ਜਿੱਤ ਦੀ ਜ਼ਿੱਦ ਨਾਲ ਵਰਲਡ ਚੈਂਪੀਅਨ ਬਣੀਆਂ ਧੀਆਂ

Wednesday, Nov 05, 2025 - 06:08 PM (IST)

ਜਿੱਤ ਦੀ ਜ਼ਿੱਦ ਨਾਲ ਵਰਲਡ ਚੈਂਪੀਅਨ ਬਣੀਆਂ ਧੀਆਂ

ਭਾਰਤ ਦੀਆਂ ਧੀਆਂ ਨੇ ਇਸ ਵਾਰ ਜਿੱਤ ਦੀ ਅਜਿਹੀ ਜ਼ਿੱਦ ਦਿਖਾਈ ਕਿ ਹਾਰ ਦੀ ‘ਹੈਟ੍ਰਿਕ’ ਦੇ ਬਾਵਜੂਦ ਮਹਿਲਾ ਵਿਸ਼ਵ ਕੱਪ ਕ੍ਰਿਕਟ ਖਿਤਾਬ ਆਪਣੇ ਨਾਂ ਕਰ ਲਿਆ। 2 ਨਵੰਬਰ, 2025 ਦੀ ਰਾਤ ਨਵੀ ਮੁੰਬਈ ਦੇ ਡੀ. ਵਾਈ. ਪਾਟਿਲ ਸਟੇਡੀਅਮ ’ਚ ਭਾਰਤ ਦੀਆਂ ਧੀਆਂ ਨੇ ਜੋ ਕਰਿਸ਼ਮਾ ਦਿਖਾਇਆ, ਉਹ ਕਿਸੇ ਵੀ ਤਰ੍ਹਾਂ 25 ਜੂਨ, 1983 ਨੂੰ ਲਾਰਡਸ ’ਚ ਕਪਿਲ ਦੇਵ ਦੀ ਟੀਮ ਵਲੋਂ ਰਚੇ ਗਏ ਇਤਿਹਾਸ ਤੋਂ ਘੱਟ ਨਹੀਂ। ਸ਼ਾਇਦ ਉਸ ਤੋਂ ਵੱਧ ਹੀ ਹੈ, ਕਿਉਂਕਿ 21ਵੀਂ ਸ਼ਤਾਬਦੀ ’ਚ ਵੀ ਭਾਰਤੀ ਸਮਾਜ ਦੀ ਸੋਚ ਦਾ ਆਕਾਸ਼ ਪੁੱਤਰਾਂ ਦੇ ਮੁਕਾਬਲੇ ਧੀਆਂ ਲਈ ਘੱਟ ਹੀ ਖੁੱਲ੍ਹਿਆ ਹੈ।

ਲਗਾਤਾਰ ਤਿੰਨ ਵਾਰ ਹਾਰਨ ਤੋਂ ਬਾਅਦ ਤਾਂ ਸੈਮੀਫਾਈਨਲ ’ਚ ਪਹੁੰਚਣ ਦੇ ਲਾਲੇ ਪੈ ਗਏ ਸਨ। ਇੰਗਲੈਂਡ ਵਿਰੁੱਧ ਜਿੱਤਦੇ-ਜਿੱਤਦੇ ਮੈਚ ਹਾਰ ਜਾਣ ਦੇ ਬਾਅਦ ਸਭ ਕੁਝ ਨਿਊਜ਼ੀਲੈਂਡ ਦੇ ਵਿਰੁੱਧ ਹੋਣ ਵਾਲੇ ਮੈਚ ’ਤੇ ਨਿਰਭਰ ਹੋ ਗਿਆ ਸੀ, ਪਰ ਉਸ ’ਚ ਭਾਰਤੀ ਟੀਮ ਨੇ ਕਮਾਲ ਕਰ ਦਿਖਾਇਆ। ਸਮ੍ਰਿਤੀ ਮੰਧਾਨਾ ਅਤੇ ਪ੍ਰਤਿਕਾ ਰਾਵਲ ਦੀ ਸਲਾਮੀ ਜੋੜੀ ਨੇ 221 ਦੌੜਾਂ ਦੀ ਅਜਿਹੀ ਸ਼ੁਰੂਆਤ ਦਿੱਤੀ, ਜਿਸ ਦੀ ਕਲਪਨਾ ਵੀ ਸ਼ਾਇਦ ਪਹਿਲਾਂ ਮੁਸ਼ਕਿਲ ਸੀ। ਹਰਮਨਪ੍ਰੀਤ ਦੀ ਟੀਮ ਦੀ ਇਹ ਖਿਤਾਬੀ ਜਿੱਤ ਮਹਿਲਾ ਕ੍ਰਿਕਟ ਦੀ ਦਸ਼ਾ ਅਤੇ ਦਿਸ਼ਾ ਬਦਲਣ ’ਚ ਕਿੰਨੀ ਸਫਲ ਹੋਵੇਗੀ, ਇਹ ਤਾਂ ਸਮਾਂ ਹੀ ਦੱਸੇਗਾ, ਪਰ ਧੀਆਂ ਨੇ ਦੇਸ਼ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਅਤੇ ਉਨ੍ਹਾਂ ’ਤੇ ਦੌਲਤ-ਸ਼ੋਹਰਤ ਦਾ ਮੀਂਹ ਵੀ ਸ਼ੁਰੂ ਹੋ ਗਿਆ ਹੈ।

