'ਖੁੱਲ੍ਹੀ ਮੰਡੀ' ਨੇ ਪਹਿਲਾਂ ਹੀ ਖੇਤੀ ਸਹਾਇਕ ਧੰਦਿਆਂ ਨੂੰ ਲ਼ਾ ਰੱਖਿਆ ਹੈ ਖੂੰਝੇ
Sunday, Jun 14, 2020 - 09:44 AM (IST)
ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਕੇਂਦਰ ਸਰਕਾਰ ਦੁਆਰਾ ਖੇਤੀਬਾੜੀ ਸਬੰਧੀ ਜਾਰੀ ਕੀਤੇ ਆਰਡੀਨੈਂਸਾਂ ਅਨੁਸਾਰ ਖੇਤੀਬਾੜੀ ਉਪਜ ਕਣਕ, ਝੋਨਾ ਆਦਿ ਖੁੱਲ੍ਹੀ ਮੰਡੀ ਵਿੱਚ ਰਾਜੀ ਜਾਂ ਅੰਤਰਰਾਜੀ ਵੇਚੀਆਂ ਖਰੀਦੀਆਂ ਜਾ ਸਕਦੀਆਂ ਹਨ, ਜਿਨ੍ਹਾਂ ਦੀ ਪਹਿਲਾਂ ਸਰਕਾਰੀ ਖ਼ਰੀਦ ਘਰੇਲੂ ਮੰਡੀਆਂ ਵਿੱਚ ਹੁੰਦੀ ਸੀ। ਪਰ ਖੇਤੀਬਾੜੀ ਸਹਾਇਕ ਧੰਦੇ ਜਿਵੇਂ ਕਿ ਮੱਖੀ ਪਾਲਣ, ਸੂਰ ਪਾਲਣ ਅਤੇ ਮੱਛੀ ਪਾਲਣ ਵਰਗੇ ਧੰਦੇ ਪਹਿਲਾਂ ਹੀ ਇੱਕ ਤਰੀਕੇ ਨਾਲ ਖੁੱਲ੍ਹੀ ਮੰਡੀ ਵਿੱਚ ਆਪਣਾ ਉਤਪਾਦ ਵੇਚ ਰਹੇ ਹਨ। ਮੁਕਾਬਲੇਬਾਜ਼ੀ ਕਰਕੇ ਇਨ੍ਹਾਂ ਕਿਸਾਨਾਂ ਨੂੰ ਆਪਣਾ ਉਤਪਾਦ ਦੂਜੇ ਰਾਜਾਂ ਵਿੱਚ ਤਾਂ ਛੱਡੋ ਪੰਜਾਬ ਵਿੱਚ ਵੀ ਵੇਚਣਾ ਮੁਸ਼ਕਲ ਹੈ ।
ਮੱਖੀ ਪਾਲਣ
ਇਸ ਸਬੰਧੀ ਜਗਬਾਣੀ ਨਾਲ ਗੱਲ ਕਰਦਿਆਂ ਪ੍ਰੋਗਰੈਸਿਵ ਬੀਕੀਪਰਜ਼ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਨਰਪਿੰਦਰ ਸਿੰਘ ਨੇ ਕਿਹਾ ਕਿ ਖੁੱਲ੍ਹੀ ਮੰਡੀ ਹੋਣ ਨਾਲ ਸ਼ਹਿਦ ਦੀ ਵਿਕਰੀ ਤੇ ਕੋਈ ਖਾਸ ਪ੍ਰਭਾਵ ਨਹੀਂ ਪੈਣਾ, ਕਿਉਂਕਿ ਇਸ ਵਿੱਚ ਪਹਿਲਾਂ ਤੋਂ ਹੀ ਵੱਡੇ ਵਪਾਰੀ ਹਨ ਜੋ ਆਪਣੇ ਮੁਨਾਫ਼ੇ ਨੂੰ ਹੀ ਤਰਜੀਹ ਦਿੰਦੇ ਹਨ। ਕੋਈ ਵੀ ਇਕੱਲਾ ਕਿਸਾਨ ਘੱਟ ਮਾਤਰਾ ਹੋਣ ਕਰਕੇ ਆਪਣੇ ਉਤਪਾਦ ਨੂੰ ਦੂਸਰੇ ਰਾਜ ਜਾਂ ਕਿਸੇ ਵੱਡੀ ਕੰਪਨੀ ਨੂੰ ਸਿੱਧੇ ਤੌਰ ’ਤੇ ਨਹੀਂ ਵੇਚ ਸਕਦਾ। ਹੁਣ ਵੀ ਗੁਜਰਾਤ ਦੇ ਕੁਝ ਵਪਾਰੀ ਜੋ ਮੱਖੀ ਪਾਲਣ ਵਿੱਚ ਦਰਜ ਜ਼ਰੂਰ ਹਨ ਪਰ ਉਹ ਖੁਦ ਮੱਖੀ ਨਾ ਭਾਲ ਕੇ ਦੂਜੇ ਰਾਜਾਂ ਤੋਂ ਸਸਤੇ ਭਾਅ ਖਰੀਦ ਕੇ ਖਪਤਕਾਰਾਂ ਨੂੰ ਮਹਿੰਗਾ ਵੇਚ ਰਹੇ ਹਨ। ਵੱਡੇ ਵਪਾਰੀਆਂ ਦਾ ਰਾਹ ਪਹਿਲਾਂ ਵੀ ਖੁੱਲ੍ਹਾ ਸੀ ਅਤੇ ਹੁਣ ਕਾਨੂੰਨੀ ਤੌਰ ’ਤੇ ਹੋ ਜਾਣਾ ਹੈ ।
ਸੂਰ ਪਾਲਣ
ਪ੍ਰੋਗਰੈਸਿਵ ਪਿਗਰੀ ਫਾਰਮਸ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਕਿਹਾ ਕਿ ਸੂਰ ਪਹਿਲਾਂ ਹੀ ਖੁੱਲ੍ਹੀ ਮੰਡੀ ਵਿੱਚ ਵਿਕ ਰਿਹਾ ਹੈ ਤਾਂਹੀ ਬਹੁਤ ਮੁਸ਼ਕਲਾਂ ਆ ਰਹੀਆਂ ਹਨ। ਸਾਰੇ ਵਪਾਰੀ ਆਪਣੇ ਹਿਸਾਬ ਨਾਲ ਮੁੱਲ ਰੱਖਦੇ ਹਨ। ਅੱਜ ਕੱਲ੍ਹ ਇਨ੍ਹਾਂ ਮੰਦਾ ਚੱਲ ਰਿਹਾ ਹੈ ਕਿ ਕਮਾਈ ਲਾਗਤ ਨਾਲੋਂ ਵੀ ਘੱਟ ਹੈ। ਖੁੱਲ੍ਹੀ ਮੰਡੀ ਹੋਣ ਕਰਕੇ ਵਪਾਰੀਆਂ ਨੂੰ ਆਵਾਰਾ ਸੂਰ ਬਹੁਤ ਸਸਤੇ ਰੇਟਾਂ ’ਤੇ ਮਿਲ ਜਾਂਦੇ ਹਨ ਜਿਵੇਂ ਗੁਜਰਾਤ, ਰਾਜਸਥਾਨ ਦੇ ਅਵਾਰਾ ਸੂਰ ਜਿਨ੍ਹਾਂ ’ਤੇ ਕੋਈ ਖਰਚਾ ਨਹੀਂ ਹੁੰਦਾ, ਕਿਸੇ ਵੀ ਮੰਡੀ ਵਿੱਚ ਪੰਜਾਬ ਦੇ ਸੂਰਾਂ ਦੇ ਬਦਲੇ ਬਹੁਤ ਸਸਤੇ ਵਿਕਦੇ ਹਨ । ਇੱਥੋਂ ਤੱਕ ਕਿ ਲੁਧਿਆਣਾ, ਪਟਿਆਲਾ, ਜਲੰਧਰ ਅਤੇ ਪੰਜਾਬ ਦੇ ਕਈ ਹੋਰ ਜ਼ਿਲ੍ਹਿਆਂ ਵਿੱਚ ਵੀ ਸੂਰ ਬਾਹਰਲੇ ਸੂਬਿਆਂ ਤੋਂ ਆਉਂਦਾ ਹੈ। ਜੇਕਰ ਇਸ ਤਰਾਂ ਨਾ ਹੋਵੇ ਤਾਂ ਪੰਜਾਬ ਦੇ ਸੂਰ ਪਾਲਕਾਂ ਦਾ ਸਿਰਫ ਲੁਧਿਆਣਾ ਵਰਗੀ ਵੱਡੀ ਮੰਡੀ ਹੀ ਘਰ ਪੂਰਾ ਕਰ ਦੇਵੇਗੀ ।
