ਪ੍ਰਵਾਸੀਆਂ ਨਾਲ ਭੇਦਭਾਵ ਕਿਉਂ
Monday, Nov 03, 2025 - 04:56 PM (IST)
            
            ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਮਜ਼ਬੂਤ ਅਤੇ ਆਪਸੀ ਭਾਈਚਾਰਾ ਵਧਾਉਂਦੇ ਹਨ ਛੱਠ ਪੂਜਾ ਵਰਗੇ ਤਿਉਹਾਰ ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿਚ ਇਕ ਗਲਤ ਹਵਾ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਤਹਿਤ ਪ੍ਰਵਾਸੀਆਂ ਖਿਲਾਫ ਇਕ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪ੍ਰਵਾਸ ਕਰਨਾ ਭਾਰਤੀ ਅਤੇ ਪੰਜਾਬੀ ਸੰਸਕ੍ਰਿਤੀ ਦਾ ਸਦੀਆਂ ਪੁਰਾਣਾ ਹਿੱਸਾ ਹੈ। ਸਾਡੇ ਰਿਸ਼ੀ-ਮੁਨੀ, ਗੁਰੂ, ਪੀਰ-ਪੈਗੰਬਰ ਆਪਣੇ ਫਲਸਫੇ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਲਈ ਜਾਂ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਲਈ ਪ੍ਰਵਾਸ ਕਰਦੇ ਰਹੇ ਹਨ। ਸਮਾਂ ਬੀਤਣ ਨਾਲ ਰੁਜ਼ਗਾਰ ਲਈ ਪ੍ਰਵਾਸ ਹੋਣਾ ਸ਼ੁਰੂ ਹੋ ਗਿਆ। ਵੱਡੀ ਗਿਣਤੀ ਵਿਚ ਭਾਰਤੀ ਅਤੇ ਖਾਸ ਕਰਕੇ ਪੰਜਾਬੀ ਦੇਸ਼-ਵਿਦੇਸ਼ ਵਿਚ ਪ੍ਰਵਾਸ ਕਰ ਗਏ।
ਅੱਜ ਪੰਜਾਬੀ ਭਾਈਚਾਰੇ ਦੇ ਮਹਾਰਾਸ਼ਟਰ, ਮੱਧ ਪ੍ਰਦੇਸ਼, ਛੱਤੀਸਗੜ੍ਹ, ਯੂ. ਪੀ., ਉੱਤਰ ਪ੍ਰਦੇਸ਼, ਪੱਛਮੀ ਬੰਗਾਲ ਸਮੇਤ ਦੇਸ਼ ਦੇ ਵੱਖ-ਵੱਖ ਰਾਜਾਂ ਵਿਚ ਵੱਡੇ-ਵੱਡੇ ਕਾਰੋਬਾਰ ਹਨ। ਇਸੇ ਤਰ੍ਹਾਂ ਯੂ. ਪੀ., ਬਿਹਾਰ, ਹਿਮਾਚਲ ਅਤੇ ਉੱਤਰਾਖੰਡ ਤੋਂ ਵੱਡੀ ਗਿਣਤੀ ਵਿਚ ਉਥੋਂ ਦੇ ਵਸਨੀਕ ਪੰਜਾਬ ਵਿਚ ਆ ਕੇ ਵਸ ਗਏ ਹਨ ਅਤੇ ਹੁਣ ਤੀਜੀ ਜਾਂ ਚੌਥੀ ਪੀੜ੍ਹੀ ਇਥੇ ਰਹਿ ਰਹੀ ਹੈ।
