੀਂ ਜਾਣਦੇ ਸਨ, ਅੱਜ ਉਹ ਇਸ ਫਾਰਚੂਨਰ ਗੱਡੀ ਵਿਚ ਸਫਰ ਕਰਨ ਦਾ ਆਨੰਦ ਲੈ ਰਹੇ ਹਨ ਅਤੇ ਅਸਲ ਪਾਤਰਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕ ਰਹੇ ਹਨ, ਇਹ ਕਹਿਣਾ ਹੈ ਅਯੁੱਧਿਆ ਵਿਚ ਗੈਸਟ ਹਾਊਸ ਚਲਾਉਣ ਵਾਲੇ ਇਕ ਵਿਅਕਤੀ ਦਾ, ਜੋ ਆਪਣਾ ਨਾਂ ਜਨਤਕ ਨਹੀਂ ਕਰਨਾ ਚਾਹੁੰਦੇ। ਉਹ ਇੱਥੇ ਹੀ ਨਹੀਂ ਰੁਕੇ ਅਤੇ ਕਿਹਾ, ‘‘ਅੱਜ ਦੇ ਸਮੇਂ ਵਿਚ 1 ਲੱਖ ਰੁਪਏ ਦੇ ਮੁਆਵਜ਼ੇ ਦੀ ਕੀ ਕੀਮਤ ਹੈ, ਕੀ ਇਹ ਉਨ੍ਹਾਂ ਸਥਾਨਕ ਲੋਕਾਂ ਨਾਲ ਮਜ਼ਾਕ ਨਹੀਂ ਸੀ?’’

ਛੋਟੇ ਵਪਾਰੀ ਪ੍ਰੇਸ਼ਾਨ : ਭਾਈ ਸਾਹਿਬ, ਅਸੀਂ ਆਪਣਾ ਕਾਰੋਬਾਰ ਕਿੱਥੇ ਕਰੀਏ? ਰਾਮਪਥ ਦਾ ਨਿਰਮਾਣ ਹੋ ਚੁੱਕਾ ਹੈ, ਹੁਣ ਸਾਨੂੰ ਸ਼੍ਰੀ ਰਾਮ ਮੰਦਰ ਦੇ ਆਲੇ-ਦੁਆਲੇ ਦੇ ਖੇਤਰ ਵਿਚ ਆਪਣਾ ਕਾਰੋਬਾਰ ਕਰਨ ਦੀ ਵੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ । ਪੁਲਸ ਹਮੇਸ਼ਾ ਸਾਨੂੰ ਭਜਾਉਣ ’ਤੇ ਤੁਲੀ ਰਹਿੰਦੀ ਹੈ। ਸਾਡੀਆਂ ਪੁਰਾਣੀਆਂ ਦੁਕਾਨਾਂ ਰਾਮਪਥ ਦੀ ਭੇਟ ਚੜ੍ਹ ਗਈਆਂ ਅਤੇ ਹੁਣ ਸਾਨੂੰ ਸੜਕਾਂ ’ਤੇ ਰੇਹੜੀਆਂ ਲਗਾਉਣ ਲਈ ਇੱਧਰ-ਉੱਧਰ ਭਟਕਣਾ ਪੈ ਰਿਹਾ ਹੈ, ਜਿਸ ਕਾਰਨ ਕਾਰੋਬਾਰ ਠੱਪ ਹੋ ਕੇ ਰਹਿ ਗਿਆ ਹੈ। ਇਹ ਸ਼ਬਦ ਉਨ੍ਹਾਂ ਜ਼ਿਆਦਾਤਰ ਗਲੀ-ਮੁਹੱਲੇ ਦੇ ਵਿਕਰੇਤਾਵਾਂ ਦੇ ਹਨ ਜੋ ਆਪਣੇ ਛੋਟੇ ਕਾਰੋਬਾਰਾਂ ਰਾਹੀਂ ਆਪਣੀ ਰੋਜ਼ੀ-ਰੋਟੀ ਕਮਾਉਂਦੇ ਹਨ। ਅਜਿਹੇ ’ਚ ਉਨ੍ਹਾਂ ਨੂੰ ਆਪਣੇ ਪਰਿਵਾਰ ਨੂੰ ਸੰਭਾਲਣ ਦੀ ਚਿੰਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਈ-ਰਿਕਸ਼ਾ ਅਤੇ ਟੈਕਸੀ ਡਰਾਈਵਰਾਂ ਦੀ ਸਮੱਸਿਆ : ਸ਼੍ਰੀ ਰਾਮ ਮੰਦਰ ਦੇ ਦਰਸ਼ਨਾਂ ਲਈ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਦੀ ਭੀੜ ਨੂੰ ਦੇਖਦੇ ਹੋਏ ਅਯੁੱਧਿਆ ਧਾਮ ’ਚ ਈ-ਰਿਕਸ਼ਾ ਅਤੇ ਟੈਕਸੀ ਚਾਲਕਾਂ ਦੀ ਗਿਣਤੀ ’ਚ ਵੀ ਅਚਾਨਕ ਵਾਧਾ ਹੋਇਆ ਹੈ। ਇਹ ਲੋਕ ਹੁਣ ਸਥਾਨਕ ਪੁਲਸ ਵੱਲੋਂ ਵਾਰ-ਵਾਰ ਰੋਕੇ ਜਾਣ ਤੋਂ ਬੇਹੱਦ ਪ੍ਰੇਸ਼ਾਨ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ, ‘‘ਜਦੋਂ ਪੁਲਸ ਚਾਹੇ ਤਾਂ ਅਚਾਨਕ ਨਾਕਾਬੰਦੀ ਕਰ ਦਿੱਤੀ ਜਾਂਦੀ ਹੈ ਅਤੇ ਸਾਨੂੰ ਇੱਧਰ-ਉੱਧਰ ਦੇ ਰਾਹਾਂ ਵੱਲ ਮੋੜ ਦਿੱਤਾ ਜਾਂਦਾ ਹੈ, ਜਦੋਂ ਕਿ ਰਾਮ ਮੰਦਰ ਨੇੜੇ ਰਾਮ ਮਾਰਗ ’ਤੇ ਵੱਡੀਆਂ-ਵੱਡੀਆਂ ਬੱਸਾਂ ਬਿਨਾਂ ਕਿਸੇ ਰੁਕਾਵਟ ਦੇ ਆ-ਜਾ ਸਕਦੀਆਂ ਹਨ ਪਰ ਸਾਨੂੰ ਈ-ਰਿਕਸ਼ਾ ਅਤੇ ਟੈਕਸੀ ਚਾਲਕਾਂ ਨੂੰ ਉੱਥੇ ਜਾਣ ਦੀ ਮਨਾਹੀ ਹੈ। ਆਖ਼ਿਰ ਬਾਲ-ਬੱਚਿਆਂ ਦੀ ਪਾਲਣਾ ਕਿਵੇਂ ਹੋਵੇਗੀ?’’ ਅਯੁੱਧਿਆ ਪ੍ਰਸ਼ਾਸਨ ਨੂੰ ਇਹ ਸਵਾਲ ਸਾਰੇ ਈ-ਰਿਕਸ਼ਾ ਅਤੇ ਟੈਕਸੀ ਡਰਾਈਵਰਾਂ ਦਾ ਹੈ? ਅਯੁੱਧਿਆ ਨੂੰ ਨਿਗਮ ਦਾ ਦਰਜਾ ਮੁਸੀਬਤ ਦਾ ਕਾਰਨ : ਇਸ ਤੋਂ ਇਲਾਵਾ ਅਯੁੱਧਿਆ ਨੂੰ ਨਗਰ ਨਿਗਮ ਦਾ ਦਰਜਾ ਮਿਲਣ ਤੋਂ ਬਾਅਦ ਇਸ ਵਿਚ ਸ਼ਾਮਲ ਕਈ ਪਿੰਡਾਂ ਦੇ ਲੋਕ ਨਿਗਮ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ ਅਤੇ ਉਹ ਸਾਰੇ ਪਹਿਲਾਂ ਵਾਂਗ ਬਿਨਾਂ ਕਿਸੇ ਰੋਕ-ਟੋਕ ਦੇ ਖੁੱਲ੍ਹ ਕੇ ਰਹਿਣਾ ਚਾਹੁੰਦੇ ਹਨ।