ਦੋ ਵਾਰ ਫਾਈਨਲ ’ਚ ਪਹੁੰਚ ਕੇ ਵੀ ਖਿਤਾਬ ਜਿੱਤਣ ਤੋਂ ਖੁੰਝਣ ਦਾ ਮਨੋਵਿਗਿਆਨਿਕ ਅਸਰ ਬੜਾ ਡੂੰਘਾ ਪੈਂਦਾ ਹੈ। ਇਸ ਵਾਰ ਆਪਣੀ ਮੇਜ਼ਬਾਨੀ ਵਾਲੇ ਿਵਸ਼ਵ ਕੱਪ ’ਚ ਤਸੱਲੀਬਖਸ਼ ਸ਼ੁਰੂਆਤ ਦੇ ਬਾਅਦ ਭਾਰਤੀ ਟੀਮ ਅਚਾਨਕ ਡਾਵਾਂਡੋਲ ਹੁੰਦੀ ਦਿਸੀ। ਹਰਮਨ ਦੀ ਫੌਜ ਨੇ ਪਹਿਲੇ ਮੈਚ ’ਚ ਸ਼੍ਰੀਲੰਕਾ ਨੂੰ 59 ਤਾਂ ਅਗਲੇ ਮੈਚ ’ਚ ਪਾਕਿਸਤਾਨ ਨੂੰ 88 ਦੌੜਾਂ ਨਾਲ ਹਰਾਇਆ ਪਰ ਤੀਜੇ ਮੈਚ ’ਚ ਦੱਖਣੀ ਅਫਰੀਕਾ ਨੇ 3 ਵਿਕਟਾਂ ਨਾਲ ਹਰਾ ਕੇ ਅਜਿਹੀ ਲੈਅ ਵਿਗਾੜੀ ਕਿ ਅਗਲੇ 2 ਮੈਚਾਂ ’ਚ ਅਸੀਂ ਸੰਭਲ ਨਹੀਂ ਸਕੇ। ਆਸਟ੍ਰੇਲੀਆ ਨੇ ਸਾਨੂੰ 3 ਵਿਕਟਾਂ ਨਾਲ ਹਰਾਇਆ ਤਾਂ ਇੰਗਲੈਂਡ ਨੇ 4 ਦੌੜਾਂ ਨਾਲ।

