ਆਖਿਰ ਇਕ-ਦੂਜੇ ’ਤੇ ਕਿਉਂ ਸ਼ੱਕ ਕਰਦੇ ਹਨ ਪਤੀ-ਪਤਨੀ

Thursday, Nov 06, 2025 - 04:26 PM (IST)

ਆਖਿਰ ਇਕ-ਦੂਜੇ ’ਤੇ ਕਿਉਂ ਸ਼ੱਕ ਕਰਦੇ ਹਨ ਪਤੀ-ਪਤਨੀ

ਦੇਸ਼ ’ਚ ਪਤੀ-ਪਤਨੀ ਦੇ ਆਪਸੀ ਮਤਭੇਦ ਜਾਂ ਕਿਸੇ ਇਕ ਸਾਥੀ ਦੇ ਅਫੇਅਰ ਕਾਰਨ ਤਲਾਕ ਦੇ ਮਾਮਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਪਰ ਹਾਲ ਹੀ ’ਚ ਕੇਰਲ ਹਾਈਕੋਰਟ ਨੇ ਇਕ ਅਜਿਹਾ ਫੈਸਲਾ ਸੁਣਾਇਆ ਹੈ ਜਿਸ ਨੇ ਵਿਆਹੁਤਾ ਰਿਸ਼ਤਿਆਂ ਨੂੰ ਲੈ ਕੇ ਨਵੀਂ ਬਹਿਸ ਛੇੜ ਦਿੱਤੀ ਹੈ। ਅਦਾਲਤ ਨੇ ਕਿਹਾ ਹੈ ਕਿ ਜੇਕਰ ਪਤੀ ਆਪਣੀ ਪਤਨੀ ’ਤੇ ਲਗਾਤਾਰ ਸ਼ੱਕ ਕਰਦਾ ਹੈ, ਉਸ ਦੀ ਆਜ਼ਾਦੀ ’ਚ ਦਖਲਅੰਦਾਜ਼ੀ ਕਰਦਾ ਹੈ ਜਾਂ ਉਸ ਦੀਆਂ ਸਰਗਰਮੀਆਂ ’ਤੇ ਨਜ਼ਰ ਰੱਖਦਾ ਹੈ ਤਾਂ ਇਹ ਗੰਭੀਰ ਮਾਨਸਿਕ ਤਸੀਹੇ ਦੇ ਦਾਇਰੇ ’ਚ ਆਉਂਦਾ ਹੈ।

ਆਖਿਰਕਾਰ ਪਤੀ ਪਤਨੀਆਂ ’ਤੇ ਕਿਉਂ ਸ਼ੱਕ ਕਰਦੇ ਹਨ? ਇਸ ਦੇ ਮਨੋਵਿਗਿਆਨਿਕ ਕਾਰਨ ਹਨ। ਕਈ ਵਾਰ ਅਜਿਹਾ ਦੇਖਿਆ ਜਾਂਦਾ ਹੈ ਕਿ ਸ਼ੱਕ ਦੇ ਕਾਰਨ ਰਿਸ਼ਤਿਆਂ ’ਚ ਕੁੜੱਤਣ ਆਉਣ ਲੱਗਦੀ ਹੈ।

ਮਨੋਚਿਕਿਤਸਕਾਂ ਦਾ ਕਹਿਣਾ ਹੈ ਕਿ ਕਿਸੇ ’ਤੇ ਸ਼ੱਕ ਕਰਨਾ, ਭਾਵੇਂ ਕੋਈ ਬਹੁਤ ਵੱਡੀ ਸਮੱਸਿਆ ਨਾ ਹੋਵੇ, ਪਰ ਇਹ ਕਿਸੇ ਸਮੱਸਿਆ ਵੱਲ ਪਹਿਲਾ ਪੜਾਅ ਜ਼ਰੂਰ ਹੈ। ਚਾਰ ਵੱਡੇ ਕਾਰਨ ਹਨ ਜਿਸ ਦੇ ਕਾਰਨ ਪਤੀ ਪਤਨੀਆਂ ’ਤੇ ਸ਼ੱਕ ਕਰਦੇ ਹਨ। ਸਭ ਤੋਂ ਪਹਿਲਾ, ਜੇਕਰ ਪਤਨੀ ਪਤੀ ਨਾਲ ਘੱਟ ਗੱਲ ਕਰਦੀ ਹੈ ਅਤੇ ਦੂਜੇ ਲੋਕਾਂ ਨਾਲ ਗੱਲ ਕਰਦੇ ਹੋਏ ਨਹੀਂ ਥੱਕਦੀ ਤਾਂ ਇਹ ਮਰਦਾਂ ਦੇ ਮਨ ’ਚ ਸ਼ੱਕ ਪੈਦਾ ਕਰ ਦਿੰਦਾ ਹੈ। ਉਹ ਕਿਸੇ ਨੂੰ ਇਹ ਗੱਲਾਂ ਦੱਸਣਾ ਪਸੰਦ ਨਹੀਂ ਕਰਦੇ ਅਤੇ ਮਨ ’ਚ ਹੀ ਗੱਲ ਰੱਖਣ ਦੀ ਵਜ੍ਹਾ ਨਾਲ ਉਨ੍ਹਾਂ ਦਾ ਸ਼ੱਕ ਵਧਦਾ ਚਲਾ ਜਾਂਦਾ ਹੈ।

