ਚੌਗਿਰਦਾ : ਸੋਚਣ ਦੀ ਫੁਰਸਤ ਕਿਸੇ ਨੂੰ ਨਹੀਂ
Monday, Nov 10, 2025 - 04:37 PM (IST)
ਲੈਂਸਟ ਦੀ ਹਾਲ ਹੀ ’ਚ ਛਪੀ ਇਕ ਰਿਪੋਰਟ ਅਨੁਸਾਰ ਸਾਲ 2022 ’ਚ ਭਾਰਤ ’ਚ 17 ਲੱਖ ਤੋਂ ਵੱਧ ਲੋਕਾਂ ਦੀ ਮੌਤ ਹਵਾ ਪ੍ਰਦੂਸ਼ਣ ਕਾਰਨ ਹੋਈ। ‘ਦਿ ਲੈਂਸਟ ਕਾਊਂਟਡਾਊਨ ਆਨ ਹੈਲਥ ਐਂਡ ਕਲਾਈਮੇਟ ਚੇਂਜ 2025’ ਰਿਪੋਰਟ ’ਚ ਹਵਾ ਪ੍ਰਦੂਸ਼ਣ ਅਤੇ ਸੰਬੰਧਤ ਮੌਤਾਂ ਲਈ ਜੀਵਾਸ਼ਮ ਈਂਧਨ ਧਨ (ਜਿਵੇਂ ਕੋਲਾ, ਪੈਟਰੋਲ) ਨੂੰ ਪ੍ਰਮੁੱਖ ਕਾਰਨ ਦੱਸਿਆ ਗਿਆ ਹੈ। ਇਹ ਰਿਪੋਰਟ ਜਲਵਾਯੂ ਤਬਦੀਲੀ ਦੇ ਸਿਹਤ ’ਤੇ ਹੋਣ ਵਾਲੇ ਪ੍ਰਭਾਵਾਂ ’ਤੇ ਰੌਸ਼ਨੀ ਪਾਉਂਦੀ ਹੈ ਅਤੇ ਜੀਵਾਸ਼ਮ ਈਂਧਨ ’ਤੇ ਨਿਰਭਰਤਾ ਘੱਟ ਕਰਨ ਅਤੇ ਨਵਿਆਉਣਯੋਗ ਊਰਜਾ (ਜਿਵੇਂ ਸੂਰਜ ਦੀ ਰੋਸ਼ਨੀ, ਪਵਨ ਅਤੇ ਪਾਣੀ) ਨੂੰ ਉਤਸ਼ਾਹ ਦੇਣ ਦੀ ਸਿਫਾਰਿਸ਼ ਕਰਦੀ ਹੈ। ਹਾਲਾਂਕਿ ਇਹ ਬਦਕਿਸਮਤੀ ਹੈ ਕਿ ਕਈ ਦਾਅਵਿਆਂ ਦਾ ਬਾਵਜੂਦ ਜੀਵਾਸ਼ਮ ਈਂਧਨ ’ਤੇ ਸਾਡੀ ਨਿਰਭਰਤਾ ਘੱਟ ਨਹੀਂ ਹੋ ਰਹੀ ਹੈ। ਉੱਤਰ ਭਾਰਤ ਦੇ ਕਈ ਸ਼ਹਿਰਾਂ ’ਚ ਹਵਾ ਦੀ ਗੁਣਵੱਤਾ ਗੰਭੀਰ ਪੱਧਰ ’ਤੇ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਦਿੱਲੀ-ਐੱਨ. ਸੀ. ਆਰ. ’ਚ ਕਈ ਥਾਵਾਂ ’ਤੇ ਪੀ. ਐੱਮ. 2.5 ਅਤੇ ਪੀ. ਐੱਮ. 10 ਕਣਾਂ ਦੇ ਪੱਧਰ ਮਾਣਕ ਤੋਂ ਕਈ ਗੁਣਾ ਜ਼ਿਆਦਾ ਪਾਇਆ ਗਿਆ ਹੈ। ਇਹ ਬਦਕਿਸਮਤੀ ਹੈ ਕਿ ਹਰ ਸਾਲ ਅਕਤੂਬਰ-ਨਵੰਬਰ ’ਚ ਦਿੱਲੀ-ਐੱਨ. ਸੀ. ਆਰਛ ਅਤੇ ਦੇਸ਼ ਦੇ ਕਈ ਹਿੱਸਿਆਂ ’ਚ ਪ੍ਰਦੂਸ਼ਣ ਕਾਰਨ ਹਵਾ ਦੀ ਗੁਣਵੱਤਾ ਕਾਫੀ ਖਰਾਬ ਹੋ ਜਾਂਦੀ ਹੈ। ਇਸ ਪ੍ਰਦੂਸ਼ਣ ਲਈ ਕਿਸਾਨਾਂ ਵਲੋਂ ਪਰਾਲੀ ਸਾੜਨ ਨੂੰ ਇਕ ਵੱਡਾ ਕਾਰਨ ਮੰਨਿਆ ਜਾਂਦਾ ਹੈ ਪਰ ਅਸਲੀਅਤ ਇਹ ਹੈ ਕਿ ਪਰਾਲੀ ਸਾੜਨਾ ਇਸ ਸਮੱਸਿਆ ਦਾ ਇਕ ਕਾਰਨ ਹੈ। ਕੁਝ ਲੋਕ ਅਤੇ ਬੁੱਧੀਜੀਵੀ ਕਿਸਾਨਾਂ ਵਲੋਂ ਪਰਾਲੀ ਸਾੜਨ ਦੀ ਪ੍ਰਕਿਰਿਆ ਨੂੰ ਇਸ ਤਰ੍ਹਾਂ ਪ੍ਰਚਾਰਿਤ ਕਰਦੇ ਹਨ ਜਿਵੇਂ ਇਸ ਪ੍ਰਦੂਸ਼ਣ ਦਾ ਸਿਰਫ ਇਹੀ ਇਕ ਕਾਰਨ ਹੈ।
ਸਿਰਫ ਪਰਾਲੀ ਸਾੜਨ ਦੀ ਪ੍ਰਕਿਰਿਆ ਨੂੰ ਹੀ ਇਸ ਪ੍ਰਦੂਸ਼ਣ ਲਈ ਜ਼ਿੰਮੇਵਾਰ ਨਹੀਂ ਮੰਨਿਆ ਜਾ ਸਕਦਾ। ਇਸ ਦੇ ਨਾਲ ਅਜਿਹੇ ਅਨੇਕ ਕਾਰਨ ਹਨ ਜੋ ਉਨ੍ਹਾਂ ਦਿਨਾਂ ’ਚ ਪ੍ਰਦੂਸ਼ਣ ਵਧਾ ਕੇ ਹਵਾ ਦੀ ਗੁਣਵੱਤਾ ਖਰਾਬ ਕਰਦੇ ਹਨ। ਦਰਅਸਲ ਹਵਾ ਪ੍ਰਦੂਸ਼ਣ ਵਧਣ ਨਾਲ ਸਾਹ ਦੇ ਰੋਗੀਆਂ ਦੀ ਸਮੱਸਿਆ ਵਧ ਜਾਂਦੀ ਹੈ ਅਤੇ ਸਿਹਤਮੰਦ ਵਿਅਕਤੀ ਨੂੰ ਸਾਹ ਸੰਬੰਧੀ ਬੀਮਾਰੀਆਂ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਹਵਾ ਪ੍ਰਦੂਸ਼ਣ ਵਧਣ ’ਤੇ ਸਰਕਾਰਾਂ ਜ਼ਰੂਰ ਸਰਗਰਮ ਹੁੰਦੀਆਂ ਹਨ ਪਰ ਜਿਉਂ ਹੀ ਪ੍ਰਦੂਸ਼ਣ ਘੱਟ ਹੁੰਦਾ ਹੈ, ਸਰਕਾਰਾਂ ਮੁੜ ਸੌਂ ਜਾਂਦੀਆਂ ਹਨ ਜਦਕਿ ਹਵਾ ਪ੍ਰਦੂਸ਼ਣ ਘੱਟ ਕਰਨ ਵਾਲੇ ਉਪਾਵਾਂ ’ਤੇ ਪੂਰਾ ਸਾਲ ਸਰਗਰਮੀ ਨਾਲ ਕੰਮ ਹੁੰਦਾ ਰਹਿਣਾ ਚਾਹੀਦਾ। ਸਾਨੂੰ ਇਹ ਸਮਝਣਾ ਹੋਵੇਗਾ ਕਿ ਕੋਈ ਵੀ ਤਕਨੀਕ ਪ੍ਰਦੂਸ਼ਣ ਨੂੰ ਘੱਟ ਕਰਨ ’ਚ ਸਹਾਇਤਾ ਤਾਂ ਕਰ ਸਕਦੀ ਹੈ, ਪਰ ਇਸ ਨੂੰ ਪੂਰੀ ਤਰ੍ਹਾਂ ਨਾਲ ਖਤਮ ਨਹੀਂ ਕਰ ਸਕਦੀ। ਕਈ ਵਾਰ ਮੌਸਮ ’ਚ ਤਬਦੀਲੀ ਵੀ ਇਸ ਪ੍ਰਦੂਸ਼ਣ ਲਈ ਜ਼ਿੰਮੇਵਾਰ ਹੁੰਦੀ ਹੈ।
ਰਹੀ ਕਸਰ ਸਾਡੀ ਨਾਸਮਝੀ ਅਤੇ ਮਨੁੱਖੀ ਸਰਗਰਮੀਆਂ ਪੂਰੀ ਕਰ ਦਿੰਦੀਆਂ ਹਨ। ਇਹੀ ਕਾਰਨ ਹੈ ਕਿ ਪ੍ਰਦੂਸ਼ਣ ਘੱਟ ਕਰਨ ਲਈ ਨੀਤੀਆਂ ਤਾਂ ਬਣਦੀਆਂ ਹਨ, ਪਰ ਉਨ੍ਹਾਂ ਨੂੰ ਸਹੀ ਢੰਗ ਨਾਲ ਲਾਗੂ ਨਾ ਕੀਤੇ ਜਾਣ ਦੇ ਕਾਰਨ ਨਤੀਜਾ ‘ਢਾਕ ਕੇ ਤੀਨ ਪਾਤ’ ਹੀ ਰਹਿੰਦਾ ਹੈ। ਸਰਕਾਰੀ ਨੀਤੀਆਂ ਦੇ ਸਹੀ ਢੰਗ ਨਾਲ ਲਾਗੂ ਹੋਣ ਦੇ ਨਾਲ ਜਦੋਂ ਤੱਕ ਜਨਤਾ ਪੂਰੀ ਤਰ੍ਹਾਂ ਜਾਗਰੂਕ ਨਹੀਂ ਹੋਵੇਗੀ, ਹਵਾ ਪ੍ਰਦੂਸ਼ਣ ਨੂੰ ਪੂਰੀ ਤਰ੍ਹਾਂ ਘੱਟ ਨਹੀਂ ਕੀਤਾ ਜਾ ਸਕਦਾ। ਦਰਅਸਲ ਧੂੜ, ਧੂੰਏਂ ਅਤੇ ਧੁੰਦ ਨਾਲ ਬਣਿਆ ਸਮੌਗ ਸਾਡੇ ਲਈ ਕਈ ਸਮੱਸਿਆਵਾਂ ਪੈਦਾ ਕਰਦਾ ਹੈ। ਜਦੋਂ ਈਂਧਨ ਸੜਦਾ ਹੈ, ਵਾਯੂਮੰਡਲੀ ਪ੍ਰਦੂਸ਼ਣ ਜਾਂ ਗੈਸਾਂ ਹਵਾ ’ਚ ਮੌਜੂਦ ਸੂਰਜ ਦੀ ਰੌਸ਼ਨੀ ਅਤੇ ਵਾਤਾਵਰਣ ’ਚ ਇਸ ਦੀ ਗਰਮੀ ਨਾਲ ਪ੍ਰਤੀਕਿਰਿਆ ਕਰਦੀਆਂ ਹਨ, ਜਿਸ ਨਾਲ ਸਮੌਗ ਬਣਦਾ ਹੈ।
ਇਸ ਮੌਸਮ ’ਚ ਹਰ ਸਾਲ ਇਸ ਸਮੌਗ ਦੇ ਕਾਰਨ ਪ੍ਰਦੂਸ਼ਣ ਦਾ ਪੱਧਰ ਕਾਫੀ ਵਧ ਜਾਂਦਾ ਹੈ। ਨਿਰਮਾਣ ਕੰਮ ਵੀ ਇਸ ਪ੍ਰਦੂਸ਼ਣ ਲਈ ਜ਼ਿੰਮੇਵਾਰ ਹੁੰਦੇ ਹਨ। ਇਸ ਦੇ ਨਾਲ ਹੀ ਵਾਹਨਾਂ ਦਾ ਪ੍ਰਦੂਸ਼ਣ ਵੀ ਇਸ ਸਮੌਗ ਨੂੰ ਵਧਾਉਂਦਾ ਹੈ। ਜ਼ਿਕਰਯੋਗ ਹੈ ਕਿ ਕਾਫੀ ਵਾਯੂ ਪ੍ਰਦੂਸ਼ਣ ਵਾਹਨਾਂ ਰਾਹੀਂ ਪੈਦਾ ਹੁੰਦਾ ਹੈ। ਵਾਹਨਾਂ ’ਚੋਂ ਨਿਕਲਣ ਵਾਲੇ ਧੂੰਏਂ ’ਚ ਕਾਰਬਨ ਮੋਨੋਆਕਸਾਈਡ, ਨਾਈਟ੍ਰੋਜਨ ਆਕਸਾਈਡ, ਹਾਈਡ੍ਰੋਕਾਰਬਨ ਅਤੇ ਸੰਸਪੈਂਡਿਡ ਪਰਟਿਕੁਲੇਟ ਮੈਟਰ ਵਰਗੇ ਖਤਰਨਾਕ ਤੱਤ ਅਤੇ ਗੈਸਾਂ ਹੁੰਦੀਆਂ ਹਨ ਜੋ ਸਿਹਤ ਲਈ ਬਹੁਤ ਹੀ ਹਾਨੀਕਾਰਕ ਹਨ।
ਕਾਰਬਨ ਮੋਨੋਆਕਸਾਈਡ ਜਦੋਂ ਸਾਹ ਰਾਹੀਂ ਸਰੀਰ ਅੰਦਰ ਪਹੁੰਚਦਾ ਹੈ ਤਾਂ ਉਥੇ ਹੀਮੋਗਲੋਬਿਨ ਨਾਲ ਮਿਲ ਕੇ ਕਾਰਬੋਕਸੀ ਹੀਮੋਗਲੋਬਿਨ ਨਾਮਕ ਤੱਤ ਬਣਦਾ ਹੈ। ਇਸ ਤੱਤ ਦੇ ਕਾਰਨ ਸਰੀਰ ’ਚ ਆਕਸੀਜਨ ਦਾ ਪਹੁੰਚਣਾ ਸੁਚਾਰੂ ਢੰਗ ਨਾਲ ਨਹੀਂ ਹੁੰਦਾ। ਨਾਈਟ੍ਰੋਜਨ ਮੋਨੋਆਕਸਾਈਡ ਅਤੇ ਨਾਈਟ੍ਰੋਜਨ ਡਾਇਆਕਸਾਈਡ ਵੀ ਘੱਟ ਖਤਰਨਾਕ ਨਹੀਂ ਹਨ।
