ਕਿਉਂ ਮਰਦਾਂ ਨਾਲੋਂ ਜ਼ਿਆਦਾ ਪੜ੍ਹਦੀਆਂ ਹਨ ਔਰਤਾਂ

Friday, Sep 26, 2025 - 04:25 PM (IST)

ਕਿਉਂ ਮਰਦਾਂ ਨਾਲੋਂ ਜ਼ਿਆਦਾ ਪੜ੍ਹਦੀਆਂ ਹਨ ਔਰਤਾਂ

ਇਕ ਦੋਸਤ ਨੇ ਮੈਨੂੰ ਕਿਹਾ ਕਿ ਇਸ ਵਿਸ਼ੇ ’ਤੇ ਕਾਲਮ ਨਾ ਲਿਖੋ। ਤਿੰਨ ਅੰਤਰਰਾਸ਼ਟਰੀ ਸਾਹਿਤਕ ਰੌਕ ਸਟਾਰ ਔਰਤਾਂ ਬਾਰੇ ਲਿਖਣਾ ਪੂਰੀ ਤਰ੍ਹਾਂ ਵਿਅਰਥ ਹੈ ਜਿਨ੍ਹਾਂ ਨੂੰ ਹਜ਼ਾਰਾਂ ਕਾਲਮ ਸੈਂਟੀਮੀਟਰ ਮੀਡੀਆ ਦਾ ਧਿਆਨ ਮਿਲਦਾ ਹੈ ਅਤੇ ਦੁਨੀਆ ਭਰ ਵਿਚ ਉਨ੍ਹਾਂ ਦਾ ਸਤਿਕਾਰ ਕੀਤਾ ਜਾਂਦਾ ਹੈ। ਇਨ੍ਹਾਂ ਤਿੰਨ ਬਹੁਤ ਬਹੁਚਰਚਿਤ ਲੇਖਕਾਂ ’ਤੇ ਕਾਲਮ ਲਿਖਣ ਦੀ ਕੀ ਲੋੜ ਹੈ? ਉਨ੍ਹਾਂ ਨੂੰ ਤਾਂ ਕਾਫੀ ਧਿਆਨ ਮਿਲਦਾ ਹੈ।

‘ਔਰਤਾਂ ਮਰਦਾਂ ਨਾਲੋਂ ਜ਼ਿਆਦਾ ਕਿਉਂ ਪੜ੍ਹਦੀਆਂ ਹਨ’ ਲੇਖ ਵਿਚ, ਏਰਿਕ ਵੇਨਰ ਲਿਖਦੇ ਹਨ, ‘‘ਕੁਝ ਸਾਲ ਪਹਿਲਾਂ ਬ੍ਰਿਟਿਸ਼ ਲੇਖਕ ਇਆਨ ਮੈਕਈਵਾਨ ਨੇ ਇਕ ਗੈਰ-ਵਿਗਿਆਨਕ ਪ੍ਰਯੋਗ ਕੀਤਾ। ਉਹ ਅਤੇ ਉਨ੍ਹਾਂ ਦਾ ਪੁੱਤਰ ਲੰਡਨ ਦੇ ਇਕ ਪਾਰਕ ਵਿਚ ਦੁਪਹਿਰ ਦੇ ਖਾਣੇ ਦੇ ਸਮੇਂ ਭੀੜ ਵਿਚ ਦਾਖਲ ਹੋਏ ਅਤੇ ਮੁਫਤ ਕਿਤਾਬਾਂ ਵੰਡਣ ਲੱਗੇ। ਮਿੰਟਾਂ ਵਿਚ ਹੀ, ਉਨ੍ਹਾਂ ਨੇ 30 ਨਾਵਲ ਵੰਡ ਦਿੱਤੇ ਸਨ। ਲਗਭਗ ਨਾਵਲ ਲੈਣ ਵਾਲੀਆਂ ਸਾਰੀਆਂ ਔਰਤਾਂ ਸਨ, ਮੁਫ਼ਤ ਚੀਜ਼ਾਂ ਲਈ ‘ਉਤਸੁਕ ਅਤੇ ਸ਼ੁਕਰਗੁਜ਼ਾਰ’, ਜਦੋਂ ਕਿ ਮਰਦ ਸ਼ੱਕੀ ਜਾਂ ਉਦਾਸੀਨ ਰਹੇ। ਮੈਕਈਵਾਨ ਨੇ ਲਿਖਿਆ, ‘‘ਜਦੋਂ ਔਰਤਾਂ ਪੜ੍ਹਨਾ ਬੰਦ ਕਰ ਦਿੰਦੀਆਂ ਹਨ, ਤਾਂ ਨਾਵਲ ਮਰ ਜਾਵੇਗਾ।’’ ਇਸ ਲਈ ਮੈਂ ਇੱਥੇ ਲਿਖ ਰਿਹਾ ਹਾਂ, ਔਰਤਾਂ ਕਿਵੇਂ ਪੜ੍ਹਦੀਆਂ ਹਨ ਅਤੇ ਜੇਕਰ ਔਰਤਾਂ ਪੜ੍ਹਨਾ ਬੰਦ ਕਰ ਦਿੰਦੀਆਂ ਹਨ ਤਾਂ ਕਿਤਾਬ ਬਾਜ਼ਾਰ ਰਾਤੋ-ਰਾਤ ਕਿਉਂ ਢਹਿ ਜਾਵੇਗਾ ਅਤੇ ਜੇਕਰ ਔਰਤਾਂ ਪੜ੍ਹ ਰਹੀਆਂ ਹਨ, ਤਾਂ ਅਸੀਂ ਲਿਖਣ ਵਾਲੀਆਂ ਔਰਤਾਂ ਬਾਰੇ ਕਾਫ਼ੀ ਗੱਲ ਕਿਉਂ ਨਹੀਂ ਕਰ ਰਹੇ ਹਾਂ।

