‘ਵਿਦੇਸ਼ੀ ਔਰਤਾਂ ਨਾਲ ਜਬਰ-ਜ਼ਨਾਹ’, ‘ਭਾਰਤ ਦੀ ਸਾਖ ਨੂੰ ਪੁੱਜ ਰਹੀ ਠੇਸ’
Wednesday, Mar 19, 2025 - 04:43 AM (IST)

ਦੇਸ਼ ਵਿਚ ਔਰਤਾਂ ਵਿਰੁੱਧ ਅਪਰਾਧਾਂ ਦਾ ਹੜ੍ਹ ਜਿਹਾ ਆਇਆ ਹੋਇਆ ਹੈ ਅਤੇ ਹਵਸ ਦੇ ਭੁੱਖੇ ਭੇੜੀਆਂ ਵੱਲੋਂ ਸਥਾਨਕ ਔਰਤਾਂ ਦੇ ਨਾਲ-ਨਾਲ ਭਾਰਤ ਵਿਚ ਟੂਰਿਸਟ ਵੀਜ਼ੇ ’ਤੇ ਘੁੰਮਣ ਆਈਆਂ ਅਤੇ ਹੋਰ ਵਿਦੇਸ਼ੀ ਔਰਤਾਂ ਦੇ ਨਾਲ ਵੀ ਜਬਰ-ਜ਼ਨਾਹ ਕੀਤੇ ਜਾ ਰਹੇ ਹਨ, ਜਿਨ੍ਹਾਂ ਦੀਆਂ ਚੰਦ ਮਿਸਾਲਾਂ ਹੇਠਾਂ ਦਰਜ ਹਨ :
* 2 ਮਾਰਚ, 2024 ਨੂੰ ‘ਦੁਮਕਾ’ (ਝਾਰਖੰਡ) ਦੇ ‘ਹੰਸਡੀਹਾ’ ਇਲਾਕੇ ਵਿਚ ਆਪਣੇ ਪਤੀ ਨਾਲ ਭਾਰਤ ਘੁੰਮਣ ਆਈ ‘ਸਪੈਨਿਸ਼’ ਔਰਤ ਨਾਲ ਕੁਝ ਲੋਕਾਂ ਨੇ ਉਸ ਸਮੇਂ ਜਬਰ-ਜ਼ਨਾਹ ਕੀਤਾ ਜਦੋਂ ਉਹ ਦੋਵੇਂ ਇਕ ਟੈਂਟ ਵਿਚ ਠਹਿਰੇ ਹੋਏ ਸਨ। ਘਟਨਾ ਪਿੱਛੋਂ ਔਰਤ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।
* 14 ਜੂਨ, 2024 ਨੂੰ ‘ਮੈਕਲੋਡਗੰਜ’ (ਧਰਮਸ਼ਾਲਾ) ਦੇ ‘ਭਾਗਸੂਨਾਗ’ ਵਿਚ ਟੂਰਿਸਟ ਵੀਜ਼ੇ ’ਤੇ ਹਿਮਾਚਲ ਘੁੰਮਣ ਆਈ ‘ਪੋਲੈਂਡ’ ਦੀ ਇਕ ਔਰਤ ਦੀ ਮਦਦ ਕਰਨ ਦੇ ਬਹਾਨੇ ਉਸ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ਵਿਚ ਪੁਲਸ ਨੇ ਇਕ ਸਥਾਨਕ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ।
