ਪੰਜਾਬ: ਪਿਤਾ ''ਤੇ ਲੱਗੇ ਆਪਣੀ ਹੀ ਧੀ ਨੂੰ ਗਰਭਵਤੀ ਕਰਨ ਦੇ ''ਝੂਠੇ'' ਇਲਜ਼ਾਮ, ਰਿਹਾਈ ਲਈ ਹਾੜ੍ਹੇ ਕੱਢ ਰਹੀ ਪੀੜਤਾ

Friday, Nov 21, 2025 - 04:05 PM (IST)

ਪੰਜਾਬ: ਪਿਤਾ ''ਤੇ ਲੱਗੇ ਆਪਣੀ ਹੀ ਧੀ ਨੂੰ ਗਰਭਵਤੀ ਕਰਨ ਦੇ ''ਝੂਠੇ'' ਇਲਜ਼ਾਮ, ਰਿਹਾਈ ਲਈ ਹਾੜ੍ਹੇ ਕੱਢ ਰਹੀ ਪੀੜਤਾ

ਲੁਧਿਆਣਾ (ਤਰੁਣ): ਥਾਣਾ ਡਵੀਜ਼ਨ ਨੰਬਰ 3 ਦੀ ਪੁਲਸ ਨੇ ਇਕ ਮਤਰੇਏ ਪਿਤਾ 'ਤੇ 13 ਸਾਲ ਦੀ ਧੀ ਨਾਲ ਜਬਰ-ਜ਼ਿਨਾਹ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ। ਦੋਸ਼ ਹਨ ਕਿ ਮਤਰੇਏ ਪਿਤਾ ਨੇ ਧੀ ਨੂੰ ਗਰਭਵਤੀ ਕਰ ਦਿੱਤਾ ਹੈ। ਇਲਾਕਾ ਪੁਲਸ ਨੇ ਮੁਲਜ਼ਮ ਦੀ ਪਤਨੀ ਦੇ ਬਿਆਨ 'ਤੇ ਕੇਸ ਦਰਜ ਕਰ ਲਿਆ ਹੈ। 

ਜਾਂਚ ਅਧਿਕਾਰੀ ਸੁਲੱਖਣ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਮਹਿਲਾ ਥਾਣੇ ਆਈ, ਜਿਸ ਦਾ ਦੋਸ਼ ਹੈ ਕਿ ਉਸ ਦੇ ਪਤੀ ਨੇ 13 ਸਾਲ ਦੀ ਧੀ ਨਾਲ ਜਬਰ-ਜ਼ਿਨਾਹ ਕਰ ਕੇ ਉਸ ਨੂੰ ਗਰਭਵਤੀ ਕਰ ਦਿੱਤਾ ਹੈ। ਉਸ ਦਾ ਪਤੀ ਉਕਸਰ ਉਸ ਦੀ ਕੁੱਟਮਾਰ ਕਰ ਦਾ ਹੈ ਤੇ ਤਕਰੀਬਨ 4 ਮਹੀਨੇ ਪਹਿਲਾਂ ਉਸ ਦਾ ਪਤੀ ਵਰਗਲਾ ਕੇ ਧੀ ਨੂੰ ਫੈਕਟਰੀ ਲੈ ਗਿਆ ਸੀ, ਜਿੱਥੇ ਉਸ ਨਾਲ ਇਹ ਘਿਨੌਣਾ ਕੰਮ ਕੀਤਾ। ਇਸ ਮਗਰੋਂ ਪੁਲਸ ਨੇ ਮੁਲਜ਼ਮ ਪਿਤਾ ਦੇ ਖ਼ਿਲਾਫ਼ ਜਬਰ ਜ਼ਿਨਾਹ ਤੇ ਪੋਕਸੋ ਐਕਟ ਤਹਿਤ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ। ਉਸ ਨੂੰ ਅਦਾਲਤ ਅੱਗੇ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਗਿਆ ਹੈ। 

