ਸਰਦੀਆਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਤੀਜੀ ਵਾਰ ਚੰਡੀਗੜ੍ਹ ਦੀਆਂ ਰਾਤਾਂ ਸ਼ਿਮਲਾ ਨਾਲੋਂ ਠੰਡੀਆਂ
Monday, Nov 17, 2025 - 01:52 PM (IST)
ਚੰਡੀਗੜ੍ਹ (ਰੋਹਾਲ) : ਸਰਦੀਆਂ ਅਜੇ ਸ਼ੁਰੂ ਹੀ ਹੋਈਆਂ ਹਨ ਅਤੇ ਚੰਡੀਗੜ੍ਹ ਦੀਆਂ ਰਾਤਾਂ ਪਹਿਲਾਂ ਹੀ ਤੀਜੀ ਵਾਰ ਪਹਾੜਾਂ ਨਾਲੋਂ ਠੰਡੀਆਂ ਹੋ ਗਈਆਂ ਹਨ। ਟ੍ਰਾਈਸਿਟੀ ਦਾ ਦਿਨ ਦਾ ਤਾਪਮਾਨ ਵੀ ਡਿੱਗ ਕੇ 25 ਡਿਗਰੀ ਤੋਂ ਹੇਠਾ ਆ ਗਿਆ ਹੈ। ਐਤਵਾਰ ਨੂੰ ਪੰਚਕੂਲਾ ’ਚ ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਸੀ, ਜਦੋਂ ਕਿ ਚੰਡੀਗੜ੍ਹ ’ਚ ਇਹ 26.4 ਸੀ। ਆਮ ਤੌਰ ’ਤੇ ਦਸੰਬਰ ਦੇ ਅਖ਼ੀਰ ਤੇ ਜਨਵਰੀ ’ਚ ਜਦੋਂ ਧੁੰਦ ਪੈਂਦੀ ਹੈ ਤਾਂ ਚੰਡੀਗੜ੍ਹ ਦੀਆਂ ਰਾਤਾਂ ਤੇ ਕਈ ਵਾਰ ਦਿਨ ਵੀ ਪਹਾੜਾਂ ਨਾਲੋਂ ਠੰਡੇ ਹੁੰਦੇ ਹਨ।
ਦੂਜੇ ਪਾਸੇ ਤੇਜ਼ ਧੁੱਪ ਕਾਰਨ ਪਹਾੜਾਂ ਦਾ ਤਾਪਮਾਨ ਵੱਧ ਹੁੰਦਾ ਹੈ ਪਰ ਇਸ ਨਵੰਬਰ ਚ ਚੰਡੀਗੜ੍ਹ ਤੇ ਪੰਚਕੂਲਾ ’ਚ ਸ਼ਿਮਲਾ ਨਾਲੋਂ ਘੱਟ ਤਾਪਮਾਨ ਦਾ ਅਨੁਭਵ ਕੀਤਾ ਗਿਆ ਹੈ। ਪਹਾੜਾਂ ਦੇ ਨੇੜੇ ਹੋਣ ਕਰਕੇ ਉੱਤਰ ਤੋਂ ਆਉਣ ਵਾਲੀਆਂ ਠੰਡੀਆਂ ਹਵਾਵਾਂ ਦੇ ਪ੍ਰਭਾਵ ਨੇ ਰਾਤਾਂ ਨੂੰ ਸ਼ਿਮਲਾ ਨਾਲੋਂ ਠੰਡਾ ਕਰ ਦਿੱਤਾ ਹੈ। ਹਾਲਾਂਕਿ 20 ਨਵੰਬਰ ਦੇ ਆਸ-ਪਾਸ ਹਲਕੇ ਬੱਦਲਾਂ ਦੀ ਉਮੀਦ ਦੇ ਨਾਲ, ਦਿਨ ਤੇ ਰਾਤ ਦਾ ਤਾਪਮਾਨ ਵਧੇਗਾ।