* 16 ਜੁਲਾਈ, 2024 ਨੂੰ ‘ਗੁਰੂਗ੍ਰਾਮ’ (ਹਰਿਆਣਾ) ਦੇ ਇਕ ਨਿੱਜੀ ਹਸਪਤਾਲ ਵਿਚ ਸਰਜਰੀ ਲਈ ਦਾਖਲ ‘ਕਜ਼ਾਖਿਸਤਾਨ’ ਦੀ ਔਰਤ ਨਾਲ ਹਸਪਤਾਲ ਦੇ ਇਕ ਅਟੈਂਡੈਂਟ ਨੇ ਜਬਰ-ਜ਼ਨਾਹ ਕਰ ਦਿੱਤਾ। ਔਰਤ ਬੇਹੋਸ਼ੀ ਦੀ ਹਾਲਤ ਵਿਚ ਸੀ ਪਰ ਉਸ ਦੀ ਬੇਟੀ ਨੇ ਅਟੈਂਡੈਂਟ ਨੂੰ ਅਜਿਹਾ ਕਰਦਿਆਂ ਦੇਖ ਕੇ ਰੌਲਾ ਪਾ ਦਿੱਤਾ। ਇਸ ’ਤੇ ਦੋਸ਼ੀ ਦੌੜ ਗਿਆ ਪਰ ਉਸ ਨੂੰ ਬਾਅਦ ਵਿਚ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ।
* 25 ਜੁਲਾਈ, 2024 ਨੂੰ ‘ਬੂੰਦੀ’ (ਰਾਜਸਥਾਨ) ਵਿਚ ਵਿਆਹ ਦਾ ਝਾਂਸਾ ਦੇ ਕੇ ਇਕ ਵਿਦੇਸ਼ੀ ਔਰਤ ਨਾਲ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ। ਪੀੜਤ ਔਰਤ ਨੇ ਆਪਣੀ ਸ਼ਿਕਾਇਤ ਵਿਚ ਪੁਲਸ ਨੂੰ ਦੱਸਿਆ ਕਿ ‘ਮਾਨਵ ਸਿੰਘ ਰਾਠੌਰ’ ਨਾਂ ਦਾ ਦੋਸ਼ੀ ਉਸ ਨੂੰ ‘ਅਜਮੇਰ’ ਅਤੇ ‘ਜੈਪੁਰ’ ਦੇ ਵੱਖ-ਵੱਖ ਹੋਟਲਾਂ ਵਿਚ 15 ਦਿਨ ਤੱਕ ਰੱਖ ਕੇ ਉਸ ਨਾਲ ਜਬਰ-ਜ਼ਨਾਹ ਕਰਦਾ ਰਿਹਾ।
ਦੋਸ਼ੀ ਉਕਤ ਔਰਤ ਨੂੰ ਇਕ ਮੰਦਰ ਵਿਚ ਲੈ ਗਿਆ ਅਤੇ ਉਸ ਨਾਲ ਵਿਆਹ ਕਰਨ ਦਾ ਡਰਾਮਾ ਕੀਤਾ ਪਰ ਦੋਸ਼ੀ ਦੇ ਘਰ ਪਹੁੰਚਣ ’ਤੇ ਪੀੜਤ ਔਰਤ ਨੇ ਦੇਖਿਆ ਕਿ ਪਹਿਲਾਂ ਹੀ ਉਸ ਦੇ ਘਰ ਉਸ ਦੀ ਪਤਨੀ ਅਤੇ ਇਕ ਬੱਚਾ ਮੌਜੂਦ ਸਨ।
* 24 ਦਸੰਬਰ, 2024 ਨੂੰ ‘ਆਗਰਾ’ (ਉੱਤਰ ਪ੍ਰਦੇਸ਼) ਵਿਚ ਰਹਿਣ ਵਾਲੀ ਕੈਨੇਡਾ ਦੀ ਇਕ ਐੱਨ. ਆਰ. ਆਈ. ਔਰਤ ਨਾਲ ਜਬਰ-ਜ਼ਨਾਹ ਦਾ ਮਾਮਲਾ ਸਾਹਮਣੇ ਆਇਆ। ‘ਸਾਹਿਲ ਸ਼ਰਮਾ’ ਨਾਂ ਦੇ ਦੋਸ਼ੀ ਨੇ ਸੋਸ਼ਲ ਨੈੱਟਵਰਕਿੰਗ ਐਪ ‘ਟਿੰਡਰ’ ਰਾਹੀਂ ਉਕਤ ਔਰਤ ਨਾਲ ਦੋਸਤੀ ਕੀਤੀ ਅਤੇ ਖੁਦ ਨੂੰ ਇਕ ਉੱਚ ਅਧਿਕਾਰੀ ਦੱਸ ਕੇ ਔਰਤ ਨੂੰ ਮਿਲਣ ਲਈ ਹੋਟਲ ਵਿਚ ਬੁਲਾ ਲਿਆ। ਇਥੇ ਦੋਸ਼ੀ ਨੇ ਉਕਤ ਔਰਤ ਨੂੰ ਡ੍ਰਿੰਕ ਵਿਚ ਨਸ਼ਾ ਮਿਲਾ ਕੇ ਪਿਲਾਉਣ ਪਿੱਛੋਂ ਬੇਹੋਸ਼ ਕਰ ਕੇ ਉਸ ਨਾਲ ਜਬਰ-ਜ਼ਨਾਹ ਕੀਤਾ।
* 8 ਮਾਰਚ, 2025 ਨੂੰ ‘ਹੰਪੀ’ (ਕਰਨਾਟਕ) ਵਿਚ ਝੀਲ ਕੰਢੇ ਇਕ 27 ਸਾਲਾ ਇਜ਼ਰਾਈਲੀ ਸੈਲਾਨੀ ਅਤੇ ਉਸ ਦੀ ਸਾਥਣ ਅਤੇ 3 ਮਰਦ ਮਿੱਤਰਾਂ ਨਾਲ 3 ਗੁੰਡਿਆਂ ਵੱਲੋਂ ਜਬਰ-ਜ਼ਨਾਹ, ਮਾਰਕੁੱਟ ਅਤੇ ਉਨ੍ਹਾਂ ਨੂੰ ਲੁੱਟ ਲੈਣ ਤੋਂ ਇਲਾਵਾ ਉਨ੍ਹਾਂ ਦੇ ਇਕ ਸਾਥੀ ਨੂੰ ਝੀਲ ਵਿਚ ਧੱਕਾ ਦੇ ਕੇ ਮਾਰ ਦੇਣ ਦਾ ਮਾਮਲਾ ਸਾਹਮਣੇ ਆਇਆ।
* ... ਅਤੇ ਹੁਣ 13 ਮਾਰਚ, 2025 ਨੂੰ ਆਪਣੇ ‘ਇੰਸਟਾਗ੍ਰਾਮ ਮਿੱਤਰ’ ‘ਕੈਲਾਸ਼’ ਨੂੰ ਮਿਲਣ ਆਈ ਇਕ ‘ਬ੍ਰਿਟਿਸ਼’ ਔਰਤ ਨਾਲ ਦਿੱਲੀ ਦੇ ‘ਮਹੀਪਾਲਪੁਰ’ ਦੇ ਇਕ ਹੋਟਲ ਵਿਚ ਛੇੜਛਾੜ ਅਤੇ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ।
ਪਹਿਲਾਂ ਤਾਂ ਹੋਟਲ ਦੀ ਲਿਫਟ ਵਿਚ ਇਕ ਸਫਾਈ ਮੁਲਾਜ਼ਮ ਨੇ ਉਸ ਨਾਲ ਛੇੜਛਾੜ ਕੀਤੀ ਅਤੇ ਫਿਰ ਹੋਟਲ ਦੇ ਕਮਰੇ ਵਿਚ ‘ਕੈਲਾਸ਼’, ਜਿਸ ਨੇ ਸ਼ਰਾਬ ਪੀਤੀ ਹੋਈ ਸੀ, ਨੇ ਉਸ ਨਾਲ ਜਬਰ-ਜ਼ਨਾਹ ਕਰ ਦਿੱਤਾ। ਪੁਲਸ ਨੇ ਦੋਵਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਤਰ੍ਹਾਂ ਦੀਆਂ ਘਟਨਾਵਾਂ ਕਾਰਨ ਦੇਸ਼ ਦੀ ਸਾਰੀ ਦੁਨੀਆ ਵਿਚ ਬਦਨਾਮੀ ਹੋ ਰਹੀ ਹੈ। ਜਨਵਰੀ, 2024 ਦੀ ਇਕ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਦੇਸ਼ ਵਿਚ ਇਕ ਸਾਲ ਵਿਚ 26 ਵਿਦੇਸ਼ੀ ਔਰਤਾਂ ਨਾਲ ਜਬਰ-ਜ਼ਨਾਹ ਹੋਏ ਹਨ ਅਤੇ ਇਹ ਸਿਲਸਿਲਾ ਅਜੇ ਵੀ ਜਾਰੀ ਹੈ।
ਸੈਰ-ਸਪਾਟਾ ਮੰਤਰਾਲਾ ਦੀ ਰਿਪੋਰਟ ਅਨੁਸਾਰ ਸਾਲ 2023 ਵਿਚ ਭਾਰਤ ਵਿਚ 1.89 ਕਰੋੜ ਵਿਦੇਸ਼ੀ ਸੈਲਾਨੀ ਆਏ ਸਨ ਜਿਨ੍ਹਾਂ ਤੋਂ ਦੇਸ਼ ਨੂੰ 2.31 ਲੱਖ ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ ਦੀ ਆਮਦਨ ਹੋਈ ਸੀ। ਇਕ ਪਾਸੇ ਭਾਰਤ ਸਰਕਾਰ ਵਿਦੇਸ਼ੀ ਸੈਲਾਨੀਆਂ ਨੂੰ ਖਿੱਚਣ ਅਤੇ ਸੈਰ-ਸਪਾਟੇ ਨੂੰ ਬੜ੍ਹਾਵਾ ਦੇਣ ਲਈ ਕਈ ਯੋਜਨਾਵਾਂ ਚਲਾ ਰਹੀ ਹੈ ਅਤੇ ਦੂਜੇ ਪਾਸੇ ਵਿਦੇਸ਼ੀ ਔਰਤਾਂ ਨਾਲ ਜਬਰ-ਜ਼ਨਾਹ ਹੋ ਰਹੇ ਹਨ।
ਇਸ ਨਾਲ ਯਕੀਨਨ ਹੀ ਭਾਰਤੀ ਸੈਰ-ਸਪਾਟੇ ਨੂੰ ਧੱਕਾ ਲੱਗੇਗਾ ਅਤੇ ਵਿਦੇਸ਼ੀ ਕਰੰਸੀ ਤੋਂ ਹੋਣ ਵਾਲੀ ਆਮਦਨ ਅਤੇ ਸੈਰ-ਸਪਾਟੇ ਨਾਲ ਪੈਦਾ ਹੋਣ ਵਾਲਾ ਰੋਜ਼ਗਾਰ ਵੀ ਪ੍ਰਭਾਵਿਤ ਹੋਵੇਗਾ। ਇਸ ਲਈ, ਇਸ ਤਰ੍ਹਾਂ ਦੀਆਂ ਘਟਨਾਵਾਂ ਵਿਚ ਸ਼ਾਮਲ ਹੋਣ ਵਾਲਿਆਂ ਨੂੰ ਤੁਰੰਤ ਅਤੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਦੂਜਿਆਂ ਨੂੰ ਨਸੀਹਤ ਮਿਲੇ ਅਤੇ ‘ਅਤਿਥੀ ਦੇਵੋ ਭਵਯ:’ ਦੀ ਪੁਰਾਤਨ ਭਾਰਤੀ ਰਵਾਇਤ ਵੀ ਕਾਇਮ ਰਹੇ।
-ਵਿਜੇ ਕੁਮਾਰ