ਮੱਛੀ ਪਾਲਣ
ਗਲੋਬਲ ਫਿਸ਼ ਫਾਰਮਿੰਗ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰਧਾਨ ਰਾਜਵਿੰਦਰ ਪਾਲ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਉਨ੍ਹਾਂ ਨੂੰ ਮੱਛੀ ਦੀ ਉਤਪਾਦਨ ਲਾਗਤ 100 ਰੁਪਏ ਪ੍ਰਤੀ ਕਿੱਲੋ ਦੇ ਲਗਭਗ ਪੈਂਦੀ ਹੈ। ਇਸ ਲਾਗਤ ਵਿੱਚ ਮਹਿੰਗੀ ਫੀਡ ਦੇ ਨਾਲ ਨਾਲ ਨਿੱਤ ਵਧ ਰਹੀਆਂ ਬਿਜਲੀ ਅਤੇ ਡੀਜ਼ਲ ਦੀਆਂ ਕੀਮਤਾਂ ਵੀ ਆਉਂਦੀਆਂ ਹਨ। ਖੁੱਲ੍ਹੀ ਮੰਡੀ ਵਿੱਚ ਵਿਕਰੀ 120 ਰੁਪਏ ਪ੍ਰਤੀ ਕਿੱਲੋ ਦੇ ਲਗਪਗ ਹੁੰਦੀ ਹੈ ਪਰ ਮੱਧ ਪ੍ਰਦੇਸ਼ ਤੋਂ ਭਾਰਤ ਦੇ ਦੱਖਣੀ ਰਾਜ ਕੁਦਰਤੀ ਸਰੋਤਾਂ ਵਿੱਚੋਂ ਮੱਛੀ ਕੱਢ ਰਹੇ ਹਨ, ਜਿਨ੍ਹਾਂ ਨੂੰ ਉਤਪਾਦਨ ਲਾਗਤ ਸਿਰਫ ਸਰਕਾਰ ਨੂੰ ਦੇਣ ਵਾਲਾ ਠੇਕਾ ਹੀ ਆਉਂਦਾ ਹੈ। ਇਹ ਸਸਤੇ ਰੇਟਾਂ ਤੇ ਦਿੱਲੀ ਤੱਕ ਵੇਚਦੇ ਹਨ ਅਤੇ ਪੰਜਾਬ ਦੀ ਮੱਛੀ ਨੂੰ ਕੋਈ ਪੁੱਛਦਾ ਵੀ ਨਹੀਂ ਹੈ। ਇੱਥੋਂ ਤੱਕ ਕਿ ਪੰਜਾਬ ਵਿੱਚ ਵੀ ਪੰਜਾਬ ਦੀ ਮੱਛੀ ਦੂਜਿਆਂ ਦੇ ਮੁਕਾਬਲੇ ਮਹਿੰਗੀ ਹੋਣ ਕਰਕੇ ਖਪਤ ਬਹੁਤ ਘੱਟ ਹੈ। ਜੇਕਰ ਅੱਗੇ ਇਸ ਵਿੱਚ ਹੋਰ ਵੱਡੇ ਵਪਾਰੀ ਆਉਂਦੇ ਹਨ ਤਾਂ ਦੱਖਣ ਪੂਰਬੀ ਅਤੇ ਦੱਖਣ ਪੱਛਮੀ ਰਾਜਾਂ ਦੀ ਸਸਤੀ ਮੱਛੀ ਜੰਮੂ ਤੱਕ ਵੀ ਜਾਵੇਗੀ।