ਬੈਨਰ ਤੋਂ ਪਰ੍ਹੇ : ‘ਆਈ ਲਵ ਮੁਹੰਮਦ’ ਨੂੰ ਸਮਝਣਾ

Friday, Oct 03, 2025 - 05:13 PM (IST)

ਬੈਨਰ ਤੋਂ ਪਰ੍ਹੇ : ‘ਆਈ ਲਵ ਮੁਹੰਮਦ’ ਨੂੰ ਸਮਝਣਾ

ਸਤੰਬਰ 2025 ਵਿਚ ਬਾਰਾਵਫ਼ਾਤ (ਈਦ-ਏ-ਮਿਲਾਦ-ਉਨ-ਨਬੀ) ਦੌਰਾਨ ਇਕ ਸਾਧਾਰਨ ਚਾਰ-ਸ਼ਬਦਾਂ ਵਾਲਾ ਨਾਅਰਾ, ‘ਆਈ ਲਵ ਮੁਹੰਮਦ’ ਭਾਰਤ ਵਿਚ ਇਕ ਰਾਸ਼ਟਰੀ ਵਿਵਾਦ ਦਾ ਕੇਂਦਰ ਬਣ ਗਿਆ। ਉੱਤਰ ਪ੍ਰਦੇਸ਼ ਦੇ ਕਾਨਪੁਰ ਵਿਚ ਇਕ ਧਾਰਮਿਕ ਜਲੂਸ ਦੌਰਾਨ ਇਕ ਬੈਨਰ ਨੂੰ ਲੈ ਕੇ ਸਥਾਨਕ ਵਿਵਾਦ ਦੇ ਰੂਪ ਵਿਚ ਸ਼ੁਰੂ ਹੋਇਆ ਇਹ ਮਾਮਲਾ ਜਲਦੀ ਹੀ ਵਿਰੋਧ ਪ੍ਰਦਰਸ਼ਨਾਂ, ਪੁਲਸ ਕਾਰਵਾਈ ਅਤੇ ਦੇਸ਼ ਭਰ ਵਿਚ ਗਰਮ ਬਹਿਸਾਂ ਦੀ ਇਕ ਲੜੀ ਵਿਚ ਬਦਲ ਗਿਆ।

ਇਹ ਮੁੱਦਾ ਪੈਗੰਬਰ ਮੁਹੰਮਦ ਦੇ ਜਨਮ ਦਾ ਜਸ਼ਨ ਮਨਾਉਣ ਵਾਲੇ ਇਕ ਜਲੂਸ (ਬਾਰਾਵਫ਼ਾਤ) ਦੀਆਂ ਤਿਆਰੀਆਂ ਦੌਰਾਨ ਉਭਰਿਆ। 4 ਸਤੰਬਰ ਨੂੰ ਕਾਨਪੁਰ ਵਿਚ ‘ਆਈ ਲਵ ਮੁਹੰਮਦ’ ਦੇ ਨਾਅਰੇ ਵਾਲਾ ਇਕ ਬੈਨਰ ਜਲੂਸ ਦੇ ਰਸਤੇ ’ਤੇ ਲਗਾਇਆ ਗਿਆ ਸੀ। ਸਥਾਨਕ ਹਿੰਦੂ ਸਮੂਹਾਂ ਨੇ ਇਸ ਨੂੰ ਇਕ ਨਵੀਂ ਗੱਲ ਸਮਝਿਆ ਅਤੇ ਇਸ ਆਧਾਰ ’ਤੇ ਇਤਰਾਜ਼ ਕੀਤਾ ਕਿ ਸਰਕਾਰੀ ਨਿਯਮ ਅਤੇ ਲੰਬੇ ਸਮੇਂ ਤੋਂ ਚੱਲ ਰਹੇ ਸਥਾਨਕ ਸਮਝੌਤੇ ਸਥਾਪਤ ਧਾਰਮਿਕ ਜਲੂਸਾਂ ’ਚ ਨਵੀਆਂ ਪਰੰਪਰਾਵਾਂ ਦੀ ਆਗਿਆ ਨਹੀਂ ਦਿੰਦੇ। ਅਜਿਹੇ ਨਿਯਮਾਂ ਦੇ ਪਿੱਛੇ ਉਦੇਸ਼ ਫਿਰਕੂ ਸਦਭਾਵਨਾ ਬਣਾਈ ਰੱਖਣਾ ਹੈ ਤਾਂ ਕਿ ਕਿਸੇ ਵੀ ਸਮੂਹ ਨੂੰ ਧਾਰਮਿਕ ਸਮਾਗਮਾਂ ਦੀ ਵਰਤੋਂ ਦਬਦਬਾ ਸਥਾਪਤ ਕਰਨ ਜਾਂ ਅਜਿਹੇ ਬਦਲਾਅ ਲਿਆਉਣ ਤੋਂ ਰੋਕਿਆ ਜਾ ਸਕੇ ਜਿਨ੍ਹਾਂ ਨੂੰ ਦੂਸਰੇ ਫਿਰਕੇ ਵਲੋਂ ਭੜਕਾਊ ਮੰਨਿਆ ਜਾ ਸਕਦਾ ਹੈ।