ਅਕਸਰ ਦੇਖਿਆ ਜਾਂਦਾ ਹੈ ਕਿ ਮਰਦ ਆਪਣੀ ਪਾਰਟਨਰ ਨੂੰ ਕਿਸੇ ਦੂਜੇ ਮਰਦ ਨਾਲ ਦੇਖ ਕੇ ਜਲਣ ਮਹਿਸੂਸ ਕਰਨ ਲੱਗਦੇ ਹਨ। ਉਨ੍ਹਾਂ ਦੀ ਅਸੁਰੱਖਿਆ ਦੀ ਭਾਵਨਾ ਦੀ ਹੱਦ ਤਾਂ ਉਦੋਂ ਪਾਰ ਹੋ ਜਾਂਦੀ ਹੈ ਜਦੋਂ ਉਹ ਅਾਪਣੀ ਪਤਨੀ ਦੇ ਮੂੰਹੋਂ ਦੂਸਰੇ ਮਰਦ ਦੀ ਤਾਰੀਫ ਸੁਣਦੇ ਹਨ। ਇਹੀ ਕਾਰਨ ਹੈ ਕਿ ਵਿਆਹੁਤਾ ਮਹਿਲਾਵਾਂ ਨੂੰ ਅੱਜ ਵੀ ਮਰਦ ਦੋਸਤ ਹੋਣ ’ਤੇ ਕਈ ਤਰ੍ਹਾਂ ਨਾਲ ਸਮਾਜਿਕ ਤਾਅਨੇ ਸੁਣਨੇ ਪੈਂਦੇ ਹਨ।

ਤੀਜਾ ਨੁਕਤਾ ਇਹ ਹੈ ਕਿ ਜੇਕਰ ਕੋਈ ਮਹਿਲਾ ਹਰ ਸਮੇਂ ਮੋਬਾਈਲ ’ਤੇ ਲੱਗੀ ਰਹਿੰਦੀ ਹੈ ਤਾਂ ਇਹ ਕਿਸੇ ਵੀ ਪਤੀ ਦੇ ਮਨ ’ਚ ਸ਼ੱਕ ਪੈਦਾ ਕਰ ਸਕਦਾ ਹੈ। ਮਰਦਾਂ ਦਾ ਮੰਨਣਾ ਹੈ ਕਿ ਜਦੋਂ ਉਨ੍ਹਾਂ ਦੀ ਪਤਨੀ ਚੁੱਪਚਾਪ ਮੋਬਾਈਲ ’ਤੇ ਜ਼ਿਆਦਾ ਸਮਾਂ ਬਿਤਾਉਂਦੀ ਹੈ ਤਾਂ ਉਨ੍ਹਾਂ ਨੂੰ ਸ਼ੱਕ ਹੁੰਦਾ ਹੈ, ਫਿਰ ਭਾਵੇਂ ਉਹ ਫੋਨ ’ਤੇ ਕੋਈ ਗੇਮ ਹੀ ਕਿਉਂ ਨਾ ਖੇਡ ਰਹੀ ਹੋਵੇ ਜਾਂ ਫਿਰ ਉਹ ਫੋਨ ’ਤੇ ਆਪਣਾ ਕੰਮ ਕਰ ਰਹੀ ਹੋਵੇ।

ਵਿਆਹ ਤੋਂ ਬਾਅਦ ਪਤਨੀ ਅਾਪਣੇ ਐਕਸ ਨਾਲ ਦੋਸਤੀ ਦਾ ਰਿਸ਼ਤਾ ਬਰਕਰਾਰ ਰੱਖਦੀ ਹੈ ਤਾਂ ਪਤੀ ਨੂੰ ਇਹ ਪਸੰਦ ਨਹੀਂ ਆਉਂਦਾ ਹੈ। ਬੇਸ਼ੱਕ ਉਹ ਆਪਣੇ ਚਿਹਰੇ ’ਤੇ ਇਸ ਗੱਲ ਨੂੰ ਜ਼ਾਹਿਰ ਨਾ ਹੋਣ ਦੇਵੇ ਪਰ ਮਨ ਹੀ ਮਨ ਪਤਨੀ ਨੂੰ ਪੁਰਾਣੇ ਪ੍ਰੇਮੀ ਨਾਲ ਦੇਖ ਕੇ ਬਹੁਤ ਬੁਰਾ ਫੀਲ ਕਰਦਾ ਹੈ। ਅਜਿਹੇ ’ਚ ਸ਼ੱਕ ਘਰ ਕਰ ਜਾਂਦਾ ਹੈ।

