ਉਮੀਦ ਉਸੇ ਤੋਂ ਕਰੋ, ਜੋ ਉਸ ਨੂੰ ਪੂਰੀ ਕਰਨ ਦੇ ਸਮਰੱਥ ਹੋਵੇ

Saturday, Sep 20, 2025 - 03:53 PM (IST)

ਉਮੀਦ ਉਸੇ ਤੋਂ ਕਰੋ, ਜੋ ਉਸ ਨੂੰ ਪੂਰੀ ਕਰਨ ਦੇ ਸਮਰੱਥ ਹੋਵੇ

ਬੜਾਤਾ ਹੈ ਤਮੰਨਾ ਆਦਮੀ ਆਹਿਸਤਾ ਆਹਿਸਤਾ,
ਗੁਜਰ ਜਾਤੀ ਹੈ ਸਾਰੀ ਜ਼ਿੰਦਗੀ ਆਹਿਸਤਾ ਆਹਿਸਤਾ।
ਯੇ ਦੁਨੀਆ ਢੂੰਢ ਲੇਤੀ ਹੈ ਨਿਗਾਹੇਂ ਤੇਜ ਹੈਂ ਇਸਕੀ,
ਤੂ ਕਰ ਪੈਦਾ ਹੁਨਰ ਮੇਂ ਆਜਰੀ ਆਹਿਸਤਾ ਆਹਿਸਤਾ।

ਪ੍ਰਸਿੱਧ ਸ਼ਾਇਰ ਅਤੇ ਲੇਖਕ ਹੰਸ ਰਾਜ ਰਹਿਬਰ ਦੀਆਂ ਇਹ ਸਤਰਾਂ ਅੱਜ ਦੇ ਦੌਰ ’ਚ ਵੀ ਓਨੀਆਂ ਹੀ ਪ੍ਰਾਸੰਗਿਕ ਹਨ ਜਿੰਨੀਆਂ ਉਦੋਂ ਸੀ ਜਦੋਂ ਇਨ੍ਹਾਂ ਦੀ ਰਚਨਾ ਹੋਈ ਸੀ। ਜਿਵੇਂ-ਜਿਵੇਂ ਸਾਡਾ ਜੀਵਨ ਆਪਣੇ ਰੰਗ-ਢੰਗ ਬਦਲਦਾ ਹੈ, ਲੱਗਦਾ ਹੈ ਕਿ ਕਾਸ਼, ਇਹ ਹੋਰ ਹੋ ਜਾਂਦਾ, ਉਹ ਵੀ ਮਿਲ ਜਾਂਦਾ, ਮਤਲਬ ਇਹ ਕਿ ਆਸਾਂ ਵਧਦੀਆਂ ਜਾਂਦੀਆਂ ਹਨ ਅਤੇ ਜਦੋਂ ਮਨਚਾਹਿਆ ਹੋਣ ’ਚ ਕੁਝ ਕਸਰ ਰਹਿ ਜਾਂਦੀ ਹੈ ਤਾਂ ਨਿਰਾਸ਼ਾ ਹੋਣ ਲੱਗਦੀ ਹੈ। ਪਰਿਵਾਰ, ਸਮਾਜ, ਵਿਅਕਤੀ ਦੀ ਆਲੋਚਨਾ ਤੋਂ ਲੈ ਕੇ ਨਿੰਦਾ ਕਰਦੇ ਹੋਏ ਮਨ ’ਚ ਆਉਂਦਾ ਹੈ ਕਿ ਜੋ ਮਿਲਿਆ, ਸਾਡੀ ਕਿਸਮਤ ਸੀ ਅਤੇ ਜਿਸ ਦੇ ਮਾਧਿਅਮ ਨਾਲ ਸੰਭਵ ਹੋਇਆ, ਉਸ ਦੀ ਭੂਮਿਕਾ ਸਿਰਫ ਇੰਨੀ ਸੀ ਕਿ ਉਸ ਨੇ ਸਾਡੇ ਤੱਕ ਉਹ ਪਹੁੰਚਾਉਣ ’ਚ ਮਦਦ ਕੀਤੀ।

