‘ਪੀ. ਓ. ਕੇ. ’ਚ ਜਨਤਾ ਦਾ ਸਬਰ ਟੁੱਟਾ’ ਪਾਕਿ ਤੋਂ ਅਲੱਗ ਹੋਣ ਵੱਲ!
Thursday, Oct 02, 2025 - 04:40 AM (IST)

ਪਾਕਿਸਤਾਨ ਆਪਣੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਦੀ ਰਣਨੀਤਿਕ ਅਤੇ ਭੂਗੋਲਿਕ ਸਥਿਤੀ ਦਾ ਲਾਭ ਆਪਣੇ ਰਣਨੀਤਿਕ ਅਤੇ ਆਰਥਿਕ ਉਦੇਸ਼ਾਂ ਦੀ ਪੂਰਤੀ ਲਈ ਉਠਾਉਂਦਾ ਰਿਹਾ ਹੈ। ਇਸ ਖੇਤਰ ਦੇ ਕੁਦਰਤੀ ਸੋਮਿਆਂ ਕਾਰਨ ਚੀਨ ਵੀ ਇਸ ਖੇਤਰ ’ਚ ਬੇਹੱਦ ਦਿਲਚਸਪੀ ਲੈ ਰਿਹਾ ਹੈ ਅਤੇ ਲਗਾਤਾਰ ਇਸ ਖੇਤਰ, ਵਿਸ਼ੇਸ਼ ਤੌਰ ’ਤੇ ‘ਮੁਜ਼ੱਫਰਾਬਾਦ’, ‘ਰਾਵਲਕੋਟ’ ਅਤੇ ‘ਬਾਘ’ ਵਿਚ ਵੱਡਾ ਨਿਵੇਸ਼ ਕਰਦਾ ਜਾ ਰਿਹਾ ਹੈ।
ਇਥੇ ਚੀਨ ਨੇ ਕਈ ਵੱਡੇ ਡੈਮ ਬਣਾਉਣ ਦੇ ਸਮਝੌਤੇ ਵੀ ਪਾਕਿਸਤਾਨ ਨਾਲ ਕੀਤੇ ਹਨ। ਮਸ਼ਰੂਮ, ਸ਼ਹਿਦ, ਅਖਰੋਟ, ਸੇਬ, ਚੈਰੀ, ਦਵਾਈਅਾਂ ਵਾਲੇ ਪੌਦੇ, ਮੇਵਿਅਾਂ ਆਦਿ ਨਾਲ ਭਰਪੂਰ ਇਸ ਇਲਾਕੇ ’ਚ ‘ਕੋਲੇ’, ‘ਚਾਕ’ ਅਤੇ ‘ਬਾਕਸਾਈਟ’ ਆਦਿ ਖਣਿਜਾਂ ਦੇ ਭੰਡਾਰ ਹਨ।
ਖਣਿਜ ਸੰਪਦਾ ਨਾਲ ਭਰਪੂਰ ਹੋਣ ਦੇ ਬਾਵਜੂਦ ਪਾਕਿਸਤਾਨ ਦੇ ਸ਼ਾਸਕਾਂ ਦੀ ਲਗਾਤਾਰ ਅਣਡਿੱਠਤਾ ਅਤੇ ਪਾਕਿਸਤਾਨ ਸਰਕਾਰ ਦੀਅਾਂ ਨੀਤੀਅਾਂ ਅਤੇ ਅੱਤਿਆਚਾਰਾਂ ਤੋਂ ਤੰਗ ਇਸ ਬੇਹੱਦ ਪੱਛੜੇ ਹੋਏ ਖੇਤਰ ਦੀ ਜਨਤਾ ਲੰਬੇ ਸਮੇਂ ਤੋਂ ਬਿਜਲੀ ਦੀਅਾਂ ਉੱਚੀਅਾਂ ਦਰਾਂ, ਅਣ-ਉਚਿਤ ਟੈਕਸਾਂ, ਦੁੱਧ, ਸਬਜ਼ੀਅਾਂ ਅਤੇ ਹੋਰ ਜੀਵਨ ਉਪਯੋਗੀ ਵਸਤਾਂ ਦੀਅਾਂ ਆਕਾਸ਼ ਨੂੰ ਛੂੰਹਦੀਅਾਂ ਕੀਮਤਾਂ ਵਰਗੀਅਾਂ ਸਮੱਸਿਆਵਾਂ ਨਾਲ ਜੂਝ ਰਹੀ ਹੈ।
