‘ਬ੍ਰਿਕਸ’ ’ਚ ਸਾਡੀ ਪਹਿਲ ਵਪਾਰ ਸੰਤੁਲਨ ਦੀ ਹੋਵੇਗੀ

Saturday, Sep 12, 2026 - 04:53 PM (IST)

‘ਬ੍ਰਿਕਸ’ ’ਚ ਸਾਡੀ ਪਹਿਲ ਵਪਾਰ ਸੰਤੁਲਨ ਦੀ ਹੋਵੇਗੀ

ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਸਥਿਤ ਭਾਰਤ ਮੰਡਪਮ ’ਚ 12 ਅਤੇ 13 ਸਤੰਬਰ, 2026 ਨੂੰ 18ਵੇਂ ਬ੍ਰਿਕਸ ਸਿਖਰ ਸੰਮੇਲਨ ਦਾ ਆਯੋਜਨ ਹੋ ਰਿਹਾ ਹੈ। ਇਸ ਸੰਮੇਲਨ ਦਾ ਅਧਿਕਾਰਤ ਥੀਮ ‘ਲਚਕੀਲਾਪਨ, ਨਵੀਨਤਾ, ਸਹਿਯੋਗ ਅਤੇ ਸਥਿਰਤਾ ਲਈ ਨਿਰਮਾਣ’ ਰੱਖਿਆ ਗਿਆ ਹੈ। ਇਸ ’ਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਸਮੇਤ ਸਾਰੇ ਮੈਂਬਰ ਦੇਸ਼ਾਂ ਦੇ ਚੋਟੀ ਦੇ ਨੇਤਾ ਹਿੱਸਾ ਲੈ ਰਹੇ ਹਨ। ਬ੍ਰਿਕਸ (BRICS) ਦੁਨੀਆ ਦੀਆਂ ਮੁੱਖ ਉੱਭਰਦੀਆਂ ਹੋਈਆਂ ਅਰਥਵਿਵਸਥਾਵਾਂ ਦਾ ਇਕ ਸ਼ਕਤੀਸ਼ਾਲੀ ਕੌਮਾਂਤਰੀ ਸਮੂਹ ਹੈ। ਸਾਲ 2001 ’ਚ ਪ੍ਰਸਿੱਧ ਅਰਥਸ਼ਾਸਤਰੀ ਜਿਮ ਓਸ਼ਨੀਲ ਨੇ BRIC (ਬ੍ਰਾਜ਼ੀਲ, ਰੂਸ, ਭਾਰਤ ਅਤੇ ਚੀਨ) ਦੇ ਰੂਪ ’ਚ ਇਸ ਦੀ ਨੀਂਹ ਰੱਖੀ ਸੀ। ਰਸਮੀ ਤੌਰ ’ਤੇ ਇਹ ਸਮੂਹ 2006 ’ਚ ਗਠਿਤ ਹੋਇਆ ਅਤੇ 2010 ’ਚ ਦੱਖਣੀ ਅਫਰੀਕਾ ਦੇ ਜੁੜਨ ਤੋਂ ਬਾਅਦ ਇਸ ਦਾ ਨਾਂ BRICS ਪਿਆ। ਇਸ ਦਾ ਮੁੱਖ ਉਦੇਸ਼ ਮੈਂਬਰ ਦੇਸ਼ਾਂ ਵਿਚਾਲੇ ਵਪਾਰ, ਤਕਨਾਲੋਜੀ ਵਿਕਾਸ ਅਤੇ ਨਿਵੇਸ਼ ਨੂੰ ਉਤਸ਼ਾਹ ਦੇਣਾ ਹੈ।

ਇਸ ਸਾਲ ਭਾਰਤ ਬ੍ਰਿਕਸ ਦੇਸ਼ਾਂ ਦੇ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ। ਇਹ ਸਾਡੇ ਲਈ ਮਹੱਤਵਪੂਰਨ ਮੌਕਾ ਹੈ। ਰਾਜਧਾਨੀ ਦਿੱਲੀ ’ਚ 13 ਸਤੰਬਰ ਤੱਕ ਚੱਲਣ ਵਾਲੇ ਇਸ ਸੰਮੇਲਨ ’ਚ ਭਾਰਤ, ਰੂਸ, ਚੀਨ ਸਮੇਤ ਕੁਲ 11 ਮੈਂਬਰ ਦੇਸ਼ਾਂ ਦੀਆਂ ਮੰਨੀਆਂ-ਪ੍ਰਮੰਨੀਆਂ ਹਸਤੀਆਂ ਹਿੱਸਾ ਲੈਣਗੀਆਂ ਅਤੇ ਸੰਗਠਨ ਦੀ ਅੱਗੇ ਦੀ ਦਿਸ਼ਾ ਤੈਅ ਕਰਨਗੀਆਂ।

ਭਾਰਤ ਦੇ ਬ੍ਰਿਕਸ ਨਾਲ ਆਰਥਿਕ-ਵਪਾਰਕ ਸਬੰਧ ਕਿਹੋ ਜਿਹੇ ਹਨ, ਇਸ ਦਾ ਆਰਥਿਕ ਵਿਸ਼ਲੇਸ਼ਣ ਕਰੀਏ। ਇਕ ਆਰਥਿਕ ਰਿਸਰਚ ਰਿਪੋਰਟ ਅਨੁਸਾਰ, ਇਸ ਸਾਲ 2026 ਦੀ ਪਹਿਲੀ ਛਿਮਾਹੀ ’ਚ ਬ੍ਰਿਕਸ ਦੇਸ਼ਾਂ ਦਾ ਵਪਾਰ ਸੁਧਾਰ ਦੀ ਰਾਹ ’ਤੇ ਪਰਤਿਆ ਹੈ। 11 ਦੇਸ਼ਾਂ ਦਾ ਕੁਲ ਵਸਤੂ ਵਪਾਰ ਲੱਗਭਗ 5.8 ਲੱਖ ਕਰੋੜ ਡਾਲਰ ਰਿਹਾ। ਇਸ ’ਚ ਬਰਾਮਦ ਦੀ ਹਿੱਸੇਦਾਰੀ 3.2 ਲੱਖ ਕਰੋੜ ਡਾਲਰ ਦੀ, ਜਦਕਿ ਦਰਾਮਦ ਦਾ ਹਿੱਸਾ 2.6 ਲੱਖ ਕਰੋੜ ਡਾਲਰ ਦਾ ਹੈ।

ਭਾਰਤ ਲਈ ਬ੍ਰਿਕਸ ਬਾਜ਼ਾਰ ਘੱਟ, ਸਪਲਾਇਰ ਜ਼ਿਆਦਾ ਰਿਹਾ ਹੈ। ਇਸ ’ਤੇ ਕੰਮ ਕੀਤੇ ਜਾਣ ਦੀ ਲੋੜ ਰਹੇਗੀ। ਇਸੇ ਰਿਪੋਰਟ ’ਚ ਦੱਸਿਆ ਗਿਆ ਹੈ ਕਿ 6 ਮਹੀਨਿਆਂ ’ਚ ਭਾਰਤ ਨੇ ਆਪਣੇ ਕੁਲ ਮਾਲ ਬਰਾਮਦ ’ਚੋਂ ਲੱਗਭਗ 20 ਫੀਸਦੀ ਹੀ ਬਾਕੀ 10 ਬ੍ਰਿਕਸ ਦੇਸ਼ਾਂ ਨੂੰ ਭੇਜਿਆ, ਜਦਕਿ ਉਨ੍ਹਾਂ ਤੋਂ ਆਪਣੇ ਕੁਲ ਦਰਾਮਦ ਦਾ 43 ਫੀਸਦੀ ਮਾਲ ਆਪਣੇ ਇੱਥੇ ਮੰਗਵਾਇਆ ਭਾਵ ਬ੍ਰਿਕਸ ਭਾਰਤ ਲਈ ਬਰਾਮਦ ਬਾਜ਼ਾਰ ਤੋਂ ਕਿਤੇ ਵੱਡਾ ਦਰਾਮਦ ਦਾ ਸਰੋਤ ਬਣ ਚੁੱਕਾ ਹੈ।