75 ਸਾਲ ਦਾ ਹੋਣਾ ਕੀ ਦੱਸਦਾ ਹੈ : ਪ੍ਰਸਿੱਧ ਲੇਖਕ ਗੁਲਜ਼ਾਰ ਦਾ ਇਕ ਕਵਿਤਾ ਸੰਗ੍ਰਹਿ ਹੈ, ‘ਪੰਦਰਹ ਪਾਂਚ ਪਚਹਤਰ’ ਜਿਸ ’ਚ ਜ਼ਿੰਦਗੀ ਦੇ ਹਨੇਰੇ-ਉਜਾਲੇ ਦੀ ਸਟੀਕ ਵਿਆਖਿਆ ਹੈ। ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 75 ਸਾਲ ਦੇ ਹੋ ਗਏ ਹਨ, ਇਹ ਉਮਰ ਵਾਨਪ੍ਰਸਥ ਤੋਂ ਸੰਨਿਆਸ ਵੱਲ ਜਾਣ ਦੀ ਸਾਡੇ ਗ੍ਰੰਥਾਂ ’ਚ ਦੱਸੀ ਗਈ ਹੈ। ਅੱਜ ਦੇ ਸੰਦਰਭ ’ਚ ਇਸ ਦਾ ਅਰਥ ਇਹੀ ਹੈ ਕਿ ਹੁਣ ਤੱਕ ਜੋ ਕੀਤਾ, ਉਹ ਸੰਸਾਰਿਕ, ਸਮਾਜਿਕ ਅਤੇ ਪਰਿਵਾਰਿਕ ਸੀ, ਇਹ ਚੌਥਾਪਨ ਇਸ ਲਈ ਹੈ ਕਿ ਦੈਵਿਕ, ਦਾਰਸ਼ਨਿਕ ਅਤੇ ਵਿਗਿਆਨਿਕ ਦ੍ਰਿਸ਼ਟੀਕੋਣ ਨਾਲ ਜੀਵਨ ਜੀਆ ਜਾਵੇ ਅਤੇ ਕੁਝ ਅਜਿਹਾ ਕੀਤਾ ਜਾਵੇ ਜਿਸ ਦੀ ਕਲਪਨਾ ਕਿਸੇ ਨੂੰ ਨਾ ਹੋਵੇ।

ਦੇਖਿਆ ਜਾਵੇ ਤਾਂ ਮੋਦੀ ਜੀ ਦੀ ਰਾਜਨੀਤਿਕ ਲੀਡਰਸ਼ਿਪ ਦੇ ਲਗਭਗ 15 ਸਾਲ, ਇਕ ਪਿਛੜੇ ਕਹੇ ਜਾਣ ਵਾਲੇ, ਆਫਤਗ੍ਰਸਤ ਅਤੇ ਭ੍ਰਿਸ਼ਟਾਚਾਰ ਅਤੇ ਪ੍ਰਸ਼ਾਸਨਿਕ ਵਿਵਸਥਾ ’ਚ ਗਿਰਾਵਟ ਲਈ ਜਾਣੇ-ਜਾਣ ਵਾਲੇ ਸੂਬੇ ਗੁਜਰਾਤ ਨੂੰ ਭਾਰਤ ਹੀ ਨਹੀਂ, ਵਿਸ਼ਵ ਦ੍ਰਿਸ਼ ਤੱਕ ਪਹੁੰਚਾਉਣ ’ਚ ਬਤੀਤ ਹੋਏ। ਜਿਨ੍ਹਾਂ ਲੋਕਾਂ ਨੇ ਉਨ੍ਹਾਂ ਦੇ ਸ਼ਾਸਨ ਦੇ ਸਮੇਂ ਇਸ ਸੂਬੇ ਦੀ ਯਾਤਰਾ ਕੀਤੀ ਹੋਵੇਗੀ, ਉਨ੍ਹਾਂ ਨੂੰ ਇਕ ਤਬਦੀਲੀ ਜ਼ਰੂਰ ਦਿਖਾਈ ਦਿੱਤੀ ਹੋਵੇਗੀ ਕਿ ਉਥੇ ਆਪਣਾ ਕੰਮ ਕਰਾਉਣ ਲਈ ਰਿਸ਼ਵਤਖੋਰੀ ਦੀ ਲੋੜ ਨਹੀਂ ਪੈਂਦੀ ਸੀ।

