ਕੋਈ ਔਰਤ ਸਵੈਟਰ ਕਿਉਂ ਬੁਣੇ
Tuesday, Nov 11, 2025 - 05:04 PM (IST)
ਲਗਭਗ 1 ਦਹਾਕਾ ਪੁਰਾਣੀ ਗੱਲ ਹੈ ਫਰਾਂਸ ਦੇ ਇਕ ਹਸਪਤਾਲ ’ਚ ਮੇਰੇ ਇਕ ਜਾਣੂ ਦਾਖਲ ਸਨ, ਮੈਂ ਉਨ੍ਹਾਂ ਨੂੰ ਦੇਖਣ ਗਈ ਸੀ। ਮੁਲਾਕਾਤ ਦੇ ਸਮੇਂ ਤੋਂ ਕੁਝ ਪਹਿਲਾਂ ਆ ਗਈ ਸੀ ਤਾਂ ਰਿਸੈਪਸ਼ਨ ’ਤੇ ਬੈਠੀ ਆਪਣੀ ਵਾਰੀ ਦੀ ਉਡੀਕ ਕਰ ਰਹੀ ਸੀ। ਸਾਹਮਣੇ ਦੋ ਗੋਰੀਆਂ ਔਰਤਾਂ ਵੀ ਬੈਠੀਆਂ ਹੋਈਆਂ ਸਨ। ਇਕ ਦੇ ਹੱਥ ’ਚ ਗ੍ਰੇਅ ਅਤੇ ਦੂਜੀ ਦੇ ਹੱਥ ’ਚ ਚਿੱਟੀ ਉਨ ਸੀ। ਦੋਵੇਂ ਸਵੈਟਰ ਬੁਣ ਰਹੀਆਂ ਸਨ। ਆਪਸ ’ਚ ਗੱਲਾਂ ਕਰਦੇ-ਕਰਦੇ ਦੋਹਾਂ ਦੇ ਹੱਥ ਵੀ ਤੇਜ਼ੀ ਨਾਲ ਚੱਲ ਰਹੇ ਸਨ। ਉਨ੍ਹਾਂ ਨੂੰ ਸਵੈਟਰ ਬੁਣਦਿਆਂ ਦੇਖ ਕੇ ਮੈਨੂੰ ਬਹੁਤ ਹੈਰਾਨੀ ਹੋਈ ਕਿਉਂਕਿ ਉਦੋਂ ਵੀ ਭਾਰਤ ’ਚ ਉਨ ਅਤੇ ਸਿਲਾਈਆਂ ਦੀ ਲੱਗਭਗ ਵਿਦਾਇਗੀ ਹੋ ਗਈ ਸੀ। ਹੌਜ਼ਰੀ ਅਤੇ ਬਾਹਰ ਤੋਂ ਬਣੇ ਸਵੈਟਰ ਆਦਿ ਆਮ ਹੋ ਗਏ ਸਨ। ਉਨ੍ਹਾਂ ਦਾ ਉਤਪਾਦਨ ਕਿਉਂਕਿ ਵੱਡੀ ਗਿਣਤੀ ’ਚ ਹੁੰਦਾ ਸੀ, ਉਹ ਇਸ ਲਈ ਸਸਤੇ ਸਨ।
ਅਜਿਹੀ ਹਾਲਤ ’ਚ ਕੋਈ ਔਰਤ ਸਵੈਟਰ ਕਿਉਂ ਬੁਣੇਗੀ? ਜਦੋਂ ਕਿ ਬਾਜ਼ਾਰ ’ਚ ਇਕ ਤੋਂ ਵੱਧ ਇਕ ਗਰਮ ਕੱਪੜੇ ਅਤੇ ਸਵੈਟਰ ਆਦਿ ਸਸਤੀ ਕੀਮਤ ’ਤੇ ਉਪਲਬਧ ਸਨ। ਹੁਣ ਅਮਰੀਕਾ ’ਚ ਕਈ ਔਰਤਾਂ ਨੂੰ ਸਵੈਟਰ ਬੁਣਦਿਆਂ ਦੇਖਿਆ ਗਿਆ ਹੈ। ਇਕ ਰੈਸਟੋਰੈਂਟ ਦੇ ਬਾਹਰ, ਇਕ ਵੱਡੇ ਬਾਟਿਨੀਕਲ ਗਾਰਡਨ ’ਚ ਧੁੱਪ ਸੇਕਦਿਆਂ ਅਤੇ ਇਕ ਕਾਰ ’ਚ ਸਫਰ ਕਰਦਿਆਂ ਵੀ ਮੈਂ ਔਰਤਾਂ ਨੂੰ ਸਵੈਟਰ ਬੁਣਦਿਆਂ ਦੇਖਿਆ ਹੈ। ਇਹ ਸੋਚ ਕੇ ਵੀ ਹੈਰਾਨੀ ਹੁੰਦੀ ਹੈ ਕਿ ਆਖਿਰ ਇਹ ਕੰਮ ਔਰਤਾਂ ਹੀ ਕਿਉਂ ਕਰਦੀਆਂ ਹਨ, ਮਰਦ ਕਿਉਂ ਨਹੀਂ ਕਰਦੇ?
