ਮੁਨਸ਼ੀ ਹੀ ਗਾਇਬ ਕਰ ਗਿਆ ਕਰੋੜਾਂ ਦੀ ਡਰੱਗ ਮਨੀ, ਰਿਟਾਇਰਮੈਂਟ ਤੋਂ 20 ਦਿਨ ਪਹਿਲਾਂ ਖੁੱਲ੍ਹਿਆ ਭੇਦ

Thursday, Nov 13, 2025 - 07:58 PM (IST)

ਮੁਨਸ਼ੀ ਹੀ ਗਾਇਬ ਕਰ ਗਿਆ ਕਰੋੜਾਂ ਦੀ ਡਰੱਗ ਮਨੀ, ਰਿਟਾਇਰਮੈਂਟ ਤੋਂ 20 ਦਿਨ ਪਹਿਲਾਂ ਖੁੱਲ੍ਹਿਆ ਭੇਦ

ਸਿੱਧਵਾਂ ਬੇਟ (ਚਾਹਲ) : ਪੁਲਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਥਾਣਾ ਸਿੱਧਵਾ ਬੇਟ ਦੇ ਮਾਲਖਾਨਾ ਮੁਨਸ਼ੀ ਗੁਰਦਾਸ ਸਿੰਘ ਉਪਰ ਆਪਣੇ ਹੀ ਥਾਣੇ ਵਿਚ ਜਮਾਂ ਕਰੋੜਾਂ ਰੁਪਏ ਦੀ ਡਰੱਗ ਮਨੀ, ਸਰਕਾਰੀ ਫੰਡਾਂ ਤੇ ਹੋਰ ਸਮਾਨ ਨੂੰ ਖੁਰਦ-ਬੁਰਦ ਕਰਨ ਦੇ ਦੋਸ਼ ਲੱਗੇ ਹਨ। ਪੁਲਸ ਨੇ ਮੁਨਸ਼ੀ ਗੁਰਦਾਸ ਸਿੰਘ ਖਿਲਾਫ ਮੁੱਕਦਮਾ ਦਰਜ ਕਰਕੇ ਉਸ ਨੂੰ ਕਾਬੂ ਕਰ ਲਿਆ ਹੈ। ਸ਼ੂਤਰਾਂ ਦੀ ਮੰਨੀਏ ਤਾਂ ਮਾਲਖਾਨੇ 'ਚੋਂ ਭੁੱਕੀ-ਚੂਰਾ ਦੇ ਇਕ ਕੇਸ ਵਿਚ ਬਰਮਾਦ ਕੀਤੀ ਗਈ ਸਵਾ ਕਰੋੜ ਤੋਂ ਵੱਧ ਦੀ ਰਕਮ ਗਾਇਬ ਹੈ ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਮੁਨਸ਼ੀ ਵੱਲੋਂ ਇਹ ਰਾਸ਼ੀ ਜੁਆ ਖੇਡ ਕੇ ਗੁਆ ਦਿੱਤੀ ਹੈ।

ਇਹ ਮਾਮਲਾ ਮੁਨਸ਼ੀ ਗੁਰਦਾਸ ਸਿੰਘ ਦੀ ਰਿਟਾਇਰਮੈਂਟ ਤੋਂ ਸਿਰਫ਼ 20 ਦਿਨ ਪਹਿਲਾਂ ਉਸ ਸਮੇਂ ਸਾਹਮਣੇ ਆਇਆ ਜਦੋਂ ਭੁੱਕੀ-ਚੂਰਾ ਦੇ ਇਸ ਕੇਸ ਵਿਚ 11 ਨਵੰਬਰ ਨੂੰ ਲੁਧਿਆਣਾ ਅਦਾਲਤ 'ਚ ਤਰੀਕ ਸੀ, ਮੁਲਜ਼ਮ ਨੇ ਅਦਾਲਤ 'ਚ ਮਾਮਲੇ ਨਾਲ ਸਬੰਧਿਤ ਰਿਕਾਰਡ ਪੇਸ਼ ਨਹੀਂ ਕੀਤਾ। ਸ਼ੱਕ ਪੈਣ 'ਤੇ ਪੁਲਸ ਨੇ ਜਦੋਂ ਮਾਲ ਮੁਨਸ਼ੀ ਗੁਰਦਾਸ ਸਿੰਘ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਇਸ ਮਾਮਲੇ ਵਿਚ ਜ਼ਿਲ੍ਹਾ ਪੁਲਸ ਮੁਖੀ ਡਾ. ਅੰਕੁਰ ਗੁਪਤਾ ਦੇ ਹੁਕਮਾਂ 'ਤੇ ਐੱਸ.ਪੀ. ਰੈਂਕ ਦੇ ਅਧਿਕਾਰੀ ਦੀ ਅਗਵਾਈ ਹੇਠ ਤਿੰਨ ਮੈਂਬਰੀ ਜਾਂਚ ਕਮੇਟੀ ਬਣਾਈ ਗਈ ਜੋ ਮਾਲਖਾਨੇ ਦੇ ਸਾਰੇ ਕੇਸਾਂ ਦਾ ਰਿਕਾਰਡ, ਜ਼ਬਤ ਕੀਤੇ ਗਏ ਸਮਾਨ ਤੇ ਜਮ੍ਹਾਂ ਰਾਸ਼ੀ ਦੀ ਜਾਂਚ ਕਰਕੇ ਪਤਾ ਲਗਾਏਗੀ ਕਿ ਮੁਨਸ਼ੀ ਵਲੋਂ ਸਰਕਾਰੀ ਅਮਾਨਤ ਕਿਸ ਪੱਧਰ ਤੱਕ ਹੇਰਾਫੇਰੀ ਕੀਤੀ ਗਈ ਹੈ।

