ਹੁਣ, ‘ਅੰਡਰਵੇਟ’ ਤੋਂ ਜ਼ਿਆਦਾ ‘ਓਵਰਵੇਟ’ ਇਕ ਵੱਡੀ ਚੁਣੌਤੀ

Friday, Oct 03, 2025 - 05:18 PM (IST)

ਹੁਣ, ‘ਅੰਡਰਵੇਟ’ ਤੋਂ ਜ਼ਿਆਦਾ ‘ਓਵਰਵੇਟ’ ਇਕ ਵੱਡੀ ਚੁਣੌਤੀ

ਬਚਪਨ ਨੂੰ ਜ਼ਿੰਦਗੀ ਦਾ ਸੁਨਹਿਰੀ ਯੁੱਗ ਮੰਨਿਆ ਜਾਂਦਾ ਹੈ ਪਰ ਅੱਜ ਦੀ ਬਦਲਦੀ ਜੀਵਨਸ਼ੈਲੀ ਨੇ ਇਸਨੂੰ ਇਕ ਗੰਭੀਰ ਸਿਹਤ ਸੰਕਟ ਵੱਲ ਧੱਕ ਦਿੱਤਾ ਹੈ। ਹਾਲ ਹੀ ਵਿਚ ਯੂਨੀਸੈਫ ਦੀ ਚਾਈਲਡ ਨਿਊਟ੍ਰੀਸ਼ਨ ਗਲੋਬਲ ਰਿਪੋਰਟ 2025 ਵਿਚ ਖੁਲਾਸਾ ਹੋਇਆ ਹੈ ਕਿ ਭਾਰਤ ਸਮੇਤ ਪੂਰੇ ਦੱਖਣੀ ਏਸ਼ੀਆ ਵਿਚ ਅੰਡਰਵੇਟ ਨਾਲੋਂ ਜ਼ਿਆਦਾ ਓਵਰਵੇਟ ਇਕ ਵੱਡੀ ਚੁਣੌਤੀ ਬਣ ਚੁੱਕਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅੱਜ ਭਾਰਤ ਦਾ ਲੱਗਭਗ ਹਰ ਦਸਵਾਂ ਬੱਚਾ ਮੋਟਾਪੇ ਨਾਲ ਜੂਝ ਰਿਹਾ ਹੈ। ਇਹ ਸਥਿਤੀ ਨਾ ਸਿਰਫ਼ ਉਨ੍ਹਾਂ ਦੀ ਮੌਜੂਦਾ ਸਿਹਤ ਨੂੰ ਪ੍ਰਭਾਵਿਤ ਕਰਦੀ ਹੈ ਬਲਕਿ ਭਵਿੱਖ ਵਿਚ ਦਿਲ ਦੀਆਂ ਬੀਮਾਰੀਆਂ ਲਈ ਸਿੱਧੀ ਨੀਂਹ ਵੀ ਰੱਖ ਰਹੀ ਹੈ।

ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਮੋਟਾਪਾ ਇਕ ਅਜਿਹੀ ਸਥਿਤੀ ਹੈ ਜਿਸ ਵਿਚ ਸਰੀਰ ਵਿਚ ਬਹੁਤ ਜ਼ਿਆਦਾ ਚਰਬੀ ਇਕੱਠੀ ਹੁੰਦੀ ਹੈ ਅਤੇ ਸਿਹਤ ’ਤੇ ਗੰਭੀਰ ਨਾਕਾਰਾਤਮਕ ਪ੍ਰਭਾਵ ਪਾਉਂਦੀ ਹੈ। ਜਿਨ੍ਹਾਂ ਦਾ ਬਾਡੀ ਮਾਸ ਇੰਡੈਕਸ 25 ਤੋਂ ਵੱਧ ਹੁੰਦਾ ਹੈ ਉਨ੍ਹਾਂ ਨੂੰ ਓਵਰ ਵੇਟ ਕਿਹਾ ਜਾਂਦਾ ਹੈ ਅਤੇ ਜਿਨ੍ਹਾਂ ਦਾ 30 ਤੋਂ ਜ਼ਿਆਦਾ ਹੁੰਦਾ ਹੈ ਉਨ੍ਹਾਂ ਨੂੰ ਓਬੇਸ ਮੰਨਿਆ ਜਾਂਦਾ ਹੈ। ਅੱਜ ਵਿਸ਼ਵ ਪੱਧਰ ’ਤੇ ਲਗਭਗ 39 ਕਰੋੜ ਬੱਚੇ ਅਤੇ ਅੱਲੜ੍ਹ ਜ਼ਿਆਦਾ ਭਾਰ ਜਾਂ ਮੋਟਾਪੇ ਦੀ ਸਮੱਸਿਆ ਤੋਂ ਪੀੜਤ ਹਨ, ਇਨ੍ਹਾਂ ਵਿਚੋਂ ਲਗਭਗ 16 ਕਰੋੜ ਵਿਅਕਤੀ ਗੰਭੀਰ ਮੋਟਾਪੇ ਦੀ ਸ਼੍ਰੇਣੀ ਵਿਚ ਆਉਂਦੇ ਹਨ। ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਹ ੀ ਰਫਤਾਰ ਜਾਰੀ ਰਹੀ ਤਾਂ ਬੱਚਿਆਂ ਦਾ ਮੋਟਾਪਾ ਇਕ ਮਹਾਮਾਰੀ ਦਾ ਰੂਪ ਲੈ ਸਕਦਾ ਹੈ।

ਭਾਰਤ ਲੰਬੇ ਸਮੇਂ ਤੋਂ ਕੁਪੋਸ਼ਣ ਅਤੇ ਘੱਟ ਭਾਰ ਵਾਲੇ ਬੱਚਿਆਂ ਲਈ ਜਾਣਿਆ ਜਾਂਦਾ ਹੈ ਪਰ ਤਸਵੀਰ ਬਦਲ ਰਹੀ ਹੈ। ਯੂਨੀਸੇਫ 2025 ਦੀ ਰਿਪੋਰਟ ਅਨੁਸਾਰ ਭਾਰਤ ਵਿਚ ਹਰ ਦਸ ਵਿਚੋਂ ਇਕ ਬੱਚਾ ਮੋਟਾਪੇ ਨਾਲ ਜੂਝ ਰਿਹਾ ਹੈ। ਅੰਦਾਜ਼ਾ ਲਗਾਇਆ ਗਿਆ ਹੈ ਕਿ ਭਾਰਤ ਵਿਚ ਲਗਭਗ 1.44 ਕਰੋੜ ਬੱਚੇ ਜ਼ਿਆਦਾ ਭਾਰ ਵਾਲੇ ਹਨ। ਲਖਨਊ ਵਰਗੇ ਸ਼ਹਿਰਾਂ ਵਿਚ ਕੀਤੇ ਗਏ ਸਰਵੇਖਣਾਂ ਤੋਂ ਪਤਾ ਚੱਲਦਾ ਹੈ ਕਿ 30 ਫੀਸਦੀ ਤੱਕ ਬੱਚੇ ਓਵਰਵੇਟ ਜਾਂ ਮੋਟਾਪੇ ਦੇ ਸ਼ਿਕਾਰ ਹਨ। ਇਹ ਦਰ ਪੇਂਡੂ ਖੇਤਰਾਂ ਦੇ ਮੁਕਾਬਲੇ ਸ਼ਹਿਰੀ ਖੇਤਰਾਂ ਵਿਚ ਬਹੁਤ ਜ਼ਿਆਦਾ ਹੈ।