ਇਹੀ ਨਹੀਂ ਪਿਛਲੇ ਦਿਨੀਂ ਆਪਣੇ ਮੁਹੱਲੇ ’ਚ ਦੋ ਅਜਿਹੀਆਂ ਕੁੜੀਆਂ ਨਾਲ ਮੇਰੀ ਮੁਲਾਕਾਤ ਹੋਈ ਜਿਨ੍ਹਾਂ ਨੇ ਬਾਕਾਇਦਾ 3 ਮਹੀਨਿਆਂ ਦਾ ਸਿਲਾਈ ਦਾ ਕੋਰਸ ਜੁਆਇਨ ਕੀਤਾ ਸੀ। ਇਹ ਕੋਰਸ ਆਨਲਾਈਨ ਨਹੀਂ ਸੀ, ਇਹ ਇੰਸਟੀਚਿਊਟ ’ਚ ਜਾ ਕੇ ਸਿੱਖਣਾ ਪੈਂਦਾ ਸੀ। ਉਕਤ ਕੁੜੀਆਂ ਨੇ ਸਿਲਾਈ ਮਸ਼ੀਨ ਵੀ ਖਰੀਦੀ ਸੀ। ਆਪਣੇ ਲਈ ਸੀਤਾ ਹੋਇਆ ਕੁਰਤਾ ਵੀ ਉਨ੍ਹਾਂ ਮੈਨੂੰ ਦਿਖਾਇਆ ਸੀ। ਇਹ ਪੁੱਛਣ ’ਤੇ ਕਿ ਸਿਲਾਈ ਸਿੱਖਣ ਦਾ ਸ਼ੌਕ ਕਿਉਂ ਪਿਆ ਤਾਂ ਦੋਹਾਂ ਕੁੜੀਆਂ ਨੇ ਕਿਹਾ ਕਿ ਅਸੀਂ ਕੁਝ ਨਵਾਂ ਕਰ ਕੇ ਦਿਖਾਉਣਾ ਚਾਹੁੰਦੀਆਂ ਹਾਂ। ਨਵੇਂ ਕੁਝ ਤੋਂ ਮਤਲਬ?
ਮਤਲਬ ਇਹ ਕਿ ਉਹੀ ਕੰਪਿਊਟਰ, ਲੈਪਟਾਪ, ਮੋਬਾਈਲ ਫੋਨ ਫੜੀ ਆਨਲਾਈਨ ਚੈਟਿੰਗ ਕਰਦਿਆਂ ਬੋਰ ਹੋ ਗਈਆਂ ਸੀ, ਇਸ ਲਈ ਸੋਚਿਆਂ ਕਿ ਕੁਝ ਸਿੱਖੀਏ ਜਿਸ ਨਾਲ ਅਜਿਹਾ ਕੁਝ ਕਰ ਸਕੀਏ। ਸਕਰੀਨ ’ਤੇ ਤਾਂ ਜਿੰਨਾ ਸਮਾਂ ਬਿਤਾ ਲਓ, ਉਹ ਬਰਬਾਦ ਹੀ ਹੋ ਜਾਂਦਾ ਹੈ।
ਉਨ੍ਹਾਂ ਦੀਆਂ ਗੱਲਾਂ ਦਿਮਾਗ ’ਚ ਸਨ ਕਿ ਇਕ ਵੱਡੀ ਵਿਦੇਸ਼ੀ ਅਖਬਾਰ ’ਚ ਛਪਿਆ ਇਕ ਲੇਖ ਪੜ੍ਹਿਆ। ਇਸ ’ਚ ਵੱਡੇ ਅਧਿਐਨ ਤੋਂ ਬਾਅਦ ਇਹ ਦੱਸਿਆ ਗਿਆ ਸੀ ਕਿ ਲੋਕ ਉਨ੍ਹਾਂ ਕਲਾਵਾਂ ਵੱਲ ਵਾਪਸ ਆ ਰਹੇ ਹਨ ਜੋ 1960 ਦੇ ਦਹਾਕੇ ’ਚ ਬਹੁਤ ਪ੍ਰਚੱਲਿਤ ਸਨ। ਇਹ ਕਲਾਵਾਂ ਸਨ-ਸਿਲਾਈ, ਕਢਾਈ, ਬੁਣਾਈ, ਰੰਗੋਲੀ, ਭਿੱਤੀ ਚਿੱਤਰਕਾਰੀ, ਪੇਂਟਿੰਗ, ਆਚਾਰ, ਪਾਪੜ, ਵੜੀਆਂ, ਪੇਪਰ ਮੈਸ਼ੀ, ਕੱਪੜੇ ਦੀਆਂ ਗੁੱਡੀਆਂ ਅਤੇ ਖਿਡੌਣੇ ਬਣਾਉਣੇ, ਲੱਕੜ, ਜੂਟ, ਘਾਹ, ਮਿੱਟੀ ਦੇ ਖਿਡੌਣੇ, ਪਿੱਤਲ ਅਤੇ ਤਾਂਬੇ ਆਦਿ ਦੇ ਬਰਤਨ ਬਣਾਉਣੇ।