ਓਵੈਸੀ ਨੇ ਧਾਰਮਿਕ ਆਜ਼ਾਦੀ ਦੀ ਰੱਖਿਆ ਲਈ ਸਥਾਨਕ ਪ੍ਰਸ਼ਾਸਕੀ ਵਿਵਾਦ ਤੋਂ ਇਸ ਮੁੱਦੇ ਨੂੰ ਦੇਸ਼ ਵਿਆਪੀ ਵਿਵਾਦ ਵਿਚ ਬਦਲ ਦਿੱਤਾ। ਇਸ ਦੇ ਜਵਾਬ ਵਿਚ ਉੱਤਰ ਪ੍ਰਦੇਸ਼, ਤੇਲੰਗਾਨਾ, ਮਹਾਰਾਸ਼ਟਰ ਅਤੇ ਉੱਤਰਾਖੰਡ ਦੇ ਕਈ ਸ਼ਹਿਰਾਂ ਵਿਚ ਮੁਸਲਮਾਨਾਂ ਨੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ। ਕਈ ਲੋਕਾਂ ਨੇ ਇਕਜੁੱਟਤਾ ਦਿਖਾਉਣ ਅਤੇ ਆਪਣੀ ਧਾਰਮਿਕ ਆਜ਼ਾਦੀ ਦਾ ਦਾਅਵਾ ਕਰਨ ਲਈ ‘ਆਈ ਲਵ ਮੁਹੰਮਦ’ ਦੇ ਬੈਨਰ ਦਿਖਾਏ। ਜਿੱਥੇ ਕੁਝ ਪ੍ਰਦਰਸ਼ਨ ਸ਼ਾਂਤੀਪੂਰਨ ਅਤੇ ਦਿਲ ਛੂਹ ਲੈਣ ਵਾਲੇ ਸਨ ਜਿਵੇਂ ਲਖਨਊ ’ਚ ਔਰਤਾਂ ਵਲੋਂ ਕੀਤਾ ਿਗਆ ਇਕ ਮੌਨ ਵਿਰੋਧ ਪ੍ਰਦਰਸ਼ਨ, ਉੱਥੇ ਹੀ ਕੁਝ ਹਿੰਸਕ ਹੋ ਗਏ ਜਿਸ ਨਾਲ ਸਤ੍ਹਾ ਦੇ ਹੇਠਾਂ ਸੁਲਗ ਰਹੇ ਡੂੰਘੇ ਤਣਾਅ ਦਾ ਪਤਾ ਲੱਗਾ।