ਉੱਥੇ ਹੀ ਇਸ ਕੇਸ ਵਿਚ ਪੀੜਤ ਮਹਿਲਾ ਦੀ ਹੁਣ ਨਵੀਂ ਕਹਾਣੀ ਸਾਹਮਣੇ ਆਈ ਹੈ। ਪੁਲਸ ਨੂੰ ਬਿਆਨ ਦੇ ਕੇ ਪਤੀ ਦੇ ਖ਼ਿਲਾਫ਼ ਮਾਮਲਾ ਦਰਜ ਕਰਵਾਉਣ ਵਾਲੀ ਮਹਿਲਾ ਆਪਣੇ ਬਿਆਨਾਂ ਤੋਂ ਮੁੱਕਰ ਰਹੀ ਹੈ। 'ਜਗ ਬਾਣੀ' ਨਾਲ ਗੱਲਬਾਤ ਦੌਰਾਨ ਉਸ ਨੇ ਦੱਸਿਆ ਕਿ ਉਸ ਦਾ ਪਤੀ ਉਸ ਨਾਲ ਕੁੱਟਮਾਰ ਕਰਦਾ ਸੀ। ਇਹ ਉਨ੍ਹਾਂ ਦੋਵਾਂ ਦਾ ਦੂਜਾ ਵਿਆਹ ਹੈ। 6 ਸਾਲ ਪਹਿਲਾਂ ਉਨ੍ਹਾਂ ਘਰ ਇਕ ਧੀ ਨੇ ਜਨਮ ਲਿਆ ਸੀ, ਪਰ ਉਸ ਦੇ ਪਤੀ ਨੇ 15 ਦਿਨ ਦੀ ਧੀ ਨੂੰ ਆਪਣੀ ਪਹਿਲੀ ਪਤਨੀ ਨੂੰ ਸੌਂਪ ਦਿੱਤਾ। ਇਸ ਗੱਲ ਤੋਂ ਨਾਰਾਜ਼ਗੀ ਤੇ ਵਾਰ-ਵਾਰ ਹੁੰਦੀ ਕੁੱਟਮਾਰ ਕਾਰਨ ਉਸ ਨੇ ਧੀ ਦੇ ਗਰਭਵਤੀ ਹੋਣ ਦਾ ਇਲਜ਼ਾਮ ਆਪਣੇ ਪਤੀ 'ਤੇ ਲਗਾ ਦਿੱਤਾ, ਪਰ ਉਸ ਨੇ ਇਹ ਘਿਨੌਣਾ ਕੰਮ ਨਹੀਂ ਕੀਤਾ ਸੀ। 

ਡਾਕਟਰ ਨੇ ਦੱਸਿਆ ਧੀ ਗਰਭਵਤੀ

ਮੁਲਜ਼ਮ ਦੀ ਪਤਨੀ ਨੇ ਦੱਸਿਆ ਕਿ ਉਸ ਦੀ ਧੀ ਦੀ ਕਈ ਦਿਨ ਤੋਂ ਤਬੀਅਤ ਠੀਕ ਨਹੀਂ ਸੀ। ਅਕਸਰ ਉਸ ਦੇ ਪੇਟ ਵਿਚ ਦਰਦ ਹੁੰਦਾ ਸੀ। 2 ਨਵੰਬਰ ਨੂੰ ਡਾਕਟਰੀ ਚੈਕਅਪ ਦੌਰਾਨ ਪਤਾ ਲੱਗਿਆ ਕਿ ਧੀ ਗਰਭਵਤੀ ਹੈ। ਤਕਰੀਬਨ 3 ਦਿਨ ਬਾਅਦ ਉਸ ਦੇ ਪਤੀ ਨੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਸੀ, ਜਿਸ ਮਗਰੋਂ ਉਸ ਨੇ ਧੀ ਦੇ ਗਰਭਵਤੀ ਹੋਣ ਦਾ ਦੋਸ਼ ਆਪਣੇ ਪਤੀ 'ਤੇ ਲਗਾ ਦਿੱਤਾ। 