ਦਿਲਚਸਪ ਗੱਲ ਇਹੀ ਵੀ ਹੈ ਕਿ ਇਨ੍ਹਾਂ ’ਚੋਂ ਵਧੇਰੇ ਕਲਾਵਾਂ ਦੀਆਂ ਪ੍ਰਮੁੱਖ ਕਲਾਕਾਰ ਔਰਤਾਂ ਹੁੰਦੀਆਂ ਸਨ ਪਰ ਇਕ ਸਮਾਂ ਅਜਿਹਾ ਵੀ ਆਇਆ ਜਦੋਂ ਇਹ ਕਿਹਾ ਜਾਣ ਲੱਗਾ ਕਿ ਆਖਿਰ ਔਰਤਾਂ ਹੀ ਸਭ ਕੰਮ ਕਿਉਂ ਕਰਨ, ਫਿਰ ਇਕ ਗੱਲ ਇਹ ਹੈ ਕਿ ਕਿਉਂਕਿ ਔਰਤਾਂ ਇਨ੍ਹਾਂ ਕੰਮਾਂ ਨੂੰ ਘਰ ’ਚ ਰਹਿ ਕੇ ਹੋਰਨਾਂ ਕੰਮਾਂ ’ਚੋਂ ਬਚਾਏ ਗਏ ਸਮੇਂ ’ਚ ਕਰਦੀਆਂ ਸਨ, ਤਾਂ ਇਨ੍ਹਾਂ ਕੰਮਾਂ ਨੂੰ ਕਲਾ ਨਾ ਮੰਨ ਕੇ ਇਨ੍ਹਾਂ ਨੂੰ ਘਰੇਲੂ ਖਾਤੇ ’ਚ ਸਰਕਾਅ ਦਿੱਤਾ ਗਿਆ। ਅੱਜ ਇਨ੍ਹਾਂ ’ਚੋਂ ਵਧੇਰੇ ਕੰਮ ਬਾਜ਼ਾਰ ਦੇ ਹਵਾਲੇ ਹਨ। ਇਹ ਉਹੋ ਜਿਹੇ ਹੁੰਦੇ ਵੀ ਨਹੀਂ ਜਿਹੋ ਜਿਹੇ ਘਰਦੀਆਂ ਔਰਤਾਂ ਦੀ ਮਿਹਨਤ ਨਾਲ ਬਣੇ ਹੁੰਦੇ ਸਨ।
ਫਿਰ ਇਹ ਹੋਇਆ ਕਿ ਔਰਤਾਂ ਪੜ੍ਹਨ ਲੱਗ ਗਈਆਂ, ਘਰੋਂ ਬਾਹਰ ਨਿਕਲਣ ਲੱਗੀਆਂ, ਨੌਕਰੀਆਂ ਕਰਨ ਲੱਗੀਆਂ। ਇਨ੍ਹਾਂ ਕੰਮਾਂ ਲਈ ਤਾਂ ਕੀ, ਭੋਜਨ ਤੱਕ ਬਣਾਉਣ ਦਾ ਸਮਾਂ ਉਨ੍ਹਾਂ ਨੂੰ ਨਹੀਂ ਮਿਲਦਾ ਸੀ। ਅਜਿਹੀ ਹਾਲਤ ’ਚ ਸਿਲਾਈ, ਕਢਾਈ, ਬੁਣਾਈ, ਭਿੱਤੀ ਚਿੱਤਰ ਕਿਵੇਂ ਬਣਾਏ ਜਾਣ ਪਰ ਹੁਣ ਨੌਕਰੀ ਕਰਨ ਵਾਲੀਆਂ ਔਰਤਾਂ ਇਨ੍ਹਾਂ ਨੂੰ ਸਿੱਖਣਾ ਚਾਹੁੰਦੀਆਂ ਹਨ ਤਾਂ ਕਿਉਂ। ਜਿਨ੍ਹਾਂ ਦੋ ਕੁੜੀਆਂ ਦਾ ਮੈਂ ਉਪਰ ਜ਼ਿਕਰ ਕੀਤਾ ਹੈ, ਉਹ ਦੋਵੇਂ ਹੀ ਨੌਕਰੀ ਵੀ ਕਰਦੀਆਂ ਹਨ। ਅੱਜਕੱਲ ਘਰੋਂ ਹੀ ਕੰਮ ਕਰਦੀਆਂ ਹਨ। ਇਸ ਲਈ ਸਿਲਾਈ ਸਿੱਖਣ ਲਈ ਇੰਸਟੀਚਿਊਟ ਜਾਣ ਦਾ ਸਮਾਂ ਕੱਢ ਲੈਂਦੀਆਂ ਹਨ।