‘ਮੈਂ ਮੁਹੰਮਦ ਨਾਲ ਪ੍ਰੇਮ ਕਰਦਾ ਹਾਂ’ ਦਾ ਨਾਅਰਾ ਮੂਲ ਤੌਰ ’ਤੇ ਆਸਥਾ ਦਾ ਐਲਾਨ ਹੈ। ਭਾਰਤ ਵਰਗੇ ਧਾਰਮਿਕ ਵਿਭਿੰਨਤਾ ਨਾਲ ਭਰਪੂਰ ਦੇਸ਼ ਵਿਚ, ਅਜਿਹੇ ਪ੍ਰਗਟਾਵੇ ਇਕ ਰੋਜ਼ਾਨਾ ਹਕੀਕਤ ਹਨ। ਇਹ ਅਸਲ ਵਿਚ ਭਗਵਾਨ ਰਾਮ ਦੀ ਪ੍ਰਸ਼ੰਸਾ ਕਰਨ ਵਾਲੇ ਇਕ ਹਿੰਦੂ ਸ਼ਰਧਾਲੂ ਜਾਂ ਯਿਸੂ ਮਸੀਹ ਲਈ ਆਪਣੇ ਪਿਆਰ ਦਾ ਪ੍ਰਗਟਾਵਾ ਕਰਨ ਵਾਲੇ ਇਕ ਇਸਾਈ ਤੋਂ ਵੱਖਰਾ ਨਹੀਂ ਹੈ। ਭਾਰਤੀ ਸੰਵਿਧਾਨ, ਧਾਰਾ 25 ਦੇ ਤਹਿਤ, ਸਾਰੇ ਨਾਗਰਿਕਾਂ ਨੂੰ ਜਨਤਕ ਵਿਵਸਥਾ, ਨੈਤਿਕਤਾ ਅਤੇ ਸਿਹਤ ਅਧੀਨ, ਆਪਣੇ ਧਰਮ ਨੂੰ ਮੰਨਣ, ਵਿਵਹਾਰ ਕਰਨ ਅਤੇ ਪ੍ਰਚਾਰ ਕਰਨ ਦੀ ਆਜ਼ਾਦੀ ਦੀ ਗਾਰੰਟੀ ਦਿੰਦਾ ਹੈ। ਇਸ ਕਾਨੂੰਨੀ ਅਤੇ ਨੈਤਿਕ ਦ੍ਰਿਸ਼ਟੀਕੋਣ ਨਾਲ, ਆਪਣੇ ਪੈਗੰਬਰ ਲਈ ਪਿਆਰ ਪ੍ਰਗਟ ਕਰਨਾ ਟਕਰਾਅ ਜਾਂ ਪੁਲਸ ਕਾਰਵਾਈ ਦਾ ਕਾਰਨ ਨਹੀਂ ਹੋਣਾ ਚਾਹੀਦਾ।

ਹਾਲਾਂਕਿ, ਸੰਦਰਭ ਮਹੱਤਵਪੂਰਨ ਹੈ। ਇਹ ਸੰਵੇਦਨਸ਼ੀਲਤਾ ਭਾਰਤ ਦੀ ਗੁੰਝਲਦਾਰ ਫਿਰਕੂ ਗਤੀਸ਼ੀਲਤਾ ਨਾਲ ਹੋਰ ਵੀ ਵਧ ਜਾਂਦੀ ਹੈ, ਜਿੱਥੇ ਧਾਰਮਿਕ ਤਿਉਹਾਰਾਂ ਦੌਰਾਨ ਪ੍ਰਤੀਕਾਤਮਕ ਕਾਰਿਆਂ ਨੂੰ ਵੀ ਸਿਆਸੀ ਲੈਂਜ਼ ਰਾਹੀਂ ਦੇਖਿਆ ਜਾ ਸਕਦਾ ਹੈ, ਜਿਸ ਨਾਲ ਚਿੰਤਾਵਾਂ ਪੈਦਾ ਹੁੰਦੀਆਂ ਹਨ, ਜਦੋਂ ਕਿ ਇਹ ਨਾਅਰਾ ਆਪਣੇ ਮੂਲ ਰੂਪ ਵਿਚ ਨਿਰਦੋਸ਼ ਹੈ, ਕੁਝ ਲੋਕਾਂ ਨੇ ਇਸ ਦੇ ਸਮੇਂ ਅਤੇ ਜਨਤਕ ਪ੍ਰਦਰਸ਼ਨ ਦੀ ਸਿਆਣਪ ’ਤੇ ਸਵਾਲ ਉਠਾਏ ਹਨ, ਇਹ ਪੁੱਛਦੇ ਹੋਏ ਕਿ ਕੀ ਇਸਦਾ ਉਦੇਸ਼ ਪਹਿਲਾਂ ਹੀ ਤਣਾਅਪੂਰਨ ਮਾਹੌਲ ਵਿਚ ਪ੍ਰਤੀਕਿਰਿਆ ਭੜਕਾਉਣਾ ਸੀ।