ਕਹਿੰਦੇ ਹਨ : ‘ਮਨ ਦੇ ਹਾਰੇ ਹਾਰ ਹੈ, ਮਨ ਦੇ ਜਿੱਤੇ ਜਿੱਤ।’ ਕੋਚ ਦੀ ਭਾਵਪੂਰਕ ਜਿਹੀ ਟਿੱਪਣੀ, ਕਿ ‘ਇਹ ਮੈਚ ਤੁਹਾਨੂੰ ਆਸਾਨੀ ਨਾਲ ਖਤਮ ਕਰਨਾ ਚਾਹੀਦਾ ਹੈ’ ਦਾ ਨਤੀਜਾ ਇਹ ਰਿਹਾ ਕਿ ਪ੍ਰਤਿਕਾ ਰਾਵਲ ਵਰਗੀ ਸਲਾਮੀ ਬੱਲੇਬਾਜ਼ ਦੇ ਸੱਟ ਲੱਗਣ ਕਾਰਨ ਬਾਹਰ ਹੋਣ ਦੇ ਬਾਵਜੂਦ ਸੈਮੀਫਾਈਨਲ ’ਚ ਭਾਰਤੀ ਟੀਮ ਨੇ 7 ਵਾਰ ਦੀ ਵਿਸ਼ਵ ਜੇਤੂ ਆਸਟ੍ਰੇਲੀਆ ਨੂੰ ਹਰਾ ਕੇ ਸ਼ਾਨ ਨਾਲ ਤੀਜੀ ਵਾਰ ਫਾਈਨਲ ’ਚ ਐਂਟਰੀ ਕਰਕੇ ਖਿਤਾਬੀ ਜਿੱਤ ਦਾ ਸੋਕਾ ਖਤਮ ਕਰਨ ਦੇ ਆਪਣੇ ਇਰਾਦੇ ਸਪੱਸ਼ਟ ਕਰ ਦਿੱਤੇ।

ਆਸਟ੍ਰੇਲੀਆ ਨੂੰ ਸੈਮੀਫਾਈਨਲ ’ਚ ਹਰਾਉਣ ਤੋਂ ਜ਼ਾਹਿਰ ਹੈ ਕਿ ਯੋਗਦਾਨ ਤਾਂ ਪੂਰੀ ਟੀਮ ਦਾ ਹੀ ਰਿਹਾ, ਪਰ ਜੇਮਿਮਾ ਰੋਡਰਿਗਜ਼ ਦੀਆਂ 127 ਦੌੜਾਂ ਦੀ ਨਾਬਾਦ ਪਾਰੀ ਅਤੇ ਕਪਤਾਨ ਹਰਮਨ ਦੀਆਂ 89 ਦੌੜਾਂ ਫੈਸਲਾਕੁੰਨ ਸਾਬਿਤ ਹੋਈਆਂ। ਪਹਿਲਾਂ ਨਿਊਜ਼ੀਲੈਂਡ ਅਤੇ ਫਿਰ ਆਸਟ੍ਰੇਲੀਆ ਵਿਰੁੱਧ ਇਹ ਜਿੱਤ ਭਾਰਤੀ ਟੀਮ ਦਾ ਡਾਵਾਂਡੋਲ ਆਤਮਵਿਸ਼ਵਾਸ ਵਾਪਸ ਮੋੜਨ ਵਾਲੀ ਸਾਬਤ ਹੋਈ। ਅਚਾਨਕ ਭਾਰਤ ਦੀਆਂ ਧੀਆਂ ਨੂੰ ਮਹਿਸੂਸ ਹੋਇਆ ਕਿ ਅਤੀਤ ’ਚ ਦੋ ਵਾਰ ਟੁੱਟ ਚੁੱਕਾ ਸੁਪਨਾ ਇਸ ਵਾਰ ਸਾਕਾਰ ਵੀ ਕੀਤਾ ਜਾ ਸਕਦਾ ਹੈ।