ਕਹਿਣ ਦਾ ਭਾਵ ਇਹ ਹੈ ਕਿ ਵੱਡੇ-ਵਡੇਰਿਆਂ ਦੀਆਂ ਉਹ ਗੱਲਾਂ ਸਹੀ ਸਾਬਿਤ ਹੋ ਰਹੀਆਂ ਹਨ ਜੋ ਕਹਿੰਦੇ ਹੁੰਦੇ ਸਨ ਕਿ ਕੋਈ ਵੀ ਚੀਜ਼ ਜਾਂ ਕਲਾ ਕਦੇ ਮਰਦੀ ਨਹੀਂ ਹੈ। ਉਹ ਰੂਪ ਬਦਲ ਕੇ ਵਾਪਸ ਆ ਜਾਂਦੀ ਹੈ। ਉਦਾਹਰਣ ਵਜੋਂ ਕੁਲਹੜ ਵਾਲੀ ਚਾਹ। ਇਕ ਸਮੇਂ ’ਚ ਚਾਹ ਕੁਲਹੜ ’ਚ ਹੀ ਮਿਲਦੀ ਹੁੰਦੀ ਸੀ, ਉਸ ਦੀ ਖੁਸ਼ਬੂ ਦੂਰ ਤੱਕ ਮਹਿਸੂਸ ਕੀਤੀ ਜਾ ਸਕਦੀ ਸੀ ਪਰ ਬਦਲਦੇ ਸਮੇਂ ਨਾਲ ਥਰਮੋਕੋਲ ਅਤੇ ਪਲਾਸਟਿਕ ਨੇ ਥਾਂ ਲੈ ਲਈ। ਹੁਣ ਮੁੜ ਤੋਂ ਕੁਲਹੜ, ਪੱਤਲ, ਮਿੱਟੀ ਦੇ ਭਾਂਡੇ, ਚੂਲੇ ਦੀ ਰੋਟੀ ਅਤੇ ਘਰ ਦੀ ਲੱਸੀ ਆਦਿ ਹੋਟਲਾਂ ’ਚ ਮਿਲਣ ਲੱਗ ਗਈ ਹੈ।
ਉਂਝ ਕੱਪੜਿਆਂ ਬਾਰੇ ਇਹ ਹੁੰਦਾ ਵੇਖਿਆ ਵੀ ਹੈ ਕਿ ਪੁਰਾਣੇ ਫੈਸ਼ਨ ਵਾਪਸ ਆ ਜਾਂਦੇ ਹਨ, ਇੱਥੋਂ ਤੱਕ ਕਿ ਕਈ ਕੁੜੀਆਂ ਆਪਣੇ ਵਿਆਹ ’ਚ ਉਹੀ ਲਹਿੰਗਾ ਅਤੇ ਸਾੜ੍ਹੀ ਪਹਿਨਣਾ ਚਾਹੁੰਦੀਆਂ ਹਨ ਜੋ ਉਨ੍ਹਾਂ ਦੀਆਂ ਮਾਵਾਂ ਨੇ ਆਪਣੇ ਵਿਆਹਾਂ ’ਚ ਪਹਿਨੀਆਂ ਸਨ। ਪ੍ਰਸਿੱਧ ਅਭਿਨੇਤਰੀ ਰਵੀਨਾ ਟੰਡਨ ਨੇ ਆਪਣੇ ਵਿਆਹ ’ਚ ਉਹੀ ਸਾੜ੍ਹੀ ਪਹਿਨੀ ਸੀ ਜੋ ਉਸ ਦੀ ਮਾਂ ਨੇ ਆਪਣੇ ਵਿਆਹ ’ਚ ਪਹਿਨੀ ਸੀ।
ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਨ੍ਹਾਂ ਨੂੰ ਨਵੀਂ ਤਕਨੀਕ ਆਉਣ ਤੋਂ ਬਾਅਦ ਖਤਮ ਹੋਇਆ ਮੰਨ ਲਿਆ ਗਿਆ ਸੀ, ਦੀ ਮੁੜ ਵਾਪਸੀ ਹੋ ਰਹੀ ਹੈ, ਜਿਵੇਂ ਪੁਰਾਣੇ ਰਿਕਾਰਡ। ਪੁਰਾਣੇ ਕੈਮਰਿਆਂ ’ਚ ਰੀਲ ਪਾ ਕੇ ਫੋਟੋ ਖਿੱਚਣ ਦਾ ਕੰਮ ਵੀ ਮੁੜ ਸ਼ੁਰੂ ਹੋ ਰਿਹਾ ਹੈ। ਇਕ ਲੇਖ ’ਚ ਮੈਂ ਪੜ੍ਹਿਆ ਸੀ ਕਿ ਬਹੁਤ ਸਾਰੇ ਮਾਤਾ-ਪਿਤਾ ਮੋਬਾਈਲ ਛੱਡ ਕੇ ਲੈਂਡਲਾਈਨ ਫੋਨ ਵੱਲ ਵਾਪਸ ਆ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇੰਝ ਕਰ ਕੇ ਉਹ ਆਪਣੇ ਬੱਚਿਆਂ ਨੂੰ ਸਕਰੀਨ ਟਾਈਮ ਤੋਂ ਬਚਾਅ ਸਕਦੇ ਹਨ।
ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਨਾਲ ਜੁੜੇ ਮਾਹਿਰ ਕਹਿੰਦੇ ਹਨ ਕਿ ਜਿਸ ਤਰ੍ਹਾਂ ਕੰਪਨੀਆਂ ਮਿਡਲ ਕਲਾਸ ਦੀਆਂ ਨੌਕਰੀਆਂ ਦੇ ਮੁਕਾਬਲੇ ਏ. ਆਈ. ਨੂੰ ਪਹਿਲ ਦੇ ਰਹੀਆਂ ਹਨ ਉਸ ਹਿਸਾਬ ਨਾਲ ਮੰਨਿਆ ਜਾਣਾ ਚਾਹੀਦਾ ਹੈ ਕਿ ਵਧੇਰੇ ਮਿਡਲ ਕਲਾਸ ਨੌਕਰੀਆਂ ਖਤਮ ਹੋਣ ਵਾਲੀਆਂ ਹਨ। ਇਸ ਲਈ ਨੌਜਵਾਨਾਂ ਨੂੰ ‘ਵਾਈਟ ਕਾਲਰ’ ਨੌਕਰੀ ਛੱਡ ਕੇ ਉਨ੍ਹਾਂ ਕੰਮਾਂ ਨੂੰ ਸਿੱਖਣਾ ਚਾਹੀਦਾ ਹੈ ਜੋ ਹੱਥ ਨਾਲ ਕੀਤੇ ਜਾਂਦੇ ਹਨ। ਇਨ੍ਹਾਂ ’ਚ ਇਲੈਕਟ੍ਰੀਸ਼ੀਅਨ ਦਾ ਕੰਮ, ਪਲੰਬਰ, ਮਕੈਨਿਕ ਅਤੇ ਲੱਕੜੀ ਦਾ ਕੰਮ ਆਦਿ ਸ਼ਾਮਲ ਹਨ। ਇਨ੍ਹਾਂ ਕੰਮਾਂ ਨੂੰ ਕਦੇ ਵੀ ਕੋਈ ਖਤਮ ਨਹੀਂ ਕਰ ਸਕਦਾ। ਭਾਵ ਇਹ ਕਿ ਉਹ ਕਹਾਵਤ ਜਿਸ ਨੂੰ ਪੁਰਾਣੇ ਬਜ਼ੁਰਗ ਅਕਸਰ ਦੁਹਰਾਉਂਦੇ ਸਨ-‘ਆਪਨਾ ਹਾਥ ਜਗਨਨਾਥ’ ਸੱਚ ਹੁੰਦਾ ਦਿਖਾਈ ਦੇ ਰਿਹਾ ਹੈ।
ਸ਼ਮਾ ਸ਼ਰਮਾ