ਬੱਚੀ ਨਾਲ ਪਾਰਕ ਵਿਚ ਹੋਇਆ ਜਬਰ-ਜ਼ਿਨਾਹ

'ਜਗ ਬਾਣੀ' ਵੱਲੋਂ ਜਬਰ-ਜ਼ਿਨਾਹ ਪੀੜਤ ਬੱਚੀ ਨਾਲ ਗੱਲਬਾਤ ਕੀਤੀ ਗਈ ਤਾਂ ਪਤਾ ਲੱਗਿਆ ਕਿ ਤਕਰੀਬਨ 4 ਮਹੀਨੇ ਪਹਿਲਾਂ ਪੀੜਤ ਬੱਚੀ ਸਾਈਕਲ 'ਤੇ ਘੁੰਮਣ ਨਿਕਲੀ ਸੀ। ਉਸ ਨੂੰ ਪਾਰਕ ਵਿਚ ਇਕ ਮੁੰਡਾ ਮਿਲਿਆ, ਜਿਸ ਨੇ ਚਾਕਲੇਟ ਦਾ ਲਾਲਚ ਦੇ ਕੇ ਉਸ ਨਾਲ ਦੋਸਤੀ ਕੀਤੀ। ਚਾਕਲੇਟ ਖਾਣ ਮਗਰੋਂ ਉਸ ਨੂੰ ਹੋਸ਼ ਨਹੀਂ ਰਿਹਾ। ਜਦੋਂ ਅੱਖ ਖੁੱਲ੍ਹੀ ਤਾਂ ਉਹ ਪਾਰਕ ਦੇ ਬੈਂਚ 'ਤੇ ਸੋ ਰਹੀ ਸੀ। ਇਸ ਦੌਰਾਨ ਮੁਲਜ਼ਮ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ ਸੀ। ਡਰਦੇ ਮਾਰੇ ਉਸ ਨੇ ਇਸ ਬਾਰੇ ਕਿਸੇ ਵੀ ਪਰਿਵਾਰਕ ਮੈਂਬਰ ਨੂੰ ਨਹੀਂ ਦੱਸਿਆ। 

'ਪਲੀਜ਼ ਮੇਰੇ ਪਾਪਾ ਨੂੰ ਛੱਡ ਦਿਓ'

'ਜਗ ਬਾਣੀ' ਨਾਲ ਗੱਲਬਾਤ ਦੌਰਾਨ ਪੀੜਤਾ ਨੇ ਕਿਹਾ ਕਿ ਉਸ ਦੇ ਪਿਤਾ ਚੰਗੇ ਇਨਸਾਨ ਹਨ ਤੇ ਉਨ੍ਹਾਂ ਨੇ ਜਬਰ ਜ਼ਿਨਾਹ ਨਹੀਂ ਕੀਤਾ। ਉਹ ਆਪਣੇ ਪਿਤਾ ਨਾਲ ਬਹੁਤ ਪਿਆਰ ਕਰਦੀ ਹੈ। ਥਾਣੇ ਵਿਚ ਜਦੋਂ ਉਸ ਦੀ ਮਾਂ ਨੇ ਪਿਤਾ ਦੇ ਖ਼ਿਲਾਫ਼ ਗੱਲ ਕਹੀ ਤਾਂ ਉਸ ਨੇ ਵੀ ਹਾਂ ਵਿਚ ਹਾਂ ਮਿਲਾ ਦਿੱਤੀ। ਉਸ ਨੇ ਭਾਵੁਕ ਹੋ ਕੇ ਕਿਹਾ, "ਮੇਰੇ ਪਾਪਾ ਨੂੰ ਪੁਲਸ ਨੇ ਫੜ੍ਹ ਰੱਖਿਆ ਹੈ, ਪਲੀਜ਼ ਮੇਰੇ ਪਾਪਾ ਨੂੰ ਛੱਡ ਦਿਓ।'