ਇਨ੍ਹਾਂ ਦੇ ਬੱਚੇ ਸਰਕਾਰੀ ਸਕੂਲਾਂ ਵਿਚ ਪੰਜਾਬੀ ਮੀਡੀਅਮ ਵਿਚ ਪੜ੍ਹਦੇ ਹਨ, ਪੰਜਾਬੀ ਬੋਲਦੇ ਹਨ ਅਤੇ ਪੰਜਾਬੀ ਸੱਭਿਆਚਾਰ ਵਿਚ ਰੰਗੇ ਗਏ ਹਨ। ਠੀਕ ਇਸੇ ਤਰ੍ਹਾਂ ਜਿਹੜੇ ਪੰਜਾਬੀ ਦੇਸ਼ ਦੇ ਵੱਖ-ਵੱਖ ਰਾਜਾਂ ਵਿਚ ਗਏ ਹਨ, ਉਹ ਉਥੋਂ ਦੇ ਸੱਭਿਆਚਾਰ ਵਿਚ ਰੰਗੇ ਗਏ ਹਨ। ਮਹਾਰਾਸ਼ਟਰ ਵਿਚ ਰਹਿਣ ਵਾਲੇ ਪੰਜਾਬੀ ਗਣਪਤੀ ਪੂਜਨ, ਪੱਛਮੀ ਬੰਗਾਲ ਵਿਚ ਰਹਿਣ ਵਾਲੇ ਦੁਰਗਾ ਪੂਜਨ ਅਤੇ ਇਸੇ ਤਰ੍ਹਾਂ ਹੋਰਨਾਂ ਸੂਬਿਆਂ ਵਿਚ ਰਹਿਣ ਵਾਲੇ ਉਥੋਂ ਦੇ ਤਿਉਹਾਰਾਂ ਨੂੰ ਉਥੋਂ ਦੇ ਭਾਈਚਾਰੇ ਨਾਲ ਮਿਲ ਕੇ ਮਨਾਉਂਦੇ ਹਨ ਪਰ ਵਿਸ਼ੇਸ਼ਤਾ ਇਹ ਹੈ ਕਿ ਪੰਜਾਬੀ ਜਿਥੇ ਵੀ ਗਏ, ਉਥੇ ਉਨ੍ਹਾਂ ਆਪਣੀ ਵੱਖਰੀ ਪਛਾਣ ਕਾਇਮ ਰੱਖੀ।
ਉਨ੍ਹਾਂ ਨੇ ਆਪਣੇ ਆਪ ਨੂੰ ਉਥੋਂ ਦੇ ਭਾਈਚਾਰੇ ਨਾਲ ਸਾਂਝ ਪਾਉਣ ਲਈ ਉਨ੍ਹਾਂ ਦੇ ਤਿਉਹਾਰ ਵੀ ਮਨਾਉਣੇ ਸ਼ੁਰੂ ਕਰ ਦਿੱਤੇ ਪਰ ਨਾਲ-ਨਾਲ ਆਪਣੇ ਪੰਜਾਬੀ ਤਿਉਹਾਰ, ਗੁਰਪੁਰਬ, ਵਿਸਾਖੀ ਵੀ ਧੂਮਧਾਮ ਨਾਲ ਮਨਾਉਂਦੇ ਹਨ।
ਇਸੇ ਤਰ੍ਹਾਂ ਜਿਹੜੇ ਪੰਜਾਬ ਵਿਚ ਲੋਕ ਯੂ. ਪੀ., ਬਿਹਾਰ ਜਾਂ ਉੱਤਰਾਖੰਡ ਤੋਂ ਆਏ ਹਨ, ਉਹ ਵੀ ਪੰਜਾਬੀ ਸੱਭਿਆਚਾਰ ਵਿਚ ਰੰਗੇ ਗਏ ਹਨ ਪਰ ਇਹ ਭਾਈਚਾਰਾ ਪੰਜਾਬੀਆਂ ਵਾਂਗ ਹੀ ਆਪਣੀਆਂ ਜੜ੍ਹਾਂ ਨਾਲ ਜੁੜਿਆ ਹੋਇਆ ਹੈ। ਇਸੇ ਕਾਰਨ ਪੰਜਾਬ ਵਿਚ ਵੀ ਦੁਰਗਾ ਪੂਜਨ, ਗਣਪਤੀ ਪੂਜਨ ਅਤੇ ਛੱਠ ਪੂਜਾ ਵਰਗੇ ਉਤਸਵ ਧੂਮਧਾਮ ਨਾਲ ਮਨਾਉਣੇ ਸ਼ੁਰੂ ਹੋ ਗਏ ਹਨ। ਲੋਕਲ ਪੰਜਾਬੀ ਭਾਈਚਾਰਾ ਵੀ ਇਨ੍ਹਾਂ ਨੂੰ ਪੂਰਾ ਸਹਿਯੋਗ ਦਿੰਦਾ ਹੈ। ਜਿਨ੍ਹਾਂ ਨੂੰ ਪ੍ਰਵਾਸੀ ਕਿਹਾ ਜਾ ਰਿਹਾ ਹੈ, ਇਹ ਪੰਜਾਬ ਦੇ ਸਰਕਾਰੀ ਸਕੂਲਾਂ ਅਤੇ ਕਾਲਜਾਂ ਵਿਚ ਪੰਜਾਬੀ ਮਾਧਿਅਮ ਵਿਚ ਪੜ੍ਹ ਕੇ ਪੰਜਾਬੀ ਰੰਗ ਵਿਚ ਰੰਗੇ ਗਏ ਹਨ।
ਇਨ੍ਹਾਂ ਦੇ ਵੋਟਰ ਕਾਰਡ, ਰਾਸ਼ਨ ਕਾਰਡ, ਆਧਾਰ ਕਾਰਡ ਸਭ ਕੁਝ ਬਣਿਆ ਹੋਇਆ ਹੈ। ਮੇਰੇ ਸਾਹਮਣੇ ਕਈ ਅਜਿਹੇ ਕੇਸ ਆਏ ਹਨ ਕਿ ਹੁਣ ਇਥੇ ਵਸ ਚੁੱਕੇ ਪ੍ਰਵਾਸੀਆਂ ਅਤੇ ਪੰਜਾਬੀ ਪਰਿਵਾਰਾਂ ਦੇ ਪਰਿਵਾਰਕ ਰਿਸ਼ਤੇ ਵੀ ਬਣ ਗਏ ਹਨ। ਅਜਿਹੇ ਵਿਚ ਅਸੀਂ ਕਿਹੜੇ ਪ੍ਰਵਾਸੀਆਂ ਨੂੰ ਬਾਹਰ ਕੱਢਣ ਦੀ ਗੱਲ ਕਰ ਰਹੇ ਹਾਂ? ਜਿਸ ਪਟਿਆਲਾ ਸ਼ਹਿਰ ਵਿਚ ਤੋਂ ਮੈਂ ਲੰਬਾ ਸਮਾਂ ਵਿਧਾਨ ਸਭਾ ਵਿਚ ਚੁਣ ਕੇ ਜਾਂਦਾ ਰਿਹਾ, ਉਸ ਸ਼ਹਿਰ ਵਿਚ ਛੱਠ ਪੂਜਾ ਮਹਾਉਤਸਵ ਹੁਣ ਇਕ ਵੱਡਾ ਉਤਸਵ ਬਣ ਗਿਆ ਹੈ। ਪਟਿਆਲਾ ਦੇ ਏਕਤਾ ਨਗਰ ਵੈੱਲਫੇਅਰ ਕਲੱਬ ਅਤੇ ਛੱਠ ਪੂਜਾ ਸੰਮਤੀ ਪਟਿਆਲਾ ਵਲੋਂ ਛੱਠ ਪੂਜਾ ਉਤਸਵ ਵਿਚ ਸ਼ਿਰਕਤ ਕੀਤੀ। ਇਸ ਸਮਾਗਮ ਵਿਚ ਜਾ ਕੇ ਬਹੁਤ ਅਾਨੰਦ ਆਇਆ ਕਿਉਂਕਿ ਇਹ ਕੁਦਰਤ ਦੀ ਪੂਜਾ ਕਰਨ ਵਾਲਾ ਤਿਉਹਾਰ ਹੈ।
ਪੰਜਾਬ ਦੀ ਧਰਤੀ ਹਮੇਸ਼ਾ ਹੀ ਕੁਦਰਤ ਦੀ ਪੁਜਾਰੀ ਰਹੀ ਹੈ। ਯੂ. ਪੀ. ਅਤੇ ਬਿਹਾਰ ਦੇ ਲੋਕ ਬਹੁਤ ਹੀ ਸ਼ਰਧਾ ਨਾਲ ਛੱਠ ਪੂਜਾ ਦੌਰਾਨ ਸੂਰਜ ਭਗਵਾਨ ਦੀ ਪੂਜਾ ਕਰਦੇ ਹਨ। ਪਾਣੀ ਵਿਚ ਖੜ੍ਹੇ ਹੋ ਕੇ ਸੂਰਜ ਭਗਵਾਨ ਨੂੰ ਅਰਘ ਦਿੰਦੇ ਹਨ। ਇਸ ਉਤਸਵ ਵਿਚ ਸ਼ਿਰਕਤ ਕਰਦੇ ਸਮੇਂ ਮਨ ਵਿਚ ਖਿਆਲ ਆਇਆ ਕਿ ਆਖਿਰ ਪੰਜਾਬ ਵਿਚ ਅਜਿਹਾ ਮਾਹੌਲ ਕਿਉਂ ਬਣਾਇਆ ਜਾ ਰਿਹਾ ਹੈ, ਜਿਸ ਨਾਲ ਬਾਹਰ ਵਸਦੇ ਪੰਜਾਬੀਆਂ ਨੂੰ ਸਮੱਸਿਆ ਪੈਦਾ ਹੋਵੇ। ਯੂ. ਪੀ., ਬਿਹਾਰ ਦੇ ਲੋਕ ਪੰਜਾਬ ਵਿਚ ਮਿਹਨਤ-ਮਜ਼ਦੂਰੀ ਕਰ ਰਹੇ ਹਨ ਅਤੇ ਆਪਣੇ ਹੀ ਦੇਸ਼ ਦੇ ਨਾਗਰਿਕ ਹਨ।