ਇਸੇ ਕਾਰਨ ਪਾਕਿਸਤਾਨ ਦੇ ਸ਼ਾਸਕਾਂ ਦੇ ਮਤਰੇਏ ਵਿਵਹਾਰ ਤੋਂ ਤੰਗ ਆਏ ਹੋਏ ‘ਪਾਕਿ ਮਕਬੂਜ਼ਾ ਕਸ਼ਮੀਰ’ (ਪੀ. ਓ. ਕੇ.) ਦੇ ਲੋਕ ਖੁੱਲ੍ਹੀ ਬਗਾਵਤ ’ਤੇ ਉਤਰ ਆਏ ਹਨ ਜਿਸ ਕਾਰਨ ਉਥੇ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਇਸੇ ਕੜੀ ’ਚ ‘ਅਵਾਮੀ ਐਕਸ਼ਨ ਕਮੇਟੀ’ (ਏ. ਏ. ਸੀ.) ਦੀ ਅਗਵਾਈ ’ਚ ਪੀ. ਓ. ਕੇ. ’ਚ ਪਿਛਲੇ ਤਿੰਨ ਦਿਨਾਂ ਤੋਂ ਵੱਡੀ ਪੱਧਰ ’ਤੇ ਸਰਕਾਰ ਵਿਰੋਧੀ ਅੰਦੋਲਨ ਜਾਰੀ ਹੈ।
ਪੀ. ਓ. ਕੇ. ’ਚ ਅਾਜ਼ਾਦੀ ਲਈ ਸ਼ੁਰੂ ਹੋਏ ਅੰਦੋਲਨ ਦੇ ਤੀਸਰੇ ਦਿਨ 1 ਅਕਤੂਬਰ ਨੂੰ ਲੋਕਾਂ ਨੇ ਵੱਖ-ਵੱਖ ਥਾਵਾਂ ’ਤੇ ਜਲੂਸ ਕੱਢੇ ਅਤੇ ਪਾਕਿਸਤਾਨ ਸਰਕਾਰ, ਸੈਨਾ ਅਤੇ ਪੁਲਸ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਪ੍ਰਦਰਸ਼ਨਕਾਰੀਅਾਂ ਨੇ ਪਾਕਿਸਤਾਨ ਦੇ 250 ਫੌਜੀਅਾਂ ਨੂੰ ਬੰਦੀ ਬਣਾ ਲਿਆ ਅਤੇ ਉਨ੍ਹਾਂ ਦੇ ਵਾਹਨ ਦਰਿਆ ’ਚ ਸੁੱਟ ਦਿੱਤੇ। ਹੁਣ ਤਕ ਪੀ. ਓ. ਕੇ. ’ਚ 10 ਤੋਂ ਵੱਧ ਲੋਕਾਂ ਦੀ ਮੌਤ ਅਤੇ 100 ਤੋਂ ਵੱਧ ਲੋਕ ਜ਼ਖਮੀ ਹੋ ਚੁੱਕੇ ਹਨ।
ਪ੍ਰਦਰਸ਼ਨ ਦੌਰਾਨ ਮੁਜ਼ੱਫਰਾਬਾਦ ਵੱਲ ਵਧ ਰਹੇ ਪ੍ਰਦਰਸ਼ਨਕਾਰੀਅਾਂ ਨੂੰ ਰੋਕਣ ਲਈ ਅਧਿਕਾਰੀਅਾਂ ਨੇ ਮੁੱਖ ਸੜਕਾਂ ਨੂੰ ਬਲਾਕ ਕਰ ਦਿੱਤਾ। ਕਈ ਇਲਾਕਿਅਾਂ ’ਚ ਸੁਰੱਖਿਆ ਬਲਾਂ ਦੀ ਭਾਰੀ ਤਾਇਨਾਤੀ ਕੀਤੀ ਗਈ ਹੈ। ਬਾਜ਼ਾਰ, ਟਰਾਂਸਪੋਰਟ ਅਤੇ ਇਥੋਂ ਤਕ ਕਿ ਸੰਚਾਰ ਸੇਵਾਵਾਂ ’ਚ ਵਿਘਨ ਪੈ ਗਿਆ ਹੈ। ਇੰਟਰਨੈੱਟ ਅਤੇ ਮੋਬਾਈਲ ਸੇਵਾਵਾਂ ਵੀ ਬੰਦ ਹਨ।
ਇਸ ਦੌਰਾਨ ਮੁਜ਼ੱਫਰਾਬਾਦ ਤੋਂ ਕੋਟਲੀ ਤਕ ਹਜ਼ਾਰਾਂ ਲੋਕ ਪ੍ਰਦਰਸ਼ਨ ’ਚ ਸ਼ਾਮਲ ਹੋਏ। ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ, ਸੜਕਾਂ ਜਾਮ ਹੋ ਗਈਅਾਂ ਅਤੇ ਪਬਲਿਕ ਟਰਾਂਸਪੋਰਟ ਰੁਕ ਗਿਆ। ਪ੍ਰਦਰਸ਼ਨਕਾਰੀਅਾਂ ਨੇ ਇਨਸਾਫ ਅਤੇ ਹੱਕ ਦੇ ਨਾਅਰੇ ਲਾਉਂਦੇ ਹੋਏ ਪਾਕਿਸਤਾਨ ਸਰਕਾਰ ਵਿਰੁੱਧ ਜ਼ੋਰਦਾਰ ਵਿਰੋਧ ਜਤਾਇਆ।