ਇਸ ਨਾਲ ਇਕ ਵਿਆਪਕ, ਵਧੇਰੇ ਗੰਭੀਰ ਮੁੱਦਾ ਸਾਹਮਣੇ ਆਉਂਦਾ ਹੈ। ਜਨਤਕ ਸੜਕਾਂ ’ਤੇ ਸਾਰੇ ਵੱਡੇ ਧਾਰਮਿਕ ਇਕੱਠਾਂ ਨੂੰ ਸੰਜਮ ਅਤੇ ਨਿਯਮਨ ਦੀ ਲੋੜ ਹੁੰਦੀ ਹੈ। ਸਾਰੇ ਨਾਗਰਿਕਾਂ ਦੀ ਸੁਰੱਖਿਆ ਅਤੇ ਸਹੂਲਤ ਲਈ ਜਲੂਸ, ਭਾਵੇਂ ਰਾਮਨੌਮੀ ਜਾਂ ਮੁਹੱਰਮ ਲਈ ਹੋਣ, ਜਨਤਕ ਵਿਘਨ ਪਾਉਣ ਅਤੇ ਇਹ ਯਕੀਨੀ ਬਣਾਉਣ ਲਈ ਸਪੱਸ਼ਟ ਦਿਸ਼ਾ-ਨਿਰਦੇਸ਼ਾਂ ਦੀ ਲੋੜ ਹੁੰਦੀ ਹੈ ਕਿ ਉਹ ਦੂਜੇ ਭਾਈਚਾਰਿਆਂ ਨੂੰ ਡਰਾਉਣ ਦੇ ਉਦੇਸ਼ ਨਾਲ ਫਿਰਕੂ ਸ਼ਕਤੀ ਦੇ ਪ੍ਰਦਰਸ਼ਨ ਨਾ ਬਣਨ।

ਅਜਿਹੀਆਂ ਕਾਰਵਾਈਆਂ ਲੋਕਤੰਤਰੀ ਸੰਸਥਾਵਾਂ ਵਿਚ ਜਨਤਕ ਵਿਸ਼ਵਾਸ ਨੂੰ ਕਮਜ਼ੋਰ ਕਰਨ ਦਾ ਜੋਖਮ ਲੈਂਦੀਆਂ ਹਨ ਅਤੇ ਘੱਟਗਿਣਤੀ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਇਆ ਅਤੇ ਗਲਤ ਸਮਝਿਆ ਜਾ ਸਕਦਾ ਹੈ। ਇਹ ਹਿੰਸਾ ਨੂੰ ਜਾਇਜ਼ ਠਹਿਰਾਉਣ ਬਾਰੇ ਨਹੀਂ ਹੈ, ਸਗੋਂ ਇਹ ਸਵਾਲ ਕਰਨ ਬਾਰੇ ਹੈ ਕਿ ਕੀ ਪ੍ਰਸ਼ਾਸਨਿਕ ਪ੍ਰਤੀਕਿਰਿਆ ਸੰਤੁਲਿਤ ਅਤੇ ਬਰਾਬਰ ਸੀ।

