ਜੇਲਾਂ ਤੋਂ ਫਰਾਰ ਹੁੰਦੇ ਕੈਦੀ ਸੁਰੱਖਿਆ ’ਚ ਖਾਮੀ ਜਾਂ ਮਿਲੀਭੁਗਤ!
Friday, Oct 03, 2025 - 03:53 AM (IST)

ਘੋਰ ਅਵਿਵਸਥਾ ਦੀਆਂ ਸ਼ਿਕਾਰ ਭਾਰਤੀ ਜੇਲਾਂ ਦੇ ਅੰਦਰ ਹਰ ਤਰ੍ਹਾਂ ਦੇ ਅਪਰਾਧਾਂ ’ਚ ਬੰਦ ਕੈਦੀਆਂ ਵਲੋਂ ਅਧਿਕਾਰੀਆਂ ਦੀਆਂ ਅੱਖਾਂ ’ਚ ਘੱਟਾ ਪਾ ਕੇ ਜਾਂ ਉਨ੍ਹਾਂ ਦੀ ਮਿਲੀਭੁਗਤ ਨਾਲ ਦੌੜ ਜਾਣ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ, ਜੋ ਪਿਛਲੇ ਤਿੰਨ ਮਹੀਨਿਆਂ ’ਚ ਸਾਹਮਣੇ ਆਈਆਂ ਹੇਠ ਲਿਖੀਆਂ ਖਬਰਾਂ ਤੋਂ ਸਪੱਸ਼ਟ ਹੈ :
* 26 ਮਈ, 2025 ਨੂੰ ‘ਜੈਪੁਰ’ (ਰਾਜਸਥਾਨ) ਦੀ ਸੈਂਟਰ ਜੇਲ ਤੋਂ 4 ਕੈਦੀਆਂ ‘ਰਫੀਕ’ ਉਰਫ ’ਬੱਕਰੀ’ (ਹੱਤਿਆ), ‘ਭੰਵਰ ਲਾਲ ਯਾਦਵ’ (ਜਬਰ-ਜ਼ਨਾਹ), ‘ਅੰਕਿਤ ਬੰਸਲ’ ਅਤੇ ‘ਕਰਣ ਗੁਪਤਾ’ (ਧੋਖਾਦੇਹੀ) ਨੂੰ ਫਰਾਰ ਹੋਣ ’ਚ ਸਹਾਇਤਾ ਕਰਨ ਦੇ ਦੋਸ਼ ’ਚ 5 ਪੁਲਸ ਮੁਲਾਜ਼ਮਾਂ ਸਮੇਤ 13 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਚਾਰੇ ਕੈਦੀ ਜੇਲ ਦੇ ਇਲਾਜ ਅਧਿਕਾਰੀ, ਸੇਵਾਦਾਰ ਅਤੇ ਗਾਰਡ ਦੀ ਸਹਾਇਤਾ ਨਾਲ ਦੌੜੇ ਸਨ।
ਚਾਰੇ ਕੈਦੀਆਂ ਨੇ ਜੇਲ ਦੇ ਇਲਾਜ ਅਧਿਕਾਰੀ ਅਤੇ ਸੇਵਾਦਾਰ ਦੀ ਮਦਦ ਨਾਲ ਬੀਮਾਰੀ ਦਾ ਬਹਾਨਾ ਬਣਾ ਕੇ ‘ਐੱਸ. ਐੱਮ. ਐੱਸ. ਹਸਪਤਾਲ’ ਰੈਫਰ ਹੋਣ ਦੀ ਪਰਚੀ ਹਾਸਲ ਕੀਤੀ। ਯੋਜਨਾ ਅਨੁਸਾਰ ਗਾਰਡਾਂ ਨੇ ਉਨ੍ਹਾਂ ਨੂੰ ਹਸਪਤਾਲ ਲੈ ਜਾਣ ਦੀ ਬਜਾਏ ਸ਼ਹਿਰ ਦੇ ਵੱਖ-ਵੱਖ ਹੋਟਲਾਂ ’ਚ ਪਹੁੰਚਾ ਦਿੱਤਾ।
ਉੱਥੇ ਕੋਈ ਆਪਣੀ ਗਰਲਫ੍ਰੈਂਡ ਨਾਲ ਮਸਤੀ ਕਰਨ ਲੱਗਾ ਤਾਂ ਕਿਸੇ ਨੂੰ ਉਸ ਦੀ ਪਤਨੀ ਪਾਬੰਦੀ ਲੱਗਾ ਸਾਮਾਨ ਅਤੇ ਨਕਦ ਰਾਸ਼ੀ ਦੇਣ ਆਈ ਸੀ। ਇਕ ਕੈਦੀ ਦੀ ਪਤਨੀ ਮੋਬਾਈਲ ਲੈ ਕੇ ਪਹੁੰਚੀ ਤਾਂ ਕਿ ਉਸ ਦਾ ਪਤੀ ਜੇਲ ਤੋਂ ਹੀ ਲੋਕਾਂ ਨੂੰ ਧਮਕੀਆਂ ਦੇ ਕੇ ਨਾਜਾਇਜ਼ ਵਸੂਲੀ ਕਰ ਸਕੇ।