ਨਾਈਟ੍ਰੋਜਨ ਮੋਨੋਆਕਸਾਈਡ, ਕਾਰਬਨ ਮੋਨੋਆਕਸਾਈਡ ਵਾਂਗ ਹੀ ਹੀਮੋਗਲੋਬਿਨ ਨਾਲ ਮਿਲ ਕੇ ਸਰੀਰ ’ਚ ਆਕਸੀਜਨ ਦੀ ਮਾਤਰਾ ਘਟਾਉਂਦਾ ਹੈ। ਇਸੇ ਤਰ੍ਹਾਂ, ਨਾਈਟ੍ਰੋਜਨ ਡਾਇਆਕਸਾਈਡ ਫੇਫੜਿਆਂ ਲਈ ਬਹੁਤ ਹੀ ਖ਼ਤਰਨਾਕ ਹੈ। ਇਸ ਦੇ ਬਹੁਤ ਜ਼ਿਆਦਾ ਸੰਪਰਕ ਨਾਲ ਦਮਾ ਅਤੇ ਬ੍ਰੌਂਕਾਈਟਿਸ ਵਰਗੇ ਰੋਗ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।
ਵਾਤਾਵਰਣ ’ਚ ਹਾਈਡ੍ਰੋਕਾਰਬਨ ਦਾ ਜ਼ਿਆਦਾ ਹੋਣਾ ਕੈਂਸਰ ਵਰਗੇ ਰੋਗਾਂ ਲਈ ਜ਼ਿੰਮੇਵਾਰ ਹੈ। ਵਾਹਨਾਂ ’ਚੋਂ ਨਿਕਲਣ ਵਾਲਾ ਇਥਾਈਲੀਨ ਵਰਗਾ ਹਾਈਡ੍ਰੋਕਾਰਬਨ ਥੋੜ੍ਹੀ ਮਾਤਰਾ ’ਚ ਵੀ ਪੌਦਿਆਂ ਲਈ ਹਾਨੀਕਾਰਕ ਹੈ, ਸਸਪੈਂਡਿਡ ਪਰਟਿਕੁਲੇਟ ਮੈਟਰ ਬਹੁਤ ਛੋਟੇ-ਛੋਟੇ ਕਣਾਂ ਦੇ ਰੂਪ ’ਚ ਵੱਖ-ਵੱਖ ਸਿਹਤ ਸੰਬੰਧੀ ਸਮੱਸਿਆਵਾਂ ਪੈਦਾ ਕਰਦੇ ਹਨ। ਅਜਿਹੇ ਤੱਤ ਸਾਡੇ ਫੇਫੜਿਆਂ ਨੂੰ ਨੁਕਸਾਨ ਪਹੁੰਚਾ ਕੇ ਸਾਹ ਸੰਬੰਧੀ ਰੋਗ ਪੈਦਾ ਕਰਦੇ ਹਨ।
ਅਸਲੀਅਤ ਇਹ ਹੈ ਕਿ ਅੱਜ ਚੌਗਿਰਦੇ ਦੇ ਅਨੁਕੂਲ ਤਕਨੀਕ ਬਾਰੇ ਸੋਚਣ ਦੀ ਫੁਰਸਤ ਕਿਸੇ ਨੂੰ ਨਹੀਂ ਹੈ। ਪੁਰਾਣੇ ਸਮੇਂ ਵਿਚ, ਚੌਗਿਰਦੇ ਦੇ ਹਰ ਹਿੱਸੇ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਸੀ। ਇਸੇ ਲਈ ਅਸੀਂ ਚੌਗਿਰਦੇ ਦੇ ਹਰ ਹਿੱਸੇ ਦਾ ਸਤਿਕਾਰ ਕਰਨਾ ਜਾਣਦੇ ਸੀ। ਆਧੁਨਿਕ ਸਮੇਂ ਵਿਚ ਚੌਗਿਰਦੇ ਦੇ ਹਿੱਸੇ ਵਸਤਾਂ ਦੇ ਤੌਰ ’ਤੇ ਦੇਖੇ ਜਾਣ ਲੱਗੇ ਅਤੇ ਅਸੀਂ ਇਨ੍ਹਾਂ ਨੂੰ ਭੋਗ ਦੀਆਂ ਵਸਤਾਂ ਮੰਨਣ ਲੱਗੇ।
ਉਦਾਰੀਕਰਨ ਦੀ ਹਨੇਰੀ ਨੇ ਤਾਂ ਸਾਡੇ ਸਾਰੇ ਤਾਣੇ-ਬਾਣੇ ਨੂੰ ਹੀ ਤਬਾਹ ਕਰ ਦਿੱਤਾ। ਇਸ ਪ੍ਰਕਿਰਿਆ ਨੇ ਚੌਗਿਰਦੇ ਦੇ ਅਨੁਕੂਲ ਸਮਝ ਵਿਕਸਤ ਕਰਨ ’ਚ ਅੜਿੱਕਾ ਪਹੁੰਚਾਇਆ। ਇਹ ਸਮਝ ਵਿਕਸਤ ਕਰਨ ਲਈ ਇਕ ਵਾਰ ਫਿਰ ਸਾਨੂੰ ਨਵੇਂ ਸਿਰੇ ਤੋਂ ਸੋਚਣਾ ਹੋਵੇਗਾ। ਸਾਨੂੰ ਇਹ ਮੰਨਣਾ ਹੋਵੇਗਾ ਕਿ ਪ੍ਰਦੂਸ਼ਣ ਦੀ ਇਹ ਸਮੱਸਿਆ ਕਿਸੇ ਇਕ ਸ਼ਹਿਰ, ਸੂਬੇ ਜਾਂ ਦੇਸ਼ ਦੇ ਸੁਧਰਨ ਨਾਲ ਹੱਲ ਹੋਣ ਵਾਲੀ ਨਹੀਂ ਹੈ। ਚੌਗਿਰਦੇ ਦੀ ਕੋਈ ਅਜਿਹੀ ਪਰਿਧੀ ਨਹੀਂ ਹੁੰਦੀ ਹੈ ਕਿ ਇਕ ਜਗ੍ਹਾ ਕੁਦਰਤੀ ਸੋਮਿਆਂ ਦੀ ਦੁਰਵਰਤੋਂ ਜਾਂ ਪ੍ਰਦੂਸ਼ਣ ਹੋਣ ਨਾਲ ਉਸ ਦਾ ਪ੍ਰਭਾਵ ਦੂਜੇ ਪਾਸੇ ਨਾ ਪਵੇ। ਇਸ ਲਈ ਇਸ ਸਮੇਂ ਸੰਪੂਰਨ ਵਿਸ਼ਵ ’ਚ ਚੌਗਿਰਦੇ ਪ੍ਰਤੀ ਚਿੰਤਾ ਦੇਖੀ ਜਾ ਰਹੀ ਹੈ। ਸਵਾਲ ਇਹ ਹੈ ਕਿ ਕੀ ਖੋਖਲੇ ਆਸ਼ੀਰਵਾਦ ਨਾਲ ਹਵਾ ਪ੍ਰਦੂਸ਼ਣ ਦਾ ਮੁੱਦਾ ਹੱਲ ਹੋ ਸਕਦਾ ਹੈ?
ਰੋਹਿਤ ਕੌਸ਼ਿਕ