ਜਾਣਕਾਰੀ ਅਨੁਸਾਰ 2023 ਵਿਚ ਸੀ.ਆਈ.ਏ. ਸਟਾਫ ਨੇ ਇਕ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਜੋ ਪੁਲਸ ਵਰਦੀਆਂ ਪਾ ਕੇ ਸਰਹੱਦ ਪਾਰ ਤੋਂ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰਦੇ ਸਨ ਤੇ ਢੋਆ-ਢੁਆਈ ਲਈ ਵਾਹਨਾਂ ਦੀਆਂ ਨੰਬਰ ਪਲੇਟਾਂ ਬਦਲਦੇ ਸਨ। ਪੁਲਸ ਨੇ ਇਸ ਗਿਰੋਹ ਵਿਰੁੱਧ ਥਾਣਾ ਸਿੱਧਵਾਂ ਬੇਟ ਵਿਖੇ ਮੁੱਕਦਮਾ ਦਰਜ ਹਰਜਿੰਦਰ ਸਿੰਘ ਉਰਫ਼ ਹਿੰਦੀ, ਵਾਸੀ ਰਾਏਪੁਰ ਅਰਾਈਆਂ (ਜਲੰਧਰ), ਅਵਤਾਰ ਸਿੰਘ ਉਰਫ਼ ਤਾਰੀ, ਵਾਸੀ ਪਿੰਡ ਢੁੱਡੀਕੇ (ਮੋਗਾ) ਤੇ ਕਮਲਪ੍ਰੀਤ ਸਿੰਘ, ਵਾਸੀ ਰੂਪਾ ਪੱਤੀ ਰੋਡੇ (ਮੋਗਾ) ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 270 ਬੋਰੀਆਂ ਭੁੱਕੀ ਚੂਰਾ, 5 ਪੁਲਸ ਵਰਦੀਆਂ, 2 ਪਿਸਤੌਲ, ਕਾਰਤੂਸ, 14 ਲਾਇਸੈਂਸ ਪਲੇਟਾਂ ਅਤੇ 1.25 ਕਰੋੜ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਸੀ। ਇਹ ਸਾਰੀ ਰਕਮ ਜ਼ਬਤ ਕਰਕੇ ਸਿੱਧਵਾ ਬੇਟ ਥਾਣੇ ਦੇ ਮਾਲਖਾਨਾ ਵਿਚ ਸੀਲਬੰਦ ਕਰਕੇ ਰੱਖੀ ਗਈ ਸੀ। 

ਪੁਲਸ ਨੂੰ ਮੁਢਲੀ ਜਾਂਚ ਤੋਂ ਪਤਾ ਲੱਗਾ ਕਿ ਮੁਨਸ਼ੀ ਗੁਰਦਾਸ ਸਿੰਘ ਅਦਾਲਤ ਵਲੋਂ ਡੱਬੇ 'ਚ ਸੀਲਬੰਦ ਕਰਕੇ ਰੱਖੇ ਪੈਸਿਆਂ ਨੂੰ ਚਲਾਕੀ ਨਾਲ ਸੀਲ ਪਿਘਲਾ ਕੇ ਕੱਢ ਲੈਂਦਾ ਸੀ ਤੇ ਬਾਅਦ 'ਚ ਇਸ ਨੂੰ ਵਾਪਸ ਸੀਲਬੰਦ ਕਰ ਦਿੰਦਾ ਸੀ। ਇਹ ਸਿਲਸਿਲਾਂ ਕਈ ਮਹੀਨਿਆਂ ਤੱਕ ਚਲਦਾ ਰਿਹਾ ਅਤੇ ਦੋਸ਼ੀ ਹੌਲੀ-ਹੌਲੀ ਖਜ਼ਾਨੇ ਵਿੱਚੋਂ ਪੈਸੇ ਗਾਇਬ ਕਰਦਾ ਗਿਆ। ਪੁਲਸ ਵਲੋਂ ਕਥਿਤ ਮੁਲਜ਼ਮ ਖਿਲਾਫ ਥਾਣਾ ਸਿੱਧਵਾਂ ਬੇਟ ਵਿਖੇ ਸਰਕਾਰੀ ਅਮਾਨਤ 'ਚ ਖਿਆਨਤ ਕਰਨ ਦੇ ਦੋਸ਼ ਮਾਮਲਾ ਦਰਜ ਕਰਕੇ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ, ਅਦਾਲਤ ਨੇ ਕਥਿਤ ਦੋਸ਼ੀ ਦਾ 4 ਦਿਨ ਪੁਲਸ ਰਿਮਾਂਡ ਦਿੱਤਾ ਹੈ, ਪੁਲਸ ਨੂੰ ਜਾਂਚ ਦੌਰਾਨ ਇਸ ਮਾਮਲੇ ਵਿਚ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।


author

Baljit Singh

Content Editor

Related News