ਮੇਰੇ ਯੂ. ਪੀ., ਉੱਤਰਾਖੰਡ, ਮੱਧ ਪ੍ਰਦੇਸ਼, ਛੱਤੀਸਗੜ੍ਹ, ਮਹਾਰਾਸ਼ਟਰ ਅਤੇ ਕੋਲਕਾਤੇ ਦੇ ਕਈ ਵੱਡੇ ਪੰਜਾਬੀ ਪਰਿਵਾਰਾਂ ਨਾਲ ਸਬੰਧ ਹਨ, ਜਿਨ੍ਹਾਂ ਨੇ ਉਥੇ ਆਪਣੀ ਮਿਹਨਤ ਨਾਲ ਬਹੁਤ ਵੱਡੇ ਬਿਜ਼ਨੈੱਸ ਇੰਪਾਇਰ ਖੜ੍ਹੇ ਕੀਤੇ ਹੋਏ ਹਨ। ਜੇਕਰ ਪੰਜਾਬ ਤੋਂ ਬਾਹਰਲੇ ਪੰਜਾਬੀਆਂ ਅਤੇ ਖਾਸ ਕਰਕੇ ਪੰਜਾਬੀ ਸਿੱਖਾਂ ਦਾ ਰਹਿਣ-ਸਹਿਣ ਦੇਖਿਆ ਜਾਵੇ ਤਾਂ ਉਹ ਰਾਜਸੀ ਠਾਠ-ਬਾਠ ਵਾਲਾ ਹੈ। ਪੰਜਾਬੀਆਂ ਨੇ ਬਾਹਰਲੇ ਰਾਜਾਂ ਵਿਚ ਆਪਣੇ ਵੱਡੇ ਕਾਰੋਬਾਰ ਸਥਾਪਿਤ ਕੀਤੇ ਹੋਏ ਹਨ। ਜਦੋਂ ਵੀ ਪੰਜਾਬ ਵਿਚ ਪ੍ਰਵਾਸੀਆਂ ਖਿਲਾਫ ਘਟਨਾਵਾਂ ਹੁੰਦੀਆਂ ਹਨ ਤਾਂ ਦੂਜੇ ਸੂਬਿਆਂ ਵਿਚ ਬੈਠੇ ਪੰਜਾਬੀਆਂ ਵਿਚ ਘਬਰਾਹਟ ਪੈਦਾ ਹੋ ਜਾਂਦੀ ਹੈ।
ਉਨ੍ਹਾਂ ਨੂੰ ਡਰ ਸਤਾਉਣ ਲੱਗ ਜਾਂਦਾ ਹੈ ਕਿ ਪੰਜਾਬ ਵਿਚ ਹੋ ਰਿਹਾ ਗਲਤ ਐਕਸ਼ਨ ਉਨ੍ਹਾਂ ਦੇ ਗਲੇ ਦੀ ਹੱਡੀ ਬਣ ਸਕਦਾ ਹੈ ਅਤੇ ਉਨ੍ਹਾਂ ਲਈ ਸਮੱਸਿਆ ਬਣ ਸਕਦਾ ਹੈ। ਮੌਜੂਦਾ ਦੌਰ ਵਿਚ ਵਿਦੇਸ਼ਾਂ ਵਿਚ ਵੀ ਪੰਜਾਬੀਆਂ ਦੇ ਖਿਲਾਫ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਦੇ ਵਿਰੋਧ ਵਿਚ ਹਮੇਸ਼ਾ ਹੀ ਪੰਜਾਬ ਦੇ ਲੋਕ ਖੜ੍ਹੇ ਹੋਏ ਹਨ।
