ਜੀ-20 ਤੋਂ ਬ੍ਰਿਕਸ ਤੱਕ, ਭਾਰਤ ਦੇ ‘ਮਾਨਵ-ਕੇਂਦ੍ਰਿਤ ਦ੍ਰਿਸ਼ਟੀਕੋਣ’ ਦਾ ਮਹੱਤਵ
Sunday, Sep 13, 2026 - 04:53 PM (IST)
ਅੰਤਰਰਾਸ਼ਟਰੀ ਸੰਬੰਧ ਅਧਿਐਨ ਦਾ ਇਕ ਮਹੱਤਵਪੂਰਨ ਖੇਤਰ ਰਿਹਾ ਹੈ। ਪਹਿਲਾਂ ਇਹ ਕੇਵਲ ਕੂਟਨੀਤਕ ਇਤਿਹਾਸ ਦੇ ਅਧਿਐਨ ਤੱਕ ਸੀਮਤ ਸੀ, ਪਰ ਅੱਜ ਇਸ ਦਾ ਪ੍ਰਭਾਵ ਕਈ ਹੋਰ ਵਿਸ਼ਿਆਂ ’ਤੇ ਵੀ ਹੈ। ਇਸ ਨੇ ਇਕ ਲੰਬਾ ਸਫ਼ਰ ਤੈਅ ਕੀਤਾ ਹੈ। ਇਸ ਦਾ ਅਧਿਐਨ ਅਤੇ ਪ੍ਰਭਾਵ ਸਿਰਫ ਯੁੱਧ ਖੇਤਰ ਤੱਕ ਹੀ ਸੀਮਤ ਨਹੀਂ ਹੈ, ਸਗੋਂ ਇਹ ਵਾਤਾਵਰਣ, ਈਕੋਲਾਜੀ ਅਤੇ ਅਰਥਵਿਵਸਥਾ ਨਾਲ ਵੀ ਜੁੜਿਆ ਹੈ। ਪਹਿਲੇ ਵਿਸ਼ਵ ਯੁੱਧ ਤੋਂ ਦੂਜੇ ਵਿਸ਼ਵ ਯੁੱਧ ਅਤੇ ਫਿਰ ਸੀਤ ਯੁੱਧ ਤੱਕ ਦੇ ਇਸ ਸਫ਼ਰ ’ਚ, ਚਿੰਤਾ ਦਾ ਇਕ ਅਹਿਮ ਵਿਸ਼ਾ ਕੁਝ ਵਿਚਾਰਾਂ ਦਾ ਦਬਦਬਾ ਅਤੇ ਦੂਜਿਆਂ ਦੀ ਅਣਦੇਖੀ ਹੈ।
ਸੰਸਾਰੀਕਰਨ ਸੀਤ ਯੁੱਧ ਤੋਂ ਬਾਅਦ ਦੇ ਦੌਰ ਦੀ ਇਕ ਅਹਿਮ ਪਛਾਣ ਬਣ ਗਿਆ ਹੈ।
ਸੋਵੀਅਤ ਸੰਘ ਦਾ ਭੰਗ ਹੋਣਾ, ਬਰਲਿਨ ਦੀ ਕੰਧ ਦਾ ਡਿੱਗਣਾ ਅਤੇ ਨਵ-ਉਦਾਰਵਾਦ ਦਾ ਉਦੈ ਉਸ ਸਮੇਂ ਦੀਆਂ ਮਹੱਤਵਪੂਰਨ ਵਿਸ਼ੇਸ਼ਤਾਵਾਂ ਬਣ ਗਈਆਂ। ਹਾਲਾਂਕਿ, ਸਮੇਂ ਦੇ ਨਾਲ ਸੁਧਾਰ ਲਿਆਉਣ ਦਾ ਆਪਣਾ ਇਕ ਅਨੋਖਾ ਤਰੀਕਾ ਹੁੰਦਾ ਹੈ। ਸੰਸਾਰਕ ਸ਼ਾਸਨ ਦੇ ਮਾਮਲੇ ’ਚ ਵੀ ਅਜਿਹਾ ਹੀ ਦੇਖਣ ਨੂੰ ਮਿਲਿਆ। ਸਮੇਂ ਦੇ ਨਾਲ, ਸੰਸਾਰੀਕਰਨ ਦੇ ਵੱਖ-ਵੱਖ ਪਹਿਲੂਆਂ ’ਚ ਮਨੁੱਖੀ ਪੱਖ ਦੀ ਕਮੀ ਦੇਖੀ ਗਈ।