ਇਸੇ ਤਰ੍ਹਾਂ ਨਾਲ ਕੁਝ ਪਤਨੀਆਂ ਵੀ ਪਤੀ ’ਤੇ ਸ਼ੱਕ ਕਰਦੀਆਂ ਹਨ। ਇਸ ਦੇ ਕਈ ਕਾਰਨ ਦੇਖੇ ਜਾ ਰਹੇ ਹਨ ਜੋ ਕਿ ਮਾਨਸਿਕ ਤਸੀਹਿਆਂ ਨੂੰ ਜਨਮ ਦਿੰਦੇ ਹਨ। ਜਿਵੇਂ ਕਿ ਪਤੀ ਜਦੋਂ ਕੰਮ ਤੋਂ ਥੱਕ-ਹਾਰ ਕੇ ਆਉਣ ਤੋਂ ਬਾਅਦ ਵੀ ਮੋਬਾਈਲ ’ਤੇ ਚੈਟਿੰਗ ਕਰਨ ’ਚ ਲੱਗੇ ਰਹਿੰਦੇ ਹਨ ਤਾਂ ਪਤਨੀਆਂ ਨੂੰ ਸ਼ੱਕ ਹੋਣ ਲੱਗਦਾ ਹੈ। ਜ਼ਾਹਿਰ ਹੈ ਕਿ ਇਹ ਉਹ ਸਮਾਂ ਹੁੰਦਾ ਹੈ ਜਦੋਂ ਪਤਨੀ ਪਤੀ ਦੇ ਨਾਲ ਪਿਆਰ ਦੇ ਕੁਝ ਪਲ ਗੁਜ਼ਾਰਨਾ ਚਾਹੁੰਦੀ ਹੈ ਅਤੇ ਅਜਿਹੇ ’ਚ ਪਤੀ ਦਾ ਫੋਨ ਨਾਲ ਚਿੰਬੜੇ ਰਹਿਣਾ ਪਤਨੀ ਦੇ ਸ਼ੱਕ ਦਾ ਕਾਰਨ ਬਣਦਾ ਹੈ।

ਪਤੀਅਾਂ ਨੂੰ ਵੀ ਬਹੁਤ ਸਾਰੀਅਾਂ ਦਿੱਕਤਾਂ ਅਤੇ ਮਾਨਸਿਕ ਪ੍ਰੇਸ਼ਾਨੀਆਂ ਹੁੰਦੀਆਂ ਹਨ। ਹੋ ਸਕਦਾ ਹੈ ਪਤੀ ਆਪਣੀ ਕਿਸੇ ਪ੍ਰੇਸ਼ਾਨੀ ਕਾਰਨ ਪਤਨੀ ਤੋਂ ਦੂਰੀ ਬਣਾ ਰਹੇ ਹਨ ਪਰ ਇਸ ਦੂਰੀ ਨੂੰ ਪਤਨੀ ਸ਼ੱਕ ਦੀ ਨਿਗਾਹ ਨਾਲ ਦੇਖਣ ਲੱਗਦੀ ਹੈ। ਪਤਨੀ ਦਾ ਮਨ ਜ਼ਰੂਰ ਖਰਾਬ ਹੁੰਦਾ ਹੈ ਪਰ ਪਤੀ ਦੀ ਬੇਰੁਖੀ ਪਤਨੀ ਨੂੰ ਬੇਵਫਾਈ ਲੱਗਣੀ ਸ਼ੁਰੂ ਹੋ ਜਾਂਦੀ ਹੈ। ਕੁਝ ਪਤੀ ਪਤਨੀ ’ਤੇ ਹਰ ਸਮੇਂ ਗੁੱਸਾ ਦਿਖਾਉਣ ਲੱਗਦੇ ਹਨ ਤਾਂ ਦੋਵਾਂ ਦਰਮਿਆਨ ਲੜਾਈ ਹੋਣਾ ਜਾਂ ਦੂਰੀ ਬਣਨੀ ਸ਼ੁਰੂ ਹੋ ਜਾਂਦੀ ਹੈ। ਇਸ ਸਥਿਤੀ ’ਚ ਪਤਨੀ ਨੂੰ ਲੱਗਦਾ ਹੈ ਕਿ ਪਤੀ ਦੀ ਇਸ ਨਾਰਾਜ਼ਗੀ ਅਤੇ ਗੁੱਸੇ ਦਾ ਕਾਰਨ ਕੁਝ ਹੋਰ ਹੀ ਹੈ।