2025 ਨੇ ਸੱਚਮੁੱਚ ਕੁਝ ਅਸਾਧਾਰਨ ਭਾਰਤੀ ਮਹਿਲਾ ਲੇਖਕਾਂ ’ਤੇ ਧਿਆਨ ਕੇਂਦ੍ਰਿਤ ਕੀਤਾ ਹੈ। ਬਾਨੂ ਮੁਸ਼ਤਾਕ ਅਤੇ ਦੀਪਾ ਭਸਤੀ ਨੇ ‘ਹਾਰਟ ਲੈਂਪ’ ਲਈ ਅੰਤਰਰਾਸ਼ਟਰੀ ਬੁੱਕਰ ਪੁਰਸਕਾਰ ਜਿੱਤਿਆ। ਇਹ ਛੋਟੀਆਂ ਕਹਾਣੀਆਂ ਦਾ ਸੰਗ੍ਰਹਿ ਹੈ ਜੋ ਮੁੱਖ ਤੌਰ ’ਤੇ ਕਰਨਾਟਕ ਵਿਚ ਮੁਸਲਿਮ ਔਰਤਾਂ ਦੇ ਜੀਵਨ ’ਤੇ ਕੇਂਦ੍ਰਿਤ ਹੈ। ਸੱਚਾਈ ਅਤੇ ਇਮਾਨਦਾਰੀ ਨਾਲ ਇਹ ਕਹਾਣੀਆਂ ਪਹਿਲਾਂ ਹੀ ਭਾਰਤ ਵਿਚ ਇਕ ਲੱਖ ਤੋਂ ਵੱਧ ਪਾਠਕਾਂ ਦੁਆਰਾ ਪੜ੍ਹੀਆਂ ਜਾ ਚੁੱਕੀਆਂ ਹਨ। ਬਾਨੋ ਅਤੇ ਦੀਪਾ ਨੂੰ ਦੇਸ਼ ਅਤੇ ਵਿਦੇਸ਼ਾਂ ਵਿਚ ਸਹੀ ਤੌਰ ’ਤੇ ਸਨਮਾਨਿਤ ਕੀਤਾ ਗਿਆ ਹੈ। ‘ਹਾਰਟ ਲੈਂਪ’ ਦੀ ਲੇਖਿਕਾ ਇਕ ਵਰਕਰ, ਇਕ ਵਕੀਲ ਅਤੇ ਇਕ ਇਤਿਹਾਸਕਾਰ ਦੇ ਰੂਪ ’ਚ ਉਨ੍ਹਾਂ ਔਰਤਾਂ ਦੇ ਜੀਵਨ ਨੂੰ ਡੂੰਘਾਈ ਨਾਲ ਜਾਣਦੀ ਹੈ ਜਿਨ੍ਹਾਂ ਬਾਰੇ ਉਸ ਨੇ ਲਿਖਿਆ ਹੈ। ਅਨੁਵਾਦਕ ਨੇ ਇਨ੍ਹਾਂ ਕਹਾਣੀਆਂ ਵਿਚ ਬੋਲੀ, ਪਹਿਰਾਵੇ ਅਤੇ ਭੋਜਨ ਦੀਆਂ ਹਰ ਬਾਰੀਕੀਆਂ ਨੂੰ ਫੜਿਆ ਹੈ ਅਤੇ ਇਹ ਦੋਵੇਂ ਔਰਤਾਂ ਇਕੱਠੇ ਭਾਰਤ ਦੇ ਸਾਹਿਤਕ ਇਤਿਹਾਸ ਦਾ ਹਿੱਸਾ ਬਣ ਗਈਆਂ ਹਨ।