ਇਸ ਦਾ ਮਤਲਬ ਇਹ ਨਹੀਂ ਹੈ ਕਿ ਕੋਈ ਆਪਸ ’ਚ ਜੁੜੀ ਹੋਈ ਸੰਸਾਰਕ ਦੁਨੀਆ ਨਹੀਂ ਚਾਹੁੰਦਾ। ਹਾਲਾਂਕਿ, ਜਦੋਂ ਅਰਥਵਿਵਸਥਾ, ਸਮਾਜ, ਵਾਤਾਵਰਣ ਅਤੇ ਸੱਭਿਆਚਾਰ ਨੂੰ ਸਿਰਫ਼ ਮੁਨਾਫ਼ੇ ਦੇ ਏਜੰਡੇ ਦੇ ਹਿਸਾਬ ਨਾਲ ਢਾਲਿਆ ਜਾਂਦਾ ਹੈ, ਤਾਂ ਇਹ ਇਕ ਸਮੱਸਿਆ ਬਣ ਜਾਂਦੀ ਹੈ। ਇਹ ਸਮਝਣਾ ਜ਼ਰੂਰੀ ਹੈ ਕਿ ਮੁਨਾਫ਼ਾ ਕਮਾਉਣਾ ਬੁਰੀ ਗੱਲ ਨਹੀਂ ਹੈ, ਪਰ ਇਹ ਸ਼ਾਸਨ ਦਾ ਇਕੋ-ਇਕ ਪੈਮਾਨਾ ਨਹੀਂ ਹੋ ਸਕਦਾ।
ਸੰਯੁਕਤ ਰਾਸ਼ਟਰ ਦੀ ਸਥਾਪਨਾ ਦੇ 75 ਸਾਲ ਪੂਰੇ ਹੋਣ ਤੋਂ ਲੈ ਕੇ 2023 ’ਚ ਜੀ-20 ਦੀ ਪ੍ਰਧਾਨਗੀ ਅਤੇ ਨਵੀਂ ਦਿੱਲੀ ’ਚ 18ਵੇਂ ਬ੍ਰਿਕਸ ਸਿਖ਼ਰ ਸੰਮੇਲਨ ਤੱਕ, ਭਾਰਤ ਨੇ ਹਮੇਸ਼ਾ ਸੰਸਾਰਕ ਸ਼ਾਸਨ ’ਚ ਸੁਧਾਰ ਦਾ ਮਹੱਤਵਪੂਰਨ ਸੱਦਾ ਦਿੱਤਾ ਹੈ। ਜੀ-20 ਸਮਿਟ ’ਚ ‘ਮਾਨਵ-ਕੇਂਦ੍ਰਿਤ ਸੰਸਾਰੀਕਰਨ’ ਤੋਂ ਲੈ ਕੇ ਬ੍ਰਿਕਸ ਸਿਖ਼ਰ ਸੰਮੇਲਨ ’ਚ ‘ਪ੍ਰਤੀਨਿਧਤਾ, ਜਵਾਬਦੇਹੀ ਅਤੇ ਨਿਯਮ-ਨਿਰਮਾਣ’ ’ਤੇ ਧਿਆਨ ਕੇਂਦ੍ਰਿਤ ਕਰਨ ਦੀ ਗੱਲ ਤੱਕ, ਭਾਰਤ ਨੇ ਗਲੋਬਲ ਗਵਰਨੈਂਸ ਦੀਆਂ ਗ਼ਲਤੀਆਂ ਨੂੰ ਸੁਧਾਰਨ ਦੀ ਅਹਿਮ ਲੋੜ ’ਤੇ ਗੱਲ ਕੀਤੀ ਹੈ। ਇਸ ’ਚ ਇਹ ਵੀ ਹੈ ਕਿ ਗਲੋਬਲ ਡਿਵੈੱਲਪਮੈਂਟ ਲਈ ਕਿਸੇ ਵੀ ਸਮੱਸਿਆ-ਹੱਲ ਦੇ ਤਰੀਕੇ ਦਾ ਅੱਜ ਦੇ ਸਮੇਂ ਦੀਆਂ ਅਸਲੀਅਤਾਂ ਨਾਲ ਜੁੜਿਆ ਹੋਣਾ ਜ਼ਰੂਰੀ ਹੈ।