ਬੇਸ਼ੱਕ ਦੱਖਣੀ ਅਫਰੀਕੀ ਟੀਮ ਵੀ ਕਦੀ ਖਿਤਾਬ ਨਹੀਂ ਜਿੱਤ ਸਕੀ ਪਰ ਤਿੰਨ ਵਾਰ ਦੀ ਉਪ-ਜੇਤੂ ਹੋ ਤੋਂ ਇਲਾਵਾ ਉਹ ਇਸੇ ਵਿਸ਼ਵ ਕੱਪ ’ਚ ਸਾਨੂੰ ਤਿੰਨ ਵਿਕਟਾਂ ਨਾਲ ਹਰਾ ਚੁੱਕੀ ਸੀ। ਫਿਰ ਮਰਦ ਟੀਮ ਹੋਵੇ ਜਾਂ ਮਹਿਲਾ, ਦੱਖਣੀ ਅਫਰੀਕਾ ਦੀ ਫਿਟਨੈੱਸ ਅਤੇ ਪ੍ਰੋਫੈਸ਼ਨਲਿਜ਼ਮ ਹਮੇਸ਼ਾ ਟਾਪ ’ਤੇ ਰਿਹਾ ਹੈ। ਮੀਂਹ ਕਾਰਨ ਦੇਰ ਨਾਲ ਸ਼ੁਰੂ ਹੋਏ ਫਾਈਨਲ ’ਚ ਟਾਸ ਜਿੱਤਣ ਦੇ ਬਾਵਜੂਦ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਲਈ ਸੱਦਾ ਦੇਣਾ ਵੀ ਦੱਖਣੀ ਅਫਰੀਕਾ ਦੇ ਅਾਤਮਵਿਸ਼ਵਾਸ ਦਾ ਹੀ ਸੰਕੇਤ ਸੀ। ਸਲਾਮੀ ਜੋੜੀ ਦੀ ਸੈਂਕੜੇ ਵਾਲੀ ਸ਼ੁਰੂਆਤ ਦੇ ਬਾਵਜੂਦ ਭਾਰਤੀ ਟੀਮ ਨੰੂ 298 ਦੌੜਾਂ ’ਤੇ ਰੋਕ ਦੇਣਾ ਦੱਖਣੀ ਅਫਰੀਕੀ ਰਣਨੀਤੀ ਦੀ ਸਫਲਤਾ ਹੀ ਜਾਪ ਰਹੀ ਸੀ।

ਇਸੇ ਵਿਸ਼ਵ ਕੱਪ ਦੇ ਸੈਮੀਫਾਈਨਲ ’ਚ 171 ਦੌੜਾਂ ਦੀ ਮੈਰਾਥਨ ਪਾਰੀ ਖੇਡਣ ਵਾਲੀ ਵੁਲਵਾਰਟ ਨੇ ਫਾਈਨਲ ’ਚ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਖੇਡੀ। ਸੱਚ ਇਹ ਹੈ ਕਿ ਜਦ ਤੱਕ ਵੁਲਵਾਰਟ ਕ੍ਰੀਜ਼ ’ਤੇ ਸੀ, ਖਿਤਾਬੀ ਜਿੱਤ ਸਾਡੇ ਤੋਂ ਦੂਰ ਹੀ ਨਜ਼ਰ ਆ ਰਹੀ ਸੀ ਪਰ ਭਾਰਤੀ ਧੀਆਂ ਦੀ ਦਲੇਰੀ ਨਾਲ ਉਨ੍ਹਾਂ ਦੀ ਟੀਮ ਜਿੱਤ ਨਾ ਸਕੀ।

ਜਿਸ ਸ਼ੈਫਾਲੀ ਵਰਮਾ ਨੂੰ 15 ਮੈਂਬਰੀ ਟੀਮ ’ਚ ਵੀ ਨਹੀਂ ਚੁਣਿਆ ਗਿਆ ਸੀ, ਉਸ ਨੇ ਹੀ ਅਚਾਨਕ ਮੌਕਾ ਮਿਲਣ ’ਤੇ ਸਮ੍ਰਿਤੀ ਨਾਲ ਭਾਰਤ ਨੂੰ ਸੈਂਕੜੇ ਵਾਲੀ ਸ਼ੁਰੂਆਤ ਦਿੱਤੀ ਅਤੇ ਬਾਜ਼ੀ ਹੱਥੋਂ ਨਿਕਲਦੇ ਦੇਖ ਕਪਤਾਨ ਹਰਮਨ ਨੇ ਜਦੋਂ ਗੇਂਦ ਫੜਾਈ ਤਾਂ ਦੋ ਵਿਕਟਾਂ ਕੱਢ ਦਿੱਤੀਆਂ-ਉਹ ਵੀ ਬਹੁਤ ਘੱਟ ਦੌੜਾਂ ਦੇ ਕੇ। ਹੈਰਾਨੀ ਨਹੀਂ ਕਿ ਸ਼ੈਫਾਲੀ ‘ਪਲੇਅਰ ਆਫ ਦਿ ਮੈਚ’ ਬਣੀ। ਬੇਸ਼ੱਕ ਸਮ੍ਰਿਤੀ ਨੇ 45 ਦੌੜਾਂ ਬਣਾਈਆਂ, ਪਰ ਸੱਚ ਇਹੀ ਹੈ ਕਿ ਸਭ ਤੋਂ ਵੱਡੇ ਮੈਚ ’ਚ ਭਾਰਤ ਦੀਆਂ ਸਟਾਰ ਬੱਲੇਬਾਜ਼ ਸਟਾਰ ਪਰਫਾਰਮੈਂਸ ਨਹੀਂ ਕਰ ਸਕੀਆਂ।