ਭਾਰਤ ਦੀ ਬ੍ਰਿਕਸ ਤੋਂ ਦਰਾਮਦ 13.5 ਫੀਸਦੀ ਵਧ ਕੇ 178 ਅਰਬ ਡਾਲਰ, ਜਦਕਿ ਬਰਾਮਦ ਸਿਰਫ਼ 4.6 ਫੀਸਦੀ ਵਧ ਕੇ 48 ਅਰਬ ਡਾਲਰ ਰਹੀ। ਨਤੀਜਾ, ਵਪਾਰ ਘਾਟਾ 17.2 ਫੀਸਦੀ ਵਧ ਕੇ ਲੱਗਭਗ 130 ਅਰਬ ਡਾਲਰ ਦਾ ਹੋ ਗਿਆ। ਜੇਕਰ ਪੂਰੇ ਬ੍ਰਿਕਸ ਸਮੂਹ ਦੀ ਗੱਲ ਕਰੀਏ ਤਾਂ ਇਨ੍ਹਾਂ ਹੀ 6 ਮਹੀਨਿਆਂ ’ਚ ਬ੍ਰਿਕਸ ਦੀ ਕੁਲ ਬਰਾਮਦ ’ਚ ਚੀਨ ਦੀ ਹਿੱਸੇਦਾਰੀ ਵਧ ਕੇ 66 ਫੀਸਦੀ ਅਤੇ ਦਰਾਮਦ ਦੀ 59 ਫੀਸਦੀ ਹੋ ਗਈ। ਇਸ ਦੇ ਮੁਕਾਬਲੇ ਭਾਰਤ ਦੀ ਹਿੱਸੇਦਾਰੀ ਬਰਾਮਦ ’ਚ ਲੱਗਭਗ 8 ਫੀਸਦੀ ਜਦਕਿ ਦਰਾਮਦ ’ਚ 16 ਫੀਸਦੀ ਰਹੀ। ਚੀਨ ਨੇ ਜਨਵਰੀ ਤੋਂ ਜੂਨ ਦੇ ਪਹਿਲੇ 6 ਮਹੀਨਿਆਂ ’ਚ ਆਪਣੀ ਸਭ ਤੋਂ ਜ਼ਿਆਦਾ 26 ਫੀਸਦੀ ਬਰਾਮਦ ਭਾਰਤ ਨੂੰ ਕੀਤੀ ਪਰ ਰੂਸ ਨਾਲ ਚੀਨ ਦਾ ਵਪਾਰਕ ਰਿਸ਼ਤਾ ਉਲਟ ਰਿਹਾ। ਚੀਨ ਨੇ ਇਨ੍ਹਾਂ ਹੀ 6 ਮਹੀਨਿਆਂ ’ਚ ਸਭ ਤੋਂ ਜ਼ਿਆਦਾ 28 ਫੀਸਦੀ ਦਰਾਮਦ ਰੂਸ ਤੋਂ ਕੀਤੀ।

ਬ੍ਰਿਕਸ ਦੇਸ਼ਾਂ ਦਾ ਵਪਾਰ ਫਿਰ ਵਧ ਰਿਹਾ ਹੈ ਪਰ ਭਾਰਤ ਲਈ ਚੁਣੌਤੀ ਸਿਰਫ਼ ਜ਼ਿਆਦਾ ਵਪਾਰ ਦੀ ਨਹੀਂ, ਵਪਾਰ ਦੇ ਢਾਂਚੇ ’ਚ ਸੰਤੁਲਨ ਦੀ ਹੈ। ਸਮੂਹ ਦੇ ਅੰਦਰ ਚੀਨ ਦਾ ਵਧਦਾ ਪ੍ਰਭੂਤੱਵ ਅਤੇ ਭਾਰਤ ਦਾ ਵਪਾਰ ਘਾਟਾ (ਬਰਾਮਦ ਘੱਟ ਅਤੇ ਦਰਾਮਦ ਜ਼ਿਆਦਾ) ਦੱਸਦਾ ਹੈ ਕਿ ਸਾਡੇ ਲਈ ਬ੍ਰਿਕਸ ਦੀ ਅਗਲੀ ਪਹਿਲ ਬਾਜ਼ਾਰ ਪਹੁੰਚ ਹੀ ਨਹੀਂ, ਉਸ ਤੋਂ ਵੀ ਜ਼ਿਆਦਾ ਵਪਾਰ ਸੰਤੁਲਨ ਦੀ ਹੋਵੇਗੀ। ਕੁਲ ਮਿਲਾ ਕੇ ਦੇਸ਼ ਲਈ ਬ੍ਰਿਕਸ ਸਿਖਰ ਸੰਮੇਲਨ ਦਾ ਆਯੋਜਨ ਮਾਣ ਦੇ ਨਾਲ-ਨਾਲ ਇਕ ਮੌਕਾ ਵੀ ਹੈ, ਕਿਉਂਕਿ ਇਸ ਨਾਲ ਸਾਨੂੰ ਆਪਣੀ ਕੌਮਾਂਤਰੀ ਵਪਾਰਕ ਪਕੜ ਮਜ਼ਬੂਤ ਕਰਨ ਦੇ ਅਨੇਕਾਂ ਮੌਕੇ ਮਿਲ ਰਹੇ ਹਨ।

-ਡਾ. ਵਰਿੰਦਰ ਭਾਟੀਆ


author

Harpreet SIngh

Content Editor

Related News