ਬੱਚਿਆਂ ’ਚ ਮੋਟਾਪੇ ਦੇ ਵਧਣ ਪਿੱਛੇ ਕਈ ਕਾਰਕ ਜ਼ਿੰਮੇਵਾਰ ਹਨ। ਸਭ ਤੋਂ ਵੱਡੀ ਵਜ੍ਹਾ ਗਲਤ ਖਾਣ-ਪੀਣ ਦੀਆਂ ਆਦਤਾਂ। ਫਾਸਟ ਫੂਡ, ਪੈਕ ਕੀਤੇ ਸਨੈਕਸ, ਕੋਲਡ ਡਰਿੰਕਸ ਅਤੇ ਜੰਕ ਫੂਡ ਬੱਚਿਆਂ ਦੇ ਰੋਜ਼ਾਨਾ ਰੁਟੀਨ ਦਾ ਹਿੱਸਾ ਬਣ ਗਏ ਹਨ। ਇਨ੍ਹਾਂ ਭੋਜਨ ਪਦਾਰਥਾਂ ਵਿਚ ਕੈਲੋਰੀ ਜ਼ਿਆਦਾ ਹੁੰਦੀ ਹੈ ਪਰ ਪੋਸ਼ਣ ਬੇਹੱਦ ਘੱਟ ਹੁੰਦਾ ਹੈ। ਇਸ ਦੇ ਨਾਲ ਹੀ ਸਰੀਰਕ ਅਕਿਰਿਆਸ਼ੀਲਤਾ ਨੇ ਵੀ ਸਥਿਤੀ ਨੂੰ ਹੋਰ ਵਿਗਾੜ ਦਿੱਤਾ ਹੈ। ਪਹਿਲਾਂ ਬੱਚੇ ਖੁੱਲ੍ਹ ਕੇ ਖੇਡਦੇ ਸਨ ਪਰ ਅੱਜ ਮੋਬਾਈਲ ਫੋਨ, ਟੀ.ਵੀ. ਅਤੇ ਵੀਡੀਓ ਗੇਮਸ ਨੇ ਉਨ੍ਹਾਂ ਦੀਆਂ ਸਰੀਰਕ ਸਰਗਰਮੀਆਂ ਨੂੰ ਲਗਭਗ ਖਤਮ ਕਰ ਦਿੱਤਾ ਹੈ।

ਘੰਟਿਆਂਬੱਧੀ ਸਕ੍ਰੀਨਾਂ ਦੇ ਸਾਹਮਣੇ ਬੈਠਣ ਨਾਲ ਊਰਜਾ ਦੀ ਖਪਤ ਘੱਟ ਹੁੰਦੀ ਹੈ ਅਤੇ ਭਾਰ ਤੇਜ਼ੀ ਨਾਲ ਵਧਦਾ ਹੈ। ਪਰਿਵਾਰਕ ਅਤੇ ਸਮਾਜਿਕ ਵਾਤਾਵਰਣ ਵੀ ਇਸ ਸਮੱਸਿਆ ਵਿਚ ਯੋਗਦਾਨ ਪਾਉਂਦੇ ਹਨ। ਵਿਅਸਤ ਜੀਵਨਸ਼ੈਲੀ ਦੇ ਕਾਰਨ ਮਾਪੇ ਅਕਸਰ ਬੱਚਿਆਂ ਨੂੰ ਖਾਣ ਲਈ ਤਿਆਰ ਅਤੇ ਬਾਹਰ ਦਾ ਭੋਜਨ ਖੁਆਉਂਦੇ ਹਨ। ਪੋਸ਼ਣ ਸੰਬੰਧੀ ਜਾਗਰੂਕਤਾ ਦੀ ਘਾਟ ਬੱਚਿਆਂ ਵਿਚ ਅਸੰਤੁਲਿਤ ਖੁਰਾਕ ਨੂੰ ਹੋਰ ਵੀ ਵਧਾਉਂਦੀ ਹੈ। ਆਮਦਨ ’ਚ ਵਾਧਾ ਅਤੇ ਸ਼ਹਿਰੀਕਰਨ ਨੇ ਵੀ ਰਸਮੀ ਸੰਤੁਲਿਤ ਭੋਜਨ ਨੂੰ ਪਿੱਛੇ ਛੱਡ ਕੇ ਤੇਲ ਵਾਲੇ ਅਤੇ ਬਾਜ਼ਾਰੂ ਭੋਜਨ ਨੂੰ ਲੋਕਪ੍ਰਿਯ ਬਣਾ ਦਿੱਤਾ ਹੈ।