ਪੂਰੀ ਤਸਵੀਰ ਨੂੰ ਸਮਝਣ ਲਈ, ਸਾਨੂੰ ਮੁਸਲਿਮ ਭਾਈਚਾਰੇ ਦੀ ਅੰਦਰੂਨੀ ਗਤੀਸ਼ੀਲਤਾ ਦੀ ਜਾਂਚ ਕਰਨੀ ਚਾਹੀਦੀ ਹੈ। ਇਹ ਇਕ ਮੰਦਭਾਗੀ ਹਕੀਕਤ ਹੈ ਕਿ ਧਾਰਮਿਕ ਭਾਵਨਾਵਾਂ ਦਾ ਅਕਸਰ ਰਾਜਨੀਤਿਕ ਲਾਭ ਲਈ ਸ਼ੋਸ਼ਣ ਕੀਤਾ ਜਾਂਦਾ ਹੈ। ਭਾਰਤੀ ਮੁਸਲਿਮ ਸਮਾਜ ਦੇ ਅੰਦਰ ‘ਅਸ਼ਰਫ਼’ (ਉਹ ਲੋਕ ਜੋ ਵਿਦੇਸ਼ੀ ਵੰਸ਼ ਦਾ ਦਾਅਵਾ ਕਰਦੇ ਹਨ ਅਤੇ ਰਵਾਇਤੀ ਤੌਰ ’ਤੇ ਕੁਲੀਨ ਮੰਨੇ ਜਾਂਦੇ ਹਨ) ਅਤੇ ‘ਪਸਮਾਂਦਾ’ (ਵਿਦੇਸ਼ੀ ਧਰਮ ਤਬਦੀਲੀ ਵਾਲੇ ਜੋ ਵਿਸ਼ਾਲ ਬਹੁਮਤ ਬਣਾਉਂਦੇ ਹਨ ਅਤੇ ਅਕਸਰ ਸਮਾਜਿਕ ਅਤੇ ਆਰਥਿਕ ਤੌਰ ’ਤੇ ਹਾਸ਼ੀਏ ’ਤੇ ਹੁੰਦੇ ਹਨ) ਦੇ ਵਿਚਾਲੇ ਇਕ ਮਹੱਤਵਪੂਰਨ ਸਮਾਜਿਕ ਅਤੇ ਰਾਜਨੀਤਿਕ ਪਾੜਾ ਹੈ। ਇਹ ਵੰਡ, ਜਿਸਦਾ ਸਮਾਜਿਕ ਵਿਗਿਆਨੀਆਂ ਦੁਆਰਾ ਵਿਆਪਕ ਤੌਰ ’ਤੇ ਅਧਿਐਨ ਕੀਤਾ ਗਿਆ ਹੈ, ਵਿਆਪਕ ਮੁਸਲਿਮ ਭਾਈਚਾਰੇ ਦੇ ਅੰਦਰ ਵਿਭਿੰਨ ਤਰਜੀਹਾਂ ਅਤੇ ਅਨੁਭਵਾਂ ਨੂੰ ਉਜਾਗਰ ਕਰਦਾ ਹੈ।

ਇਤਿਹਾਸਕ ਤੌਰ ’ਤੇ, ਅਸ਼ਰਾਫ਼ ਵਰਗ ਰਾਜਨੀਤਿਕ ਅਤੇ ਧਾਰਮਿਕ ਲੀਡਰਸ਼ਿਪ ’ਤੇ ਹਾਵੀ ਰਿਹਾ ਹੈ। ਪਸਮਾਂਦਾ ਭਾਈਚਾਰੇ ਦੇ ਅੰਦਰ ਆਲੋਚਕ ਦਲੀਲ ਦਿੰਦੇ ਹਨ ਕਿ ਇਹ ਲੀਡਰਸ਼ਿਪ ਅਕਸਰ ਮੁਸਲਿਮ ਜਨਤਾ ਨੂੰ ਲਾਮਬੰਦ ਕਰਨ ਲਈ ਭਾਵਨਾਤਮਕ ਅਤੇ ਧਾਰਮਿਕ ਮੁੱਦਿਆਂ ਦੀ ਵਰਤੋਂ ਕਰਦੀ ਹੈ।

ਸੱਚਾ ਪਿਆਰ, ਭਾਵੇਂ ਧਾਰਮਿਕ ਹੋਵੇ ਜਾਂ ਹੋਰ, ਗਿਆਨ ਤੋਂ ਬਿਨਾਂ ਮੌਜੂਦ ਨਹੀਂ ਹੋ ਸਕਦਾ। ਕਿਸੇ ਵਿਅਕਤੀ ਨੂੰ ਸੱਚਮੁੱਚ ਪਿਆਰ ਕਰਨਾ ਅਸੰਭਵ ਹੈ ਬਿਨਾਂ ਇਹ ਸਮਝੇ ਕਿ ਉਹ ਕੌਣ ਸਨ, ਉਨ੍ਹਾਂ ਦੇ ਆਦਰਸ਼ਾਂ ਅਤੇ ਉਨ੍ਹਾਂ ਸਿਧਾਂਤਾਂ ਨੂੰ ਜਿਨ੍ਹਾਂ ਨੂੰ ਉਹ ਕਾਇਮ ਰੱਖਦੇ ਸਨ। ਇਸ ਲਈ, ਪੈਗੰਬਰ ਨੂੰ ਪਿਆਰ ਕਰਨ ਦਾ ਪਹਿਲਾ ਕਦਮ ਉਨ੍ਹਾਂ ਦੇ ਜੀਵਨ (ਸੀਰਤ) ਬਾਰੇ ਜਾਣਨਾ ਹੈ।