ਇਸ ਦੌਰਾਨ, ਕਰਨਾਟਕ, ਭਾਰਤ ਤੋਂ ਬਹੁਤ ਦੂਰ, ਨਿਊਯਾਰਕ ਦੇ ਕਵੀਨਜ਼ ਵਿਚ ਰਹਿ ਰਹੀ ਕਿਰਨ ਦੇਸਾਈ ਨੇ ਬੁੱਕਰ ਪੁਰਸਕਾਰ ਜਿੱਤਣ ਤੋਂ ਬਾਅਦ ਆਪਣੀ ਅਗਲੀ ਕਿਤਾਬ, ‘ਦਿ ਇਨਹੈਰੀਟੈਂਸ ਆਫ਼ ਲੌਸ’’ ਲਿਖਣ ਵਿਚ 20 ਸਾਲ ਗੁਜ਼ਾਰ ਦਿੱਤੇ। ਇਕ ਪ੍ਰੇਮ ਕਹਾਣੀ, ਆਧੁਨਿਕ ਪਿਆਰ ਦੀ ਕਹਾਣੀ, ਭਾਰਤ ਤੋਂ ਦੂਰ ਭਾਰਤੀਆਂ ਦੀ ਕਹਾਣੀ-ਕਿਰਨ ਨੇ ਜੋ ਕੁਝ ਵੀ ਲਿਖਿਆ ਹੈ, ਉਹ ਉਸ ਕਹਾਣੀ ਪ੍ਰਤੀ ਸਾਲਾਂ ਦੇ ਸਮਰਪਣ ਦੁਆਰਾ ਨਿਖਾਰਿਆ ਗਿਆ ਹੈ ਜੋ ਉਹ ਦੱਸਣਾ ਚਾਹੁੰਦੀ ਸੀ।

ਉਨ੍ਹਾਂ ਦੇ ਨਵੇਂ ਨਾਵਲ ‘ਦਿ ਲੋਨਲੀਨੈੱਸ ਆਫ ਸੋਨੀਆ ਐਂਡ ਸਨੀ’ ਨੂੰ ਬੁੱਕਰ ਪੁਰਸਕਾਰ ਲਈ ਸ਼ਾਰਟਲਿਸਟ ਕੀਤੇ ਜਾਣ ਤੋਂ ਕੁਝ ਘੰਟਿਆਂ ਬਾਅਦ, ਮੈਂ ਕਿਰਨ ਦੇਸਾਈ ਨੂੰ ਪੁੱਛਿਆ, ‘‘ਵੀਹ ਸਾਲਾਂ ਤੱਕ ਇਕ ਕਿਤਾਬ ’ਤੇ ਕੰਮ ਕਰਨ ਲਈ ਤੁਸੀਂ ਕਿਸ ਅਨੁਸ਼ਾਸਨ ਦੀ ਪਾਲਣਾ ਕੀਤੀ?’’ ਉਨ੍ਹਾਂ ਨੇ ਮੈਨੂੰ ਕਿਹਾ, ‘‘ਮੈਂ ਇਕ ਅਨੁਸ਼ਾਸਨ ਦੀ ਪਾਲਣਾ ਕਰਦੀ ਹਾਂ ਜੋ ਮੈਨੂੰ ਲੱਗਦਾ ਹੈ ਕਿ ਇੰਨੇ ਸਾਲਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਹੁਣ ਮੇਰੇ ਅੰਦਰ ਡੂੰਘਾਈ ਨਾਲ ਸਮਾਇਆ ਹੋਇਆ ਹੈ। ਹਰ ਸਵੇਰੇ ਮੈਂ ਸਿੱਧੀ ਆਪਣੀ ਡੈਸਕ ’ਤੇ ਜਾਂਦੀ ਹਾਂ। ਮੈਂ ਇਸ ਨੂੰ ਇਕ ਅਧਿਆਤਮਿਕ ਅਨੁਸ਼ਾਸਨ, ਤਪੱਸਿਆ ਦਾ ਇਕ ਕੋਡ ਮੰਨਦੀ ਹਾਂ ਜਿਸ ਦੀ ਮੈਂ ਪਾਲਣਾ ਕਰਦੀ ਹਾਂ ਤਾਂ ਜੋ ਮੈਂ ਚੰਗੀ ਤਰ੍ਹਾਂ ਕੰਮ ਕਰ ਸਕਾਂ। ਹਰ ਰੋਜ਼ ਮੈਂ ਇਕ ਕੀੜੀ, ਇਕ ਮਧੂ-ਮੱਖੀ ਜਾਂ ਇਕ ਕੇਂਚੁਏ ਵਾਂਗ ਕੰਮ ਕਰਦੀ ਹਾਂ। ਮੈਂ ਅਸਲ ਜ਼ਿੰਦਗੀ ਦੇ ਇਕ ਛੋਟੇ ਜਿਹੇ ਅਣੂ ਨੂੰ ਕਲਾਤਮਕ ਜੀਵਨ ਵਿਚ ਰੂਪਾਂਤਰਿਤ ਕਰਦੀ ਹਾਂ। ਜਿਵੇਂ ਕਿ ਇਕ ਛੋਟੇ ਜਿਹੇ ਟੁਕੜੇ ਨੂੰ ਕਲਾਤਮਕ ਖੇਤਰ ਵਿਚ ਤਬਦੀਲ ਕਰਨਾ ਅਤੇ ਬਿਨਾਂ ਜਾਣੇ, ਬਿਨਾਂ ਕਿਸੇ ਦ੍ਰਿਸ਼ਟੀਕੋਣ ਦੇ ਕੰਮ ਕਰਨਾ ਕਿ ਮੈਂ ਕਿਸ ਦਿਸ਼ਾ ’ਚ ਕੰਮ ਕਰ ਰਹੀ ਹਾਂ, ਅਸਲ ਵਿਚ ਇਕ ਕੀੜੀ ਵਾਂਗ, ਤੁਸੀਂ ਜਾਣਦੇ ਹੋ, ਉਹ ਦ੍ਰਿਸ਼ਟੀਕੋਣ ਮੇਰੇ ਲਈ ਕਈ ਸਾਲਾਂ ਤੋਂ ਦਿਸਹੱਦੇ ਤੋਂ ਪਰ੍ਹੇ ਰਿਹਾ ਹੈ।’’

ਕਿਰਨ ਦੀ ਮਾਂ, ਮਹਾਨ ਹਸਤੀ, ਅਨੀਤਾ ਦੇਸਾਈ ਦੀ ਕਿਤਾਬ ‘ਰੋਸਾਰਿਤਾ’ ਬਰਾਕ ਓਬਾਮਾ ਦੀ 2025 ਦੀ ਗਰਮੀਆਂ ਦੀ ਪੜ੍ਹਨ ਦੀ ਸੂਚੀ ਵਿਚ ਸ਼ਾਮਲ ਹੋਈ ਹੈ। ਜੇਕਰ ਅਨੀਤਾ ਦੇਸਾਈ 88 ਸਾਲ ਦੀ ਉਮਰ ਵਿਚ ਇਸ ਤਰ੍ਹਾਂ ਲਿਖ ਸਕਦੀ ਹੈ, ਤਾਂ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਹੋਣਾ ਚਾਹੀਦਾ ਹੈ। ਇਹ ਇਕ ਭਾਰਤੀ ਔਰਤ ਬਾਰੇ ਇਕ ਅਨਮੋਲ ਕਿਤਾਬ ਹੈ ਜੋ ਆਜ਼ਾਦੀ ਅਤੇ ਕਲਾ ਦੀ ਭਾਲ ਵਿਚ ਮੈਕਸੀਕੋ ਦੀ ਯਾਤਰਾ ਕਰਦੀ ਹੈ ਅਤੇ ਬੁੱਕਰ ਜੇਤੂਆਂ ਦੀ ਗੱਲ ਕਰੀਏ ਤਾਂ, ਉਸ ਔਰਤ ਬਾਰੇ ਕੀ ਕਹੀਏ ਜਿਸ ਨੇ ਇਹ ਸਭ ਸ਼ੁਰੂ ਕੀਤਾ? ਅਰੁੰਧਤੀ ਰਾਏ। ਉਸ ਦੀ ਯਾਦ, ‘ਮਦਰ ਮੈਰੀ ਕਮਜ਼ ਟੂ ਮੀ’ ਇਕ ਅਸਾਧਾਰਨ ਬਚਪਨ, ਇਕ ਮੁਸ਼ਕਲ ਮਾਤਾ-ਪਿਤਾ ਅਤੇ ਕਿਵੇਂ ਇਕ ਔਰਤ ਨੂੰ ਹਮੇਸ਼ਾ ਆਦਰਸ਼ ਮਾਂ ਜਾਂ ਧੀ ਵਜੋਂ ਸ਼੍ਰੇਣੀਬੱਧ ਨਹੀਂ ਕੀਤਾ ਜਾ ਸਕਦਾ, ਦਾ ਇਕ ਦਿਲਚਸਪ ਬਿਰਤਾਂਤ ਹੈ। ਸ਼ਾਇਦ ਇਹ ਇਕ ਲੇਖਕ ਦੇ ਨਿਰਮਾਣ ਬਾਰੇ ਵੀ ਹੈ।