ਮੋਟਾਪਾ ਅਤੇ ਦਿਲ ਦੀ ਬੀਮਾਰੀ ਵਿਚਕਾਰ ਇਕ ਮਜ਼ਬੂਤ ​​ਸਬੰਧ ਹੈ। ਸਾਡਾ ਦਿਲ ਇਕ ਮਾਸਪੇਸ਼ੀ ਹੈ ਜੋ ਪੂਰੇ ਸਰੀਰ ਵਿਚ ਖੂਨ ਨੂੰ ਪੰਪ ਕਰਦੀ ਹੈ। ਜਦੋਂ ਇਕ ਬੱਚੇ ਦਾ ਭਾਰ ਵਧਦਾ ਹੈ ਤਾਂ ਦਿਲ ਨੂੰ ਆਮ ਨਾਲੋਂ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਸਮੇਂ ਦੇ ਨਾਲ ਇਹ ਵਾਧੂ ਕੰਮ ਦਾ ਬੋਝ ਦਿਲ ਦੀਆਂ ਕੰਧਾਂ ਨੂੰ ਮੋਟਾ, ਸਖ਼ਤ ਅਤੇ ਘੱਟ ਕੁਸ਼ਲ ਬਣਾਉਂਦਾ ਹੈ। ਮੋਟੇ ਬੱਚਿਆਂ ਵਿਚ ਹਾਈ ਬਲੱਡ ਪ੍ਰੈਸ਼ਰ ਅਤੇ ਖਰਾਬ ਕੋਲੈਸਟ੍ਰੋਲ ਜਲਦੀ ਵਿਕਸਤ ਹੋ ਜਾਂਦੇ ਹਨ, ਜੋ ਧਮਨੀਆਂ ਵਿਚ ਚਰਬੀ ਇਕੱਠੀ ਕਰਕੇ ਖੂਨ ਦੇ ਪ੍ਰਵਾਹ ਨੂੰ ਰੋਕਦੇ ਹਨ।

ਇਹ ਸਥਿਤੀ ਦਿਲ ਦੇ ਦੌਰੇ ਜਾਂ ਸਟ੍ਰੋਕ ਦੇ ਜੋਖਮ ਨੂੰ ਵਧਾਉਂਦੀ ਹੈ। ਬਚਪਨ ਦਾ ਮੋਟਾਪਾ ਇੰਸੁਲਿਨ ਪ੍ਰਤੀਰੋਧ ਅਤੇ ਟਾਈਪ-2 ਸ਼ੂਗਰ ਨੂੰ ਜਨਮ ਦਿੰਦਾ ਹੈ ਅਤੇ ਸ਼ੂਗਰ ਦਿਲ ਦੀ ਬੀਮਾਰੀ ਲਈ ਸਭ ਤੋਂ ਵੱਡਾ ਜੋਖਮ ਕਾਰਕ ਹੈ। ਕਿੰਗਜ਼ ਕਾਲਜ ਲੰਡਨ ਦੀ ਖੋਜ ਦਰਸਾਉਂਦੀ ਹੈ ਕਿ ਬਚਪਨ ਦਾ ਮੋਟਾਪਾ ਸਿੱਧੇ ਤੌਰ ’ਤੇ ਦਿਲ ਦੀ ਬੀਮਾਰੀ ਦਾ ਕਾਰਨ ਬਣ ਸਕਦਾ ਹੈ। ਮੋਟੇ ਬੱਚਿਆਂ ਦਾ ਖੱਬਾ ਵੈਂਟ੍ਰੀਕਲ ਗੋਲਾਕਾਰ ਹੋ ਜਾਂਦਾ ਹੈ, ਜਿਸ ਨਾਲ ਉਨ੍ਹਾਂ ਦੀ ਪੰਪਿੰਗ ਸਮਰੱਥਾ ਘਟ ਜਾਂਦੀ ਹੈ ਅਤੇ ਦਿਲ ਕਮਜ਼ੋਰ ਹੋਣ ਲੱਗਦਾ ਹੈ।