ਪੈਗੰਬਰ ਮੁਹੰਮਦ ਲਈ ਆਪਣੇ ਪਿਆਰ ਨੂੰ ਸਾਬਤ ਕਰਨਾ ਇਕ ਜੋਸ਼ ਭਰੇ ਮਾਹੌਲ ਵਿਚ ਬੈਨਰ ਲਹਿਰਾਉਣ ਨਾਲ ਪ੍ਰਾਪਤ ਨਹੀਂ ਹੁੰਦਾ, ਖਾਸ ਕਰਕੇ ਸਿਆਸੀ ਸੁਆਰਥਾਂ ਰਾਹੀਂ ਇਸ ਦੀ ਦੁਰਵਰਤੋਂ ਕੀਤੀ ਜਾ ਸਕਦੀ ਹੋਵੇ ਅਤੇ ਆਪਣੇ ਨੁਕਸਾਨ ਦਾ ਕਾਰਨ ਬਣ ਸਕਦਾ ਹੋਵੇ। ਇਸ ਪਿਆਰ ਦੀ ਅਸਲ ਪ੍ਰੀਖਿਆ ਸਾਡੇ ਚਰਿੱਤਰ ’ਚ ਹੈ।

ਕੀ ਅਸੀਂ ਆਪਣੇ ਕਾਰੋਬਾਰ ਅਤੇ ਨਿੱਜੀ ਜੀਵਨ ’ਚ ਉਨ੍ਹਾਂ ਦੀ ਇਮਾਨਦਾਰੀ ਨੂੰ ਅਪਣਾਉਂਦੇ ਹਾਂ, ਕੀ ਅਸੀਂ ਦੂਜਿਆਂ ਨਾਲ ਆਪਣੀ ਨਿਮਰਤਾ ਦੀ ਪਾਲਣਾ ਕਰਦੇ ਹਾਂ। ਕੀ ਅਸੀਂ ਉਨ੍ਹਾਂ ਲੋਕਾਂ ਪ੍ਰਤੀ ਉਨ੍ਹਾਂ ਦੀ ਦਿਆ ਅਤੇ ਮੁਆਫੀ ਪ੍ਰਦਰਸ਼ਿਤ ਕਰ ਸਕਦੇ ਹਾਂ ਜਿਨ੍ਹਾਂ ਨੇ ਸਾਡੇ ਨਾਲ ਨਿਆਂ ਕੀਤਾ ਹੈ। ਕੀ ਅਸੀਂ ਆਪਣੇ ਭਾਈਚਾਰਿਆਂ ਦੀ ਸੇਵਾ ਕਰ ਰਹੇ ਹਾਂ ਅਤੇ ਗਰੀਬਾਂ ਅਤੇ ਹਾਸ਼ੀਏ ’ਤੇ ਪਏ ਲੋਕਾਂ ਦੀ ਮਦਦ ਕਰ ਰਹੇ ਹਾਂ ਜਿਵੇਂ ਉਨ੍ਹਾਂ ਨੇ ਕੀਤਾ ਸੀ? ਇਹੀ ਅਸਲੀ ਚੁਣੌਤੀ ਹੈ। ਟੀਚਾ ‘ਮੈਂ ਮੁਹੰਮਦ ਨਾਲ ਪ੍ਰੇਮ ਕਰਦਾ ਹਾਂ’ ਦੇ ਨਾਅਰੇ ਨੂੰ ਸੜਕ ’ਤੇ ਲੱਗੇ ਬੈਨਰ ਤੋਂ ਆਪਣੇ ਦਿਲਾਂ ਅਤੇ ਕੰਮਾਂ ’ਚ ਇਕ ਜੀਵੰਤ ਅਸਲੀਅਤ ’ਚ ਬਦਲਣਾ ਚਾਹੀਦਾ ਹੈ।

-ਡਾ. ਉਜ਼ਮਾ ਖਾਤੂਨ

(ਸਾਬਕਾ ਫੈਕਲਟੀ ਮੈਂਬਰ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ)


author

Anmol Tagra

Content Editor

Related News