ਬ੍ਰਿਕਸ ਨਵੀਂ ਦਿੱਲੀ ਐਲਾਨ-ਪੱਤਰ ਅੰਤਰਰਾਸ਼ਟਰੀ ਸੰਬੰਧਾਂ ਲਈ ਇਕ ਸੁਧਾਰਾਤਮਕ ਦ੍ਰਿਸ਼ਟੀਕੋਣ ਪੇਸ਼ ਕਰਨ ਦੀ ਸਾਰਥਕ ਕੋਸ਼ਿਸ਼ ਕਰਦਾ ਹੈ। ਸ਼ਾਂਤੀ ਅਤੇ ਸੁਰੱਖਿਆ, ਵਿਸ਼ਵ ਵਪਾਰ ਸੰਗਠਨ, ਕੂਟਨੀਤੀ ਅਤੇ ਗੱਲਬਾਤ ’ਤੇ ਧਿਆਨ, ਪ੍ਰਮਾਣੂ ਸੁਰੱਖਿਆ ਆਦਿ ਇਸ ਐਲਾਨ-ਪੱਤਰ ਦੇ ਮਹੱਤਵਪੂਰਨ ਬਿੰਦੂ ਹਨ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜੀ-20 ਤੋਂ ਲੈ ਕੇ ਬ੍ਰਿਕਸ ਤੱਕ ਇਕ ਸਰਗਰਮ ਮੈਂਬਰ ਹੋਣ ਦੇ ਨਾਤੇ, ‘ਲੋਕਾਂ ’ਤੇ ਕੇਂਦ੍ਰਿਤ ਦ੍ਰਿਸ਼ਟੀਕੋਣ’ ਦੇ ਵਿਚਾਰ ਨੇ ਭਾਰਤ ਨੂੰ ‘ਮਲਟੀ-ਅਲਾਈਨਮੈਂਟ’ ’ਚ ਤਾਕਤ ਅਤੇ ਅਹਿਮੀਅਤ ਦਿਵਾਈ ਹੈ।
ਇਨਸਾਨ ਨੂੰ ਕੇਂਦਰ ’ਚ ਰੱਖਣ ਵਾਲਾ ਨਜ਼ਰੀਆ ਜ਼ਰੂਰੀ ਹੈ ਕਿਉਂਕਿ ਬਦਲਾਅ ਅਤੇ ਗਤੀਸ਼ੀਲਤਾ ਹੀ ਵਿਕਾਸ ਦੀ ਸੱਚਾਈ ਹੈ। ਇਨਸਾਨੀ ਪਹਿਲੂ ਦੀ ਸਮਝਦਾਰੀ ਹੀ ਕਿਸੇ ਵੀ ਪ੍ਰਕਿਰਿਆ ਨੂੰ ਜ਼ਮੀਨੀ ਪੱਧਰ ਨਾਲ ਜੁੜਨ ਦੀ ਸਮਰੱਥਾ ਦਿੰਦੀ ਹੈ।
ਤਕਨੀਕੀ ਤਰੱਕੀ ਅਤੇ ਦੂਜੇ ਵਿਕਾਸ ਹਮੇਸ਼ਾ ਤੋਂ ਇਨਸਾਨੀ ਇਤਿਹਾਸ ਦਾ ਹਿੱਸਾ ਰਹੇ ਹਨ। ਅੰਤਰਰਾਸ਼ਟਰੀ ਸੰਬੰਧਾਂ ’ਚ ਗਿਆਨ ਦੇ ਪ੍ਰਮੁੱਖ ਢਾਂਚਿਆਂ ਨੇ ਮਨੁੱਖੀ ਪਹਿਲੂ ਨੂੰ ਨਜ਼ਰਅੰਦਾਜ਼ ਕੀਤਾ।
ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੁਨੀਆ ਬਹੁਤ ਬਦਲ ਗਈ ਹੈ। ਅੱਜ ਦੇ ਦੌਰ ’ਚ ਸੰਸਾਰਕ ਦੁਨੀਆ ਦੇ ਮੁੱਦੇ ਗਤੀਸ਼ੀਲ ਹਨ। ਰਾਸ਼ਟਰੀ ਹਿੱਤ ਅਤੇ ਸ਼ਕਤੀ ਬਹੁ-ਆਯਾਮੀ ਹਨ। ਅਜਿਹੇ ਹਾਲਾਤ ’ਚ, ਲੋਕਾਂ ’ਤੇ ਕੇਂਦ੍ਰਿਤ ਦ੍ਰਿਸ਼ਟੀਕੋਣ ਆਰਥਿਕ ਲਾਭ ਹਾਸਲ ਕਰਨ ਦੀ ਦਿਸ਼ਾ ’ਚ ਕੰਮ ਕਰਨ ਲਈ ਬਿਹਤਰ ਸਥਿਤੀ ਪ੍ਰਦਾਨ ਕਰਦਾ ਹੈ। ਇਹੋ ਵਜ੍ਹਾ ਹੈ ਕਿ ਮਤਭੇਦਾਂ ਦੇ ਬਾਵਜੂਦ ਈਰਾਨ ਅਤੇ ਯੂ. ਏ. ਈ. ਨੂੰ ਇਕ ਹੀ ਮੰਚ ’ਤੇ ਦੇਖਿਆ ਗਿਆ। ਵਪਾਰਕ ਰੁਕਾਵਟਾਂ ਨੂੰ ਦੂਰ ਕਰਨਾ, ਕੌਸ਼ਲ ਵਿਕਾਸ ਨੂੰ ਉਤਸ਼ਾਹਿਤ ਕਰਨਾ, ਸਟਾਰਟਅੱਪ, ਇਨੋਵੇਸ਼ਨ ਅਤੇ ਆਰਥਿਕ ਸਮਝੌਤਿਆਂ ’ਤੇ ਕੰਮ ਕਰਨਾ ਅਤੇ ਨਾਲ ਹੀ ਲੋਕਾਂ ’ਤੇ ਕੇਂਦ੍ਰਿਤ ਦ੍ਰਿਸ਼ਟੀਕੋਣ ਅਪਣਾਉਣਾ, ਭਵਿੱਖ ਦੀ ਬਿਹਤਰ ਦੁਨੀਆ ਲਈ ਬਹੁਤ ਫ਼ਾਇਦੇਮੰਦ ਹੋਵੇਗਾ।
ਸੰਸਾਰਕ ਸ਼ਾਸਨ ਲਈ ਇਕ ਨਵੇਂ ਅਤੇ ਅਨੋਖੇ ਨਜ਼ਰੀਏ ਦੀ ਲੋੜ ਹੈ। ਲੋਕਾਂ ਨੂੰ ਕੇਂਦਰ ’ਚ ਰੱਖਣ ਵਾਲੇ ਨਜ਼ਰੀਏ ਅਤੇ ‘ਮਾਨਵਤਾ ਸਭ ਤੋਂ ਪਹਿਲਾਂ’ ਦੀ ਭਾਵਨਾ ਨਾ ਸਿਰਫ ਸੱਭਿਆਚਾਰਕ ਕਦਰਾਂ-ਕੀਮਤਾਂ ਨਾਲ ਜੁੜੀ ਹੈ, ਸਗੋਂ ਇਹ ਇਕ ਮਜ਼ਬੂਤ ਭਵਿੱਖ ਵੱਲ ਅੱਗੇ ਵਧਣ ਦਾ ਇਕ ਮਹੱਤਵਪੂਰਨ ਤਰੀਕਾ ਵੀ ਹੈ। ਇਹ ਅਤੀਤ ਦੀਆਂ ਗ਼ਲਤੀਆਂ ਨੂੰ ਸੁਧਾਰਨ ਦਾ ਇਕ ਅਹਿਮ ਮੌਕਾ ਦਿੰਦਾ ਹੈ। ਇਹ ਸਹਿਯੋਗ ’ਤੇ ਕੰਮ ਕਰਨ ਲਈ ਇਕ ਉਪਯੋਗੀ ਖੇਤਰ ਪੇਸ਼ ਕਰਦਾ ਹੈ। ਇਸ ’ਚ ਵੱਖ-ਵੱਖ ਹਿੱਤਾਂ ਵਾਲੇ ਪੱਖਾਂ ਵਿਚਾਲੇ ਆਮ ਸਹਿਮਤੀ ਬਣਾਉਣ ਦੀ ਸਮਰੱਥਾ ਵੀ ਹੈ।
-ਡਾ. ਆਮਨਾ ਮਿਰਜ਼ਾ