ਅਧਿਐਨਾਂ ਨੇ ਦਿਖਾਇਆ ਹੈ ਕਿ ਮੋਟੇ ਅੱਲੜ੍ਹਾਂ ਵਿਚ ਯੁਵਾ ਅਵਸਥਾ ਤੱਕ ਪਹੁੰਚਦੇ-ਪਹੁੰਚਦੇ 40-70 ਫੀਸਦੀ ਵੱਧ ਜੋਖਮ ਹੁੰਦਾ ਹੈ। ਭਾਰਤ ਵਿਚ ਕੀਤੀ ਗਈ ਖੋਜ ਅਨੁਸਾਰ 10-15 ਸਾਲ ਦੀ ਉਮਰ ਦੇ 20-30 ਫੀਸਦੀ ਮੋਟੇ ਬੱਚਿਆਂ ਵਿਚ ਪਹਿਲਾਂ ਹੀ ਹਾਈ ਬਲੱਡ ਪ੍ਰੈਸ਼ਰ ਅਤੇ ਅਸਧਾਰਨ ਲਿਪਿਡ ਪੱਧਰ ਪਾਏ ਜਾਂਦੇ ਹਨ। ਜੇਕਰ ਮੌਜੂਦਾ ਰੁਝਾਨ ਜਾਰੀ ਰਿਹਾ ਤਾਂ ਭਾਰਤ ਵਿਚ ਕਿਸ਼ੋਰਾਂ ਅਤੇ ਨੌਜਵਾਨ ਬਾਲਗਾਂ ਵਿਚ ਦਿਲ ਦੀ ਬੀਮਾਰੀ ਦਾ ਬੋਝ 2035 ਤੱਕ ਦੁੱਗਣਾ ਹੋ ਸਕਦਾ ਹੈ।

ਸਰਕਾਰੀ ਪੱਧਰ ’ਤੇ ਜੰਕ ਫੂਡ ਅਤੇ ਮਿੱਠੇ ਪੀਣ ਵਾਲੇ ਪਦਾਰਥਾਂ ’ਤੇ ਟੈਕਸ ਲਗਾਉਣਾ ਜਾਂ ਪਾਬੰਦੀ ਲਗਾਉਣਾ, ਸਿਹਤ ਜਾਂਚ ਕਰਵਾਉਣਾ ਅਤੇ ਜਾਗਰੂਕਤਾ ਮੁਹਿੰਮਾਂ ਚਲਾਉਣਾ ਪ੍ਰਭਾਵਸ਼ਾਲੀ ਉਪਾਅ ਹੋ ਸਕਦੇ ਹਨ। ਮੀਡੀਆ ਅਤੇ ਸੋਸ਼ਲ ਮੀਡੀਆ ਰਾਹੀਂ ਵਿਆਪਕ ਜਨਤਕ ਜਾਗਰੂਕਤਾ ਪੈਦਾ ਕੀਤੀ ਜਾ ਸਕਦੀ ਹੈ।

ਬਚਪਨ ਦਾ ਮੋਟਾਪਾ ਹੁਣ ਸਿਰਫ਼ ਜੀਵਨਸ਼ੈਲੀ ਦੀ ਸਮੱਸਿਆ ਨਹੀਂ ਹੈ, ਸਗੋਂ ਭਵਿੱਖ ਵਿਚ ਦਿਲ ਦੀ ਬੀਮਾਰੀ ਲਈ ਇਕ ਵੱਡਾ ਬੀਜ ਹੈ। ਇਹ ਬੱਚਿਆਂ ਨੂੰ ਜੀਵਨ ਦੀ ਸ਼ੁਰੂਆਤ ਵਿਚ ਹੀ ਗੰਭੀਰ ਸਿਹਤ ਚੁਣੌਤੀਆਂ ਵੱਲ ਧਕ ਰਿਹਾ ਹੈ। ਭਾਰਤ ਵਰਗੇ ਨੌਜਵਾਨ ਦੇਸ਼ ਲਈ ਇਹ ਚਿੰਤਾ ਹੋਰ ਵੀ ਵੱਡੀ ਹੈ, ਕਿਉਂਕਿ ਜੇਕਰ ਅੱਜ ਇਸਨੂੰ ਕਾਬੂ ਨਾ ਕੀਤਾ ਗਿਆ ਤਾਂ ਆਉਣ ਵਾਲੇ 10-20 ਸਾਲਾਂ ਵਿਚ ਦਿਲ ਦੀਆਂ ਬੀਮਾਰੀਆਂ ਦਾ ਬੋਝ ਵਿਸਫੋਟਕ ਰੂਪ ਨਾਲ ਵਧੇਗਾ।

–ਸੀਮਾ ਅਗਰਵਾਲ


author

Anmol Tagra

Content Editor

Related News