‘ਵਾਈਬ੍ਰੇਂਟ ਗੁਜਰਾਤ’ ਦੀ ਸ਼ੁਰੂਆਤ ਸੰਨ 2003 ’ਚ ਹੋਈ ਜਿਸ ਦਾ ਆਧਾਰ ਉਹ ਨੀਤੀਆਂ ਸਨ ਜਿਨ੍ਹਾਂ ਅਨੁਸਾਰ ਨਿਵੇਸ਼ੀ ਵਾਤਾਵਰਣ ਭਾਵ ‘ਆਓ ਪੈਸਾ ਲਗਾਓ, ਸਰੋਤ ਅਤੇ ਸਹੂਲਤਾਂ ਉਪਲਬਧ ਹਨ, ਵਪਾਰ ਕਰੋ, ਉਦਯੋਗ ਸਥਾਪਿਤ ਕਰੋ, ਰੈੱਡ ਟੇਪ ਨਹੀਂ, ਰੈੱਡ ਕਾਰਪੈਟ ਦੇਵਾਂਗੇ।’ ਸਰਕਾਰੀ ਕਰਮਚਾਰੀਆਂ ਨੂੰ ਦੱਸ ਦਿੱਤਾ ਗਿਆ ਕਿ ਬਿਊਰੋਕ੍ਰੇਟ ਭਾਵ ਨੌਕਰਸ਼ਾਹ ਅਤੇ ਲਕੀਰ ਦਾ ਫਕੀਰ ਬਣਨਾ ਅਤੇ ਪੁਰਾਣੇ ਘਿਸੇ-ਪਿਟੇ ਨਿਯਮਾਂ ’ਤੇ ਚੱਲਣਾ ਬੰਦ ਕਰਨਾ ਹੋਵੇਗਾ। ਜੋ ਲੋਕ ਕੰਮ ’ਚ ਅੜਿੱਕਾ ਪਾਉਣ ’ਚ ਮਾਹਿਰ ਸਨ, ਉਨ੍ਹਾਂ ਨੂੰ ਕੋਈ ਮੌਕਾ ਦਿੱਤੇ ਬਿਨਾਂ ਅਲੱਗ-ਥਲੱਗ ਕਰ ਦਿੱਤਾ ਗਿਆ, ਉਨ੍ਹਾਂ ਦੀ ਵੱਡੇ ਪੱਧਰ ’ਤੇ ਛਾਂਟੀ ਹੋਈ।

ਨਤੀਜਾ ਇਹ ਹੋਇਆ ਕਿ ਪ੍ਰਦੇਸ਼ ਦੀ ਜੀ. ਡੀ. ਪੀ. 10 ਫੀਸਦੀ ਦੇ ਔਸਤ ’ਤੇ ਆ ਗਈ ਜੋ ਰਾਸ਼ਟਰ ਔਸਤ ਨਾਲੋਂ ਜ਼ਿਆਦਾ ਸੀ। ਮੈਨੂਫੈਕਚਰਿੰਗ, ਖੇਤੀ, ਊਰਜਾ, ਆਵਾਜਾਈ ਦੇ ਸਾਧਨ ਅਤੇ ਸਭ ਤੋਂ ਉਪਰ ਡਿਜੀਟਲ ਅਰਥਵਿਵਸਥਾ ਅਤੇ ਗਵਰਨੈਂਸ ਨੂੰ ਵਿਅਕਤੀ ਆਧਾਰਿਤ ਬਣਾਉਣ ਦੀ ਥਾਂ ’ਤੇ ‘ਸਬ ਕਾ ਸਾਥ-ਸਬ ਕਾ ਵਿਕਾਸ’ ਅਪਣਾਇਆ ਗਿਆ। ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਟਾਲਰੈਂਸ ਨੇ ਗਰੀਬੀ ਅਤੇ ਬੇਰੁਜ਼ਗਾਰੀ ਦੂਰ ਕਰਨ ਦੇ ਸਥਾਈ ਉਪਾਅ ਕੀਤੇ ਗਏ। ਫੈਸਲਿਆਂ ਨੂੰ ਲਟਕਾਏ ਰੱਖਣ ਦੇ ਯੁੱਗ ਨੂੰ ਖਤਮ ਕੀਤਾ ਗਿਆ ਅਤੇ ਤੁਰੰਤ ਫੈਸਲੇ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਸੜਕਾਂ ਦੀ ਚੰਗੀ ਹਾਲਤ ਅਤੇ ਆਉਣ-ਜਾਣ ਲਈ ਆਵਾਜਾਈ ਵਿਵਸਥਾ ਅਜਿਹੀ ਕੀਤੀ ਗਈ ਕਿ ਦਿਨ ਹੋਵੇ ਜਾਂ ਰਾਤ, ਕਿਤੇ ਵੀ ਕਿਸੇ ਨੂੰ ਵੀ ਵਿਸ਼ੇਸ਼ ਕਰ ਮਹਿਲਾਵਾਂ ਨੂੰ, ਜ਼ਰਾ ਜਿਹਾ ਵੀ ਡਰ ਨਾ ਲੱਗੇ।

ਇਸ ਨਾਲ ਗੁਜਰਾਤ ਮਾਡਲ ਬਣਿਆ ਜਿਸ ਦੀ ਗੂੰਜ ਸੁਣਾਈ ਦੇਣ ਲੱਗੀ। ਮੋਦੀ ਜੀ ਨੂੰ ਇਕ ਅਜਿਹੇ ਵਿਅਕਤੀ ਦੇ ਰੂਪ ’ਚ ਦੇਖਿਆ ਜਾਣ ਲੱਗਾ ਜਿਸ ਦੇ ਉਪਰ ਨਾ ਤਾਂ ਭ੍ਰਿਸ਼ਟ ਆਚਰਣ ਦਾ ਦੋਸ਼ ਲੱਗਾ, ਨਾ ਹੀ ਪ੍ਰਸ਼ਾਸਨਿਕ ਅਸਮਰੱਥਾ ਦਾ ਅਤੇ ਨਾ ਹੀ ਧਰਮ, ਜਾਤੀ, ਲਿੰਗ ਦੇ ਆਧਾਰ ’ਤੇ ਕਿਸੇ ਤਰ੍ਹਾਂ ਦਾ ਪੱਖਪਾਤ ਕਰਨ ਦਾ ਅਤੇ ਸਭ ਤੋਂ ਜ਼ਿਆਦਾ ਇਹ ਕਿ ਕਿਸੇ ਧਨੀ ਵਿਅਕਤੀ ਜਾਂ ਘਰਾਣੇ ਦੇ ਨਾਲ ਗੰਢਤੁੱਪ ਕਰਨ ਦਾ, ਭਾਵੇਂ ਨਿੱਜੀ ਹਿੱਤਾਂ ਦੇ ਲਈ ਹੋਵੇ ਜਾਂ ਆਪਣੀ ਪਾਰਟੀ ਲਈ ਚੰਦਾ ਜੁਟਾਉਣ ਜਾਂ ਕੋਈ ਵਿਸ਼ੇਸ਼ ਫੰਡ ਲੈਣ ਦੀ ਥੋੜ੍ਹੀ ਜਿਹੀ ਵੀ ਇੱਛਾ ਰੱਖਣਾ ਹੋਵੇ।

ਰਾਸ਼ਟਰ ਦੀ ਅਗਵਾਈ : ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਦੇ ਤੀਜੇ ਕਾਰਜਕਾਲ, ਮਤਲਬ ਇਹ ਵੀ 15 ਸਾਲਾਂ ਦਾ ਸਮਾਂ ਹੈ, ਜਿਸ ਬਾਰੇ ਚਰਚਾ ਹੋਣ ਲੱਗੀ ਹੈ ਕਿ ਉਹ ਕਿੰਨੇ ਸਫਲ ਅਤੇ ਅਸਫਲ ਹਨ। ਕਿਹਾ ਜਾਂਦਾ ਹੈ ਕਿ ਦੇਸ਼ ਦੀ ਲੀਡਰਸ਼ਿਪ ’ਚ ਸੂਬੇ ’ਚ ਅਪਣਾਈਆਂ ਗਈਆਂ ਨੀਤੀਆਂ ਨੂੰ ਲਾਗੂ ਕਰਨਾ ਸਹੀ ਨਹੀਂ ਹੈ, ਇਸ ਲਈ ਮੋਦੀ ਜੀ ਵਲੋਂ ਗੁਜਰਾਤ ਮਾਡਲ ਲਾਗੂ ਕਰਨ ਦੀ ਸ਼ਲਾਘਾ ਦੀ ਥਾਂ ’ਤੇ ਉਸ ਦੀ ਆਲੋਚਨਾ ਹੋਣ ਲੱਗੀ। ਉਨ੍ਹਾਂ ਦੇ ਸਾਰੇ ਫੈਸਲਿਆਂ ਜਿਨ੍ਹਾਂ ’ਚ ਪ੍ਰਮੁੱਖ ਰੂਪ ਨਾਲ ਨੋਟਬੰਦੀ ਅਤੇ ਜੀ. ਐੱਸ. ਟੀ. ਹਨ, ਦੀ ਵਿਆਪਕ ਸਮੀਖਿਆ ਹੋਈ ਅਤੇ ਅਨੇਕ ਪੱਖਕਾਰਾਂ ਦਾ ਕਹਿਣਾ ਹੈ ਕਿ ਮੋਦੀ ਜੀ ਅਜੇ ਪ੍ਰਦੇਸ਼ ਦੀ ਲੀਡਰਸ਼ਿਪ ਦੀ ਭੂਮਿਕਾ ਤੋਂ ਬਾਹਰ ਨਹੀਂ ਨਿਕਲ ਪਾਏ ਹਨ।