* 27 ਮਈ, 2025 ਨੂੰ ‘ਚੰਬਾ’ (ਹਿਮਾਚਲ ਪ੍ਰਦੇਸ਼) ਦੇ ‘ਰਾਜਪੁਰਾ’ ਸਥਿਤ ਜ਼ਿਲਾ ਜੇਲ ’ਚ ਆਪਣੀ ਨਾਬਾਲਿਗ ਭਤੀਜੀ ਨੂੰ ਭਜਾ ਲਿਜਾਣ ਦੇ ਦੋਸ਼ ’ਚ ਕੈਦ ਕੱਟ ਰਿਹਾ ਕੈਦੀ ‘ਇਬਰਾਹਿਮ’ ਜੇਲ ਦੇ ਸੰਤਰੀ ਨੂੰ ਝਕਾਨੀ ਦੇ ਕੇ ਦੌੜ ਗਿਆ।
* 2 ਅਗਸਤ ਨੂੰ ‘ਕੋਰਬਾ’ (ਛੱਤੀਸਗੜ੍ਹ) ਜੇਲ ’ਚ ਜਬਰ-ਜ਼ਨਾਹ ਦੇ ਦੋਸ਼ ’ਚ ਸਜ਼ਾ ਕੱਟ ਰਹੇ ‘ਸਨਾ ਸਿੰਘ’, ‘ਰਾਜਾ ਕੰਵਰ, ‘ਦਸ਼ਰਥ’ ਅਤੇ ‘ਚੰਦਰਸ਼ੇਖਰ ਕੁਮਾਰ’ ਨਾਂ ਦੇ 4 ਕੈਦੀ ਜੇਲ ਦੀ 25 ਫੁੱਟ ਕੰਧ ਟੱਪ ਕੇ ਦੌੜ ਗਏ। ਦੱਸਿਆ ਜਾਂਦਾ ਹੈ ਕਿ ਜੇਲ ’ਚ 15 ਮਿੰਟ ਲਈ ਬਿਜਲੀ ਚਲੀ ਗਈ ਸੀ, ਜਿਸ ਦਾ ਇਨ੍ਹਾਂ ਕੈਦੀਆਂ ਨੇ ਲਾਭ ਉਠਾਇਆ।
* 9 ਅਗਸਤ ਨੂੰ ‘ਕਾਨਪੁਰ’ (ਉੱਤਰ ਪ੍ਰਦੇਸ਼) ਦੀ ਹਾਈ ਸਕਿਓਰਿਟੀ ਜੇਲ ’ਚ ਹੱਤਿਆ ਦੇ ਦੋਸ਼ ’ਚ ਬੰਦ ‘ਅਸੀਰੂਦੀਨ’ ਨਾਂ ਦਾ ਕੈਦੀ ਭੇਤਭਰੇ ਢੰਗ ਨਾਲ ਗਾਇਬ ਹੋ ਗਿਆ। ਜੇਲ ’ਚ ਦਰਜਨਾਂ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਣ ਦੇ ਬਾਵਜੂਦ ਪਤਾ ਨਹੀਂ ਲੱਗ ਸਕਿਆ ਕਿ ਉਸ ਨੂੰ ਜ਼ਮੀਨ ਖਾ ਗਈ ਜਾਂ ਆਸਮਾਨ ਨਿਗਲ ਗਿਆ।
* 28 ਅਗਸਤ ਨੂੰ ‘ਅੰਬਾਲਾ’ (ਹਰਿਆਣਾ) ਸੈਂਟਰਲ ਜੇਲ ਤੋਂ ਬਾਲ ਸੁਰੱਖਿਆ ਕਾਨੂੰਨ (ਪੋਕਸੋ) ਅਧੀਨ ਗੰਭੀਰ ਧਾਰਾਵਾਂ ’ਚ ਬੰਦ ‘ਅਜੇ ਕੁਮਾਰ’ ਨਾਂ ਦਾ ਇਕ ਵਿਚਾਰ ਅਧੀਨ ਕੈਦੀ ਜੇਲ ’ਚੋਂ ਫਰਾਰ ਹੋ ਗਿਆ। ਜੇਲ ਦੇ ਸੁਪਰਿੰਟੈਂਡੈਂਟ ਅਨੁਸਾਰ ਘਟਨਾ ਵਾਲੇ ਦਿਨ ਸਵੇਰੇ ਤੋਂ ਹੀ ਜੇਲ ਕੰਪਲੈਕਸ ’ਚ ਵਾਰ-ਵਾਰ ਬਿਜਲੀ ਗੁੱਲ ਹੋ ਰਹੀ ਸੀ ਅਤੇ ‘ਅਜੈ ਕੁਮਾਰ’ ਨੇ ਇਸੇ ਦਾ ਲਾਭ ਉਠਾਇਆ।
* ਅਤੇ ਹੁਣ 26 ਸਤੰਬਰ ਨੂੰ ਪੰਜਾਬ ਦੀ ‘ਬਠਿੰਡਾ ਸੈਂਟਰਲ ਜੇਲ’ ’ਚ ਚੋਰੀ ਦੇ ਦੋਸ਼ ’ਚ ਬੰਦ ‘ਤਿਲਕ ਰਾਜ’ ਨਾਂ ਦਾ ਹਵਾਲਾਤੀ ਫਰਾਰ ਹੋ ਗਿਆ।
ਇਨ੍ਹਾਂ ਤੋਂ ਇਲਾਵਾ ਵੀ ਪਤਾ ਨਹੀਂ ਅਜਿਹੀਆਂ ਕਿੰਨੀਆਂ ਘਟਨਾਵਾਂ ਹੋਈਆਂ ਹੋਣਗੀਆਂ ਜੋ ਪ੍ਰਕਾਸ਼ ’ਚ ਨਹੀ ਆਈਆਂ। ਹਾਲਾਂਕਿ ਅਜਿਹੀ ਹਰੇਕ ਘਟਨਾ ਤੋਂ ਬਾਅਦ ਪ੍ਰਸ਼ਾਸਨ ਵਲੋਂ ਸੁਰੱਖਿਆ ਪ੍ਰਬੰਧ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਉਨ੍ਹਾਂ ਕਥਿਤ ਦਾਅਵਿਆਂ ਦਾ ਕੋਈ ਅਸਰ ਦਿਖਾਈ ਨਹੀਂ ਦਿੰਦਾ।
ਜੇਲਾਂ ’ਚ ਕੈਦੀਆਂ ਤੱਕ ਮੋਬਾਈਲ ਫੋਨ, ਨਸ਼ਾ ਅਤੇ ਨਕਦ ਰੁਪਏ ਤੱਕ ਪਹੁੰਚ ਰਹੇ ਹਨ ਜਿਸ ਨਾਲ ਉਹ ਜੇਲਾਂ ਦੇ ਅੰਦਰ ਤਰ੍ਹਾਂ-ਤਰ੍ਹਾਂ ਦੀਆਂ ਸਹੂਲਤਾਂ ਪ੍ਰਾਪਤ ਕਰ ਸਕਦੇ ਹਨ। ਜੇਲਾਂ ’ਚ ਬੈਠੇ ਕੁਝ ਕੈਦੀ ਤਾਂ ਜੇਲਾਂ ਤੋਂ ਬਾਹਰ ਆਪਣਾ ਧੰਦਾ ਤੱਕ ਚਲਾ ਰਹੇ ਹਨ ਅਤੇ ਜੇਲ ਦੇ ਬਾਹਰ ਨਸ਼ਿਆਂ ਦੀ ਸਪਲਾਈ ਅਤੇ ਹੱਤਿਆਵਾਂ ਤੱਕ ਕਰਵਾ ਰਹੇ ਹਨ। ਇੱਥੋਂ ਤੱਕ ਕਿ ਜੇਲਾਂ ’ਚ ਬੰਦ ਗੈਂਗਸਟਰਾਂ ਦੀਆਂ ਇੰਟਰਵਿਊਜ਼ ਤੱਕ ਹੋ ਜਾਂਦੀਆਂ ਹਨ ਜਿਵੇਂ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਇਕ ਨਿੱਜੀ ਚੈਨਲ ਨੇ ਕਰ ਲਈ।
ਸਪੱਸ਼ਟ ਤੌਰ ’ਤੇ ਇਹ ਸਭ ਜੇਲਾਂ ’ਚ ਕੈਦੀਆਂ ਦੀ ਸੁਰੱਖਿਆ ’ਚ ਤਾਇਨਾਤ ਕਰਮਚਾਰੀਆਂ ਦੀ ਅਣਗਹਿਲੀ ਅਤੇ ਲਾਪਰਵਾਹੀ ਦਾ ਹੀ ਪ੍ਰਮਾਣ ਹੈ ਜੋ ਅਨੇਕ ਸਵਾਲ ਖੜ੍ਹੇ ਕਰਦਾ ਹੈ, ਜਿਨ੍ਹਾਂ ਦਾ ਉੱਤਰ ਲੱਭ ਕੇ ਉਨ੍ਹਾਂ ਕਮਜ਼ੋਰੀਆਂ ਨੂੰ ਦੂਰ ਕਰਨ ਅਤੇ ਇਸ ਦੇ ਨਾਲ ਹੀ ਅਜਿਹੇ ਮਾਮਲਿਆਂ ’ਚ ਸ਼ਾਮਲ ਜੇਲ ਸਟਾਫ ਅਤੇ ਅਧਿਕਾਰੀਆਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਲੋੜ ਹੈ ਤਾਂ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ’ਤੇ ਰੋਕ ਲੱਗ ਸਕੇ।
–ਵਿਜੇ ਕੁਮਾਰ