ਅਸਲੀ ਮੁਲਜ਼ਮ ਦੀ ਨਹੀਂ ਹੋਈ ਪਛਾਣ

ਸ਼ਿਕਾਇਤਕਰਤਾ ਮਹਿਲਾ ਦੇ ਬਿਆਨਾਂ 'ਤੇ ਭਾਵੇਂ ਪੁਲਸ ਨੇ ਪੀੜਤਾ ਦੇ ਪਿਤਾ ਦੇ ਖ਼ਿਲਾਫ਼ ਜਬਰ-ਜ਼ਿਨਾਹ ਤੇ ਪੋਕਸੋ ਐਕਟ ਦਾ ਕੇਸ ਦਰਜ ਕਰ ਲਿਆ ਹੈ, ਪਰ ਜਿਸ ਤਰ੍ਹਾਂ ਮਹਿਲਾ ਨੇ ਆਪਣੇ ਬਿਆਨ ਬਦਲੇ ਹਨ, ਉਸ ਮਗਰੋਂ ਅਸਲੀ ਮੁਲਜ਼ਮ ਨੂੰ ਲੱਭਣਾ ਪੁਲਸ ਲਈ ਚੁਣੌਤੀ ਹੋਵੇਗਾ। ਹੱਫੜਾ-ਦੱਫੜੀ ਵਿਚ ਪੁਲਸ ਨੇ ਭਾਵੇਂ ਕੇਸ ਦਰਜ ਕਰ ਲਿਆ ਹੋਵੇ, ਪਰ ਪੁਲਸ ਦੀ ਆਖ਼ਰੀ ਦੌੜ ਅਸਲੀ ਮੁਲਜ਼ਮ ਤਕ ਪਹੁੰਚ ਕੇ ਉਸ ਨੂੰ ਬੇਨਕਾਬ ਕਰਨ ਦੀ ਹੋਵੇਗੀ। 

ਮਹਿਲਾ ਦੇ ਬਿਆਨਾਂ 'ਤੇ ਹੀ ਦਰਜ ਹੋਇਆ ਮਾਮਲਾ: ਥਾਣਾ ਮੁਖੀ

ਇਸ ਸਬੰਧੀ ਥਾਣਾ ਡਵੀਜ਼ਨ ਨੰਬਰ 3 ਦੇ ਮੁਖੀ ਇੰਸਪੈਕਟਰ ਪਵਨ ਕੁਮਾਰ ਨੇ ਦੱਸਿਆ ਕਿ ਲੜਕੀ ਦਾ ਸਿਵਲ ਹਸਪਤਾਲ ਵਿਚ ਮੈਡੀਕਲ ਹੋਇਆ ਹੈ, ਜਿਸ ਵਿਚ 13 ਸਾਲ ਦੀ ਬੱਚੀ 4 ਮਹੀਨੇ ਦੀ ਗਰਭਵਤੀ ਹੈ। ਲਰਕੀ ਦੀ ਮਾਂ ਨੇ ਪੁਲਸ ਨੂੰ ਬਿਆਨ ਦਿੱਤੇ ਹਨ ਕਿ ਉਸ ਦੇ ਪਤੀ ਨੇ ਹੀ ਧੀ ਨਾਲ ਜਬਰ ਜ਼ਿਨਾਹ ਕੀਤਾ ਹੈ, ਜਿਸ ਮਗਰੋਂ ਕੇਸ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਮਹਿਲਾ ਆਪਣੇ ਬਿਆਨਾਂ ਤੋਂ ਮੁੱਕਰ ਰਹੀ ਹੈ, ਇਸ ਗੱਲ ਦੀ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ। ਇਸ ਸਬੰਧੀ ਕੇਸ ਦੇ ਜਾਂਚ ਅਧਿਕਾਰੀ ਸੁਲੱਖਣ ਸਿੰਘ ਨੇ ਨਾਲ ਗੱਲਬਾਤ ਕਰਨਗੇ। ਫ਼ਿਲਹਾਲ ਦੀ ਜਾਂਚ ਵਿਚ ਲੜਕੀ ਦੇ ਨਾਲ ਜਬਰ-ਜ਼ਿਨਾਹ ਤੇ ਗਰਭਵਤੀ ਹੋਣ ਦੀ ਜਾਣਕਾਰੀ ਮਿਲਦਿਆਂ ਹੀ ਪੁਲਸ ਨੇ ਕੇਸ ਦੀ ਸੰਜੀਦਗੀ ਨੂੰ ਵੇਖਦਿਆਂ ਪਹਿਲ ਦੇ ਅਧਾਰ 'ਤੇ ਕੇਸ ਦਰਜ ਕੀਤਾ ਹੈ। 


author

Anmol Tagra

Content Editor

Related News