ਪਤੀ-ਪਤਨੀ ਦਾ ਰਿਸ਼ਤਾ ਬੇਹੱਦ ਅਨੋਖਾ ਹੁੰਦਾ ਹੈ। ਦੋਵਾਂ ਦਾ ਆਪਸੀ ਪਿਆਰ ਅਤੇ ਨੋਕ-ਝੋਕ ਵਿਆਹ ਨੂੰ ਮਜ਼ਬੂਤ ਬਣਾਈ ਰੱਖਦੇ ਹਨ ਪਰ ਕਿਸੇ ਕਾਰਨ ਪਤੀ ਪਤਨੀ ’ਚ ਰੁਚੀ ਦਿਖਾਉਣਾ, ਤਾਰੀਫ ਕਰਨਾ, ਗੌਰ ਕਰਨਾ ਅਤੇ ਗੱਲਾਂ ’ਤੇ ਧਿਆਨ ਦੇਣਾ ਬੰਦ ਕਰ ਦੇਵੇ ਤਾਂ ਪਤਨੀ ਨੂੰ ਇਸ ਦਾ ਕਾਰਨ ਪਤੀ ਦਾ ਕਿਸੇ ਪਾਸੇ ਦਿਲਚਸਪੀ ਦਿਖਾਉਣਾ ਲੱਗਦਾ ਹੈ। ਇਹ ਸ਼ੱਕ ਦੀ ਇਕ ਵੱਡੀ ਵਜ੍ਹਾ ਹੈ। ਪਤੀ ਦਾ ਪਤਨੀ ਦੇ ਸਾਹਮਣੇ ਕਿਸੇ ਹੋਰ ਬਾਰੇ ਖਾਸ ਕਰ ਕੇ ਕਿਸੇ ਲੜਕੀ ਜਾਂ ਐਕਸ ਗਰਲਫ੍ਰੈਂਡ ਦੇ ਬਾਰੇ ਗੱਲ ਕਰਦੇ ਰਹਿਣਾ ਪਤਨੀ ਨੂੰ ਅਖਰਦਾ ਹੈ। ਇਹ ਸ਼ੱਕ ਦੀ ਇਕ ਵੱਡੀ ਵਜ੍ਹਾ ਬਣਦੀ ਹੈ।

ਸ਼ੱਕ ਕਰਨ ਦੀ ਪ੍ਰਵਿਰਤੀ ਨੂੰ ਲੈ ਕੇ ਇੰਨਾ ਕਹਿਣਾ ਜ਼ਰੂਰੀ ਹੋਵੇਗਾ ਕਿ ਪਤੀ-ਪਤਨੀ ਦੇ ਰਿਸ਼ਤੇ ’ਚ ਭਰੋਸੇ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਜੇਕਰ ਪਤਨੀ ਅਤੇ ਪਤੀ ਮੈਰਿਜ ਲਾਈਫ ’ਚ ਪੂਰੀ ਤਰ੍ਹਾਂ ਨਾਲ ਕਮਿੱਟਡ ਹਨ ਤਾਂ ਬੇਵਜ੍ਹਾ ਸ਼ੱਕ ਕਰਨਾ ਬਿਲਕੁਲ ਵੀ ਸਹੀ ਨਹੀਂ ਹੈ। ਉਥੇ ਹੀ ਇਕ ਪਤੀ ਜਾਂ ਪਤਨੀ ਦਾ ਵੀ ਫਰਜ਼ ਬਣਦਾ ਹੈ ਕਿ ਜੇਕਰ ਸ਼ੁਰੂਆਤੀ ਦੌਰ ’ਚ ਉਨ੍ਹਾਂ ਨੂੰ ਆਪਣੇ ਪਾਰਟਨਰ ’ਤੇ ਸ਼ੱਕ ਦੀ ਭਾਵਨਾ ਜਾਂ ਅਸੁਰੱਖਿਆ ਮਹਿਸੂਸ ਹੁੰਦੀ ਹੈ ਤਾਂ ਉਹ ਉਸ ਨੂੰ ਆਪਸੀ ਗੱਲਬਾਤ ਨਾਲ ਦੂਰ ਕਰਨ।

ਡਾ. ਵਰਿੰਦਰ ਭਾਟੀਆ
 


author

Rakesh

Content Editor

Related News