ਸ਼ੈਫਾਲੀ ਦੀਆਂ 87 ਦੌੜਾਂ ਦੀ ਸ਼ਾਨਦਾਰ ਪਾਰੀ ਦੇ ਇਲਾਵਾ ਚਮਤਕਾਰੀ ਪ੍ਰਦਰਸ਼ਨ ਕੀਤਾ ਆਲਰਾਊਂਡਰ ਦੀਪਤੀ ਸ਼ਰਮਾ ਨੇ। ਇਸ ਵਿਸ਼ਵ ਕੱਪ ’ਚ ਲਗਾਤਾਰ ਚੰਗਾ ਪ੍ਰਦਰਸ਼ਨ ਕਰਨ ਵਾਲੀ ਦੀਪਤੀ ਨੇ ਪਹਿਲਾਂ ਤਾਂ ਬੱਲੇ ਦੇ ਨਾਲ 58 ਦੌੜਾਂ ਬਣਾਈਆਂ, ਫਿਰ ਸਿਰਫ 39 ਦੌੜਾਂ ਦੇ ਕੇ 5 ਵਿਕਟਾਂ ਵੀ ਝਟਕਾਈਆਂ। ਇਸ ਤੋਂ ਪਹਿਲਾਂ ਵਿਸ਼ਵ ਕੱਪ ’ਚ ਅਰਧ ਸੈਂਕੜੇ ਅਤੇ 5 ਵਿਕਟਾਂ ਦਾ ਕਾਰਨਾਮਾ ਭਾਰਤ ਦੇ ਹੀ ਯੁਵਰਾਜ ਸਿੰਘ ਦੇ ਨਾਂ ਦਰਜ ਹੈ। ਸੁਭਾਵਿਕ ਹੀ ਦੀਪਤੀ ‘ਪਲੇਅਰ ਆਫ ਦਿ ਟੂਰਨਾਮੈਂਟ’ ਐਲਾਨੀ ਗਈ ਹੈ। ਬੇਸ਼ੱਕ ਕ੍ਰਿਕਟ ਇਕ ਟੀਮ ਗੇਮ ਹੈ। ਇਸ ਲਈ ਮੈਦਾਨ ’ਤੇ ਹਾਰ-ਜਿੱਤ ’ਚ ਹਰ ਖਿਡਾਰੀ ਦੀ ਭੂਮਿਕਾ ਰਹਿੰਦੀ ਹੈ। ਭਾਵ, ਬੱਲੇ ਅਤੇ ਗੇਂਦ ਦੇ ਇਲਾਵਾ ਦੀਪਤੀ ਨੇ ਆਪਣੀ ਫੁਰਤੀਲੀ ਫਿਲਡਿੰਗ ਨਾਲ ਰਨਆਊਟ ਕਰਾ ਕੇ ਵੀ ਜਿੱਤ ’ਚ ਯੋਗਦਾਨ ਦਿੱਤਾ, ਤਾਂ ਅਮਨਜੋਤ ਕੌਰ ਵਲੋਂ ਡਾਇਰੈਕਟ ਥ੍ਰੋਅ ਨਾਲ ਕੀਤੇ ਗਏ ਰਨ-ਆਊਟ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਹਰਮਨਪ੍ਰੀਤ ਕੌਰ ਦੀ ਕਪਤਾਨੀ ਦੀ ਜਿੰਨੀ ਵੀ ਸਿਫਤ ਕੀਤੀ ਜਾਵੇ, ਘੱਟ ਹੈ। ਉਨ੍ਹਾਂ ਨੇ ਆਪਣੇ ਹਰ ਖਿਡਾਰੀ ’ਤੇ ਭਰੋਸਾ ਪ੍ਰਗਟਾਇਆ ਅਤੇ ਮੈਦਾਨ ’ਤੇ ਹਰ ਦਾਅ ਅਜ਼ਮਾਇਆ।

–ਰਾਜ ਕੁਮਾਰ ਸਿੰਘ


author

Hardeep Kumar

Content Editor

Related News