ਮੋਹਾਲੀ ''ਚ ਪਤੀ ਨੇ ਬੇਰਹਿਮੀ ਨਾਲ ਕੀਤਾ ਪਤਨੀ ਦਾ ਕਤਲ, 2 ਮਹੀਨੇ ਪਹਿਲਾਂ ਹੋਇਆ ਸੀ ਵਿਆਹ

Wednesday, Nov 12, 2025 - 10:32 AM (IST)

ਮੋਹਾਲੀ ''ਚ ਪਤੀ ਨੇ ਬੇਰਹਿਮੀ ਨਾਲ ਕੀਤਾ ਪਤਨੀ ਦਾ ਕਤਲ, 2 ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਮੋਹਾਲੀ (ਜੱਸੀ) : ਮੋਹਾਲੀ ਦੇ ਪਿੰਡ ਜਗਤਪੁਰਾ ਸਥਿਤ ਅੰਬ ਸਾਹਿਬ ਕਾਲੋਨੀ ’ਚ ਪਤੀ ਵੱਲੋਂ ਆਪਣੀ ਹੀ ਪਤਨੀ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕਾ ਦੀ ਪਛਾਣ 28 ਸਾਲਾ ਰਾਧਿਕਾ ਵਜੋਂ ਹੋਈ ਹੈ, ਜਦੋਂ ਕਿ ਕਤਲ ਕਰਨ ਵਾਲੇ ਦਾ ਨਾਂ ਰਵੀ (32) ਦੱਸਿਆ ਜਾ ਰਿਹਾ ਹੈ। ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਕਰੀਬ 2 ਮਹੀਨੇ ਪਹਿਲਾਂ ਹੀ ਦੋਹਾਂ ਦਾ ਵਿਆਹ ਹੋਇਆ ਸੀ। ਰਾਧਿਕਾ ਪਹਿਲਾਂ ਤੋਂ ਹੀ ਵਿਆਹੁਤਾ ਸੀ ਅਤੇ ਪਹਿਲੇ ਪਤੀ ਨਾਲ ਉਸ ਦਾ ਤਲਾਕ ਹੋ ਗਿਆ ਸੀ। ਇਸ ਮਾਮਲੇ ਸਬੰਧੀ ਥਾਣਾ ਫੇਜ਼-11 ਦੇ ਮੁਖੀ ਇੰਸਪੈਕਟਰ ਪੈਰੀਵਿੰਕਲ ਸਿੰਘ ਗਰੇਵਾਲ ਨੇ ਕਿਹਾ ਕਿ ਦੋਵੇਂ ਮੂਲ ਰੂਪ ਨਾਲ ਬਿਹਾਰ ਦੇ ਰਹਿਣ ਵਾਲੇ ਹਨ।

ਇਹ ਜੋੜਾ ਕਰੀਬ ਢਾਈ ਮਹੀਨੇ ਤੋਂ ਕਿਰਾਏ ਦੇ ਮਕਾਨ ’ਚ ਰਹਿ ਰਿਹਾ ਸੀ। ਰਵੀ ਇਲਾਕੇ ’ਚ ਇਕ ਚੰਗੇ ਰਸੂਖ ਵਾਲੇ ਵਿਅਕਤੀ ਕੋਲ ਡਰਾਈਵਰ ਵਜੋਂ ਕੰਮ ਕਰਦਾ ਹੈ। ਗੁਆਂਢੀਆਂ ਅਨੁਸਾਰ ਰਵੀ ਨੂੰ ਅਕਸਰ ਸ਼ਰਾਬ ਪੀਂਦੇ ਦੇਖਿਆ ਜਾਂਦਾ ਸੀ ਅਤੇ ਸੋਮਵਾਰ ਸ਼ਾਮ ਨੂੰ ਉਹ ਨਸ਼ੇ ਦੀ ਹਾਲਤ ’ਚ ਘਰ ਵਾਪਸ ਆਇਆ ਸੀ। ਕਥਿਤ ਤੌਰ ’ਤੇ ਰਾਧਾ ਤੇ ਰਵੀ ’ਚ ਕਿਸੇ ਮੁੱਦੇ 'ਤੇ ਬਹਿਸ ਹੋ ਗਈ, ਜਿਸ ਦੌਰਾਨ ਰਵੀ ਨੇ ਕਥਿਤ ਤੌਰ ’ਤੇ ਰਾਧਿਕਾ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਸ ਦੇ ਸਿਰ, ਚਿਹਰੇ ਅਤੇ ਗਰਦਨ ’ਤੇ ਗੰਭੀਰ ਸੱਟਾਂ ਲੱਗੀਆਂ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹੈਰਾਨੀ ਦੀ ਗੱਲ ਹੈ ਕਿ ਇਹ ਘਟਨਾ ਸੋਮਵਾਰ ਸ਼ਾਮ ਨੂੰ ਵਾਪਰੀ ਸੀ ਪਰ ਪੁਲਸ ਨੂੰ ਮੰਗਲਵਾਰ ਸ਼ਾਮ ਨੂੰ ਹੀ ਇਸ ਬਾਰੇ ਪਤਾ ਲੱਗਾ।