ਇਸ ਅੰਦੋਲਨ ਦੀ ਅਗਵਾਈ ਕਰ ਰਹੀ ‘ਅਵਾਮੀ ਐਕਸ਼ਨ ਕਮੇਟੀ’ (ਏ. ਏ. ਸੀ.) ਨੇ ਐਲਾਨ ਕੀਤਾ ਹੈ ਕਿ ਮੰਗਾਂ ਪੂਰੀਅਾਂ ਹੋਣ ਤੱਕ ਕਿਸੇ ਵੀ ਪ੍ਰਦਰਸ਼ਨਕਾਰੀ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ। ਵੱਡੀ ਗਿਣਤੀ ’ਚ ਨੌਜਵਾਨ ਇਸ ਅੰਦੋਲਨ ਨਾਲ ਜੁੜੇ ਹਨ ਅਤੇ ਇਸ ਨੂੰ ਲਗਾਤਾਰ ਵਿਆਪਕ ਜਨ ਸਮਰਥਨ ਮਿਲ ਰਿਹਾ ਹੈ।
‘ਅਵਾਮੀ ਐਕਸ਼ਨ ਕਮੇਟੀ’ ਦੇ ਨੇਤਾ ‘ਸ਼ੌਕਤ ਨਵਾਜ਼ ਮੀਰ’ ਨੇ ਕਿਹਾ ਕਿ ‘‘ਸਾਡਾ ਸੰਘਰਸ਼ ਬੁਨਿਆਦੀ ਅਧਿਕਾਰਾਂ ਲਈ ਹੈ। 1947 ਤੋਂ ਸਾਨੂੰ ਨਕਾਰਿਆ ਜਾ ਰਿਹਾ ਹੈ। ਪਾਕਿਸਤਾਨ ਸਰਕਾਰ ਪੀ. ਓ. ਕੇ. ਨੂੰ ਅਾਪਣੇ ‘ਗੁਲਾਮ’ ਵਾਂਗ ਟ੍ਰੀਟ ਕਰਦੀ ਹੈ।’’
2 ਸਾਲ ਪਹਿਲਾਂ ਸ਼ੁਰੂ ਹੋਇਆ ਇਹ ਅੰਦੋਲਨ ਖੇਤਰ ’ਚ ਨਿਯਮਿਤ ਅਤੇ ਸਬਸਿਡੀ ਵਾਲੇ ਅਾਟੇ ਅਤੇ ਬਿਜਲੀ ਦੀ ਸਪਲਾਈ ਯਕੀਨੀ ਕਰਨ ਲਈ ਸੀ। ਇਸ ਦੀਅਾਂ ਪ੍ਰਮੁੱਖ ਮੰਗਾਂ ’ਚ ਸ਼ਰਨਾਰਥੀਅਾਂ ਲਈ ਰਾਖਵੀਅਾਂ 12 ਸੀਟਾਂ ਨੂੰ ਖਤਮ ਕਰਨਾ ਅਤੇ ਕੁਲੀਨ ਵਰਗ ਨੂੰ ਪ੍ਰਾਪਤ ਵਿਸ਼ੇਸ਼ ਅਧਿਕਾਰਾਂ ਨੂੰ ਵਾਪਸ ਲੈਣਾ ਸ਼ਾਮਲ ਹੈ।
ਇਸ ਅੰਦੋਲਨ ਨੂੰ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਦਾ ਸਮਰਥਨ ਵੀ ਮਿਲਿਆ ਹੋਇਆ ਹੈ। ਸਿਆਸੀ ਆਬਜ਼ਰਵਰਾਂ ਦਾ ਕਹਿਣਾ ਹੈ ਕਿ ਆਰਥਿਕ ਤੌਰ ’ਤੇ ਦੀਵਾਲੀਆ ਹੋ ਚੁੱਕੀ ਪਾਕਿਸਤਾਨ ਸਰਕਾਰ ਚੀਨ ਦੇ ਦਬਾਅ ’ਚ ਪੀ. ਓ. ਕੇ. ਦੇ ਲੋਕਾਂ ਦਾ ਸ਼ੋਸ਼ਣ ਕਰ ਰਹੀ ਹੈ।
ਜੇਕਰ ਇਹ ਸਿਲਸਿਲਾ ਜਾਰੀ ਰਿਹਾ ਤਾਂ ਪਾਕਿਸਤਾਨ ਸਰਕਾਰ ਦੀਅਾਂ ਮੁਸ਼ਕਲਾਂ ਹੋਰ ਵਧਣਗੀਅਾਂ ਅਤੇ ਕਿਤੇ ਉਸ ਦਾ ਨਤੀਜਾ ਵੀ ਬੰਗਲਾਦੇਸ਼ ਵਰਗਾ ਨਾ ਹੋਵੇ, ਜਿਸ ਦਾ ਜਨਮ ਵੀ ਪਾਕਿਸਤਾਨ ਦੇ ਤਤਕਾਲੀ ਸ਼ਾਸਕਾਂ ਵਲੋਂ ਉਥੋਂ ਦੇ ਸਥਾਨਕ ਲੋਕਾਂ ’ਤੇ ਤਸ਼ੱਦਦ ਅਤੇ ਸ਼ੋਸ਼ਣ ਦੇ ਨਤੀਜੇ ਵਜੋਂ ਹੋਇਆ ਸੀ।
–ਵਿਜੇ ਕੁਮਾਰ