ਮੈਂ ਉਸ ਰਾਜਨੀਤਿਕ ਪਾਰਟੀ ਨਾਲ ਸਬੰਧਤ ਹਾਂ, ਜਿਸ ਨੇ ਪਹਿਲਾਂ ਦੇਸ਼ ਦੀ ਆਜ਼ਾਦੀ ਲਈ ਕੰਮ ਕੀਤਾ ਅਤੇ ਆਜ਼ਾਦੀ ਤੋਂ ਬਾਅਦ ਦੇਸ਼ ਵਿਚ ਵਿਕਾਸ ਵਿਚ ਆਪਣਾ ਯੋਗਦਾਨ ਪਾਇਆ। ਕਾਂਗਰਸ ਪਾਰਟੀ ਦੀ ਨੀਤੀ ਹਮੇਸ਼ਾ ਹੀ ਸੈਕੂਲਰ ਰਹੀ ਹੈ ਅਤੇ ਦੇਸ਼ ਨੂੰ ਇਕਜੁੱਟ ਕਰਨ ਦੀ ਰਹੀ ਹੈ। ਪੰਜਾਬ ਨੇ ਅੱਤਵਾਦ ਦਾ ਲੰਬਾ ਕਾਲਾ ਦੌਰ ਦੇਖਿਆ ਹੈ, ਜਿਸ ਨੇ ਸੂਬੇ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ। ਅਜਿਹੇ ਵਿਚ ਜਦੋਂ ਪ੍ਰਵਾਸੀਆਂ ਦੇ ਨਾਂ ’ਤੇ ਘਟਨਾਵਾਂ ਹੁੰਦੀਆਂ ਹਨ ਤਾਂ ਇਕ ਵਾਰ ਫਿਰ ਤੋਂ ਪੰਜਾਬੀਆਂ ਅਤੇ ਖਾਸ ਕਰਕੇ ਹੋਰਨਾਂ ਸੂਬਿਆਂ ਵਿਚ ਵਸੇ ਪੰਜਾਬੀਆਂ ਵਿਚ ਡਰ ਦੀ ਭਾਵਨਾ ਪੈਦਾ ਹੋ ਜਾਂਦੀ ਹੈ ਕਿ ਕਿਤੇ ਫਿਰ ਪੰਜਾਬ ਨੂੰ ਉਹ ਕਾਲੇ ਦਿਨ ਦੇਖਣੇ ਨਾ ਪੈ ਜਾਣ।
ਕਾਂਗਰਸ ਪਾਰਟੀ ਨੇ ਬੜੇ ਬਲੀਦਾਨ ਦੇਣ ਤੋਂ ਬਾਅਦ ਪੰਜਾਬ ਨੂੰ ਮੁੜ ਤੋਂ ਲੀਹ ’ਤੇ ਲੈ ਕੇ ਆਂਦਾ ਹੈ। ਕਾਂਗਰਸ ਪਾਰਟੀ ਜਿਥੇ ਪੰਜਾਬ ਦਾ ਭਲਾ ਚਾਹੁੰਦੀ ਹੈ, ਉਥੇ ਹੀ ਦੇਸ਼-ਵਿਦੇਸ਼ ਦੇ ਕੋਨੇ-ਕੋਨੇ ਵਿਚ ਬੈਠੇ ਪੰਜਾਬੀਆਂ ਦਾ ਭਲਾ ਚਾਹੁੰਦੀ ਹੈ। ਅਜਿਹੇ ਵਿਚ ਪੰਜਾਬੀਆਂ ਨੂੰ ਚਾਹੀਦਾ ਹੈ ਕਿ ਉਹ ਅਜਿਹੀਆਂ ਤਾਕਤਾਂ ਦੇ ਖਿਲਾਫ ਆਵਾਜ਼ ਬੁਲੰਦ ਕਰਨ ਜੋ ਪ੍ਰਵਾਸੀਆਂ ਨੂੰ ਪੰਜਾਬ ਤੋਂ ਭਜਾਉਣ ਦੇ ਨਾਂ ’ਤੇ ਪੰਜਾਬ ਅਤੇ ਦੇਸ਼ ਦਾ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਹਨ। ਕਈ ਪੰਜਾਬ ਵਿਰੋਧੀ ਤਾਕਤਾਂ ਇਸ ਗੱਲ ਨੂੰ ਜਾਣਬੁੱਝ ਕੇ ਹਵਾ ਦੇ ਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਹਨ।
ਬ੍ਰਹਮ ਮਹਿੰਦਰਾ (ਸਾਬਕਾ ਕੈਬਨਿਟ ਮੰਤਰੀ ਪੰਜਾਬ, ਮੈਂਬਰ ਏ. ਆਈ. ਸੀ. ਸੀ.)