ਇਹ ਸੱਚ ਹੈ ਕਿ ਰੋਟੀ, ਕੱਪੜਾ ਅਤੇ ਮਕਾਨ ਦੀ ਸਮੱਸਿਆ ਨਾਲ ਨਜਿੱਠਣ ਲਈ ਸਾਧਨ ਉਪਲਬਧ ਕਰ ਲਏ ਗਏ ਹਨ ਪਰ ਕੀ ਆਧੁਨਿਕ ਯੁੱਗ ’ਚ ਇਹੀ ਕਾਫੀ ਹੈ? ਉਦਯੋਗ ਧੰਦੇ ਪਹਿਲਾਂ ਵੀ ਸ਼ੁਰੂ ਕੀਤੇ ਜਾਂਦੇ ਸਨ, ਵਿਗਿਆਨ ਅਤੇ ਟੈਕਨਾਲੋਜੀ ’ਤੇ ਆਧਾਰਿਤ ਤਰਜੀਹਾਂ ਪਹਿਲਾਂ ਵੀ ਹੁੰਦੀਆਂ ਸਨ, ਦੁਸ਼ਮਣ ਨੂੰ ਪਹਿਲਾਂ ਵੀ ਮੂੰਹ ਦੀ ਖਾਣੀ ਪੈਂਦੀ ਸੀ, ਹੋਰ ਵੀ ਬਹੁਤ ਕੁਝ ਹੁੰਦਾ ਸੀ ਜਿਸ ਦਾ ਗਿਆਨ ਸਭ ਨੂੰ ਹੈ। ਸਿੱਖਿਆ ’ਤੇ ਜਿਸ ਤਰ੍ਹਾਂ ਇਕ ਵਰਗ ਦਾ ਕਬਜ਼ਾ ਸੀ, ਅੱਜ ਵੀ ਹੈ, ਸਕੂਲ, ਕਾਲਜ ਅਤੇ ਹੋਰ ਸਿੱਖਿਆ ਸੰਸਥਾਵਾਂ ’ਚ ਪ੍ਰਵੇਸ਼ ਪਹਿਲਾਂ ਵੀ ਮੁਸ਼ਕਿਲ ਸੀ, ਅੱਜ ਵੀ ਹੈ।

ਇਸ ’ਚ ਕੋਈ ਸ਼ੱਕ ਨਹੀਂ ਕਿ ਦੇਸ਼ ਅਸਲ ’ਚ ਕਾਫੀ ਅੱਗੇ ਵਧਿਆ ਹੈ ਪਰ ਕੀ ਸਾਡੀ ਰਫਤਾਰ ਦੂਜੇ ਦੇਸ਼ਾਂ ਤੋਂ ਅੱਗੇ ਨਿਕਲ ਜਾਣ ਦੀ ਹੈ, ਨਹੀਂ ਹੈ। ਜੋ ਸਮੱਸਿਆਵਾਂ ਇਕ ਸਥਾਈ ਹੱਲ ਲੱਭੇ ਜਾਣ ਲਈ ਉਦੋਂ ਸਨ, ਅੱਜ ਵੀ ਹਨ। ਰੋਜ਼ੀ-ਰੋਟੀ ਹੋਵੇ ਜਾਂ ਫਿਰ ਨਿਆਂ ਹੀ ਕਿਉਂ ਨਾ ਹੋਵੇ, ਉਸ ਦੇ ਲਈ ਪਹਿਲਾਂ ਵੀ ਲੜਨਾ ਅਤੇ ਅਨੰਤ ਸਮੇਂ ਤੱਕ ਇੰਤਜ਼ਾਰ ਕਰਨਾ ਪੈਂਦਾ ਸੀ, ਹੁਣ ਵੀ ਲਗਭਗ ਉਹੀ ਹੈ। ਵਰਤਮਾਨ ਪ੍ਰਧਾਨ ਮੰਤਰੀ ’ਤੇ ਭਰੋਸਾ ਪਹਿਲਾਂ ਇਸ ਅਹੁਦੇ ’ਤੇ ਬਿਰਾਜਮਾਨ ਵਿਅਕਤੀਆਂ ਨਾਲੋਂ ਕਿਤੇ ਵੱਧ ਹੈ, ਇਹੀ ਸਕੂਨ ਦੀ ਗੱਲ ਹੈ।

ਪੂਰਨ ਚੰਦ ਸਰੀਨ


author

Rakesh

Content Editor

Related News