ਅਯੁੱਧਿਆ ਦੇ ਬਦਲਦੇ ਮਾਹੌਲ ਵਿਚ ਅੱਜ ਸਥਿਤੀ ਇਹ ਹੈ ਕਿ ਵੱਡੇ ਕਾਰੋਬਾਰੀ ਆਪਣੀ ਕਿਸਮਤ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਛੋਟੇ ਕਾਰੋਬਾਰੀ ਵਿਹਲੇ ਬੈਠਣ ਲਈ ਮਜਬੂਰ ਹਨ। ਲੋਕ ਸਭਾ ਚੋਣਾਂ ਵਿਚ ਮਿਲੀ ਕਰਾਰੀ ਹਾਰ ਤੋਂ ਬਾਅਦ ਵੀ ਭਾਰਤੀ ਜਨਤਾ ਪਾਰਟੀ ਨੇ ਅਯੁੱਧਿਆ ਵਿਚ ਕੋਈ ਸਬਕ ਨਹੀਂ ਸਿੱਖਿਆ ਅਤੇ ਨਾ ਹੀ ਅਜਿਹੇ ਲੋਕਾਂ ਦੀ ਨਾਰਾਜ਼ਗੀ ਦੂਰ ਕਰਨ ਦਾ ਕੋਈ ਉਪਰਾਲਾ ਕੀਤਾ ਗਿਆ, ਜਿਸ ਕਾਰਨ ਲੋਕ ਅੱਜ ਵੀ ਭਗਵਾ ਪਾਰਟੀ ਤੋਂ ਮੂੰਹ ਫੁਲਾ ਕੇ ਬੈਠੇ ਹਨ ਪਰ ਇਸ ਸਭ ਦੇ ਬਾਵਜੂਦ ਭਗਵਾਨ ਸ਼੍ਰੀ ਰਾਮ ਦੀ ਨਗਰੀ ਵਿਚ ਜੈ ਸ਼੍ਰੀ ਰਾਮ ਦੇ ਨਾਅਰੇ ਦਿਨ-ਰਾਤ ਲਗਾਤਾਰ ਕੰਨਾਂ ਵਿਚ ਗੂੰਜਦੇ ਰਹਿੰਦੇ ਹਨ ਅਤੇ ਦੇਸ਼-ਵਿਦੇਸ਼ ਤੋਂ ਆਏ ਲੋਕ ਭਗਵਾਨ ਸ਼੍ਰੀ ਰਾਮ ਅੱਗੇ ਮੱਥਾ ਟੇਕ ਕੇ ਆਪਣੇ ਆਪ ਨੂੰ ਧੰਨ ਸਮਝਦੇ ਹਨ।

-ਸ਼ਿਸ਼ੂ ਸ਼ਰਮਾ ਸ਼ਾਂਤਲ


author

Tanu

Content Editor

Related News