ਗੁਆਂਢੀਆਂ ਨੇ ਦੱਸਿਆ ਕਿ ਸੋਮਵਾਰ ਸ਼ਾਮ ਨੂੰ ਰਵੀ ਨੂੰ ਘਰ ਦੇ ਬਾਹਰ ਲੋਹੇ ਦੀ ਰਾਡ ਫੜ੍ਹੀ ਹੋਏ ਦੇਖਿਆ ਸੀ ਅਤੇ ਉਸਦੇ ਕੱਪੜਿਆਂ ’ਤੇ ਖੂਨ ਲੱਗਾ ਹੋਇਆ ਸੀ। ਕੁੱਝ ਲੋਕਾਂ ਨੇ ਕਾਲੋਨੀ ਦੇ ਮੁਖੀ ਨੂੰ ਸੂਚਿਤ ਕੀਤਾ, ਜਿਸ ਨੇ ਇਸ ਬਾਰੇ ਪੁਲਸ ਨੂੰ ਸੂਚਨਾ ਦਿੱਤੀ। ਉਸ ਰਾਤ ਪੁਲਸ ਟੀਮ ਘਰ ਗਈ ਸੀ ਪਰ ਜਦੋਂ ਉਨ੍ਹਾਂ ਨੇ ਦਸਤਕ ਦਿੱਤੀ ਤਾਂ ਕੋਈ ਜਵਾਬ ਨਹੀਂ ਮਿਲਿਆ ਅਤੇ ਪੁਲਸ ਵਾਪਸ ਆ ਗਈ। ਗੁਆਂਢੀਆਂ ਅਨੁਸਾਰ ਕਤਲ ਦੇ ਸਮੇਂ ਰਵੀ ਦਾ ਵੱਡਾ ਭਰਾ ਸੋਨੂੰ ਜੋ ਕਿ ਮਾਨਸਿਕ ਤੌਰ ’ਤੇ ਬੀਮਾਰ ਹੈ, ਘਰ ’ਚ ਹੀ ਮੌਜੂਦ ਸੀ, ਜਦੋਂ ਕਿ ਰਵੀ ਦੀ ਮਾਂ ਬਾਹਰ ਗਈ ਹੋਈ ਸੀ ਅਤੇ ਅਗਲੀ ਸਵੇਰ ਘਰ ਵਾਪਸ ਆਈ। ਘਰ ’ਚ ਦਾਖ਼ਲ ਹੋਣ ’ਤੇ ਉਸ ਨੇ ਰਾਧਿਕਾ ਨੂੰ ਬਿਸਤਰੇ 'ਤੇ ਖੂਨ ਨਾਲ ਲਥਪਥ ਦੇਖਿਆ। ਨੇੜਲੇ ਇਕ ਬੰਗਾਲੀ ਡਾਕਟਰ ਨੂੰ ਬੁਲਾਇਆ ਗਿਆ, ਜਿਸ ਨੇ ਪੁਸ਼ਟੀ ਕੀਤੀ ਕਿ ਰਾਧਿਕਾ ਦੀ ਮੌਤ ਹੋ ਚੁੱਕੀ ਹੈ। ਪੁਲਸ ਨੂੰ ਤੁਰੰਤ ਸੂਚਿਤ ਕੀਤਾ ਗਿਆ ਅਤੇ ਥਾਣਾ ਫੇਜ਼ 11 ਵਿਖੇ ਰਵੀ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤਾ ਗਿਆ ਹੈ।


author

Babita

Content Editor

Related News