ਮੇਰੀ ਦੋਸਤ ਮੈਨੂੰ ਦੱਸਦੀ ਹੈ ਕਿ ਦੇਸ਼ ਭਰ ਦੇ ਕਈ ਸ਼ਹਿਰਾਂ ਵਿਚ ਔਰਤਾਂ ਦੁਆਰਾ ਸ਼ੁਰੂ ਕੀਤੀਆਂ ਗਈਆਂ ਸੁਤੰਤਰ ਦੁਕਾਨਾਂ ਅਤੇ ਲਾਇਬ੍ਰੇਰੀਆਂ ਖੁੱਲ੍ਹ ਰਹੀਆਂ ਹਨ। ਉਨ੍ਹਾਂ ਦਾ ਉਦੇਸ਼ ਕਿਤਾਬਾਂ ਪਾਠਕਾਂ ਤੱਕ ਪਹੁੰਚਾਉਣਾ ਹੈ। ਐਮਾਜ਼ੋਨ ਦੇ ਐਲਗੋਰਿਦਮ ਤੋਂ ਵੱਖ ਹੋ ਕੇ, ਵੱਧ ਤੋਂ ਵੱਧ ਔਰਤਾਂ ਕਿਤਾਬ ਖਰੀਦਦਾਰਾਂ, ਜਵਾਨ ਅਤੇ ਬੁੱਢਿਆਂ ਨਾਲ ਗੱਲਬਾਤ ਕਰ ਰਹੀਆਂ ਹਨ ਅਤੇ ਆਪਣੀ ਅਗਲੀ ਜਾਦੂਈ ਕਿਤਾਬ ਉਨ੍ਹਾਂ ਦੇ ਹੱਥਾਂ ਵਿਚ ਪਾ ਰਹੀਆਂ ਹਨ।

ਅਤੇ ਅੰਤ ਵਿਚ, ਕੀ ਮਹਿਲਾ ਲੇਖਕਾਂ ਬਾਰੇ ਕੋਈ ਵੀ ਲੇਖ ਭਾਰਤੀ ਮੂਲ ਦੀ ਘੱਟੋ-ਘੱਟ ਇਕ ਔਰਤ ਦਾ ਜ਼ਿਕਰ ਕੀਤੇ ਬਿਨਾਂ ਪੂਰਾ ਹੋ ਸਕਦਾ ਹੈ? ਉਹ ਇੰਗਲੈਂਡ ਵਿਚ ਪੈਦਾ ਹੋਈ ਸੀ ਅਤੇ ਹੁਣ ਰੋਮ ਅਤੇ ਨਿਊਯਾਰਕ ਦੇ ਵਿਚਕਾਰ ਰਹਿੰਦੀ ਹੈ। ਉਹ ਅੰਗਰੇਜ਼ੀ ਅਤੇ ਇਤਾਲਵੀ ਵਿਚ ਚੰਗੀ ਤਰ੍ਹਾਂ ਲਿਖਦੀ ਹੈ। ਹਾਂ, ਉਹ ਆਪਣੀ ਮਾਤ ਭਾਸ਼ਾ ਬੰਗਾਲੀ ਵੀ ਚੰਗੀ ਤਰ੍ਹਾਂ ਬੋਲਦੀ ਹੈ। ਜੇ ਤੁਹਾਨੂੰ ਅਜੇ ਵੀ ਨਹੀਂ ਪਤਾ ਕਿ ਮੈਂ ਕਿਸ ਪੁਲਿਤਜ਼ਰ ਪੁਰਸਕਾਰ ਜੇਤੂ ਬਾਰੇ ਗੱਲ ਕਰ ਰਿਹਾ ਹਾਂ, ਤਾਂ ਪੰਨਾ ਪਲਟ ਦਿਓ।

-ਡੇਰੇਕ ਓ ’ਬ੍ਰਾਇਨ

(ਸੰਸਦ ਮੈਂਬਰ ਅਤੇ ਟੀ. ਐੱਮ. ਸੀ. ਸੰਸਦੀ ਦਲ (ਰਾਜ ਸਭਾ) ਦੇ ਆਗੂ)


author

Anmol Tagra

Content Editor

Related News